"ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

27.12.2021

ਪਹਿਲਾਂ ਤੋਮਰ ਨੇ ਕਿਹਾ ਖੇਤੀ ਕਾਨੂੰਨ ਮੁੜ ਲਿਆਵਾਂਗੇ ਹੁਣ ਕਿਹਾ ਕਿ ਕੋਈ ਯੋਜਨਾ ਨਹੀਂ- ਤੋਮਰ

ਮਰ ਗਏ ਤੇ ਮੁੱਕਰ ਗਏ ਦਾ ਕੀ ਫੜ ਲੈਣਾ।

ਸੀ.ਐਮ.ਡੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਸਿਫ਼ਾਰਸ਼ਾਂ ਆਉਣ ਲੱਗੀਆਂ- ਬਲਦੇਵ ਸਿੰਘ ਸਰਾਂ

ਪਿੰਡ ਪਏ ਨਹੀਂ ਉਚੱਕੇ ਪਹਿਲਾਂ ਹੀ ਆ ਟਪਕੇ।

ਕਾਂਗਰਸ ਹਾਈ ਕਮਾਨ ਦੇ ਫਾਰਮੂਲੇ ਨੇ ਦੋ-ਦੋ ਟਿਕਟਾਂ ਦੇ ਚਾਹਵਾਨਾਂ ਦੀ ਨੀਂਦ ਉਡਾਈ- ਇਕ ਖ਼ਬਰ

ਨਾਲ਼ੇ ਚੋਪੜੀਆਂ, ਨਾਲ਼ੇ ਦੋ ਦੋ।

ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਇਕ ਇਤਿਹਾਸਕ ਫ਼ੈਸਲਾ- ਨਰਿੰਦਰ ਤੋਮਰ

ਸੁਨਹਿਰੀ ਅੱਖਰਾਂ ‘ਚ ਲਿਖਵਾਇਉ ਇਸ ਨੂੰ ਤੋਮਰ ਜੀ।

ਖੇਤੀ ਕਾਨੂੰਨਾਂ ਵਿਚਲੀ ਖ਼ਾਮੀ ਸਾਨੂੰ ਨਜ਼ਰ ਨਹੀਂ ਆਈ- ਕੇਂਦਰੀ ਮੰਤਰੀ ਸ਼ੇਖਾਵਤ

ਘੁਮਿਆਰੀ ਅਪਣਾ ਭਾਂਡਾ ਹੀ ਸਲਾਹੁੰਦੀ ਹੁੰਦੀ ਹੈ ਮੰਤਰੀ ਸਾਹਿਬ।

ਮਜੀਠੀਏ ਵਿਰੁੱਧ ਬਿਨਾਂ ਕਿਸੇ ਸਬੂਤ ਦਰਜ ਕੀਤਾ ਮੁਕੱਦਮਾ- ਕੈਪਟਨ

ਲਾਲੀ ਮੇਰੀਆਂ ਅੱਖਾਂ ਵਿਚ ਰੜਕੇ, ਅੱਖ ਮੇਰੇ ਯਾਰ ਦੀ ਦੁਖੇ।

ਯੂਥ ਅਕਾਲੀ ਦਲ ਪੰਜਾਬ ਦਾ ਮੀਤ ਪ੍ਰਧਾਨ 52000 ਨਸ਼ੀਲੀਆਂ ਗੋਲ਼ੀਆਂ ਸਮੇਤ ਗ੍ਰਿਫ਼ਤਾਰ- ਇਕ ਖ਼ਬਰ

ਸੁਣ ਲੈ ਨਿਹਾਲੀਏ ਚੋਰਾਂ ਦੀਆਂ ਗੱਲਾਂ।

ਪੰਜਾਬ ਲਈ ਤਿੰਨ ਸਰਕਾਰਾਂ ਨਾਲ਼ ਲੜ ਰਿਹੈ ਅਕਾਲੀ ਦਲ- ਪ੍ਰਕਾਸ਼ ਸਿੰਘ ਬਾਦਲ

ਪੰਜਾਬ ਲਈ ਨਹੀਂ, ਖਾਨਦਾਨੀ ਕੁਰਸੀ ਲਈ ਲੜ ਰਿਹੈ ਬਾਦਲ ਸਾਬ।

ਬੇਅਦਬੀ ਦੇ ਦੋਸ਼ੀ ਫੜਨ ਦੀ ਕਾਂਗਰਸ ਦੀ ਮਨਸ਼ਾ ਨਹੀਂ- ਸੁਖਬੀਰ ਬਾਦਲ

ਤੇ ਤੁਹਾਡੀ ਸਰਕਾਰ ਨੇ ਕਿੰਨੇ ਕੁ ਫੜ ਲਏ ਸੀ!

ਚੱਪਲਾਂ ‘ਤੇ ਜੀ.ਐਸ.ਟੀ. 5 ਤੋਂ 12 ਫ਼ੀਸਦੀ ਕਰਨ ਦਾ ਵਪਾਰੀਆਂ ਵਲੋਂ ਵਿਰੋਧ-ਇਕ ਖ਼ਬਰ

ਸਰਕਾਰ ਕਹਿੰਦੀ ਐ ਕਿ ਨੰਗੇ ਪੈਰੀਂ ਤੁਰਨ ਨਾਲ਼ ਸਿਹਤ ਠੀਕ ਰਹਿੰਦੀ ਐ।

ਕਾਂਗਰਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਸਲੇ ‘ਤੇ ਰਾਜਨੀਤੀ ਕੀਤੀ- ਸੁਖਬੀਰ

ਤੁਸੀਂ ਆਪ 2015 ਤੋਂ ਇਹੋ ਰਾਜਨੀਤੀ ਕਰਦੇ ਆ ਰਹੇ ਹੋ।

ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦਾ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ- ਕੇਂਦਰ ਸਰਕਾਰ

ਅਸਾਂ ਜੇਠ ਨੂੰ ਲੱਸੀ ਨਹੀਂ ਦੇਣੀ, ਦਿਉਰ ਭਾਵੇਂ ਦੁੱਧ ਪੀ ਲਵੇ।

ਭਾਜਪਾ ਲੇਬਰ ਕਾਰਡਾਂ ਦੇ ਬਹਾਨੇ ਭਾਜਪਾ ਦੀ ਮੈਂਬਰਸ਼ਿੱਪ ਫ਼ਾਰਮ ਭਰਵਾ ਰਹੀ ਹੈ-ਇਕ ਖ਼ਬਰ

ਦੇ ਕੇ ਵੰਙਾਂ ਦਾ ਹੋਕਾ, ਕੱਢ ਦਿਖਾਇਆ ਚੱਕੀਰਾਹਾ।

ਕਿਸਾਨਾਂ ਬਾਰੇ ਟਿੱਪਣੀ ਮਾਮਲੇ ‘ਚ ਕੰਗਨਾ ਮੁੰਬਈ ਪੁਲਿਸ ਅੱਗੇ ਪੇਸ਼- ਇਕ ਖ਼ਬਰ

ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲ਼ੀ ਕੰਧ ਟੱਪਕੇ।

 ‘ਜੇ ਕਰ ਮਜੀਠੀਆ ਬੇਕਸੂਰ ਹੈ ਤਾਂ ਫਿਰ ਕਿਉਂ ਲੁਕਦਾ ਫਿਰਦਾ ਹੈ?- ਸਿੱਧੂ

ਹੁਣ ਤੂੰ ਕਿਧਰ ਗਿਆ, ਜੇਠ ਬੋਲੀਆਂ ਮਾਰੇ।