ਹਿੰਦੂਤਵੀ ਦਰਿੰਦਿਆਂ ਵੱਲੋਂ ਮੁਸਲਮਾਨਾਂ ਦੇ ਕਤਲੇਆਮ ਦਾ ਸੱਦਾ  - ਚੰਦ ਫਤਿਹਪੁਰੀ

ਗੈਰਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ (ਯੂ ਏ ਪੀ ਏ) ਦੀ ਧਾਰਾ 15 ਅਨੁਸਾਰ ਭਾਰਤ ਦੀ ਏਕਤਾ, ਅਖੰਡਤਾ, ਆਰਥਿਕ ਸੁਰੱਖਿਆ ਤੇ ਪ੍ਰਭੂਸੱਤਾ ਨੂੰ ਸੰਕਟ ਵਿੱਚ ਪਾਉਣ ਜਾਂ ਸੰਕਟ ਵਿੱਚ ਪਾਉਣ ਦੇ ਇਰਾਦੇ ਨਾਲ ਭਾਰਤ ਵਿੱਚ ਜਾਂ ਵਿਦੇਸ਼ ਵਿੱਚ ਜਨਤਾ ਜਾਂ ਜਨਤਾ ਦੇ ਕਿਸੇ ਵਰਗ ਵਿੱਚ ਦਹਿਸ਼ਤ ਫੈਲਾਉਣ ਜਾਂ ਦਹਿਸ਼ਤ ਫੈਲਾਉਣ ਦੀ ਸੰਭਾਵਨਾ ਦੇ ਇਰਾਦੇ ਨਾਲ ਕੀਤੀ ਗਈ ਕਾਰਵਾਈ 'ਅੱਤਵਾਦੀ ਕਾਰਾ' ਹੋਵੇਗੀ। ਭਾਰਤ ਸਰਕਾਰ ਦੀ ਅੱਤਵਾਦ ਦੀ ਇਸ ਪ੍ਰੀਭਾਸ਼ਾ ਦੀ ਰੌਸ਼ਨੀ ਵਿੱਚ 17, 18 ਤੇ 19 ਦਸੰਬਰ ਨੂੰ ਹਰਿਦੁਆਰ ਵਿੱਚ ਹੋਈ ਧਰਮ ਸੰਸਦ ਵਿੱਚ ਹਿੰਦੂਤਵੀ ਸਾਧਾਂ-ਸਾਧਵੀਆਂ ਵੱਲੋਂ ਉਗਲੇ ਗਏ ਨਫ਼ਰਤੀ ਜ਼ਹਿਰ ਨੂੰ ਦੇਖਿਆ ਜਾਵੇ ਤਾਂ ਸਾਡੇ ਸਾਹਮਣੇ ਮੌਜੂਦਾ ਦੌਰ ਵਿੱਚ ਅੱਤਵਾਦ ਦਾ ਇੱਕ ਭਿਆਨਕ ਚਿਹਰਾ ਨਜ਼ਰ ਆਵੇਗਾ।
         ਹਰਿਦੁਆਰ ਵਿੱਚ ਹੋਈ ਇਹ 'ਧਰਮ ਸੰਸਦ' ਹਿੰਦੂਤਵ ਦੇ ਨਾਂਅ ਉੱਤੇ ਫੈਲਾਏ ਜਾ ਰਹੇ ਅੱਤਵਾਦ ਤੇ ਆਉਣ ਵਾਲੇ ਸਮੇਂ ਦੌਰਾਨ ਦੇਸ਼ ਸਾਹਮਣੇ ਆਉਣ ਵਾਲੇ ਖਤਰੇ ਦੀ ਨਿਸ਼ਾਨਦੇਹੀ ਕਰਦੀ ਹੈ । ਇਸ ਸੰਸਦ ਦਾ ਆਯੋਜਨ ਜੂਨਾ ਅਖਾੜੇ ਦੇ ਮਹਾਂਮੰਡਲੇਸ਼ਵਰ ਹਿੰਦੂ ਅੱਤਵਾਦੀ ਯਤੀ ਨਰਸਿੰਹਾਨੰਦ ਨੇ ਕੀਤਾ ਸੀ । ਖ਼ੂਨ ਦੇ ਪਿਆਸੇ ਹਿੰਦੂਤਵੀ ਦਰਿੰਦਿਆਂ ਦੇ ਇਸ ਇਕੱਠ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਗੋਲੀ ਮਾਰਨ, ਮੁਸਲਮਾਨਾਂ ਦੇ ਕਤਲੇਆਮ ਤੇ ਸਰਕਾਰ ਵਿਰੁੱਧ ਯੁੱਧ ਛੇੜਨ ਤੱਕ ਦੀ ਧਮਕੀ ਦਿੱਤੀ ਗਈ।
     ਇਸ ਇਕੱਠ ਵਿੱਚ ਨਿਰੰਜਣੀ ਅਖਾੜੇ ਦੀ ਮਹਾਂਮੰਡਲੇਸ਼ਵਰ ਤੇ ਹਿੰਦੂ ਮਹਾਂ ਸਭਾ ਦੀ ਜਨਰਲ ਸਕੱਤਰ ਅੰਨਪੂਰਣਾ ਮਾਂ, ਬਿਹਾਰ ਦੇ ਧਰਮ ਦਾਸ ਮਹਾਰਾਜ, ਆਨੰਦ ਸਰੂਪ ਮਹਾਰਾਜ, ਸਾਗਰ ਸਿੰਧੂ ਰਾਜ ਤੇ ਹੁਣੇ-ਹੁਣੇ ਧਰਮ ਬਦਲ ਕੇ ਜਿਤੇਂਦਰ ਨਰਾਇਣ ਸਿੰਘ ਤਿਆਗੀ ਬਣੇ ਵਸੀਮ ਰਿਜ਼ਵੀ ਸਮੇਤ ਬਹੁਤ ਸਾਰੇ ਕੱਟੜਪੰਥੀ ਸਾਧੂ-ਸੰਤ ਸ਼ਾਮਲ ਸਨ । ਭਾਜਪਾ ਆਗੂ ਅਸ਼ਵਨੀ ਉਪਧਿਆਏ ਵੀ ਇੱਕ ਵਕਤਾ ਵਜੋਂ ਇਸ ਵਿੱਚ ਸ਼ਾਮਲ ਹੋਏ । ਇਨ੍ਹਾਂ ਜ਼ਹਿਰੀਲੇ ਨਾਗਾਂ ਵੱਲੋਂ ਦਿੱਤੇ ਭਾਸ਼ਣਾਂ ਦੀਆਂ ਵੰਨਗੀਆਂ ਦੇ ਸਾਰ ਪੜ੍ਹੋ।
      'ਦੀ ਕੁਇੰਟ' ਵਿੱਚ ਛਪੀ ਰਿਪੋਰਟ ਅਨੁਸਾਰ ਨਰਸਿੰਹਾਨੰਦ ਨੇ 'ਸ਼ਾਸਤਰ ਮੇਵ ਜਯਤੇ' ਦਾ ਨਾਅਰਾ ਦਿੰਦਿਆਂ ਕਿਹਾ, ''ਆਰਥਿਕ ਬਾਈਕਾਟ ਨਾਲ ਕੰਮ ਨਹੀਂ ਬਣਨਾ। ਹਿੰਦੂਆਂ ਨੂੰ ਆਪਣੇ ਆਪ ਨੂੰ ਅਪਡੇਟ ਕਰਨਾ ਪਵੇਗਾ। ਤਲਵਾਰਾਂ ਸਿਰਫ਼ ਸਟੇਜ ਉੱਤੇ ਹੀ ਚੰਗੀਆਂ ਲੱਗਦੀਆਂ ਹਨ। ਇਹ ਲੜਾਈ ਵਧੀਆ ਹਥਿਆਰਾਂ ਵਾਲੇ ਹੀ ਜਿੱਤਣਗੇ ।'' ਇਸ ਤੋਂ ਬਾਅਦ ਸਾਗਰ ਸਿੰਧੂ ਰਾਜ ਨੇ ਗੱਲ ਸਪੱਸ਼ਟ ਕਰਦਿਆਂ ਕਿਹਾ, ''ਮੈਂ ਵਾਰ-ਵਾਰ ਕਹਿੰਦਾ ਹਾਂ ਮੋਬਾਇਲ 5000 ਵਾਲਾ ਵੀ ਚੱਲ ਸਕਦਾ ਹੈ, ਪ੍ਰੰਤੂ ਹਥਿਆਰ ਘੱਟੋ-ਘੱਟ ਇੱਕ ਲੱਖ ਵਾਲਾ ਹੋਣਾ ਚਾਹੀਦਾ ਹੈ ।''
      ਹਿੰਦੂ ਰਖਸ਼ਾ ਸੈਨਾ ਦੇ ਪ੍ਰਧਾਨ ਸਵਾਮੀ ਪ੍ਰਬੋਧਾਨੰਦ ਗਿਰੀ ਨੇ ਕਿਹਾ, ''ਹੁਣ ਸਾਡਾ ਰਾਜ ਹੈ । ਤੁਸੀਂ ਦੇਖਿਆ ਕਿ ਦਿੱਲੀ ਦੀ ਸਰਹੱਦ ਉੱਤੇ ਉਨ੍ਹਾ ਹਿੰਦੂ ਨੂੰ ਮਾਰ ਕੇ ਲਟਕਾ ਦਿੱਤਾ । (ਸ਼ਾਇਦ ਉਨ੍ਹਾ ਦਾ ਇਸ਼ਾਰਾ ਸਿੰਘੂ ਬਾਰਡਰ ਉੱਤੇ ਨਿਹੰਗਾਂ ਵੱਲੋਂ ਮਾਰੇ ਗਏ ਵਿਅਕਤੀ ਵੱਲ ਸੀ) । ਹੁਣ ਹੋਰ ਵਕਤ ਨਹੀਂ, ਹਾਲਾਤ ਇਹ ਹਨ ਕਿ ਜਾਂ ਮਰਨ ਲਈ ਤਿਆਰ ਹੋ ਜਾਓ ਜਾਂ ਮਾਰਨ ਲਈ । ਇਸ ਲਈ ਮਿਆਂਮਾਰ ਵਾਂਗ ਇੱਥੋਂ ਦੀ ਪੁਲਸ, ਰਾਜ ਨੇਤਾ, ਫੌਜ ਤੇ ਹਰ ਹਿੰਦੂ ਨੂੰ ਹਥਿਆਰ ਚੁੱਕ ਲੈਣਾ ਚਾਹੀਦਾ । ਸਾਨੂੰ ਇਹ ਸਫ਼ਾਈ ਅਭਿਆਨ ਚਲਾਉਣਾ ਹੀ ਪਵੇਗਾ ।''
     ਅੰਨਪੂਰਣਾ ਉਰਫ਼ ਪੂਜਾ ਸ਼ਕੁਨ ਪਾਂਡੇ ਨੇ ਕਿਹਾ, ''ਜੇਕਰ ਅਸੀਂ ਉਨ੍ਹਾਂ (ਮੁਸਲਮਾਨਾਂ) ਨੂੰ ਖ਼ਤਮ ਕਰਨਾ ਚਾਹੁੰਦੇ ਹਾਂ ਤਾਂ ਉਨ੍ਹਾਂ ਨੂੰ ਮਾਰ ਸੁੱਟੋ । ਅਸੀਂ ਸਭ ਮਿਲ ਕੇ ਉਨ੍ਹਾਂ ਦੇ 20 ਲੱਖ ਮਾਰ ਦੇਵਾਂਗੇ ਤਾਂ ਜੇਤੂ ਕਹਾਵਾਂਗੇ । ਕਾਪੀਆਂ-ਕਿਤਾਬਾਂ ਸੁੱਟੋ ਤੇ ਹਥਿਆਰ ਉਠਾ ਲਓ। ਜੇਕਰ ਸਾਡੇ ਧਰਮ ਹਿੰਦੂਤਵ ਉੱਤੇ ਖ਼ਤਰਾ ਆਵੇਗਾ ਤਾਂ ਮੈਂ ਕੁਝ ਨਹੀਂ ਸੋਚਾਂਗੀ, ਭਾਵੇਂ ਮੈਨੂੰ ਗੌਡਸੇ ਵਾਂਗ ਕਲੰਕਤ ਕਿਉਂ ਨਾ ਕਰ ਦਿੱਤਾ ਜਾਵੇ, ਮੈਂ ਹਥਿਆਰ ਉਠਾਵਾਂਗੀ ਤੇ ਹਿੰਦੂਤਵ ਨੂੰ ਬਚਾਵਾਂਗੀ ।''
       ਬਿਹਾਰ ਦੇ ਧਰਮਦਾਸ ਨੇ ਕਿਹਾ, ''ਜੇਕਰ ਮੈਂ ਸੰਸਦ ਵਿੱਚ ਹੁੰਦਾ ਤਾਂ ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਹ ਕਿਹਾ ਸੀ ਕਿ ਕੌਮੀ ਸਾਧਨਾਂ ਉਤੇ ਘੱਟਗਿਣਤੀਆਂ ਦਾ ਪਹਿਲਾ ਅਧਿਕਾਰ ਹੈ ਤਾਂ ਮੈਂ ਨੱਥੂ ਰਾਮ ਗੌਡਸੇ ਦੇ ਰਾਹ ਉੱਤੇ ਚੱਲ ਕੇ ਉਨ੍ਹਾ ਦੀ ਛਾਤੀ ਵਿੱਚ 6 ਗੋਲੀਆਂ ਮਾਰ ਦਿੰਦਾ। 'ਹਿੰਦੂ ਰਾਸ਼ਟਰ ਦੀ ਸਥਾਪਨਾ ਦੀ ਮੰਗ ਕਰਦਿਆਂ ਹੋਇਆਂ ਆਨੰਦ ਸਵਰੂਪ ਮਹਾਰਾਜ ਨੇ ਕਿਹਾ, ''ਜੇਕਰ ਸਰਕਾਰ ਸਾਡੀ ਮੰਗ ਨਹੀਂ ਮੰਨਦੀ (ਹਿੰਦੂ ਰਾਸ਼ਟਰ ਦੀ) ਤਾਂ ਅਸੀਂ 1857 ਦੇ ਵਿਦਰੋਹ ਤੋਂ ਵੀ ਭਿਆਨਕ ਜੰਗ ਛੇੜ ਦਿਆਂਗੇ ।''
       ਉਪਰੋਕਤ ਟੋਟਕੇ ਹਿੰਦੂ ਅੱਤਵਾਦੀਆਂ ਦੇ ਭਾਸ਼ਣਾਂ ਦੇ ਸਿਰਫ਼ ਛੋਟੇ ਹਿੱਸੇ ਹਨ । ਉਨ੍ਹਾ ਵੱਲੋਂ ਘੱਟ ਗਿਣਤੀਆਂ ਵਿਰੁੱਧ ਜਿਹੜਾ ਜ਼ਹਿਰ ਉਗਲਿਆ ਗਿਆ, ਉਸ ਦਾ ਵਿਸਥਾਰ ਡਰਾਉਣ ਵਾਲਾ ਹੈ । ਭਾਵੇਂ ਇਸ ਧਰਮ ਸੰਸਦ ਦੇ ਅਯੋਜਕਾਂ ਵਿਰੁੱਧ ਉਤਰਾਖੰਡ ਪੁਲਸ ਨੇ ਕੇਸ ਦਰਜ ਕਰ ਲਿਆ ਹੈ, ਪਰ ਕੀ ਉਨ੍ਹਾਂ ਵਿਰੁੱਧ ਯੂ ਏ ਪੀ ਏ ਲਾਇਆ ਜਾਵੇਗਾ, ਇਸ ਦੀ ਗੁੰਜਾਇਸ਼ ਘੱਟ ਹੀ ਹੈ । ਜਾਪਦਾ ਤਾਂ ਇਹ ਹੈ ਕਿ ਸਰਕਾਰ ਤੇ ਗ੍ਰਹਿ ਮੰਤਰਾਲੇ ਦੀ ਅਜਿਹੇ ਪ੍ਰੋਗਰਾਮ ਪਿੱਛੇ ਚੁੱਪ ਸਹਿਮਤੀ ਹੈ, ਜਿਸ ਦਾ ਸਬੂਤ 19 ਦਸੰਬਰ ਨੂੰ ਦਿੱਲੀ ਵਿੱਚ ਇੱਕ ਟੀ ਵੀ ਚੈਨਲ ਦੇ ਕਰਤੇ-ਧਰਤੇ ਵੱਲੋਂ ਕਰਾਇਆ ਗਿਆ ਅਜਿਹਾ ਹੀ ਇੱਕ ਨਫ਼ਰਤੀ ਪ੍ਰੋਗਰਾਮ ਹੈ । ਸੁਦਰਸ਼ਨ ਟੀ ਵੀ ਦੇ ਮੁਖੀ ਸੁਰੇਸ਼ ਚਹਾਣਕੇ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਇੱਕ ਹਾਲ ਅੰਦਰ ਭਗਵੇਂ ਕੱਪੜੇ ਪਹਿਨੀ ਕੁੱਝ ਲੋਕ ਜੈ ਸ੍ਰੀ ਰਾਮ ਦੇ ਨਾਅਰੇ ਲਾ ਰਹੇ ਹਨ । ਹੱਥ ਵਿੱਚ ਮਾਈਕ ਫੜੀ ਚਹਾਣਕੇ ਹਾਜ਼ਰ ਲੋਕਾਂ ਨੂੰ ਇਹ ਸਹੁੰ ਚੁਕਾਉਂਦੇ ਹਨ, ''ਅਸੀਂ ਸਹੁੰ ਖਾਂਦੇ ਹਾਂ, ਬਚਨ ਦਿੰਦੇ ਹਾਂ, ਸੰਕਲਪ ਕਰਦੇ ਹਾਂ ਕਿ ਆਪਣੇ ਆਖਰੀ ਪ੍ਰਾਣਾਂ ਤੱਕ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ, ਅੱਗੇ ਵਧਣ ਲਈ ਲੜਾਂਗੇ, ਮਰਾਂਗੇ ਤੇ ਜੇ ਲੋੜ ਪਈ ਤਾਂ ਮਾਰਾਂਗੇ । ਕਿਸੇ ਵੀ ਕੁਰਬਾਨੀ ਲਈ, ਕਿਸੇ ਵੀ ਕੀਮਤ 'ਤੇ, ਇੱਕ ਪਲ ਵੀ ਪਿੱਛੇ ਨਹੀਂ ਹਟਾਂਗੇ ।'' ਚਹਾਣਕੇ ਨੇ ਇਸ ਵੀਡੀਓ ਦੀ ਕੈਪਸ਼ਨ ਵਿੱਚ ਲਿਖਿਆ ਹੈ, ''ਮੇਰੇ ਨਾਲ ਹਿੰਦੂ ਰਾਸ਼ਟਰ ਦੀ ਸਹੁੰ ਚੁੱਕਦੇ ਹੋਏ ਹਿੰਦੂ ਯੁਵਾ ਵਾਹਿਨੀ ਦੇ ਸ਼ੇਰ ਤੇ ਸ਼ੇਰਨੀਆਂ ।'' ਯਾਦ ਰਹੇ ਕਿ ਹਿੰਦੂ ਯੁਵਾ ਵਾਹਿਨੀ ਦੀ ਸਥਾਪਨਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਖੜ੍ਹੀ ਕੀਤੀ ਸੀ । ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਇਨ੍ਹਾਂ ਨਫ਼ਰਤੀ ਤੱਤਾਂ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ, ਸਗੋਂ ਇਸ ਕਾਰਨ ਉਨ੍ਹਾਂ ਨੂੰ ਸਾਧਵੀ ਪ੍ਰਗਿਆ ਵਾਂਗ ਸਾਂਸਦ ਜਾਂ ਵਿਧਾਇਕ ਬਣਾ ਕੇ ਸਨਮਾਨਿਤ ਕੀਤਾ ਜਾਵੇਗਾ ।