ਭਵਿੱਖ ਵਿਚ ਕਿਸ ਦੇਸ਼ ਦੇ ਲੋਕ ਸਭ ਤੋਂ ਵੱਧ ਅਮੀਰ ਹੋਣਗੇ ? - ਗੁਰਚਰਨ ਸਿੰਘ ਨੂਰਪੁਰ

ਤੰਦਰੁਸਤ ਬੰਦੇ ਨਾਲੋਂ ਬਿਮਾਰ ਬੰਦਾ ਤੰਦਰੁਸਤੀ ਦੀ ਅਹਿਮੀਅਤ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦਾ ਹੈ। ਬਿਲਕੁਲ ਇਸੇ ਤਰ੍ਹਾਂ ਸਾਡੇ ਕੋਲ ਲੋੜੀਂਦੀ ਮਾਤਰਾ ਵਿਚ ਧਰਤੀ ਹੇਠਲਾ ਪਾਣੀ ਹੋਣ ਕਰਕੇ ਸਮਾਜ ਦੀ ਬਹੁਗਿਣਤੀ ਪਾਣੀ ਦੀ ਅਹਿਮੀਅਤ ਨੂੰ ਨਹੀਂ ਸਮਝ ਸਕੀ।
       ਦੁਨੀਆ ਦੇ ਕੁਝ ਦੇਸ਼ ਜਿਨਾਂ ਦੀ ਧਰਤੀ ਹੇਠੋਂ ਕੱਚੇ ਤੇਲ ਦੇ ਭੰਡਾਰ ਮਿਲੇ, ਉਹ ਰਾਤੋ-ਰਾਤ ਅਮੀਰ ਹੋ ਗਏ। ਹੁਣ ਤੱਕ ਦੁਨੀਆ ਭਰ ਵਿਚ ਵਸਤਾਂ ਦੀਆਂ ਕੀਮਤਾਂ ਨੂੰ ਤੇਲ ਦੀਆਂ ਕੀਮਤਾਂ ਦੇ ਅਨੁਪਾਤ ਵਿਚ ਮਾਪਿਆ ਜਾਂਦਾ ਰਿਹਾ ਹੈ ਪਰ ਭਵਿੱਖ ਦੇ ਕੁਝ ਸਾਲਾਂ ਵਿਚ ਇਹ ਸੰਕਲਪ ਬਦਲ ਜਾਵੇਗਾ। ਭਵਿੱਖ ਵਿਚ ਬੜੀ ਜਲਦੀ ਸਾਡੇ ਵਾਹਨ ਬਿਜਲਈ ਊਰਜਾ ਨਾਲ ਚੱਲਣ ਲੱਗਣਗੇ। ਡੀਜ਼ਲ ਤੇ ਪੈਟਰੋਲ ਦੀ ਅਹਿਮੀਅਤ ਹੁਣ ਵਾਲੀ ਨਹੀਂ ਰਹੇਗੀ। ਅਮੀਰ ਉਹ ਨਹੀਂ ਹੋਣਗੇ, ਜਿਨ੍ਹਾਂ ਕੋਲ ਤੇਲ ਹੋਵੇਗਾ ਬਲਕਿ ਉਸ ਖਿੱਤੇ ਦੇ ਲੋਕ ਅਮੀਰ ਹੋਣਗੇ ਜਿਨ੍ਹਾਂ ਕੋਲ ਧਰਤੀ ਹੇਠਾਂ ਵੱਡੀ ਮਾਤਰਾ ਵਿਚ ਪੀਣ ਵਾਲਾ ਸਾਫ਼ ਪਾਣੀ ਹੋਵੇਗਾ।
      ਪਾਣੀ ਦੀ ਮਹੱਤਤਾ ਨੂੰ ਅਸੀਂ ਕਿਵੇਂ ਸਮਝ ਸਕਦੇ ਹਾਂ? ਸਾਨੂੰ ਯਾਦ ਹੋਵੇਗਾ 20 ਕੁ ਸਾਲ ਪਹਿਲਾਂ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਪੰਜਾਬ ਵਿਚ ਜ਼ਮੀਨਾਂ ਦੇ ਭਾਅ ਦੋ ਤੋਂ ਡੇਢ ਲੱਖ ਪ੍ਰਤੀ ਏਕੜ ਦੇ ਦਰਮਿਆਨ ਆ ਗਏ ਸਨ। ਕਾਰਨ ਸ਼ਾਇਦ ਕੁਝ ਹੋਰ ਵੀ ਹੋਣਗੇ ਪਰ ਸਭ ਤੋਂ ਵੱਡਾ ਕਾਰਨ ਜ਼ਮੀਨ ਦੀ ਪਹਿਲੀ ਤਹਿ ਤੋਂ ਪਾਣੀ ਦਾ ਖ਼ਤਮ ਹੋ ਜਾਣਾ ਸੀ। ਅਸੀਂ ਧਰਤੀ ਹੇਠਲੀ ਪਾਣੀ ਦੀ ਪਹਿਲੀ ਤਹਿ ਨੂੰ ਖ਼ਤਮ ਕਰ ਲਿਆ ਸੀ। ਜ਼ਮੀਨਾਂ ਅਰਥਹੀਣ ਜਾਪਣ ਲੱਗੀਆਂ ਸਨ, ਜਿਸ ਦੇ ਫਲਸਰੂਪ ਜ਼ਮੀਨਾਂ ਦੇ ਭਾਅ ਤੇਜ਼ੀ ਨਾਲ ਹੇਠਾਂ ਆ ਗਏ। ਇੱਥੋਂ ਅਸੀਂ ਸਮਝ ਸਕਦੇ ਹਾਂ ਕਿ ਕਿਸੇ ਖਿੱਤੇ ਦੇ ਲੋਕਾਂ ਦੀਆਂ ਜ਼ਮੀਨਾਂ-ਜਾਇਦਾਦਾਂ, ਕਾਰਾਂ, ਕੋਠੀਆਂ ਦਾ ਮੁੱਲ ਧਰਤੀ ਹੇਠਲੇ ਪਾਣੀ ਨਾਲ ਜੁੜਿਆ ਹੋਇਆ ਹੈ। ਜੇਕਰ ਧਰਤੀ ਹੇਠਾਂ ਪਾਣੀ ਨਹੀਂ ਤਾਂ ਸਭ ਕੁਝ ਮਿੱਟੀ ਹੋ ਸਕਦਾ ਹੈ। ਤੁਸੀਂ ਕਹੋਗੇ ਕਿ ਕਈ ਧਰਤੀਆਂ ਅਜਿਹੀਆਂ ਹਨ ਜਿੱਥੇ ਧਰਤੀ ਹੇਠਾਂ ਪਾਣੀ ਨਹੀਂ ਪਰ ਉੱਥੇ ਵੀ ਸ਼ਹਿਰ ਵਸੇ ਹੋਏ ਹਨ, ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਇਲਾਕਿਆਂ ਵਿਚ ਹੋਰ ਵੱਖਰੀ ਤਰ੍ਹਾਂ ਦੇ ਖਣਿਜ ਹਨ, ਕਿਤੇ ਤੇਲ ਨਿਕਲ ਰਿਹਾ ਹੈ ਕਿਤੇ ਮਾਰਬਲ ਹੈ ਅਤੇ ਕਿਤੇ ਕੁਝ ਹੋਰ। ਸਾਡੀ ਜ਼ਮੀਨ ਚੰਗੀਆਂ ਫ਼ਸਲਾਂ ਅਨਾਜ ਪੈਦਾ ਕਰਨ ਦੇ ਸਮਰੱਥ ਹੈ। ਇਸ ਲਈ ਇਸ ਦੀ ਸਭ ਤੋਂ ਵੱਡੀ ਲੋੜ ਪਾਣੀ ਹੈ। ਅਸੀਂ ਪਾਣੀ ਦੀ ਪਹਿਲੀ ਸਭ ਤੋਂ ਬਹੁਮੁੱਲੀ ਉੱਪਰਲੀ ਤਹਿ ਨੂੰ ਖ਼ਤਮ ਕਰ ਦਿੱਤਾ ਹੈ। ਇਹ ਸਾਫ਼-ਸੁਥਰਾ ਫਿਲਟਰ ਹੋਇਆ ਤਾਜ਼ਾ ਪਾਣੀ ਸੀ ਜੋ ਧਰਤੀ ਤੋਂ ਜ਼ੀਰ ਕੇ ਜ਼ਮੀਨ ਵਿਚ ਜਾਂਦਾ ਸੀ। ਧਰਤੀ ਹੇਠਲੀ ਇਸ ਤਹਿ ਦਾ ਸਿੱਧਾ ਸੰਬੰਧ ਮੌਨਸੂਨ ਅਤੇ ਬਾਰਿਸ਼ਾਂ ਦੇ ਮੌਸਮਾਂ ਨਾਲ ਜੁੜਿਆ ਹੋਇਆ ਸੀ। ਅਸੀਂ ਪਾਣੀ ਦੀ ਬਹੁਮੁੱਲੀ ਤਹਿ ਨੂੰ ਹੀ ਖ਼ਤਮ ਨਹੀਂ ਕੀਤਾ ਬਲਕਿ ਇਸ ਧਰਤੀ 'ਤੇ ਸਦੀਆਂ ਤੋਂ ਮੌਨਸੂਨੀ ਬਾਰਿਸ਼ਾਂ ਨਾਲ ਜੁੜੇ ਧਰਤੀ ਹੇਠਲੇ ਪਾਣੀ ਦੇ ਸੰਬੰਧ ਨੂੰ ਵੀ ਤੋੜ ਦਿੱਤਾ, ਜਿਸ ਦੇ ਬੜੇ ਭਿਆਨਕ ਸਿੱਟੇ ਸਾਡੇ ਸਾਹਮਣੇ ਆ ਰਹੇ ਹਨ। ਇਸ ਸਮੇਂ ਪੰਜਾਬ ਦੀ ਪਾਣੀ ਸੰਬੰਧੀ ਹਾਲਤ ਬੜੀ ਭਿਆਨਕ ਹੈ, ਬੜੀ ਡਰਾਉਣੀ ਹੈ। ਪੰਜਾਬ ਦਾ ਵੱਡਾ ਹਿੱਸਾ ਮਾਰੂਥਲ ਹੀ ਬਣਨ ਨਹੀਂ ਜਾ ਰਿਹਾ ਬਲਕਿ ਮਾਰੂਥਲ ਬਣ ਗਿਆ ਹੈ ਅਤੇ ਇਸ ਦਾ ਲਗਾਤਾਰ ਵਿਸਥਾਰ ਹੋ ਰਿਹਾ ਹੈ। ਕੁਝ ਉਦਾਹਰਨਾਂ ਨਾਲ ਅਸੀਂ ਇਸ ਸਥਿਤੀ ਨੂੰ ਸਮਝ ਸਕਦੇ ਹਾਂ। ਪਾਣੀ ਸੰਬੰਧੀ ਪੰਜਾਬ ਖ਼ਾਸ ਕਰਕੇ ਮਾਲਵੇ ਖਿੱਤੇ 'ਚੋਂ ਆਉਣ ਵਾਲੀਆਂ ਖ਼ਬਰਾਂ ਬੜੀਆਂ ਦਿਲ-ਕੰਬਾਊ ਹਨ। 8 ਜੁਲਾਈ, 2021 ਦੀ ਇਕ ਖ਼ਬਰ ਸੀ ਕਿ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮਾਹੂਆਣਾ ਦੇ ਇਕ 37 ਸਾਲਾ ਕਿਸਾਨ ਬਲਜੀਤ ਸਿੰਘ ਨੇ ਖੇਤ ਵਿਚ ਟਾਹਲੀ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਕਾਰਨ ਇਹ ਸੀ ਕਿ ਔੜ ਲੱਗੀ ਹੋਈ ਸੀ। ਟਿਊਬਵੈੱਲ ਪਾਣੀ ਤੋਂ ਜਵਾਬ ਦੇ ਗਿਆ ਸੀ। ਝੋਨੇ ਦੇ ਖੇਤ ਵਿਚੋਂ ਪਾਣੀ ਸੁੱਕ ਗਿਆ ਸੀ। ਸੰਗਰੂਰ ਜ਼ਿਲ੍ਹੇ ਆਲੋਅਰਖ ਪਿੰਡ ਦੀ ਖ਼ਬਰ ਸਾਰੇ ਅਖ਼ਬਾਰਾਂ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵੀ ਛਾਈ ਰਹੀ। ਇੱਥੇ ਇਕ ਬੋਰ ਵਿਚੋਂ ਕਾਲਾ ਪਾਣੀ ਨਿਕਲ ਰਿਹਾ ਹੈ, ਆਲੇ-ਦੁਆਲੇ ਦੇ ਲੋਕ ਭੈਭੀਤ ਹੋ ਰਹੇ ਹਨ। ਕੁਝ ਸਾਲ ਪਹਿਲਾਂ ਪੰਜਾਬ ਦੇ ਦਰਿਆਵਾਂ ਵਿਚ ਪੈਂਦੇ ਪਲੀਤ ਪਾਣੀ ਦੇ ਵਿਰੋਧ ਵਿਚ ਲੁਧਿਆਣੇ ਬੁੱਢੇ ਨਾਲੇ ਨੂੰ ਵੇਖਣ ਦਾ ਮੌਕਾ ਮਿਲਿਆ। ਇੱਥੇ ਅਸੀਂ ਦੇਖਿਆ ਕਿ ਲੁਧਿਆਣਾ ਸ਼ਹਿਰ ਦੀ ਜ਼ਮੀਨ ਹੇਠੋਂ ਸਾਫ਼ ਪਾਣੀ ਬੋਰਾਂ ਰਾਹੀਂ ਨਿਕਲ ਕੇ ਫੈਕਟਰੀਆਂ ਵਿਚ ਅਤਿ ਪਲੀਤ ਹੁੰਦਾ ਹੈ। ਫਿਰ ਇਹ ਗੰਦਾ ਗਾੜ੍ਹਾ ਪਾਣੀ ਇਕ ਵੱਡੀ ਨਹਿਰ ਰਾਹੀਂ, ਜਿਸ 'ਤੇ ਕੁਝ ਕਿਲੋਮੀਟਰ ਛੱਤ ਪਾਈ ਹੋਈ ਹੈ, ਸਤਲੁਜ ਦਰਿਆ ਵਿਚ ਸੁੱਟਿਆ ਜਾ ਰਿਹਾ ਹੈ। ਇੱਥੇ ਇਹ ਸਭ ਕੁਝ ਵੇਖ ਕੁਦਰਤ ਪੱਖੀ ਸੋਚ ਰੱਖਣ ਵਾਲੇ ਮਨੁੱਖ ਦਾ ਦਿਮਾਗ ਸੁੰਨ ਹੋ ਜਾਂਦਾ ਹੈ ਕਿ ਏਨੀ ਵੱਡੀ ਗੰਦੇ ਪਾਣੀ ਦੀ ਨਹਿਰ ਪੰਜਾਬ ਦੇ ਕੇਂਦਰ ਲੁਧਿਆਣੇ 'ਚੋਂ ਰੋਜ਼ ਧਰਤੀ ਦੇ ਹੇਠੋਂ ਕੱਢ ਕੇ ਇਸ ਨੂੰ ਹੋਰ ਪਾਣੀ ਨੂੰ ਬਰਬਾਦ ਤੇ ਗੰਧਲਾ ਕਰਨ ਲਈ ਦਰਿਆ ਵਿਚ ਪਾਇਆ ਜਾ ਰਿਹਾ ਹੈ। ਇਹ ਨਹਿਰ ਨਿਰੰਤਰ ਹਾੜ੍ਹ-ਸਿਆਲ ਵਗ ਰਹੀ ਹੈ। ਇਹ ਹਜ਼ਾਰਾਂ ਜੀਵਾਂ ਦੀ ਮੌਤ ਅਤੇ ਮਨੁੱਖਾਂ ਦੇ ਵੱਖ-ਵੱਖ ਭਿਆਨਕ ਰੋਗਾਂ ਦਾ ਕਾਰਨ ਬਣ ਰਹੀ ਹੈ। ਦੂਜੇ ਪਾਸੇ ਇਸ ਦਾ ਭਾਵ ਇਹ ਹੈ ਕਿ ਸੈਂਕੜੇ ਕਿਊਸਕ ਪਾਣੀ ਧਰਤੀ ਹੇਠੋਂ ਕੱਢ ਕੇ ਪਲੀਤ ਕਰਕੇ ਪੀਣ ਵਾਲੇ ਹੋਰ ਪਾਣੀ ਨੂੰ ਪਲੀਤ ਕਰਨ ਲਈ ਬਿਨਾਂ ਰੋਕ-ਟੋਕ ਵਹਾਇਆ ਜਾ ਰਿਹਾ ਹੈ। ਜੇਕਰ ਪੰਜਾਬ ਦੇ ਹੋਰ ਸ਼ਹਿਰਾਂ ਵਲੋਂ ਕੀਤੀ ਜਾ ਰਹੀ ਪਾਣੀ ਦੀ ਅੰਨ੍ਹੀ ਵਰਤੋਂ ਦਾ ਹਿਸਾਬ ਲਾਇਆ ਜਾਵੇ ਤਾਂ ਇਹ ਝੋਨੇ ਵਿਚ ਵਰਤੇ ਜਾਣ ਵਾਲੇ ਪਾਣੀ ਤੋਂ ਕਿਤੇ ਵੱਧ ਹੈ। ਪਾਣੀ ਦੀ ਇਸ ਤਰ੍ਹਾਂ ਹੁੰਦੀ ਬਰਬਾਦੀ ਨੂੰ ਤੁਰੰਤ ਰੋਕੇ ਜਾਣ ਦੀ ਲੋੜ ਹੈ। ਫੈਕਟਰੀਆਂ ਦੇ ਗੰਦੇ ਪਾਣੀ ਨੂੰ ਦੁਬਾਰਾ ਸਾਫ਼ ਕਰਕੇ ਫੈਕਟਰੀਆਂ ਵਿਚ ਹੀ ਵਾਰ-ਵਾਰ ਵਰਤਿਆ ਜਾਣਾ ਚਾਹੀਦਾ ਹੈ। ਇਸ ਨਾਲ ਇਕ ਤਾਂ ਪਾਣੀ ਦੇ ਦੂਜੇ ਸੋਮੇ ਪਲੀਤ ਹੋਣ ਤੋਂ ਕੁਝ ਹੱਦ ਤੱਕ ਬਚ ਸਕਦੇ ਹਨ, ਦੂਜਾ ਧਰਤੀ ਹੇਠੋਂ ਅੰਨ੍ਹੇਵਾਹ ਪਾਣੀ ਕੱਢੇ ਜਾਣ ਨੂੰ ਕੁਝ ਠੱਲ੍ਹ ਪੈ ਸਕਦੀ ਹੈ।
     ਬਠਿੰਡਾ-ਅੰਮ੍ਰਿਤਸਰ ਹਾਈਵੇ ਤੋਂ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਇਕ ਛੋਟਾ ਇਤਿਹਾਸਕ ਕਸਬਾ ਹੈ ਮੁੱਦਕੀ। ਇਸ ਕਸਬੇ ਦੇ ਨੇੜੇ ਪੈਂਦੇ ਪਿੰਡ ਕਬਰਵੱਛਾ ਵਿਚ ਰਹਿੰਦੇ ਆਪਣੇ ਇਕ ਅਧਿਆਪਕ ਮਿੱਤਰ ਨੂੰ ਸਵੇਰੇ-ਸਵੇਰੇ ਫੋਨ ਕੀਤਾ। ਫੋਨ ਉਸ ਦੀ ਘਰਵਾਲੀ ਨੇ ਉਠਾਇਆ ਤੇ ਉਸ ਨੇ ਕਿਹਾ ਕਿ ਉਹ ਪਾਣੀ ਲੈਣ ਗਏ ਹੋਏ ਹਨ। ਸ਼ਾਮ ਨੂੰ ਉਸੇ ਦੋਸਤ ਨਾਲ ਗੱਲ ਹੋਈ ਤਾਂ ਉਸ ਨੇ ਦੱਸਿਆ ਕਿ ਸਾਰਾ ਪਿੰਡ ਰਾਜਸਥਾਨ ਫੀਡਰ ਨਹਿਰ ਦੇ ਕਿਨਾਰੇ 'ਤੇ ਲੱਗੇ ਨਲਕਿਆਂ ਤੋਂ ਪਾਣੀ ਲੈ ਕੇ ਆਉਂਦਾ ਹੈ। ਦਸ-ਬਾਰਾਂ ਸਾਲ ਪਹਿਲਾਂ ਇਸ ਪਿੰਡ ਦੇ ਲੋਕ ਪਿੰਡ ਦੀ ਜ਼ਮੀਨ ਹੇਠੋਂ ਪਾਣੀ ਕੱਢ ਕੇ ਪੀਂਦੇ-ਵਰਤਦੇ ਸਨ। ਪਰ ਹੁਣ ਇਹ ਇਕੱਲਾ ਪਿੰਡ ਨਹੀਂ ਫ਼ਿਰੋਜ਼ਪੁਰ, ਫ਼ਰੀਦਕੋਟ ਅਤੇ ਮੁਕਤਸਰ ਸਾਹਿਬ ਅਨੇਕਾਂ ਪਿੰਡ ਹਨ ਜੋ ਹਰ ਰੋਜ਼ ਸਵੇਰੇ ਨਹਿਰਾਂ ਦੇ ਨੇੜੇ ਲੱਗੇ ਨਲਕਿਆਂ ਤੋਂ ਪਾਣੀ ਭਰ ਕੇ ਲਿਆਉਂਦੇ ਹਨ। ਇਸ ਤਰ੍ਹਾਂ ਦੀਆਂ ਉਦਾਹਰਨਾਂ ਤੋਂ ਅਸੀਂ ਹਿਸਾਬ ਲਾ ਸਕਦੇ ਹਾਂ ਕਿ ਪੰਜਾਬ ਵਿਚ ਭਵਿੱਖ ਦੇ ਕੁਝ ਸਾਲਾਂ ਵਿਚ ਕੀ ਹੋਣ ਵਾਲਾ ਹੈ।
       ਆਟਾ ਦਾਲ, ਘਿਉ ਖੰਡ, ਅਤੇ ਸਸਤੀ ਬਿਜਲੀ ਦੇਣ ਦੇ ਨਾਂਅ 'ਤੇ ਵੋਟਾਂ ਲੈਣ ਵਾਲੀਆਂ ਰਾਜਸੀ ਧਿਰਾਂ 'ਚੋਂ ਕੀ ਕਿਸੇ ਇਕ ਨੂੰ ਵੀ ਇਸ ਭਿਆਨਕਤਾ ਦਾ ਫ਼ਿਕਰ ਹੈ? ਅਸੀਂ ਪਾਣੀ ਦੀ ਇਕ ਤਹਿ ਦਾ ਖ਼ਾਤਮਾ ਕਰ ਚੁੱਕੇ ਹਾਂ ਅਤੇ ਦੂਜੀ 100 ਤੋਂ 250 ਫੁੱਟ ਵਾਲੀ ਦਾ ਕਰਨ ਲੱਗੇ ਹੋਏ ਹਾਂ। ਇਸ ਦੀ ਸਮਝ ਸਾਨੂੰ ਉਦੋਂ ਆਵੇਗੀ ਜਦੋਂ ਅਸੀਂ ਪਾਣੀ ਦੀ ਬੂੰਦ-ਬੂੰਦ ਨੂੰ ਤਰਸਣ ਲੱਗ ਪਵਾਂਗੇ। ਸਾਡੀ ਕਮਾਈ ਵੱਡਾ ਹਿੱਸਾ ਕਿਤੋਂ ਦੂਰੋਂ ਲਿਆਂਦੇ ਪਾਣੀ 'ਤੇ ਖ਼ਰਚ ਹੋਣ ਲੱਗੇਗਾ? ਇਸ ਸਮੇਂ ਦੇਸ਼ ਵਿਚ ਪਾਣੀ ਦੀ ਇਕ ਲੀਟਰ ਬੋਤਲ ਦਾ ਮੁੱਲ 20 ਤੋਂ 22 ਰੁਪਏ ਹੈ। ਕੁਝ ਹਿੱਲ ਸਟੇਸ਼ਨਾਂ, ਮਹਿੰਗੇ ਹੋਟਲਾਂ ਅਤੇ ਹੋਰ ਖ਼ਾਸ ਥਾਵਾਂ 'ਤੇ ਇਹ ਰੇਟ 30 ਤੋਂ 35 ਰੁਪਏ ਪ੍ਰਤੀ ਬੋਤਲ ਵੀ ਹੈ। ਇਸ ਸਮੇਂ ਅੰਤਰਰਾਸ਼ਟਰੀ ਮੰਡੀ ਵਿਚ ਕੱਚੇ ਤੇਲ ਦਾ ਮੁੱਲ 30 ਤੋਂ 32 ਰੁਪਏ ਲੀਟਰ ਹੈ। ਜੇਕਰ ਗਹੁ ਨਾਲ ਵੇਖਿਆ ਜਾਵੇ ਤਾਂ ਇਹ ਥੋੜ੍ਹਾ ਜਿਹਾ ਫ਼ਰਕ ਅਗਲੇ ਕੁਝ ਸਾਲਾਂ ਵਿਚ ਖ਼ਤਮ ਹੋ ਜਾਵੇਗਾ ਪਰ ਫਿਲਹਾਲ ਇਸ ਪਾਸੇ ਕਿਸੇ ਦਾ ਕੋਈ ਧਿਆਨ ਨਹੀਂ। ਜੇਕਰ ਕਿਸੇ ਨੂੰ ਇਹ ਸਵਾਲ ਕੀਤਾ ਜਾਵੇ ਕਿ ਬੰਦੇ ਦੀ ਜ਼ਿੰਦਗੀ ਲਈ ਪਾਣੀ ਅਤੇ ਪੈਟਰੋਲ ਦੋਵਾਂ 'ਚੋਂ ਕੀਮਤੀ ਵਸਤ ਕਿਹੜੀ ਹੈ? ਤਾਂ ਨਿਸਚਿਤ ਹੈ ਸਾਡਾ ਜਵਾਬ 'ਪਾਣੀ' ਹੋਵੇਗਾ। ਭਵਿੱਖ ਵਿਚ ਪਾਣੀ ਅਤੇ ਤੇਲ ਦੇ ਭਾਅ ਦਾ ਫ਼ਰਕ ਹੀ ਨਹੀਂ ਮਿਟੇਗਾ ਬਲਕਿ ਹੋ ਸਕਦਾ ਹੈ ਕਿ ਇਕ ਦਿਨ ਤੇਲ ਨਾਲੋਂ ਪੀਣ ਵਾਲੇ ਪਾਣੀ ਦੀ ਕੀਮਤ ਵਧ ਜਾਵੇ। ਭਵਿੱਖ ਵਿਚ ਅਮੀਰੀ ਧਰਤੀ ਹੇਠਲੇ ਪਾਣੀ 'ਤੇ ਨਿਰਭਰ ਕਰੇਗੀ। ਭਵਿੱਖ ਵਿਚ ਦੁਨੀਆ ਭਰ ਵਿਚ ਟੈਸਲਾ ਮੋਟਰ ਵਰਗੀਆਂ ਕੁਝ ਕੰਪਨੀਆਂ ਬੜੀ ਜੋਸ਼-ਓ-ਖਰੋਸ਼ ਨਾਲ ਦਾਖ਼ਲ ਹੋ ਰਹੀਆਂ ਹਨ, ਜਿਨ੍ਹਾਂ ਨੇ ਡੀਜ਼ਲ-ਪੈਟਰੋਲ ਤੋਂ ਬਗੈਰ ਬੈਟਰੀ ਨਾਲ ਚੱਲਣ ਵਾਲੀਆਂ ਕਾਰਾਂ ਬਾਜ਼ਾਰ ਵਿਚ ਉਤਾਰ ਦਿੱਤੀਆਂ ਹਨ। ਡਰਾਈਵਰ ਲੈਸ ਇਹ ਕਾਰਾਂ ਆਸਟਰੇਲੀਆ, ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿਚ ਸੜਕਾਂ 'ਤੇ ਦੌੜਨ ਲੱਗੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਦੀ ਸਮਰੱਥਾ ਪੈਟਰੋਲ ਵਾਲੀਆਂ ਕਾਰਾਂ ਨਾਲੋਂ ਵੀ ਵੱਧ ਹੈ। ਕਾਰਾਂ ਹੀ ਨਹੀਂ ਬਲਕਿ ਭਾਰੀ ਵਾਹਨ ਵੀ ਭਵਿੱਖ ਵਿਚ ਬਿਜਲੀ ਨਾਲ ਚਾਰਜ ਹੋ ਕੇ ਚੱਲਣਗੇ। ਬਹੁਤ ਜਲਦੀ ਦੁਨੀਆ ਭਰ ਵਿਚ ਪੈਟਰੋਲ ਅਤੇ ਡੀਜ਼ਲ 'ਤੇ ਨਿਰਭਰਤਾ ਘੱਟ ਹੋਣ ਜਾ ਰਹੀ ਹੈ। ਜਿਵੇਂ ਅੰਤਰਰਾਸ਼ਟਰੀ ਮੰਡੀ ਵਿਚ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਘਟ ਰਹੀਆਂ ਹਨ, (ਬੇਸ਼ੱਕ ਇਸ ਸਮੇਂ ਕੱਚੇ ਤੇਲ ਦੀਆਂ ਕੀਮਤਾਂ ਦੇ ਘਟਣ ਦਾ ਕਾਰਨ ਦੁਨੀਆ ਦੀ ਆਰਥਿਕ ਮੰਦੀ ਅਤੇ ਕੋਰੋਨਾ ਦਾ ਪ੍ਰਕੋਪ ਕਿਹਾ ਜਾ ਸਕਦਾ ਹੈ) ਇਸੇ ਤਰ੍ਹਾਂ ਭਵਿੱਖ ਵਿਚ ਜਦੋਂ ਦੁਨੀਆ ਭਰ ਵਿਚ ਇਲੈਕਟ੍ਰਿਕ ਕਾਰਾਂ ਸੜਕਾਂ 'ਤੇ ਦੌੜਨ ਲੱਗਣਗੀਆਂ ਤਾਂ ਕੱਚੇ ਤੇਲ ਦੀਆਂ ਕੀਮਤਾਂ ਅੱਜ ਨਾਲੋਂ ਵੀ ਕਿਤੇ ਹੇਠਾਂ ਆ ਜਾਣ ਦੀ ਸੰਭਾਵਨਾ ਹੈ। ਸਰਕਾਰਾਂ ਅਤੇ ਤੇਲ ਕੰਪਨੀਆਂ ਦੀ ਇਹ ਕੋਸ਼ਿਸ਼ ਹੈ ਕਿ ਜਿੰਨੀ ਦੇਰ ਇਹ ਤੇਲ ਦਾ ਧੰਦਾ ਚਲਦਾ ਹੈ, ਇਸ ਤੋਂ ਵੱਧ ਤੋਂ ਵੱਧ ਕਮਾਈ ਕਰ ਲਈ ਜਾਵੇ। ਇਸੇ ਗੱਲ ਨੂੰ ਧਿਆਨ ਵਿਚ ਰੱਖਦਿਆਂ ਇਸ ਸਮੇਂ ਸਰਕਾਰਾਂ ਅਤੇ ਤੇਲ ਕੰਪਨੀਆਂ ਤੇਲ 'ਤੇ ਬੇਰਿਹਮ ਹੋ ਕੇ ਦੂਣੇ ਚੌਣੇ ਟੈਕਸ ਲਾ ਕੇ ਲੋਕਾਂ ਦਾ ਵੱਧ ਤੋਂ ਵੱਧ ਤੇਲ ਕੱਢਣ ਲਈ ਯਤਨਸ਼ੀਲ ਹਨ। ਜੇਕਰ ਅਸੀਂ ਸੁਹਿਰਦ ਹੋਈਏ ਤਾਂ ਪਾਣੀ ਦੇ ਧਰਤੀ ਹੇਠਲੇ ਪੱਧਰ ਨੂੰ ਸੁਧਾਰਿਆ ਜਾ ਸਕਦਾ ਹੈ। ਇਸ ਸੰਬੰਧੀ ਸਭ ਤੋਂ ਵੱਧ ਲੋਕਾਂ ਨੂੰ ਸੁਹਿਰਦ ਹੋਣ ਦੀ ਲੋੜ ਹੈ। ਫੈਕਟਰੀਆਂ, ਕਾਰਖਾਨਿਆਂ ਵਿਚ ਵਰਤੇ ਜਾਣ ਵਾਲੇ ਪਾਣੀ ਨੂੰ ਸਾਫ਼ ਕਰਕੇ ਦੁਬਾਰਾ ਵਰਤਿਆ ਜਾਵੇ। ਝੋਨੇ ਦੀ ਫ਼ਸਲ ਨੂੰ ਬੀਜਣ ਲਈ ਕੱਦੂ ਕਰਨ ਦੀ ਬਜਾਏ ਵੱਟਾਂ ਜਾਂ ਬੈੱਡ ਬਣਾ ਕੇ ਬਿਜਾਈ ਕੀਤੀ ਜਾਵੇ। ਖੇਤੀ ਲਈ ਧਰਤੀ ਹੇਠਲੇ ਪਾਣੀ ਦੀ ਬਜਾਏ ਨਹਿਰੀ ਪਾਣੀ ਨੂੰ ਤਰਜੀਹ ਦਿੱਤੀ ਜਾਵੇ। ਹਰ ਪਿੰਡ ਵਿਚ ਛੱਪੜਾਂ ਨੂੰ ਡੂੰਘਾ ਕਰਕੇ ਇਨ੍ਹਾਂ ਦਾ ਮੁੜ ਨਿਰਮਾਣ ਕੀਤਾ ਜਾਵੇ। ਹਰ ਪਿੰਡ ਵਿਚ ਬਾਰਿਸ਼ ਦੇ ਪਾਣੀ ਨੂੰ ਸੰਭਾਲਣ ਲਈ ਰੇਤ ਦੇ ਵਿਸ਼ਾਲ ਫਿਲਟਰ ਬਣਾ ਕੇ ਬਾਰਿਸ਼ ਦੇ ਪਾਣੀ ਨੂੰ ਫਿਲਟਰ ਕਰਕੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਦੇ ਪ੍ਰਬੰਧ ਕੀਤੇ ਜਾਣ। ਬਾਰਿਸ਼ਾਂ ਵਿਚ ਵਹਿਣ ਵਾਲੀਆਂ ਛੋਟੀਆਂ ਛੋਟੀਆਂ ਨਦੀਆਂ ਨੂੰ ਮੁੜ ਸੁਰਜੀਤ ਕੀਤਾ ਜਾਵੇ। ਬਹੁਤ ਸਾਰੀਆਂ ਅਜਿਹੀਆਂ ਉਦਾਹਰਨਾਂ ਹਨ, ਜਿੱਥੇ ਧਰਤੀ ਹੇਠਲਾ ਪਾਣੀ ਸੁੱਕ ਗਿਆ ਅਤੇ ਸੂਝਵਾਨ ਲੋਕਾਂ ਨੇ ਇਕੱਠੇ ਹੋ ਕੇ ਇਸ ਨੂੰ ਦੁਬਾਰਾ ਹਾਸਲ ਕਰਨ ਵਿਚ ਸਫਲਤਾ ਹਾਸਲ ਕੀਤੀ। ਮੌਨਸੂਨ ਬਾਰਿਸ਼ਾਂ ਅਤੇ ਝੜੀਆਂ ਲਈ ਇਹ ਬੜਾ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਰੁੱਖ ਲਾਏ ਜਾਣ। ਅਜਿਹੀਆਂ ਕੁਝ ਤਰਜੀਹਾਂ 'ਤੇ ਕੰਮ ਕਰਕੇ ਵਾਤਾਵਰਨ ਮਾਹਰਾਂ ਦੀ ਯੋਗ ਅਗਵਾਈ ਨਾਲ ਰੁੱਸ ਗਏ ਪਾਣੀਆਂ ਨੂੰ ਮੋੜ ਕੇ ਲਿਆਂਦਾ ਜਾ ਸਕਦਾ ਹੈ।