ਨਸਲੀ ਵਿਤਕਰੇ ਖਿਲਾਫ ਸੰਘਰਸ਼ ਦਾ ਯੋਧਾ ਸੀ - ਡੈਸਮੰਡ ਟੁਟੂ -  ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ

ਨਸਲੀ ਵਿਤਕਰੇ ਖਿਲਾਫ ਲੜਨ ਵਾਲਾ ਮਹਾਨ ਜੁਝਾਰੂ ਯੋਧਾ ਬਿਸ਼ਪ ਡੈਸਮੰਡ ਟੁਟੂ 90 ਵਰ੍ਹਿਆਂ ਦੀ ਉਮਰ ਵਿਚ ਕੇਪ ਟਾਊਨ (ਦੱਖਣੀ ਅਫਰੀਕਾ) ਵਿਚ ਇਸ ਦੁਨੀਆ ਨੂੰ ਸਬੂਤੀ ਅਲਵਿਦਾ ਕਹਿ ਗਿਆ। ਬਿਸ਼ਪ ਟੁਟੂ ਦੀ ਵਿਦਾਈ ਉਸ ਸਮੇਂ ਹੋਈ ਹੈ ਜਦੋਂ ਦੁਨੀਆ ਵਿਚ ਅਜਿਹੀਆਂ ਸੱਚੀਆਂ ਤੇ ਸੁੱਚੀਆਂ ਆਵਾਜ਼ਾਂ ਦੀ ਹੋਰ ਵੀ ਜਿ਼ਆਦਾ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ। ਅਸਲ ਵਿਚ ਬਿਸ਼ਪ ਟੁਟੂ ਨਸਲੀ ਵਿਤਕਰੇ ਵਿਰੁੱਧ ਵਿਰੋਧ ਦੀ ਆਵਾਜ਼ ਦੇ ਐਸੇ ਪ੍ਰਤੀਕ ਬਣ ਗਏ ਸਨ ਕਿ ਉਨ੍ਹਾਂ ਦੀ ਆਵਾਜ਼ ਹਮੇਸ਼ਾ, ਬੜੇ ਧਿਆਨ ਨਾਲ ਸੁਣੀ ਜਾਂਦੀ ਸੀ।
         ਨੋਬੇਲ ਸ਼ਾਂਤੀ ਪੁਰਸਕਾਰ ਵਿਜੇਤਾ ਡੈਸਮੰਡ ਟੁਟੂ ਅਜਿਹੀ ਸ਼ਖਸੀਅਤ ਸਨ ਜਿਸ ਨੇ ਵੱਖ ਵੱਖ ਮੰਚਾਂ ਤੋਂ ਸ਼ਾਂਤੀ ਅਤੇ ਅਹਿੰਸਾ ਦਾ ਹੋਕਾ ਹੀ ਨਹੀਂ ਦਿੱਤਾ ਸਗੋਂ ਇਹ ਗੱਲਾਂ ਥਾਂ ਥਾਂ ਧੁਮਾ ਦਿੱਤੀਆਂ। ਅਫਰੀਕੀ ਨੈਸ਼ਨਲ ਕਾਂਗਰਸ (ਏਐੱਨਸੀ) ਜਦੋਂ ਦੱਖਣੀ ਅਫਰੀਕਾ ਵਿਚ ਨੈਲਸਨ ਮੰਡੇਲਾ ਦੀ ਅਗਵਾਈ ਵਿਚ ਨਸਲਵਾਦ ਵਿਰੁੱਧ ਵੱਡੀ ਲੜਾਈ ਲੜ ਰਹੀ ਸੀ ਤਾਂ ਬਿਸ਼ਪ ਟੁਟੂ ਹੀ ਅਜਿਹੀ ਸ਼ਖਸੀਅਤ ਸੀ ਜਿਨ੍ਹਾਂ ਨੇ ਲੋਕ ਰੋਹ ਦੀ ਅਗਵਾਈ ਕੀਤੀ ਕਿਉਂਕਿ ਨੈਲਸਨ ਮੰਡੇਲਾ ਤਕਰੀਬਨ ਤਿੰਨ ਦਹਾਕੇ ਜੇਲ੍ਹ ਵਿਚ ਰਹੇ ਸਨ। ਉਹ ਅਜਿਹੇ ਸੰਘਰਸ਼ਸੀਲ ਸ਼ਖ਼ਸ ਸਨ ਜਿਨ੍ਹਾਂ ਦਾ ਜਨਮ ਗਰੀਬੀ ਵਿਚ ਹੋਇਆ ਪਰ ਉਨ੍ਹਾਂ ਆਪਣੇ ਹਠ ਅਤੇ ਲਗਨ ਨਾਲ ਪੜ੍ਹਾਈ ਕੀਤੀ ਤੇ ਫਿਰ ਚਰਚ ਨਾਲ ਜੁੜ ਗਏ।
        ਦੱਖਣੀ ਅਫਰੀਕਾ ਦੇ ਉਹ ਪਹਿਲੇ ਆਰਕਬਿਸ਼ਪ ਸਨ ਜੋ ਸਿਆਹਫਾਮ ਭਾਈਚਾਰੇ ਤੋਂ ਸਨ। ਉਹ ਦੁਨੀਆ ਦੇ ਪਹਿਲੇ ਅਜਿਹੇ ਆਰਕਬਿਸ਼ਪ ਸਨ ਜਿਨ੍ਹਾਂ ਨੂੰ ਪੀਪਲਜ਼ ਆਰਕਬਿਸ਼ਪ ਦੇ ਤੌਰ ਤੇ ਵੀ ਜਾਣਿਆ ਜਾਂਦਾ ਸੀ। ਉਨ੍ਹਾਂ ਦੀ ਮੌਤ ਨਾਲ ਇਕ ਜੁਝਾਰੂ ਪੀੜ੍ਹੀ ਖਤਮ ਹੋ ਗਈ ਹੈ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਆਪਣੇ ਵੱਕਾਰੀ ਗਾਂਧੀ ਸ਼ਾਂਤੀ ਪੁਰਸਕਾਰ ਨਾਲ ਨਵਾਜਿਆ ਸੀ।
      1994 ਵਿਚ ਜਦੋਂ ਨੈਲਸਨ ਮੰਡੇਲਾ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਬਣੇ ਤਾਂ ਟੁਟੂ ਨੂੰ ਨਸਲੀ ਵਿਤਕਰੇ ਨਾਲ ਜੁੜੇ ਮਸਲਿਆਂ ਲਈ ਬਣੇ ਸਚਾਈ ਕਮਿਸ਼ਨ (Truth and Reconciliation Commission) ਦਾ ਚੇਅਰਮੈਨ ਬਣਾਇਆ ਗਿਆ। ਬਿਸ਼ਪ ਟੁਟੂ ਅਸਲ ਵਿਚ ਸਹੀ ਅਰਥਾਂ ਵਿਚ ਦੁਨੀਆ ਦੇ ਕਰੋੜਾਂ ਕਾਲੇ ਲੋਕਾਂ ਦੀ ਦਮਦਾਰ ਆਵਾਜ਼ ਸਨ। ਉਨ੍ਹਾਂ ਦੁਨੀਆ ਭਰ ਵਿਚ ਮਾਨਵੀ ਅਧਿਕਾਰ ਅਤੇ ਮਨੁੱਖਤਾ ਦੀ ਆਵਾਜ਼ ਬੁਲੰਦ ਕੀਤੀ। ਦੱਖਣੀ ਅਫਰੀਕਾ ਲਈ ‘ਰੇਨਬੋ ਨੇਸ਼ਨ’ ਸ਼ਬਦ ਦੀ ਕਲਪਨਾ ਬਿਸ਼ਪ ਟੁਟੂ ਨੇ ਹੀ ਕੀਤੀ ਸੀ।
        1997 ਵਿਚ ਬਿਸ਼ਪ ਟੁਟੂ ਨੂੰ ਪ੍ਰਾਸਟੇਟ ਕੈਂਸਰ ਹੋਣ ਦਾ ਪਤਾ ਲੱਗਿਆ। ਇਸੇ ਕਾਰਨ ਉਹ ਭਾਵੇਂ ਬਿਮਾਰ ਚੱਲ ਰਹੇ ਸਨ ਪਰ ਆਪਣੀਆਂ ਗਤੀਵਿਧੀਆਂ ਉਨ੍ਹਾਂ ਉਵੇਂ ਹੀ ਜਾਰੀ ਰੱਖੀਆਂ। ਉਹ ਨਿਆਂ ਦੀ ਅਜਿਹੀ ਤਸਵੀਰ ਸਨ ਜਿਸ ਉੱਤੇ ਪੂਰੀ ਦੁਨੀਆ ਭਰੋਸਾ ਕਰਦੀ ਸੀ। ਉਹ ਅਨਿਆਂ ਅਤੇ ਨਸਲੀ ਵਿਤਕਰੇ ਤੋਂ ਵੀ ਪਰੇ ਗਰੀਬ, ਮਜ਼ਲੂਮ ਲੋਕਾਂ ਦੀ ਤਾਕਤ ਸਨ। ਉਹ ਕਹਿੰਦੇ ਹੁੰਦੇ ਸਨ- ‘ਇਹ ਰੱਬ ਦੀ ਸਭ ਤੋਂ ਪਿਆਰੀ ਨਸਲ ਹੈ, ਇਨ੍ਹਾਂ ਨੂੰ ਪਿਆਰ ਅਤੇ ਸਮਾਨਤਾ ਦਿਉ’।
       ਉਨ੍ਹਾਂ ਦੇ ਭਾਸ਼ਣ ਸਾਨੂੰ ਸਭ ਨੂੰ ਆਪਣਾ ਮਕਸਦ ਦੱਸ ਦਿੰਦੇ ਸਨ। ਉਹ ਕਈ ਭਾਸ਼ਾਵਾਂ ਦੇ ਜਾਣੂ ਸਨ। ਉਹ ਅੰਗਰੇਜ਼ੀ ਅਤੇ ਆਪਣੀ ਅਫਰੀਕੀ ਭਾਸ਼ਾ ਜ਼ੁਲੂ ਤੋਂ ਬਿਨਾ ਕਬਾਇਲੀ ਅਫਰੀਕੀ ਭਾਸ਼ਾਵਾਂ ਸੋਥੋ ਅਤੇ ਫਰਾਂਸੀਸੀ ਵੀ ਪੜ੍ਹ ਲੈਂਦੇ ਸਨ। ਉਹ ਕਿਤਾਬਾਂ ਦੀ ਦੁਨੀਆ ਨਾਲ ਡੂੰਘੇ ਜੁੜੇ ਹੋਏ ਸਨ।
          ਬਿਸ਼ਪ ਟੁਟੂ 7 ਅਕਤੂਬਰ 1931 ਨੂੰ ਕਲੇਰਕਸਡੋਰਪ (ਦੱਖਣੀ ਅਫਰੀਕਾ) ਵਿਚ ਪੈਦਾ ਹੋਏ ਅਤੇ ਆਪਣੇ ਪ੍ਰਾਇਮਰੀ ਅਧਿਆਪਕ ਪਿਤਾ ਦੀ ਦੇਖ-ਰੇਖ ਵਿਚ ਪੜ੍ਹੇ। ਫਿਰ ਆਪਣੀ ਮਾਤ ਭਾਸ਼ਾ ਕਹੋਸਾ ਵਿਚ ਸਾਹਿਤ ਤੇ ਸਕੂਲ ਅਧਿਆਪਕ ਦੀ ਪੜ੍ਹਾਈ ਤੋਂ ਬਾਅਦ ਕਿੰਗਜ਼ ਕਾਲਜ, ਲੰਡਨ ਵਿਚ ਪੜ੍ਹੇ। ਬਾਅਦ ਵਿਚ ਉਹ ਰਾਇਲ ਅਕਾਦਮੀ ਆਫ ਚਰਚ ਵਿਚ ਡੀਨ ਵੀ ਰਹੇ। 1955 ਵਿਚ ਨੋਮਾਲੀਜ਼ੋ ਲੀਹ ਨਾਲ ਸ਼ਾਦੀ ਕੀਤੀ ਤੇ ਚਾਰ ਬੱਚਿਆਂ ਦੇ ਪਿਤਾ ਬਣੇ। ਉਨ੍ਹਾਂ ਦੀਆਂ ਪੁੱਤਰੀਆਂ ਉਨ੍ਹਾਂ ਦੀ ਮਾਨਵੀ ਲਹਿਰ ਨੂੰ ਅੱਗੇ ਲਿਜਾ ਰਹੀਆਂ ਹਨ। ਉਨ੍ਹਾਂ ਦੀ ਪੁੱਤਰੀ ਅੰਡਰੇਨਮਾ ਨੇ ਆਪਣੇ ਪਿਤਾ ਬਾਰੇ ਕਿਹਾ ਹੈ ਕਿ ਉਹ ਪੂਰੀ ਦੁਨੀਆ ਵਿਚ ਮਜ਼ਲੂਮਾਂ, ਗਰੀਬਾਂ ਤੇ ਨਸਲੀ ਵਿਤਕਰਿਆਂ ਦੇ ਸੰਘਰਸ਼ ਦੀ ਆਪਣੀ ਤਰ੍ਹਾਂ ਦੀ ਪਛਾਣ ਦੇ ਆਗੂ ਸਨ। ਅੱਜ ਉਨ੍ਹਾਂ ਬਿਨਾ ਇਹ ਮੁਹਾਜ਼ ਸੁੰਨਾ ਅਤੇ ਖਾਲੀ ਹੋ ਗਿਆ ਹੈ।
     ਬਿਸ਼ਪ ਟੁਟੂ ਨੇ ਚਰਚ ਦੀਆਂ ਸੇਵਾਵਾਂ ਦੇ ਨਾਲ ਨਾਲ ਜੋ ਸਮਾਜਿਕ ਕੰਮ ਮਾਨਵਤਾ ਲਈ ਕੀਤੇ, ਉਨ੍ਹਾਂ ਦੀ ਛਾਪ ਫਲਸਤੀਨ ਤੋਂ ਲੈ ਕੇ ਤਿੱਬਤ ਦੇ ਮਸਲਿਆਂ ਤਕ ਫੈਲੀ ਹੋਈ ਸੀ। ਚਰਚ ਇਤਿਹਾਸ ਵਿਚ ਉਹ ਪਹਿਲੇ ਸਿਆਹਫਾਮ ਪਾਦਰੀ ਸਨ ਜੋ ਬਾਈਬਲ ਦੀ ਨਵੀਂ ਅਤੇ ਅਰਥ ਭਰਪੂਰ ਚਰਚਾ ਕਰਦੇ ਸਨ, ਇਸ ਗੱਲ ਤੋਂ ਭਾਵੇਂ ਕੁਝ ਲੋਕ ਨਾਰਾਜ਼ ਵੀ ਹੋਏ। ਉਨ੍ਹਾਂ ਨੇ ਹਮ-ਜਿਨਸੀਆਂ ਦੇ ਅਧਿਕਾਰਾਂ ਅਤੇ ਗਰਭਪਾਤ ਬਾਰੇ ਗੱਲ ਕੀਤੀ।
       ਉਨ੍ਹਾਂ ਕਈ ਪੁਸਤਕਾਂ ਲਿਖੀਆਂ ਜਿਨ੍ਹਾਂ ਵਿਚੋਂ 1982 ਵਿਚ ਛਪੀ ਪੁਸਤਕ ‘ਕਰਾਇੰਗ ਇਨ ਦਿ ਵਾਇਲਡਰਨੈੱਸ, 1983 ਵਿਚ ਆਈ ‘ਹੋਪ ਐਂਡ ਸਫਰਿੰਗ’ ਵਾਹਵਾ ਮਕਬੂਲ ਹੋਈਆਂ। ਉਨ੍ਹਾਂ ਦੀਆਂ ਕਈ ਕਿਤਾਬਾਂ ਦਾ ਦੁਨੀਆ ਭਰ ਦੀਆਂ ਭਾਸ਼ਾਵਾਂ ਵਿਚ ਅਨੁਵਾਦ ਹੋਇਆ। ਇਨ੍ਹਾਂ ਵਿਚ ‘ਦਿ ਵਾਰ ਅਗੇਂਸਟ ਚਿਲਡਰਨ’, ‘ਡੇਸਮੰਡ ਐਂਡ ਦਿ ਵੈਰੀ ਮੀਨ ਵਰਡ’, ‘ਐਨ ਅਫਰੀਕਨ ਪ੍ਰੇਅਰਬੁੱਕ’, ‘ਨੋ ਫਿਊਚਰ ਵਿਦਾਊਟ ਫਾਰਗਿਵਨੈੱਸ’, ਗੌਡ ਹੈਜ਼ ਏ ਡਰੀਮ’, ‘ਦਿ ਬੁੱਕ ਆਫ ਜੁਆਏ’ ਸ਼ਾਮਲ ਹਨ। ਉਨ੍ਹਾਂ ਦੀਆਂ ਸਾਰੀਆਂ ਕਿਤਾਬਾਂ ਵਿਚ ਮਾਨਵੀ ਕਰੁਣਾ ਅਤੇ ਸੰਘਰਸ਼ ਨਾਲ ਪਿਆਰ ਵਿਚ ਗੜੁੱਚ ਮਨੁੱਖੀ ਝਲਕੀਆਂ ਹਨ।
      ਬਿਸ਼ਪ ਟੁਟੂ ਜ਼ਿੰਦਗੀ ਨੂੰ ਪਿਆਰ ਕਰਨ ਵਾਲੀ ਸ਼ਖਸੀਅਤ ਸਨ। ਮੇਰਾ ਸੁਭਾਗ ਰਿਹਾ ਹੈ ਕਿ ਮੈਨੂੰ ਅਜਿਹੀ ਸ਼ਖਸੀਅਤ ਨਾਲ ਮੁਲਾਕਾਤਾਂ ਕਰਨ ਦਾ ਮੌਕਾ ਮਿਲਿਆ। ਉਹ ਉਦੋਂ 1981-82 ਵਿਚ ਕੁਝ ਸਮੇਂ ਲਈ ਅਫਰੀਕਾ ਤੋਂ ਬਾਹਰ ਸਨ, ਲੰਡਨ ਵਿਚ ਟ੍ਰਫਾਲਗਰ ਸਕੁਏਅਰ ਵਿਚ ਕਬੂਤਰਾਂ ਨੂੰ ਚੋਗਾ ਪਾਉਂਦਿਆਂ ਤੇ ਫਿਰ ਬਲੈਕ ਕੌਫੀ ਨਾਲ ਉਨ੍ਹਾਂ ਦੀਆਂ ਮਜ਼ੇਦਾਰ ਗੱਲਾਂ ਦਾ ਆਨੰਦ ਅੱਜ ਤਕ ਰੋਮਾਂਚ ਨਾਲ ਭਰ ਦਿੰਦਾ ਹੈ। ਅਸਲ ਵਿਚ ਉਹ ਆਮ ਚੀਜ਼ਾਂ, ਜਿਵੇਂ ਬਲੈਕ ਕੌਫੀ, ਪੁਸਤਕਾਂ ਤੇ ਸਾਧਾਰਨ ਗੱਲਾਂ ਵਾਲਾ ਅਜਿਹਾ ਸੁਪਨਸਾਜ਼ ਸੀ ਜੋ ਦੁਨੀਆ ਤੋਂ ਹਰ ਤਰ੍ਹਾਂ ਦੇ ਵਿਤਕਰਿਆਂ ਦਾ ਖਾਤਮਾ ਚਾਹੁੰਦਾ ਸੀ। ਉਹ ਹਮੇਸ਼ਾ ਖਿੜਖਿੜਾ ਕੇ ਹੱਸਦੇ। ਉਹ ਮਸਤ ਮੌਲਾ ਸ਼ਖਸੀਅਤ ਸਨ। ਉਹ ਬੜੀ ਅਪਣੱਤ ਨਾਲ ਤੁਹਾਡੇ ਮੋਢੇ ਉੱਤੇ ਹੱਥ ਰੱਖ ਕੇ ਤੁਰਦੇ। ਉਨ੍ਹਾਂ ਲਈ ਰੰਗ, ਭੇਦ, ਨਸਲ ਅਤੇ ਉਮਰ ਦਾ ਕੋਈ ਭੇਦ ਨਹੀਂ ਸੀ।
      ਹੁਣ ਜਦੋਂ ਉਹ ਇਸ ਦੁਨੀਆ ਤੋਂ ਚਲੇ ਗਏ ਹਨ ਤਾਂ ਧਰਤੀ ਸੁੰਨੀ ਹੋ ਗਈ ਜਾਪਦੀ ਹੈ, ਅੱਖਾਂ ਉਦਾਸ ਹਨ। ਮੇਰੇ ਵਰਗੇ ਕਈ ਉਨ੍ਹਾਂ ਨੂੰ ਚਾਹੁਣ ਵਾਲੇ ਉਦਾਸ ਹੋਣਗੇ। ਉਹ ਅਜਿਹੇ ਲਾਸਾਨੀ ਯੋਧਾ ਸਨ ਜੋ ਵਿਤਕਰੇ ਵਿਰੁੱਧ ਖੜ੍ਹੇ ਹੋਏ। ਉਹ ਮਾਨਵੀ ਅਧਿਕਾਰਾਂ ਦੇ ਪ੍ਰਤੀਕ ਸਨ।
ਅਲਵਿਦਾ ਬਿਸ਼ਪ ਦਾਦਾ ਡੈਸਮੰਡ ਟੁਟੂ।
ਸੰਪਰਕ : 94787-30156