ਸ਼ਰਧਾਂਜਲੀ ਸਮਾਗਮ ਮੌਕੇ ☬: ਅਲਵਿਦਾ -  ਸੁਭਾਸ਼ ਜੋਸ਼ੀ - ਕੇਹਰ ਸ਼ਰੀਫ਼

ਬਲਾਚੌਰ ਦੇ ਨਾਲ ਲਗਦਾ ਪਿੰਡ ਹੈ ਸਿਆਣਾ (ਹੁਣ ਸ਼ਾਇਦ ਇਹ ਬਲਾਚੌਰ ਦੀ ਹੱਦ ਦੇ ਅੰਦਰ ਹੀ ਹੈ)। ਇਸ ਪਿੰਡ ਦੇ ਦੇਸ਼ ਭਗਤ ਸਨ ਬ੍ਰਹਮਾ ਨੰਦ ਸੰਤੋਸ਼ੀ, ਬਿਨਾਂ ਲੋਭ ਲਾਲਚ, ਸਬਰ-ਸੰਤੋਖ ਵਾਲੇ, ਨਿਰਸੁਆਰਥ ਪੱਕੇ ਕਾਂਗਰਸੀ । ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵੇਲੇ, ਗਿਆਨੀ ਜ਼ੈਲ ਸਿੰਘ ਨਾਲ ਜੇਲਾਂ ਕੱਟਣ ਵਾਲੇ, ਗਿਆਨੀ, ਜੋ ਬਾਅਦ 'ਚ ਦੇਸ਼ ਦੇ ਰਾਸ਼ਟਰਪਤੀ ਬਣੇ । ਕਿਸੇ ਅੱਗੇ ਹੱਥ ਅੱਡਣ ਤੋਂ ਨਾਬਰ ਬ੍ਰਹਮਾ ਨੰਦ ਆਪਣੇ ਜੇਲ ਸਾਥੀ ਗਿਆਨੀ ਜੈਲ ਸਿੰਘ ਦੇ ਮੁੱਖਮੰਤਰੀ ਹੁੰਦਿਆਂ ਆਪਣੇ ਪੜ੍ਹੇ ਲਿਖੇ ਪੁੱਤਰ ਭਗੀਰਥ ਲਈ ਨੌਕਰੀ ਤੱਕ ਲਈ ਨਾ ਕਹਿ ਸਕੇ। ਪਰ ਬ੍ਰਹਮਾਨੰਦ ਜੀ ਦੇ ਸਿਦਕ ਪਿੱਛੇ ਉਨ੍ਹਾਂ ਦੀ ਪਤਨੀ (ਸੁਭਾਸ਼ ਦੀ ਮਾਤਾ ਜੀ) ਦਾ ਬਹੁਤ ਯੋਗਦਾਨ ਰਿਹਾ ਜੋ ਅਧਿਆਪਕਾ ਸੀ। ਇਹ ਪਰਵਾਰਕ ਪਿਛੋਕੜ ਦੱਸਣਾ ਜਰੂਰੀ ਹੈ । ਪਿਛਲੇ ਦਿਨੀਂ ਸਾਡਾ ਬਹੁਤ ਪਿਆਰਾ ਦੋਸਤ/ਸੱਜਣ/ਭਰਾਵਾਂ ਵਰਗਾ ਸੁਭਾਸ਼ ਜੋਸ਼ੀ (ਬਲਾਚੌਰ ਤੋਂ ਕਈਆਂ ਅਖਬਾਰਾਂ ਦਾ ਪੱਤਰ ਪ੍ਰੇਰਕ ਰਿਹਾ) ਸਦੀਵੀ ਵਿਛੋੜਾ ਦੇ ਗਿਆ ਉਹ ਇਸ ਦੇਸ਼ ਭਗਤ ਬ੍ਰਹਮਾ ਨੰਦ ਸੰਤੋਸ਼ੀ ਦਾ ਹੀ ਵੱਡਾ ਪੁੱਤਰ ਸੀ।

            ਪਹਿਲਾਂ ਸਵੇਰ ਵੇਲੇ ਸੁਭਾਸ਼ ਆਪਣੇ ਪਿਤਾ ਦੀ ਮੱਦਦ ਕਰਦਾ ਕਿਉਂਕਿ ਬ੍ਰਹਮਾ ਨੰਦ ਹੋਰਾਂ ਕੋਲ ਅਖਬਾਰਾਂ ਦੀ ਏਜੰਸੀ ਸੀ, ਸਵੇਰੇ ਸੰਤੋਸ਼ੀ ਹੋਰੀਂ ਤਾਂ ਭੱਦੀ ਰੋਡ ਸੜਕ ਦੇ ਕੰਢੇ ਲਗਦੀ ਸਬਜ਼ੀ ਮੰਡੀ ਵਿਖੇ ਸਬਜ਼ੀ ਦੀ ਬੋਲੀ ਲਾਉਣ ਦਾ ਕਾਰਜ ਕਰਦੇ। ਇਸ ਸਮੇਂ ਸੁਭਾਸ਼ ਘਰਾਂ ਤੱਕ ਅਖਬਾਰਾਂ ਪਹੁੰਚਾਉਣ ਦਾ ਕੰਮ ਕਰਦਾ। (ਬਾਅਦ ਵਿਚ ਇਹ ਕਾਰਜ / ਸਹਾਇਤਾ ਭਗੀਰਥ ਵੀ ਕਰਦਾ ਰਿਹਾ) ਸਵੇਰੇ ਇਸ ਦੁਕਾਨ ਦੇ ਸਾਹਮਣੇ ਅਖ਼ਬਾਰਾਂ ਪੜ੍ਹਨ ਵਾਲਿਆਂ ਅਤੇ ਉਨ੍ਹਾ 'ਤੇ ਬਹਿਸ ਕਰਨ ਵਾਲਿਆਂ ਦਾ ਇੱਥੇ ਇਕੱਠ ਹੁੰਦਾ, ਹਰ ਕੋਈ ਆਪਣੀ ਸੋਚ  ਅਨੁਸਾਰ ਗੱਲ ਕਰਦਾ। ਇਹ ਬਹਿਸਣ ਵਾਲੇ ਇਥੋਂ ਬਹਿਸਦੇ ਹੋਏ ਸਾਹਮਣੇ ਕਾਮਰੇਡ ਮਨੋਹਰ ਲਾਲ ਦੀ ਦੁਕਾਨ ਅੱਗੇ ਵੀ ਸਿਸ਼ਤ ਘੋਟਦੇ।

ਬ੍ਰਹਮਾ ਨੰਦ ਸੰਤੋਸ਼ੀ ਅਖਬਾਰਾਂ ਨੂੰ ਖਬਰਾਂ ਵੀ ਭੇਜਦੇ, ਹਿੰਦ ਸਮਾਚਾਰ, ਪ੍ਰਤਾਪ ਬਗੈਰਾ ਨੂੰ। ਨਾਲ ਹੀ "ਅਜੀਤ" ਅਖ਼ਬਾਰ ਨੂੰ ਵੀ ਖ਼ਬਰਾਂ ਭੇਜਦੇ, ਪਰ ਪੰਜਾਬੀ ਅਖਬਾਰ ਨੂੰ ਭੇਜਦੇ ਉਰਦੂ ਵਿਚ ਲਿਖ ਕੇ । "ਅਜੀਤ" ਅਖ਼ਬਾਰ ਨਾਲ ਜੁੜਨ ਦਾ ਕਾਰਨ ਸੀ ਕਿ ਅਜੀਤ ਦੇ ਮਾਲਕ/ਸੰਪਾਦਕ ਸਾਧੂ ਸਿੰਘ ਹਮਦਰਦ ਹੋਰਾਂ ਦਾ ਬਲਾਚੌਰ ਸਹੁਰਾ ਪਿੰਡ ਸੀ। (ਬੀਬੀ ਨਿਰੰਜਣ ਕੌਰ, ਮਾਤਾ ਸਰਦਾਰ ਬਰਜਿੰਦਰ ਸਿੰਘ ਹਮਦਰਦ ਦਾ ਪੇਕਾ ਪਿੰਡ ਬਲਾਚੌਰ) ਇਸ ਜਾਣ-ਪਛਾਣ ਦੇ ਨਾਲ ਹੀ ਦੋਹਾਂ ਦਾ ਕਾਂਗਰਸੀ ਹੋਣਾ ਵੀ ਸਬੱਬ ਬਣ ਗਿਆ। ਉਸ ਸਮੇਂ ਸੰਤੋਸ਼ੀ ਜੀ ਇਕੱਲੇ ਹੀ ਖ਼ਬਰਾਂ ਨਹੀਂ ਸਨ ਭੇਜਦੇ ਮੈਂ ਵੀ (ਇਨ੍ਹਾਂ ਸਤਰਾਂ ਦਾ ਲੇਖਕ) "ਨਵਾਂ ਜ਼ਮਾਨਾ" ਨੂੰ ਕਮਿਉਨਿਸਟ ਪਾਰਟੀ ਦੀਆਂ ਖਬਰਾਂ ਭੇਜਦਾ ਹੁੰਦਾ ਸੀ। ਇਹ 1975-76 ਦੀਆਂ ਗੱਲਾਂ ਹਨ। 1978 ਵਿਚ ਜਦੋਂ "ਪੰਜਾਬੀ ਟ੍ਰਿਬਿਊਨ" ਸ਼ੁਰੂ ਹੋਇਆ ਤਾਂ ਛੇਤੀ ਹੀ ਸਰਦਾਰ ਬਰਜਿੰਦਰ ਸਿੰਘ ਹਮਦਰਦ ਹੋਰਾਂ ਵਲੋਂ ਬਲਾਚੌਰ ਤੋਂ ਮੈਨੂੰ "ਪੰਜਾਬੀ ਟ੍ਰਿਬਿਊਨ" ਦਾ ਪੱਤਰ ਪ੍ਰੇਰਕ ਬਣਾ ਦਿੱਤਾ ਗਿਆ। ਇਸ ਤਰ੍ਹਾਂ ਬਲਾਚੌਰ ਤੋਂ ਉਸ ਸਮੇਂ ਅਸੀਂ ਦੋ ਪੱਤਰ ਪ੍ਰੇਰਕ ਸਾਂ। 1980 ਵਿਚ ਮੈਂ ਪਰਦੇਸ ਆ ਗਿਆ ਉਦੋਂ ਸੁਭਾਸ਼ ਨੂੰ ਬਲਾਚੌਰ ਤੋਂ "ਪੰਜਾਬੀ ਟ੍ਰਿਬਿਊਨ" ਦਾ ਪੱਤਰ ਪ੍ਰੇਰਕ ਬਣਾਇਆ ਗਿਆ। ਇਹ ਕਾਰਜ ਉਸਨੇ ਆਪਣੇ ਆਖਰੀ ਸਾਹਾਂ ਤੱਕ ਕੀਤਾ।

       ਬ੍ਰਹਮਾ ਨੰਦ ਸੰਤੋਸ਼ੀ ਜੀ ਤੋਂ ਬਾਅਦ ਸਾਰਾ ਕਾਰਜ ਸੁਭਾਸ਼ ਦੇ ਮੋਢਿਆਂ 'ਤੇ ਆ ਪਿਆ। ਇਲਾਕੇ ਦੇ ਜਿੰਨੇ ਵੀ ਸਿਆਸੀ ਕਾਰਕੁਨ, ਮੁਲਾਜ਼ਮ ਜਥੇਬੰਦੀਆਂ ਦੇ ਲੋਕ ਤੇ ਸਾਹਿਤ ਨਾਲ ਜੁੜੇ ਲੋਕ ਸੁਭਾਸ਼ ਦੀ ਦੁਕਾਨ 'ਤੇ ਹੀ ਜੁੜਦੇ। ਸਾਡੇ ਵਰਗੇ ਬਹੁਤ ਸਾਰੇ ਸੁਭਾਸ਼ ਕੋਲ ਹੀ ਹੁੰਦੇ। ਇਕ ਦੂਜੇ ਨਾਲ ਬਹਿਸਾਂ ਹੁੰਦੀਆਂ। ਸੁਭਾਸ਼ ਸਾਡੇ ਬੈਠਣ ਦਾ ਲਾਹਾ ਲੈਂਦਾ ਅਖਬਾਰਾਂ ਨੂੰ ਭੇਜਣ ਵਾਲੀਆਂ ਖ਼ਬਰਾਂ ਲਿਖਵਾ ਲੈਦਾ। ਇੰਨੇ ਸਾਲਾਂ ਦਾ ਸਾਥ ਬੜਾ ਯਾਦ ਆਉਂਦਾ। ਪਿਛਲੇ ਸਾਲਾਂ 'ਚ ਕਦੇ ਬਿਨਾਂ ਕਿਸੇ ਕਾਰਨ ਉਹ ਮੈਨੂੰ ਫੋਨ ਕਰਕੇ ਜਾਂ ਮਿਸ ਕਾਲ ਰਾਹੀਂ ਕਹਿੰਦਾ "ਫੋਨ ਕਰੀਂ ਗੱਲ ਕਰਨੀ ਐਂ"। ਜਦੋਂ ਵੀ ਵਾਪਸ ਮੈਂ ਫੋਨ ਕਰਦਾ ਤਾਂ ਕਹਿੰਦਾ "ਮਨ ਗੱਲਾਂ ਕਰਨ ਨੂੰ ਕਰਦਾ ਸੀ, ਨਾਲੇ ਇਕ ਦੂਜੇ ਦਾ ਹਾਲ-ਚਾਲ ਪਤਾ ਲੱਗ ਜਾਂਦਾ। ਕਦੇ ਫੋਨ ਕਰਦਾ ਰਿਹਾ ਕਰ।"

           ਮੈਂ ਜਦੋਂ ਵੀ ਦੇਸ਼ ਜਾਂਦਾ ਤਾਂ ਸੁਭਾਸ਼ ਨੂੰ ਮਿਲਣਾ ਜਰੂਰੀ ਹੁੰਦਾ ਸੀ। ਉਹਨੂੰ ਬੜਾ ਚਾਅ ਚੜ੍ਹਦਾ, ਆਪਣਾ ਹਰ ਕੰਮ ਛੱਡ ਕੇ ਨਾਲ ਤੁਰ ਪੈਂਦਾ, ਕਿਸੇ ਦਫਤਰ ਕੰਮ ਹੋਵੇ ਤਾਂ ਉਹਨੇ ਝੱਟ ਕਹਿਣਾ "ਚੱਲ ਮੈਂ ਐੱਸ ਡੀ ਐੱਮ ਨੂੰ ਕਹਿ ਦਿੰਨਾ"। ਉਸ ਸਾਊ ਬੰਦੇ ਨੂੰ ਸਾਰੀ ਉਮਰ ਚੁਸਤੀਆਂ-ਚਲਾਕੀਆਂ ਨਾ ਆਈਆਂ। ਪੈਸੇ ਵਲੋਂ ਮੈਨੂੰ ਪਤਾ ਨਹੀਂ ਪਰ ਭਰਪੂਰ ਸੋਭਾ ਖੱਟ ਗਿਆ ਜਹਾਨ ਨੂੰ ਅਲਵਿਦਾ ਕਹਿਣ ਤੱਕ। ਇਲਾਕੇ ਦੇ ਲੋਕ ਉਹਨੂੰ ਲੰਬੇ ਸਮੇਂ ਤੱਕ ਯਾਦ ਰੱਖਣਗੇ।

      ਦੋ ਮਹੀਨੇ ਪਹਿਲਾਂ ਮੈਂ ਬਲਾਚੌਰ ਗਿਆ ਸੀ ਪਰ ਸੁਭਾਸ਼ ਨਾਲ ਮੇਲੇ ਨਾ ਹੋ ਸਕੇ, ਮੇਰੀ ਸਿਹਤ ਬਹੁਤੀ ਠੀਕ ਨਾ ਰਹਿਣ   ਕਰਕੇ ਮਿਲਣ ਤੋਂ ਕੰਨੀ ਕਤਰਾਈ। ਬਹੁਤ ਸਾਰੀਆਂ ਯਾਦਾਂ ਨੇ ਉਹ ਹਮੇਸ਼ਾ ਭਲੇ ਦਿਨਾਂ ਦਾ ਚੇਤਾ ਕਰਵਾਉਂਦੀਆਂ ਰਹਿਣਗੀਆਂ। ਚੰਗੇ ਸੱਜਣ ਹੀ ਜ਼ਿੰਦਗੀ ਦਾ ਸਰਮਾਇਆ ਹੁੰਦੇ ਹਨ, ਮੇਰੇ ਵਰਗੇ ਲੋਕ ਉਸ ਸਰਮਾਏ ਤੋਂ ਮਹਿਰੂਮ ਹੋ ਕੇ ਇਸ ਪੱਖੋਂ  ਗਰੀਬ ਹੋ ਗਏ ਮਹਿਸੂਸ ਕਰਦੇ ਹਨ।

     ਸਦੀਵੀ ਵਿਛੋੜਾ ਦੇ ਗਏ ਮਿੱਤਰ ਪਿਆਰੇ ਸੁਭਾਸ਼ ਜੋਸ਼ੀ ਨੂੰ ਇੰਨਾ ਹੀ ਕਹਿਣਾ ਕਿ ਅਗਲੀ ਵਾਰ ਜਦੋਂ ਵੀ ਮੈਂ ਬਲਾਚੌਰ ਆਇਆ ਤੂੰ ਤਾਂ ਭਾਵੇਂ ਨਹੀਂ ਹੋਣਾਂ ਪਰ  ਤੇਰੀ ਯਾਦ ਜਰੂਰ ਨਾਲ ਰਹੇਗੀ। ਯਾਦਾਂ ਦਾ ਜ਼ਿੰਦਗੀ ਨੂੰ ਬਹੁਤ ਸਹਾਰਾ ਹੁੰਦਾ ਹੈ।