ਜਮਹੂਰੀਅਤ ਦੀ ਹੋਂਦ ਨਾਲ ਜੁੜੇ ਸਵਾਲ  -  ਅਵਿਜੀਤ ਪਾਠਕ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਪਹਿਲਕਦਮੀ ਤੇ ਹਾਲ ਹੀ ਵਿਚ ਕਰਵਾਏ ਗਏ ਲੋਕਤੰਤਰ ਦੇ ਸਿਖਰ ਸੰਮੇਲਨ ਨੂੰ ਕਈ ਕੋਣਾਂ ਤੋਂ ਦੇਖਿਆ ਜਾ ਸਕਦਾ ਹੈ। ਫਿਰ ਵੀ ਇਸ ਤੋਂ ਮੁਨਕਰ ਹੋਣਾ ਮੁਸ਼ਕਿਲ ਹੈ ਕਿ ਇਸ ਕਿਸਮ ਦਾ ਸਿਖਰ ਸੰਮੇਲਨ ਇਸ ਕੌੜੀ ਹਕੀਕਤ ਨੂੰ ਪ੍ਰਵਾਨ ਕਰਨ ਦੇ ਤੁੱਲ ਹੈ ਕਿ ਦੁਨੀਆ ਦੇ ਵੱਖੋ ਵੱਖਰੇ ਖਿੱਤਿਆਂ ਅੰਦਰ ਵਧ ਰਹੇ ਸੱਤਾਵਾਦ ਅਤੇ ਹਰ ਕਿਸਮ ਦੀ ਤਾਨਾਸ਼ਾਹੀ ਦੇ ਮੱਦੇਨਜ਼ਰ ਲੋਕਤੰਤਰ ਦਾ ਹਾਲ ਬਹੁਤਾ ਵਧੀਆ ਨਹੀਂ ਰਿਹਾ। ਬਾਇਡਨ ਨੇ ਆਖਿਆ ਕਿ “ਲੋਕਤੰਤਰ ਕੋਈ ਸਬਬੀਂ ਵਰਤਿਆ ਭਾਣਾ ਨਹੀਂ ਹੁੰਦਾ ਸਗੋਂ ਹਰ ਪੀੜ੍ਹੀ ਨੂੰ ਇਸ ਨੂੰ ਨਵਿਆਉਣਾ ਪੈਂਦਾ ਹੈ।” ਬਾਇਡਨ ਦੀ ਇਹ ਟਿੱਪਣੀ ਸਹੀ ਹੈ ਪਰ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਇਹ ਕੰਮ ਕਿੰਝ ਕਰੀਏ?
       ਚਾਰ ਕੁ ਨੁਕਤੇ ਹਨ ਜਿਨ੍ਹਾਂ ਵੱਲ ਖ਼ਾਸ ਤੌਰ ਤੇ ਧਿਆਨ ਮੰਗਦੇ ਹਨ। ਪਹਿਲਾ, ਸੁਤੰਤਰਤਾ ਦੀ ਲੋਕਰਾਜੀ ਭਾਵਨਾ ਜਾਂ ਆਪਣੀ ਜ਼ਿੰਦਗੀ ਭਰ ਦੇ ਕਾਜ਼ ਦੀ ਚੋਣ ਕਰਨ ਦੀ ਕਾਬਲੀਅਤ ਵਾਸਤੇ ਇਕ ਵਾਜਬ ਕਿਸਮ ਦੀ ਸਮਾਜਿਕ-ਆਰਥਿਕ ਸਬਲਤਾ ਅਤੇ ਚੇਤਨਾ ਦੀ ਗੁਲਾਮੀ ਤੋਂ ਮੁਕਤੀ ਦੀ ਲੋੜ ਹੁੰਦੀ ਹੈ। ਜਦੋਂ ਅਸੀਂ ਬਸਤੀਵਾਦ ਦੇ ਘਿਨਾਉਣੇ ਇਤਿਹਾਸ, ਸਭਿਆਚਾਰਕ ਹੱਲੇ ਅਤੇ ਆਰਥਿਕ ਲੁੱਟ ਦੀਆਂ ਇਸ ਦੀਆਂ ਨੀਤੀਆਂ ਨੂੰ ਯਾਦ ਕਰਦੇ ਹਾਂ ਤੇ ਦੇਖਦੇ ਹਾਂ ਕਿ ਕਿਵੇਂ ਲੋਕਤੰਤਰੀ ਤੇ ਜਾਗ੍ਰਿਤ ਪੱਛਮ ਦੇ ਆਕਾਵਾਂ ਨੇ ਆਪਣੀਆਂ ਬਸਤੀਆਂ ਨੂੰ ‘ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ’ ਦੇ ਸਿਧਾਂਤਾਂ ਤੋਂ ਵਿਰਵੇ ਕਰੀ ਰੱਖਿਆ ਤਾਂ ਸਾਨੂੰ ਪੱਛਮੀ ਲੋਕਤੰਤਰ ਦੇ ਦੰਭ ਦਾ ਅਹਿਸਾਸ ਹੁੰਦਾ ਹੈ। ਇਸ ਤੋਂ ਕੌਣ ਮੁਨਕਰ ਹੋ ਸਕਦਾ ਹੈ ਕਿ ਬਹੁ-ਪ੍ਰਚਾਰਤ ਅਮਰੀਕੀ ਲੋਕਤੰਤਰ ਦਾ ਨਾੜੂਆ ਨਵ-ਉਦਾਰਵਾਦ ਅਤੇ ਆਧੁਨਿਕ ਸਮਿਆਂ ਅੰਦਰ ਜੰਗ ਦੇ ਇਤਿਹਾਸ ਨਾਲ ਜੁੜਿਆ ਹੋਇਆ ਹੈ। ਜਦੋਂ ਤੱਕ ਬਸਤੀਵਾਦ ਤੋਂ ਖਹਿੜਾ ਨਹੀਂ ਛੁੱਟਦਾ, ਤਦ ਤੀਕ ਕੋਈ ਲੋਕਤੰਤਰ ਵੀ ਨਹੀਂ ਹੁੰਦਾ।
      ਦੂਜਾ, ਜਮਾਤੀ ਨਾ-ਬਰਾਬਰੀ ਅਤੇ ਪਿਤਰਸੱਤਾ, ਜਾਤੀਵਾਦ ਅਤੇ ਧਾਰਮਿਕ ਕੱਟੜਤਾ ਜਿਹੀਆਂ ਦਮਨਕਾਰੀ ਰਹੁ-ਰੀਤਾਂ ਨਾਲ ਗ੍ਰਸਿਆ ਸਾਡੇ ਵਰਗਾ ਕੋਈ ਸਮਾਜ ਮੁੱਢੋਂ-ਸੁੱਢੋਂ ਹੀ ਲੋਕਤੰਤਰ ਵਿਰੋਧੀ ਹੁੰਦਾ ਹੈ ਕਿਉਂਕਿ ਇਹ ਇਸ ਗੱਲ ਦੀ ਹਰਗਿਜ਼ ਇਜਾਜ਼ਤ ਨਹੀਂ ਦਿੰਦਾ ਕਿ ਆਬਾਦੀ ਦਾ ਵੱਡਾ ਤਬਕਾ ਆਪਣੀਆਂ ਉਸਾਰੂ ਸੰਭਾਵਨਾਵਾਂ ਦਾ ਮੁਜ਼ਾਹਰਾ ਕਰ ਸਕੇ ਅਤੇ ਮਾਣਮੱਤੇ ਕੰਮ ਤੇ ਮੁਕਤੀਦਾਤੀ ਸਿੱਖਿਆ ਦੀ ਲੋਅ ਵਿਚ ਸਨਮਾਨ ਨਾਲ ਜ਼ਿੰਦਗੀ ਬਿਤਾ ਸਕੇ। ਤੱਥ ਇਹ ਹੈ ਕਿ ਸਮੇਂ ਸਮੇਂ ਤੇ ਹੁੰਦੀਆਂ ਚੋਣਾਂ ਅਤੇ ਵਿਧਾਨਕ ਸੰਸਥਾਵਾਂ ਦੇ ਬਹਿਸ ਮੁਬਾਹਸੇ ਦੇ ਆਡੰਬਰ ਵਿਚੋਂ ਅਸੀਂ ਮਹਿਜ਼ ਲੋਕਤੰਤਰ ਦਾ ਨਕਾਬ ਹੀ ਦੇਖ ਸਕਦੇ ਹਾਂ ਪਰ ਲੋਕਤੰਤਰ ਦਾ ਮਤਲਬ ਮਹਿਜ਼ ਇੰਨਾ ਨਹੀਂ ਹੁੰਦਾ ਕਿ ਆਪਣੇ ਹਾਕਮਾਂ ਦੀ ਚੋਣ ਕਰ ਲਈ ਜਾਵੇ ਅਤੇ ਫਿਰ ਉਨ੍ਹਾਂ ਵਲੋਂ ਕੀਤੇ ਗਏ ‘ਲੋਕ ਪੱਖੀ ਵਾਅਦਿਆਂ’ ਉੱਤੇ ਅਮਲ ਤੇ ਟਿਕਟਿਕੀ ਲਾ ਕੇ ਬੈਠ ਜਾਓ। ਯਕੀਨ ਜਾਣਿਓਂ, ਲੋਕਰਾਜੀ ਢੰਗ ਨਾਲ ਚੁਣੀ ਗਈ ਅਜਿਹੀ ਕੋਈ ‘ਲੋਕ ਦੋਖੀ ਸਰਕਾਰ’ ਬਣਨੀ ਬਿਲਕੁੱਲ ਨਾਮੁਮਕਿਨ ਗੱਲ ਵੀ ਨਹੀਂ ਹੈ ਜੋ ਮੁੱਖ ਤੌਰ ਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਜਮਾਤਾਂ ਦੇ ਹਿੱਤਾਂ ਦੀ ਸੇਵਾ ਕਰਦੀ ਹੋਵੇ।
      ਸਮਕਾਲੀ ਸਮਿਆਂ ਵਿਚ ਨਵ-ਉਦਾਰਵਾਦ (ਜਿਸ ਦੇ ਸਾਂਝੇ ਤੇ ਜਨਤਕ ਸਰੋਕਾਰਾਂ ਉੱਤੇ ਹੱਲੇ ਹੋ ਰਹੇ ਹਨ, ਤੇ ਸਿੱਟੇ ਵਜੋਂ ਬਾਜ਼ਾਰ ਮੁਖੀ ਤੇ ਨਿੱਜਮੁਖੀ ਹੱਲ ਸਾਹਮਣੇ ਲਿਆਂਦੇ ਜਾ ਰਹੇ ਹਨ) ਲੋਕਤੰਤਰ ਦੇ ਸਮਤਾਵਾਦੀ ਅਸੂਲ ਲਈ ਵੱਡਾ ਖ਼ਤਰਾ ਬਣਿਆ ਹੋਇਆ ਹੈ। ਇਹ ਠੀਕ ਹੈ ਕਿ ਨਵ-ਉਦਾਰਵਾਦ ਵਾਅਦਾ ਕਰਦਾ ਹੈ ਕਿ ਹਰ ਕਿਸੇ ਨੂੰ ਆਪਣੀ ਪਸੰਦ ਦੀ ਖੁੱਲ੍ਹ ਹੈ ਅਤੇ ਸਿਹਤ, ਸਿੱਖਿਆ ਜਾਂ ਫਾਸਟ ਫੂਡ ਦਾ ਕੋਈ ਵੀ ਉਤਪਾਦ ਜਾਂ ਬ੍ਰਾਂਡ ਖਰੀਦਣ ਜਾਂ ਵਰਤਣ ਲਈ ਆਜ਼ਾਦ ਹੈ ਪਰ ਤੱਥ ਇਹ ਹੈ ਕਿ ਸਾਡੇ ਵਿਚੋਂ ਬਹੁਤੇ ਲੋਕਾਂ ਕੋਲ ਇਸ ਪਸੰਦ ਨੂੰ ਸਾਕਾਰ ਕਰਨ ਜੋਗੀ ਆਰਥਿਕ ਹੈਸੀਅਤ ਹੀ ਨਹੀਂ ਹੈ। ਸੌਖੀ ਮਿਸਾਲ ਇਹ ਹੈ ਕਿ ਕਿਸੇ ਨਿਰਮਾਣ ਮਜ਼ਦੂਰ ਜਾਂ ਨਿਤਾਣੀ ਦਲਿਤ ਔਰਤ ਨੂੰ ਕਿਸੇ ਵਿਸ਼ਾਲ ਸ਼ੌਪਿੰਗ ਮਾਲ ਵਿਚ ਦਾਖ਼ਲ ਹੋਣ ਤੋਂ ਕੋਈ ਨਹੀਂ ਰੋਕਦਾ ਪਰ ਕੀ ਕੋਈ ਸੋਚ ਸਕਦਾ ਹੈ ਕਿ ਉਹ ਸਟਾਰਬੱਕ ਕੌਫੀ ਦਾ ਕੱਪ ਖਰੀਦ ਸਕਦਾ ਹੈ ਜਾਂ ਉਹ ਆਪਣੇ ਬੱਚਿਆਂ ਨੂੰ ਕਿਸੇ ਫੈਂਸੀ ਇੰਟਰਨੈਸ਼ਨਲ ਸਕੂਲ ਵਿਚ ਪੜ੍ਹਨ ਲਈ ਭੇਜ ਸਕੇਗੀ। ਇਸ ਤੋਂ ਵੀ ਅੱਗੇ, ਵਧ ਰਹੀ ਖ਼ੁਦਪ੍ਰਸਤੀ, ਬੌਧਿਕਤਾ ਵਿਰੋਧੀ ਉਨਮਾਦ ਅਤੇ ਪ੍ਰਾਪੇਗੰਡਾ ਮਸ਼ੀਨਰੀ ਦਾ ਪਾਸਾਰ (ਜੋ ਵਿਕਾਸ ਦੀ ਮਹਾਮਾਇਆ ਦੀਆਂ ਤਸਵੀਰਾਂ ਜਾਂ ਧੜਵੈਲ ਰਾਸ਼ਟਰਵਾਦ ਦੇ ਖਰੂਦ ਰਾਹੀਂ ਜੰਗੀ ਜਾਂ ਫੌਜੀ ਸ਼ਕਤੀ ਦੀਆਂ ਪ੍ਰਾਪਤੀਆਂ ਦੀਆਂ ਤਸਵੀਰਾਂ ਜ਼ਰੀਏ ਸਾਡੀ ਸਮੂਹਿਕ ਚੇਤਨਾ ਨੂੰ ਬੇਰੋਕ ਕੁੰਦ ਕਰਦੀ ਰਹਿੰਦੀ ਹੈ) ਆਲੋਚਨਾਤਮਿਕ ਢੰਗ ਨਾਲ ਸੋਚਣ, ਆਗੂ ਨੂੰ ਜਵਾਬਦੇਹ ਬਣਾਉਣ ਅਤੇ ਵਿਕਾਸ ਅਤੇ ਲੋਕ ਪੱਖੀ, ਵਾਤਾਵਰਨਕ ਹੰਢਣਸਾਰਤਾ, ਸਮਾਜਿਕ ਤੌਰ ਤੇ ਸ਼ਕਤੀਕਰਨ ਦੇ ਉੱਦਮਾਂ ਨੂੰ ਟੈਕਨੋ-ਕਾਰਪੋਰੇਟ ਆਲਮੀ ਪੂੰਜੀਵਾਦ ਦੀਆਂ ਬਾਜ਼ਾਰਮੁਖੀ ਲੋੜਾਂ ਤੋਂ ਨਿਖੇੜਨ ਜਿਹੀਆਂ ਸਾਡੀਆਂ ਜਮਹੂਰੀ ਲੋੜਾਂ ਲਈ ਗੰਭੀਰ ਖ਼ਤਰਾ ਬਣ ਗਈ ਹੈ। ਲੋਕਪ੍ਰਿਆ ਫਤਵੇ ਅਤੇ ਬੇਸ਼ੁਮਾਰ ਟੈਲੀਵਿਜ਼ਨ ਚੈਨਲਾਂ ਅਤੇ ਖਪਤਕਾਰੀ ਬ੍ਰਾਂਡਾਂ ਦੇ ਹੁੰਦਿਆਂ-ਸੁੰਦਿਆਂ ਵੀ ਲੋਕਤੰਤਰ ਖ਼ਤਰੇ ਵਿਚ ਪੈ ਸਕਦਾ ਹੈ।
       ਤੀਜਾ, ਸਾਨੂੰ ਕਹਿਣੀ ਤੇ ਕਰਨੀ ਵਿਚ ਵਧ ਰਹੇ ਪਾੜੇ ਬਾਰੇ ਸੋਚਣ ਦੀ ਲੋੜ ਹੈ। ਲੋਕਤੰਤਰ ਦੇ ਸਿਖਰ ਸੰਮੇਲਨ ਮੌਕੇ ਆਪਣੇ ਭਾਸ਼ਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਸੀ ਕਿ ਲੋਕਰਾਜੀ ਜਜ਼ਬਾ ਜਾਂ ਬਹੁਵਾਦ ਦੇ ਅਸੂਲ ਭਾਰਤੀਆਂ ਦੇ ਮਨਾਂ ਵਿਚ ਸਮਾਏ ਹੋਏ ਹਨ। ਜੇ ਅਸੀਂ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖਣ ਅਤੇ ਇਸ ਪਿਤਰਸੱਤਾਵਾਦ/ਜਾਤੀਵਾਦ ਕਰ ਕੇ ਵੰਡੇ ਹੋਏ ਸਮਾਜ ਦੇ ਸਭਿਆਚਾਰਕ ਜਨ ਮਾਨਸ ਅੰਦਰ ਝਾਤੀ ਮਾਰਨ ਦੀ ਹਿੰਮਤ ਦਿਖਾ ਸਕੀਏ ਤਾਂ ਅਸੀਂ ਮਹਿਸੂਸ ਕਰਾਂਗੇ ਕਿ ਇਸ ਬਿਆਨ ਵਿਚ ਕੋਈ ਖ਼ਾਸ ਸਚਾਈ ਨਹੀਂ ਹੈ। ਇਸ ਦੀ ਬਜਾਇ ਅਸੀਂ ਹੋਰ ਵੀ ਜ਼ਿਆਦਾ ਲੋਕਤੰਤਰ ਵਿਰੋਧੀ ਬਣਦੇ ਜਾ ਰਹੇ ਹਾਂ। ਜ਼ਰਾ ਸੋਚੋ ਕਿ ਬਹੁਗਿਣਤੀਵਾਦ ਦਾ ਉਭਾਰ, ਘੱਟਗਿਣਤੀਆਂ ਦੀ ਨਿਰੰਤਰ ਹੋ ਰਹੀ ਜ਼ਲਾਲਤ, ਦੇਸ਼ਧ੍ਰੋਹ ਦੀਆਂ ਐੱਫਆਈਆਰ ਦੀ ਵਬਾਅ, ਅਸਹਿਮਤੀ ਦੇ ਸੁਰਾਂ ਨੂੰ ਅਪਰਾਧ ਕਰਾਰ ਦੇਣ ਦਾ ਸਿਲਸਿਲਾ, ਰੋਸ ਤੇ ਸੰਘਰਸ਼ ਦੇ ਸਭਿਆਚਾਰ ਤੇ ਵਧ ਰਹੇ ਹਮਲੇ, ਬੌਧਿਕਤਾ ਤੋਂ ਊਣੇ ਤੇ ਜ਼ਹਿਰੀਲਾ ਪ੍ਰਚਾਰ ਕਰਨ ਵਾਲੇ ਟੈਲੀਵਿਜ਼ਨ ਚੈਨਲਾਂ ਨੂੰ ਹੱਲਾਸ਼ੇਰੀ, ਸਰੋਤਾਂ ਉਪਰ ਕਰਵਾਏ ਜਾ ਰਹੇ ਅਮੀਰਾਂ ਦੇ ਕਬਜ਼ੇ, ਧੜਵੈਲ ਰਾਸ਼ਟਰਵਾਦ ਦਾ ਪ੍ਰਚਾਰ ਅਤੇ ਔਰਤਾਂ, ਦਲਿਤਾਂ ਤੇ ਕਬਾਇਲੀ ਭਾਈਚਾਰਿਆਂ ਅੰਦਰ ਵਧ ਰਹੀ ਅਸੁਰੱਖਿਆ ਦੀ ਭਾਵਨਾ- ਇਹ ਸਭ ਕਿਉਂ ਵਧ ਰਹੇ ਹਨ? ਇਸ ਲਈ, ਕੀ ਇਹ ਕੋਈ ਹੈਰਾਨੀ ਦੀ ਗੱਲ ਹੈ ਕਿ ਅੱਜ ਕੱਲ੍ਹ ਭਾਰਤ ਨੂੰ ਅਕਸਰ ‘ਚੁਣਾਵੀ ਨਿਰੰਕੁਸ਼ਸ਼ਾਹੀ’ ਵਾਲੇ ਦੇਸ਼ ਦੀ ਨਜ਼ਰ ਤੋਂ ਦੇਖਿਆ ਜਾਂਦਾ ਹੈ।
        ਚੌਥਾ, ਬੰਦਖਲਾਸੀ ਕਰਾਉਣ ਵਾਲੀ ਸਿੱਖਿਆ ਜਾਂ ਆਲੋਚਨਾਤਮਕ ਸਿੱਖਿਆ ਦੀ ਚੇਟਕ ਤੋਂ ਬਿਨਾ ਲੋਕਤੰਤਰ ਦੇ ਜਜ਼ਬੇ ਨੂੰ ਨਵਿਆਇਆ ਨਹੀਂ ਜਾ ਸਕਦਾ। ਸਾਡੇ ਸਮਿਆਂ ਵਿਚ ਇਸੇ ਸ਼ੈਅ ਨੂੰ ਸਭ ਤੋਂ ਵੱਡਾ ਖ਼ਤਰਾ ਦਰਪੇਸ਼ ਹੈ। ਹਰ ਵਿਹਾਰਕ ਪੱਖ ਤੋਂ ਸਿੱਖਿਆ ਨੂੰ ਪ੍ਰੀਖਿਆ ਦੀ ਰਸਮ, ਅਧਿਕਾਰਤ ਪਾਠਕ੍ਰਮ ਅਤੇ ਸਕੂਲੀ ਚੇਤਨਾ ਜਾਂ ਕਿਸੇ ਕਿਸਮ ਦਾ ਹੁਨਰ ਸਿੱਖਣ ਤੱਕ ਮਹਿਦੂਦ ਕਰ ਦਿੱਤਾ ਗਿਆ ਹੈ ਤੇ ਇੰਝ ਮਨੁੱਖੀ ਵਿਸ਼ਿਆਂ ਨੂੰ ਟੈਕਨੋ ਪੂੰਜੀਵਾਦ ਦੇ ਸਰੋਤ ਬਣਾ ਕੇ ਧਰ ਦਿੱਤਾ ਗਿਆ ਹੈ। ਇਸ ਕਿਸਮ ਦੀ ਸਿੱਖਿਆ ਕਿਸੇ ਦੀ ਚੇਤਨਾ ਦੇ ਕਿਵਾੜ ਨਹੀਂ ਖੋਲ੍ਹ ਸਕਦੀ ਜਾਂ ਕਿਸੇ ਨੂੰ ਬਹਿਸ, ਸੰਵਾਦ, ਰਚਨਾਤਮਕ ਚੇਤਨਾ ਅਤੇ ਆਲੋਚਨਾਤਮਕ ਸੋਚ ਦੀ ਧਾਰ ਤਿੱਖੀ ਨਹੀਂ ਕਰ ਸਕਦੀ। ਇਸ ਦੀ ਬਜਾਇ ਇਹ ਨਿਰੀ ਮੁਕਾਬਲੇਬਾਜ਼ੀ , ਮੁਫ਼ਾਦਪ੍ਰਸਤੀ ਅਤੇ ਅੰਨ੍ਹੇਵਾਹ ਖਪਤਵਾਦ ਦੀ ਵਿਚਾਰਧਾਰਾ ਨੂੰ ਪੱਠੇ ਪਾਉਂਦੀ ਹੈ। ਇਹ ਇਕ ਦੂਜੇ ਦਾ ਖਿਆਲ ਰੱਖਣ, ਸਹਿਯੋਗ, ਸਾਂਝੇਦਾਰੀ ਅਤੇ ਨਿਆਂ ਦੇ ਅਸੂਲਾਂ ਨੂੰ ਦੁਰਕਾਰਦੀ ਹੈ। ਇਸ ਲਈ ਕੋਈ ਹੈਰਾਨੀ ਨਹੀਂ ਹੁੰਦੀ ਕਿ ਕਿਉਂ ਪਾਓਲੋ ਫ੍ਰਾਇਰ, ਇਵਾਨ ਇਲਿਚ, ਬੈੱਲ ਹੁੱਕਸ (ਗਲੋਰੀਆ ਯਾਂ ਵਾਟਕਿਨਜ਼) ਅਤੇ ਹੈਨਰੀ ਜਿਰੌਕਸ ਜਿਹੇ ਆਲੋਚਨਾਤਮਕ ਵਿਦਿਆਦਾਨੀਆਂ ਨੇ ਬੰਦਖਲਾਸੀ ਕਰਨ ਵਾਲੀ ਸਿੱਖਿਆ ਦੀ ਸ਼ਿੱਦਤ ਨਾਲ ਪੈਰਵੀ ਕੀਤੀ ਸੀ ਜੋ ਅਜਿਹੀ ਸਿੱਖਿਆ ਦੇ ਭਾਵ ਦੀ ਤਰਜਮਾਨੀ ਕਰਦੀ ਹੈ ਜੋ ਕਿਸੇ ਵਿਦਿਆਰਥੀ ਨੂੰ ਸ਼ਕਤੀ/ਸੱਤਾ ਦੇ ਪ੍ਰਵਚਨ ਦੇ ਆਰ ਪਾਰ ਦੇਖ ਸਕਣ, ਦਮਨਕਾਰੀ/ਰੂੜੀਵਾਦੀ ਸਮਾਜਿਕ ਰਹੁ-ਰੀਤਾਂ ਦਾ ਵਿਰੋਧ ਕਰਨ ਅਤੇ ਬੁਨਿਆਦੀ ਲੋੜਾਂ ਅਤੇ ਬਾਜ਼ਾਰ-ਮੁਖੀ ਲੋੜਾਂ ਤੇ ਖਾਹਸ਼ਾਂ ਵਿਚਕਾਰ ਫ਼ਰਕ ਕਰਨ ਦੀ ਬਲ-ਬੁੱਧੀ ਬਖ਼ਸ਼ਦੀ ਹੈ। ਇਹੀ ਉਹ ਸਿੱਖਿਆ ਹੈ ਜਿਸ ਦੇ ਜ਼ਰੀਏ ਅਸੀਂ ਅਜਿਹੀ ਜਮਹੂਰੀ ਪੀੜ੍ਹੀ ਨੂੰ ਸਿੰਜ ਸਕਦੇ ਹਾਂ ਜੋ ਬਿਹਤਰ ਦੁਨੀਆ ਦੀ ਆਸ ਜਗਾ ਸਕਦੀ ਹੈ ਤੇ ਉਸ ਦਾ ਸੁਪਨਾ ਲੈ ਸਕਦੀ ਹੈ, ਆਪਣੀ ਸਹੀ ਊਰਜਾ ਦਾ ਇਸਤੇਮਾਲ ਕਰ ਸਕਦੀ ਹੈ ਅਤੇ ਤਾਨਾਸ਼ਾਹਾਂ, ਨਵ-ਉਦਾਰਵਾਦੀ ਟੈਕਨੋ-ਫਾਸ਼ੀਵਾਦੀਆਂ, ਧੜਵੈਲ ਰਾਸ਼ਟਰਵਾਦੀਆਂ, ਲਿੰਗਕ ਮੂਲਵਾਦੀਆਂ ਅਤੇ ਸਟਾਲਿਨਵਾਦੀ ਇਨਕਲਾਬੀਆਂ ਦੇ ਝਾਂਸਿਆਂ ਵਿਚ ਫਸਣ ਤੋਂ ਇਨਕਾਰ ਕਰ ਸਕਦੀ ਹੈ।
       ਲੋਕਤੰਤਰ ਨੂੰ ਮਹਿਜ਼ ਸਮੇਂ ਸਮੇਂ ਤੇ ਚੋਣਾਂ ਕਰਵਾਉਣ ਦੀ ਰਸਮ ਰਾਹੀਂ ਨਹੀਂ ਬਚਾਇਆ ਜਾ ਸਕਦਾ ਤੇ ਨਾ ਹੀ ਕਦੇ ਕਦਾਈਂ ਗ਼ਰੀਬ ਜਨਤਾ ਨੂੰ ‘ਰਾਹਤ ਪੈਕੇਜ’ ਵੰਡ ਕੇ ਬਚਾਇਆ ਜਾ ਸਕਦਾ ਹੈ। ਲੋਕਤੰਤਰ ਲਈ ਸਾਡੀ ਮੁਸਤੈਦੀ ਅਤੇ ਹੌਸਲਾ ਦਰਕਾਰ ਹੈ ਅਤੇ ਇਹ ਕਦਰਾਂ ਕੀਮਤਾਂ ਉਦੋਂ ਹੀ ਪ੍ਰਵਾਨ ਚੜ੍ਹਦੀਆਂ ਹਨ ਜਦੋਂ ਅਸੀਂ ਆਲੋਚਨਾਤਮਕ ਸਿੱਖਿਆ ਦੀ ਲੋਅ ਵਿਚ ਦੇਖਣ ਦੀ ਆਦਤ ਪਾਉਂਦੇ ਹਾਂ।
* ਲੇਖਕ ਸਮਾਜ ਸ਼ਾਸਤਰੀ ਹੈ।