ਨਵੇ ਪੋਜ਼ ਦੀ ਅਗਾਂਹਵਧੂ ਸ਼ਾਇਰਾ  - ਬਰਾੜ ਜੈਸੀ

  'ਮੈਂ ਸਾਉ ਕੁੜੀ ਨਹੀਂ ਹਾਂ ' ਪੁਸਤਕ ਨਾਲ ਹੋਈ ਚਰਚਿਤ

     
                          _ ਰਾਜਵਿੰਦਰ ਰੌਂਤਾ
ਕਿਸੇ ਕਵਿਤਰੀ ਦੀ ਪਲੇਠੀ ਪੁਸਤਕ ਪੰਜਵੀਂ ਵਾਰ ਛਪੇ ਇਸ ਤੋਂ  ਵੱਡੀ ਮਾਣ ਵਾਲੀ ਗੱਲ  ਭਲਾ ਕੀ ਹੋ ਸਕਦੀ ਹੈ। ਓਹ ਪੁਸਤਕ ਹੈ  'ਮੈ ਸਾਊ ਕੁੜੀ ਨਹੀਂ ਹਾਂ,'।  ਬਰਾੜ ਜੈਸੀ ਨਵੇਂ ਪੋਜ਼ ਦੀ ਸ਼ਾਇਰਾ ਹੈ। ਬਰਾੜ ਜੈਸੀ ਦੀ ਪੁਸਤਕ ਚੋਂ ਸ਼ਾਇਰੀ  ਸੋਸ਼ਲ ਮੀਡੀਆ ਤੇ ਨੌਜਵਾਨ ਕੁੜੀਆਂ ਦੀ ਪਸੰਦ ਬਣੀ ਹੋਈ ਹੈ।  ਬੁੱਕ ਸਟਾਲਾਂ ਤੇ  ਵੱਡੇ ਲੇਖਕਾਂ ਦੀਆਂ ਪੁਸਤਕਾਂ ਵਾਂਗ ਪਾਠਕ'  ਮੈਂ ਸਾਊ ਕੁੜੀ ਨਹੀਂ ਹਾਂ 'ਮੰਗ ਦੇ ਹਨ ।ਇਹ ਉਸਦਾ ਹਾਸਲ ਹੈ।
 ਜੈਸੀ  ਨੂੰ ਇਸ ਪੁਸਤਕ ਰਾਹੀਂ ਬਹੁਤ ਮਾਣ ਸਨਮਾਨ ਤੇ ਖਾਸਕਰ ਨੌਜਵਾਨ ਪਾਠਕ ਵਰਗ ਮਿਲਿਆ ਹੈ। ਉਹ ਕਿਸੇ ਬੇਗਾਨੇ ਫੰਗਾਂ ਆਦਿ  ਰਾਹੀਂ ਨਹੀਂ ਹਿੱਕ ਦੇ ਜ਼ੋਰ ਤੇ ਕਲਮ ਦੀ ਤਾਕਤ ਨਾਲ ਚਮਕੀ ਹੈ। ਆਪਣੇ ਆਪ ਨੂੰ ਮੈ ਸਾਊ ਕੁੜੀ ਨਹੀਂ ਆਖਣਾ, ਕਿੱਡੀ ਦਲੇਰੀ ਹੈ । ਇਕ ਮੁੰਡਾ ਵੀ ਕਹੇ ਕਿ, ਮੈ ਸਾਊ ਨਹੀਂ ਤਾਂ ਉਸ ਨੂੰ ਵੀ ਲੋਕ ਕੈਰੀ ਅੱਖ ਨਾਲ ਵੇਖਣਗੇ।
 ਅਸਲ ਚ ਬਰਾੜ ਜੈਸੀ ਰਾਮ ਗਊ ਨਹੀਂ ਬਣੀ। ਨਾ ਉਸ ਨੇ ਅੱਖਾਂ ਤੇ  ਜੀ ਜੀ ਵਾਲੇ ਖੋਪੇ ਲਾਏ ਹਨ ,ਨਾ ਜ਼ੁਬਾਨ ਨੂੰ ਤਾਲਾ। ਉਸ ਨੇ  ਕਵਿਤਾਵਾਂ ਰਾਹੀਂ ਔਰਤ ਦੀ ਇੱਛਾ ਖ਼ਿਲਾਫ਼ ਹੁੰਦੇ ਸਰੀਰਕ, ਮਾਨਸਿਕ  ਜ਼ਬਰ ਦੀ ਅਵਾਜ਼ ਉਠਾਈ ਹੈ। ਜਿੱਥੇ ਉਸ ਨੇ ਆਪਣੀ ਮਾਂ ਦੀ ਮਮਤਾ ਮਾਂ ਦਾ ਪਿਆਰ ਬਾਰੇ ਲਿਖ ਕੇ ਮਾਵਾਂ ਨੂੰ ਯਾਦ ਕਰਵਾਇਆ ਹੈ। ਉਥੇ ਔਰਤ ਦੀ ਬੇਬਸੀ ਤੇ ਚੁੱਪ ਤੋਂ ਜਿੰਦ੍ਰਾ ਤੋੜਦਿਆਂ ਔਰਤ ਅੰਦਰਲੀ ਔਰਤ  ਨੂੰ ਹਲੂਣਿਆ ਹੈ। ਬੋਲਣਾ ਸਿਖਾਇਆ ਹੈ। ਮੁਹੱਬਤ ਦੇ ਅਰਥ ਰੂਪਮਾਨ ਕਰਦਿਆਂ  ਆਮ ਲੋਕਾਂ ਦੇ ਮਨਾਂ ਬੈਠੇ ਮੁਹੱਬਤ ਦੇ   ਗੰਧਲੇ ਅਰਥਾਂ ਨੂੰ ਸ਼ਪੱਸ਼ਟ ਕੀਤਾ ਹੈ।  ਮੁਹੱਬਤ ਬਾਰੇ ਉਸ ਦੀਆਂ ਬਹੁਤ ਖੂਬਸੂਰਤ ਲਘੂ ਕਵਿਤਾਵਾਂ ਹਨ।
ਉਸ ਨੇ ਕੌਮਾਂਤਰੀ ਪੱਧਰ ਤੇ ਨਾਰੀ ਦਾ ਸੰਕਲਪ ਲੈਕੇ  ਵਿਦੇਸ਼ੀ ਕੁੜੀਆ ,ਵਿਦੇਸ਼ੀ ਗੀਤ ਸੰਗੀਤ ਲਿਖਤਾਂ ਤੇ ਅਖੌਤੀ  ਕਿੰਤੂ ਪ੍ਰੰਤੂ ਲੋਕ ਲੱਜ ਨੂੰ ਵੀ ਕਲਮ ਦਾ ਸਫ਼ਰ ਕਰਵਾਇਆ ਹੈ।ਵਾਹ ਵਾਹ ਖੱਟੀ ਹੈ।
ਸਾਡੇ ਸਮਾਜ ਵਿਚ  ਪੀੜ੍ਹੀ ਦਰ ਪੀੜ੍ਹੀ ਕੁੜੀਆਂ ਨੂੰ  ਦਿੱਤੀ ਜਾਂਦੀ ਸਾਊ ਬਣਨ ਦੀ  ਸਿੱਖਿਆ ਨੂੰ ਬਦਲਣ ਦਾ ਸਾਰਥਿਕ ਯਤਨ ਕੀਤਾ ਹੈ। ਕਹਿਣੀ ਤੇ ਕਰਨੀ ਦੇ ਸ਼ਬਦਾਂ ਦੇ ਅਰਥ ਦਿੱਤੇ ਹਨ।
ਨਾਮ ਤੋ ਲਗਦੀ ਕਿਤਾਬ ਤੋ ਹਟ ਕੇ ਜੈਸੀ ਨੇ ਅਸਲ ਸਾਊ ਕੁੜੀ ਦੀ ਕਹਾਣੀ ਹੀ ਪੇਸ਼ ਕੀਤੀ ਹੈ ਜਿਸ ਨੂੰ ਅਸੀਂ ਕਲਪਦੇ ਹਾਂ । ਪਰ ਹੀਰ ਤੇ ਭਗਤ ਸਿੰਘ ਵਾਂਗ ਆਪਣੇ ਘਰ ਬਰਦਾਸ਼ਤ ਨਹੀਂ ਕਰਦੇ।
ਬਰਾੜ ਜੈਸੀ ਅੰਮ੍ਰਿਤਾ ਪ੍ਰੀਤਮ ਨੂੰ ਲਿਖਤਾਂ ਚ ਆਪਣਾ ਰੋਲ  ਮਾਡਲ ਮੰਨਦੀ ਹੈ। ਪਿੰਡ ਦੇ ਧਰਾਤਲ ਨਾਲ ਵੀ ਜੁੜੀ ਹੈ ਤੇ ਦੁਨੀਆਂ ਪੱਧਰ ਦੀ ਨਾਰੀ ਦਾ ,ਅਜ਼ਾਦ ਔਰਤ ਦਾ ਸੁਪਨਾ ਵੀ ਸਕਾਰ ਕਰਨ ਲਈ ਕਲਮ ਵਾਹ ਰਹੀ ਹੈ। ਮੱਲਕੇ ਦੀ ਜੰਮਪਲ ਤੇ ਪੀ ਐਚ ਡੀ ਕਰ ਰਹੀ ਬਰਾੜ
ਜੈਸੀ ਦੀ ਕਾਵਿ ਕਲਾ ਬਹੁਤ ਖੂਬ ਹੈ। ਪਾਣੀ ਵਾਂਗ ਵਹਿੰਦੀ ਹੈ  ਕਵਿਤਾ ਧੁਰ ਅੰਦਰੋਂ ਉੱਤਰਦੀ ਮਹਿਸੂਸ ਹੁੰਦੀ ਹੈ। ਕਵਿਤਾ  ਕਦੇ ਅਕਾਊ ਨਹੀਂ ਹੁੰਦੀ। ਓਸ ਦੀ ਕਵਿਤਾ ਪਾਠਕ ਦੇ ਧੁਰ ਅੰਦਰ ਤੱਕ ਲਹਿਣ ਵਾਲੀ ਹੈ। ਪਾਠਕ ਨੂੰ  ਆਪਣੇ ਨਾਲ ਨਾਲ ਤੋਰਦੀ , ਦ੍ਰਿਸ਼ ਰੂਪਮਾਨ ਕਰਦੀ  ।ਆਪਣੇ ਨਾਲ ਨਾਲ  ਸਵਾਲ ਜਵਾਬ ਵੀ ਕਰਨ ਲਾਉਂਦੀ ਹੈ। ਮਰਦ  ਪਾਠਕ ਨੂੰ ਆਪਣੇ ਅੰਦਰਲੇ ਮਰਦ  ਦਾ ਅਹਿਸਾਸ ਵੀ ਕਰਵਾਉਂਦੀ ਹੈ। ਇਹ ਪੁਸਤਕ ਪਾਠਕ ਤੋਂ ਇੱਕੋ ਬੈਠਕ ਚ ਮੁਕੰਮਲ ਕਰਨ ਦਾ ਜ਼ਜਬਾ ਰੱਖਦੀ ਹੈ। ਇਹ ਜੈਸੀ ਦਾ ਹਾਸਲ ਹੈ ਕਿ ਕਵਿਤਾ ਆਦਿ ਤੋਂ ਅੰਤ ਤੱਕ ਇੱਕ ਸੁਰ ਚ ਰਹਿ ਕੇ ਅਖੀਰ ਚ ਇਕਦਮ ਚੋਟ ਨਗਾਰੇ ਲਗਾ ਦਿੰਦੀ ਹੈ।ਲਘੂ ਕਵਿਤਾ ਵੀ ਕਮਾਲ ਹੈ ਵੱਡੀ ਕਵਿਤਾ ਵੀ ਬਹੁਤ ਖੂਬ ।
 ਜੈਸੀ ਨੇ ,'ਮੈ ਸਾਊ ਕੁੜੀ ਨਹੀਂ ਹਾਂ ‘ਰਚ ਕੇ ਬਹੁਤ ਵਧੀਆ ਹੰਭਲਾ ਮਾਰਿਆ ਹੈ। ਅਨੇਕਾਂ ਪਾਠਕ ਕੁੜੀਆ ਨੂੰ ਨਵੀਂ ਜ਼ਿੰਦਗੀ ਦੀ ਲੀਹ ਦਿੱਤੀ ਹੈ। ਗੰਧਲੇ ਮਰਦ ਮਨਾ ਨੂੰ ਵੀ ਝੰਜੋੜਿਆ ਹੈ। ਨਿਰਾਸ਼ ਕੁੜੀਆ ਨੂੰ ਆਸ ਤੇ ਹੌਂਸਲਾ ਦਿੱਤਾ ਹੈ। ਅੰਮ੍ਰਿਤਾ ਪ੍ਰੀਤਮ ਦੇ ਪ੍ਰਸੰਸਕਾਂ ਵਾਂਗ ਪਾਠਕ ਖਾਸਕਰ ਕੁੜੀਆਂ ਉਸ ਨੂੰ ਬਹੁਤ ਪਿਆਰ ਦਿੰਦਿਆਂ ਹਨ।
 ਲੋਕਾਂ ਵੱਲੋਂ ਮਿਲੇ ਸੋਨ ਤਮਗੇ ਹਾਰੀ ਸਾਰੀ ਦੇ ਹਿੱਸੇ ਨਹੀਂ ਆਉਂਦੇ। ਘਰਦਿਆਂ ਵੱਲੋਂ ਵਲੀਆਂ ਵਲਗਣਾਂ ਪਾਰ ਕਰਨ ਵਾਲੀ ਕੁੜੀ ਨੂੰ ਹੌਂਸਲਾ ਦੇਣਾ ਮਾਪਿਆਂ ਨੂੰ ਸਜਦਾ ਹੈ। ਇਹ ਕੁੜੀਆਂ ਲਈ ਬਰਾਬਰਤਾ ਵਾਲੇ ਸਮਾਜ ਦਾ ਅੰਗ ਬਣੇਗੀ ਰਾਹ ਦਿਸੇਰਾ ਵੀ,ਰੋਲ ਮਾਡਲ ਵੀ। ਇਵੇਂ ਹੋਰ ਕਵਿਤਾ ਰਚਦੀ ਰਹੇਗੀ ਯੁੱਗ ਪਲਟਾਉਣ ਵਾਲੀਆਂ। ਬਰਾੜ  ਜੈਸੀ ਹੋਰ ਬੁਲੰਦੀਆਂ ਛੋਹੇ ।
ਰਾਜਵਿੰਦਰ ਰੌਂਤਾ,ਰੌਂਤਾ ਮੋਗਾ। 9876486187