ਕਾਮਧੇਨ ਗਊਆਂ - ਨਿਰਮਲ ਸਿੰਘ ਕੰਧਾਲਵੀ

ਫ਼ਸ ਗਿਆ ਇਕ ਸਾਧ ਕੋਲ ਮੈਂ, ਫ਼ਸ ਤੁਸੀਂ ਨਾ ਜਾਇਓ।
ਬੂਬਨੇ ਜਾਲ਼ ਵਿਛਾਈ ਬੈਠੇ, ਨਾ ਮੂੰਹ ਏਹਨਾਂ ਨੂੰ ਲਾਇਓ।
ਅਦਾਲਤ ਵਿਚ ਸੀ ਕੇਸ ਮਿਰਾ, ਮੈਂ ਪ੍ਰੇਸ਼ਾਨ ਸੀ ਹੋਇਆ।
ਗੱਲ ਸੁਣ ਕੇ ਇਕ ਬੰਦੇ ਦੀ, ਮੈਨੂੰ ਕੁਝ ਧਰਵਾਸਾ ਹੋਇਆ।
ਬੰਦਾ ਕਹਿੰਦਾ ਬਾਬਾ ਹੈ ਇਕ, ਹੈ ਬੜਾ ਹੀ ਕਰਨੀ ਵਾਲ਼ਾ।
ਕੇਸ ਜਿਤਾ ਦਊ ਤੈਨੂੰ ਕੋਰਟ ਵਿਚੋਂ, ਫੇਰ ਕੇ ਪੁੱਠੀ ਮਾਲ਼ਾ।
ਇਕ ਦਿਨ ਲੈ ਗਿਆ ਮੈਨੂੰ ਡੇਰੇ, ਬਾਬੇ ਨੂੰ ਮੁਸ਼ਕਿਲ ਦੱਸੀ।
ਤੁਕ ਤੁਕ ਵਾਲ਼ੇ ਪਾਠ ਦੀ ਬਾਬੇ, ਗਲ਼ ਪਾ 'ਤੀ ਮੇਰੇ ਰੱਸੀ।
ਇਕੱਤੀ ਹਜ਼ਾਰ ਪਾਠ ਦੀ ਪੂਜਾ, ਹੋਰ ਵਾਧੂ ਉੱਤੋਂ ਖ਼ਰਚਾ।
ਰੱਖਣੀ ਗੱਲ ਲੁਕੋ ਕੇ ਭਗਤਾ, ਕਰਨੀ ਨਹੀਂ ਕੋਈ ਚਰਚਾ।
ਕੇਸ ਜਿੱਤਣ ਦੇ ਲਾਲਚ ਵਿਚ, ਮੰਨ ਲਿਆ ਉਹਦਾ ਕਹਿਣਾ।
ਬਾਬਾ ਕਹਿੰਦਾ ਗੁਪਤ ਪਾਠ ਹੈ, ਪਾਠ ਦੇ ਕੋਲ਼ ਨਹੀਂ ਬਹਿਣਾ।
ਬਾਬੇ ਤਾਈਂ ਰਕਮ ਫੜਾ ਕੇ, ਘਰ ਆ ਗਏ ਚੁੱਪ ਕਰ ਕੇ।
ਗਿਣੀਏ ਦਿਨ ਫ਼ੈਸਲੇ ਵਾਲਾ, ਅਸੀਂ ਸਭ ਕੁਝ ਹੋਰ ਭੁਲਾ ਕੇ।
ਠੁੱਸ ਹੋਈ ਬਾਬੇ ਦੀ ਸ਼ਕਤੀ, ਉਲ਼ਟਾ ਕੇਸ ਹੋ ਗਿਆ ਮੇਰਾ।
ਪੈ ਗਿਆ ਕੋਰਟ ਖ਼ਰਚ ਵੀ ਮੈਨੂੰ, ਉੱਤੋਂ ਖਾ ਗਿਆ ਮੈਨੂੰ ਡੇਰਾ।
ਬਾਬੇ ਨੂੰ ਜਦ ਫੋਨ ਘੁੰਮਾਵਾਂ, ਉਹਦਾ ਫੋਨ ਚੁੱਕੇ ਕੋਈ ਚੇਲਾ।
ਬਾਬਾ ਜੀ ਨੇ ਭਗਤੀ ਕਰਦੇ, ਜਾਂ ਕਹੇ ਆਰਾਮ ਦਾ ਵੇਲਾ।
ਮੈਂ ਬੁੱਝ ਲਈ ਗੱਲ ਸਾਰੀ, ਲੰਘਿਆ ਵੇਲਾ ਹੱਥ ਨਾ ਆਵੇ।
ਹੱਥਾਂ 'ਤੇ ਹੁਣ ਵੱਢਾਂ ਦੰਦੀਆਂ, ਮਨ ਵਾਰ ਵਾਰ ਪਛਤਾਵੇ।
'ਵਿਚੋਲੇ' ਤਾਈਂ ਗੱਲ ਦੱਸੀ, ਉਹ ਕਿਰਲੇ ਵਾਂਗੂੰ ਤਣਿਆਂ।

ਤੂੰ ਨਹੀਂ ਰੱਖੀ ਸ਼ਰਧਾ ਪੂਰੀ, ਕੰਮ ਤਾਹੀਂਓਂ ਨਾਹੀਂ ਬਣਿਆਂ।
ਮੈਂ ਕਿਹਾ ਚਲ ਬਾਬੇ ਨੂੰ ਪੁੱਛੀਏ, ਉਸ ਗੱਲ ਸੁਣੀ ਨਾ ਮੇਰੀ।
ਬਾਬਾ ਜੀ ਨੇ ਕਸਰ ਨਹੀਂ ਛੱਡੀ, ਸੀ ਮਾੜੀ ਕਿਸਮਤ ਤੇਰੀ।
ਇਕ ਦਿਨ ਦੋ ਤਿੰਨ ਬੰਦੇ ਲੈ ਕੇ, ਮੈਂ ਪਹੁੰਚਿਆ ਸਾਧ ਦੇ ਡੇਰੇ।
ਗਲ਼ ਪੈ ਗਏ ਉੱਥੇ ਸਾਧ ਦੇ ਗੁੰਡੇ, ਉਹਨੀਂ ਮੋਢੇ ਸੇਕ 'ਤੇ ਮੇਰੇ।
ਰਪਟ ਲਿਖੌਣ ਗਏ ਅਸੀਂ ਥਾਣੇ, ਕਿਸੇ ਗੱਲ ਸੁਣੀ ਨਾ ਸਾਡੀ।
ਓਏ ਬਾਬਾ ਜੀ ਨੂੰ ਝੂਠਾ ਆਖੋਂ, ਕੰਜਰੋ ਲਾਹੀਏ ਖੱਲ ਤੁਹਾਡੀ?
ਥਾਣੇਦਾਰ ਕਿਹਾ ਭੱਜ ਜਾਉ, ਨਹੀਂ ਕਰ ਦਊਂ ਸਭ ਨੂੰ ਅੰਦਰ।
ਟੈਮ ਸਰਕਾਰੀ ਖ਼ਰਾਬ ਕਰਨ ਲਈ, ਆ ਜਾਂਦੇ ਕਿੱਥੋਂ ਪਤੰਦਰ।
ਚੋਣਾਂ ਵੇਲੇ ਬਣਦੇ ਇਹ ਬਾਬੇ, ਕਾਮਧੇਨ ਗਊਆਂ ਸਰਕਾਰ ਦੀਆਂ।
ਲਿਖ ਕੇ ਰਪਟ ਤੁਹਾਡੀ, ਜੁੱਤੀਆਂ ਕਿਉਂ ਖਾਵਾਂ ਜਥੇਦਾਰ ਦੀਆਂ।

ਨਿਰਮਲ ਸਿੰਘ ਕੰਧਾਲਵੀ

07 Oct. 2016