ਕੁਤਾਹੀ ਬਹਾਨੇ ਨਫ਼ਰਤੀ ਮੁਹਿੰਮ ਘਾਤਕ ਹੋਵੇਗੀ - ਚੰਦ ਫਤਿਹਪੁਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੀ 5 ਜਨਵਰੀ ਨੂੰ ਫਿਰੋਜ਼ਪੁਰ ਵਿੱਚ ਰੱਖੀ ਭਾਜਪਾ, ਕੈਪਟਨ ਤੇ ਢੀਂਡਸਾ ਗੱਠਜੋੜ ਦੀ ਰੈਲੀ ਨੂੰ ਸੰਬੋਧਨ ਕਰਨ ਲਈ ਆਏ ਸਨ । ਉਹ ਦਿੱਲੀ ਤੋਂ ਉਡਾਨ ਭਰ ਕੇ ਬਠਿੰਡਾ ਦੇ ਏਅਰਪੋਰਟ ਉੱਤੇ ਉਤਰੇ । ਇਥੋਂ ਉਨ੍ਹਾ ਹੈਲੀਕਾਪਟਰ ਰਾਹੀਂ ਹੁਸੈਨੀਵਾਲਾ ਤੇ ਫਿਰ ਰੈਲੀ ਵਾਲੀ ਥਾਂ ਪੁੱਜਣਾ ਸੀ । ਮੌਸਮ ਦੀ ਖ਼ਰਾਬੀ ਕਾਰਨ ਉਨ੍ਹਾ ਨੇ ਸੜਕ ਰਾਹੀਂ ਜਾਣ ਦਾ ਫੈਸਲਾ ਕਰ ਲਿਆ । ਫਿਰੋਜ਼ਪੁਰ ਤੋਂ ਕੁਝ ਕਿਲੋਮੀਟਰ ਪਿੱਛੇ ਉਨ੍ਹਾ ਦਾ ਕਾਫ਼ਲਾ ਕਿਸਾਨਾਂ ਵੱਲੋਂ ਲਾਏ ਧਰਨੇ ਕਾਰਨ ਜਾਮ ਵਿੱਚ ਫਸ ਗਿਆ ਤੇ 15 ਮਿੰਟਾਂ ਬਾਅਦ ਉਹ ਵਾਪਸ ਮੁੜ ਗਏ । ਬਠਿੰਡਾ ਏਅਰਪੋਰਟ ਉਤੇ ਪੁੱਜਦਿਆਂ ਉਨ੍ਹਾ ਪੰਜਾਬ ਦੇ ਅਫ਼ਸਰਾਂ ਉੱਤੇ ਗੁੱਸਾ ਕੱਢਦਿਆਂ ਕਿਹਾ, "ਆਪਣੇ ਮੁੱਖ ਮੰਤਰੀ ਨੂੰ ਧੰਨਵਾਦ ਕਹਿਣਾ ਕਿ ਮੈਂ ਬਠਿੰਡਾ ਹਵਾਈ ਅੱਡੇ ਤੱਕ ਜ਼ਿੰਦਾ ਆ ਗਿਆ ਹਾਂ ।"
ਪ੍ਰਧਾਨ ਮੰਤਰੀ ਦੇ ਕਹੇ ਸ਼ਬਦਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਇਹ ਦੇਖਣਾ ਬਣਦਾ ਹੈ ਕਿ ਹਾਲਾਤ ਕਿਹੋ ਜਿਹੇ ਸਨ । ਪ੍ਰਧਾਨ ਮੰਤਰੀ ਦੇ ਫਿਰੋਜ਼ਪੁਰ ਆਉਣ ਦੇ ਪ੍ਰੋਗਰਾਮ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਪ੍ਰਧਾਨ ਮੰਤਰੀ ਦੇ ਪੰਜਾਬ ਆਉਣ ਦਾ ਵਿਰੋਧ ਕਰਨਗੀਆਂ । ਉਨ੍ਹਾਂ ਦਾ ਕਹਿਣਾ ਸੀ ਕਿ ਜਿੰਨਾ ਚਿਰ ਐੱਮ ਐੱਸ ਪੀ ਦੀ ਗਰੰਟੀ ਤੇ ਕੇਸਾਂ ਦੀ ਵਾਪਸੀ ਸੰਬੰਧੀ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ ਅਸੀਂ ਆਪਣਾ ਵਿਰੋਧ ਜਾਰੀ ਰਖਾਂਗੇ । ਉਨ੍ਹਾਂ ਨੇ ਫਿਰੋਜ਼ਪੁਰ ਦੀ ਰੈਲੀ ਨੂੰ ਅਸਫ਼ਲ ਬਣਾਉਣ ਲਈ ਫਿਰੋਜ਼ਪੁਰ ਨੂੰ ਆਉਂਦੀਆਂ ਸਭ ਸੜਕਾਂ, ਫਾਜ਼ਿਲਕਾ-ਫਿਰੋਜ਼ਪੁਰ, ਜ਼ੀਰਾ-ਫਿਰੋਜ਼ਪੁਰ ਤੇ ਮੋਗਾ-ਫਿਰੋਜ਼ਪੁਰ ਨੂੰ ਧਰਨੇ ਲਾ ਕੇ ਬੰਦ ਕੀਤਾ ਹੋਇਆ ਸੀ, ਤਾਂ ਜੋ ਰੈਲੀ ਵਿੱਚ ਜਾਣ ਵਾਲੇ ਲੋਕਾਂ ਨੂੰ ਰੋਕਿਆ ਜਾ ਸਕੇ । ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਕਿਸਾਨ ਅੰਦੋਲਨ ਨੇ ਪੇਂਡੂ ਲੋਕਾਂ ਨੂੰ ਅਜਿਹੀ ਸੰਘਰਸ਼ੀ ਏਕਤਾ ਦੀ ਲੜੀ ਵਿੱਚ ਪਰੋਅ ਦਿੱਤਾ ਹੈ ਕਿ ਉਹ ਜ਼ਰਾ ਕੁ ਸੁਨੇਹੇ ਨਾਲ ਹੀ ਆਪ ਮੁਹਾਰੇ ਮੈਦਾਨ ਮੱਲ ਲੈਂਦੇ ਹਨ । ਅਜਿਹੀ ਸਥਿਤੀ ਵਿੱਚ ਜਦੋਂ ਪਤਾ ਲੱਗ ਗਿਆ ਸੀ ਕਿ ਮੌਸਮ ਦੀ ਖਰਾਬੀ ਕਾਰਨ ਹੈਲੀਕਾਪਟਰ ਉੱਤੇ ਜਾਣਾ ਸੰਭਵ ਨਹੀਂ ਤਾਂ ਪ੍ਰਧਾਨ ਮੰਤਰੀ ਨੂੰ ਆਪਣਾ ਦੌਰਾ ਰੱਦ ਕਰ ਦੇਣਾ ਚਾਹੀਦਾ ਸੀ । ਪ੍ਰਧਾਨ ਮੰਤਰੀ ਨੂੰ ਸੜਕ ਰਾਹੀਂ ਲੈ ਕੇ ਜਾਣ ਦਾ ਫ਼ੈਸਲਾ ਗਲਤ ਸੀ । ਪ੍ਰਧਾਨ ਮੰਤਰੀ ਨੂੰ ਬਠਿੰਡਾ, ਫਰੀਦਕੋਟ, ਤਲਵੰਡੀ ਭਾਈ ਤੋਂ ਫਿਰੋਜ਼ਪੁਰ ਵਾਲੇ 106 ਕਿਲੋਮੀਟਰ ਲੰਮੇ ਰੂਟ ਉੱਤੇ ਲੈ ਜਾਣਾ ਕਿਸੇ ਤਰ੍ਹਾਂ ਠੀਕ ਨਹੀਂ ਸੀ । ਇਹ ਜ਼ਿਲ੍ਹੇ ਉਹ ਹਨ, ਜਿਨ੍ਹਾਂ ਦੇ ਹਰ ਪਿੰਡ ਵਿੱਚੋਂ ਕਿਸਾਨਾਂ ਦੇ ਜਥੇ ਕਿਸਾਨ ਅੰਦੋਲਨ ਵਿੱਚ ਹਿੱਸਾ ਪਾਉਂਦੇ ਰਹੇ ਹਨ ਤੇ ਦਿੱਲੀ ਦੇ ਬਾਰਡਰਾਂ ਉੱਤੇ ਸ਼ਹੀਦੀਆਂ ਪਾਉਣ ਵਾਲੇ ਵੀ ਬਹੁਤੇ ਇਨ੍ਹਾਂ ਇਲਾਕਿਆਂ ਵਿੱਚੋਂ ਸਨ । ਪ੍ਰਧਾਨ ਮੰਤਰੀ ਨੂੰ ਇਸ ਰਸਤੇ ਲੈ ਜਾਣ ਦਾ ਫ਼ੈਸਲਾ ਜਿਸ ਨੇ ਵੀ ਕੀਤਾ, ਸਾਰੀ ਕੁਤਾਹੀ ਲਈ ਉਹੀ ਜ਼ਿੰਮੇਵਾਰ ਹੈ ।
ਗ੍ਰਹਿ ਮੰਤਰਾਲਾ ਤੇ ਭਾਜਪਾ ਦੇ ਸਭ ਆਗੂ ਪ੍ਰਧਾਨ ਮੰਤਰੀ ਦੇ ਇਸ 15 ਮਿੰਟ ਦੇ ਠਹਿਰਾਓ ਨੂੰ ਕਾਂਗਰਸ ਦੇ ਮੱਥੇ ਮੜ੍ਹ ਰਹੇ ਹਨ ਤੇ ਕਾਂਗਰਸ ਇਸ ਨੂੰ ਰੈਲੀ ਵਿੱਚ ਬੰਦੇ ਨਾ ਪੁੱਜ ਸਕਣ ਕਾਰਨ ਕੀਤਾ ਗਿਆ ਡਰਾਮਾ ਦੱਸ ਰਹੀ ਹੈ । ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਧਾਨ ਮੰਤਰੀ ਸੜਕੀ ਜਾਮ ਵਿੱਚ ਫਸੇ ਹੋਣ । ਦਸੰਬਰ 2017 ਵਿੱਚ ਜਦੋਂ ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ (ਨੋਇਡਾ) ਵਿੱਚ ਮੈਟਰੋ ਲਾਈਨ ਦਾ ਉਦਘਾਟਨ ਕਰਨ ਗਏ ਸਨ ਤਾਂ ਉਨ੍ਹਾ ਦਾ ਕਾਫ਼ਲਾ ਲੰਮਾ ਸਮਾਂ ਜਾਮ ਵਿੱਚ ਫਸਿਆ ਰਿਹਾ ਸੀ । ਇਸ ਘਟਨਾ ਤੋਂ ਬਾਅਦ ਦੋ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ, ਪਰ ਉਸ ਸਮੇਂ ਉਨ੍ਹਾ ਨੂੰ ਆਪਣੀ ਜਾਨ ਨੂੰ ਖ਼ਤਰਾ ਨਹੀਂ ਸੀ ਲੱਗਿਆ । ਸਾਲ 2018 ਵਿੱਚ ਵੀ ਦੋ ਮੌਕਿਆਂ ਉਤੇ ਦਿੱਲੀ ਵਿੱਚ ਪ੍ਰਧਾਨ ਮੰਤਰੀ ਜਾਮ ਵਿੱਚ ਫਸੇ ਰਹੇ, ਜਿਸ ਬਾਰੇ ਗੋਦੀ ਚੈਨਲਾਂ ਨੇ ਪ੍ਰਧਾਨ ਮੰਤਰੀ ਦੇ ਕਸੀਦੇ ਪੜ੍ਹਦਿਆਂ ਇਸ ਨੂੰ ਵੀ ਵੀ ਆਈ ਪੀ ਸੱਭਿਆਚਾਰ ਦਾ ਅੰਤ ਕਿਹਾ ਸੀ ।
ਹੁਣ ਪ੍ਰਧਾਨ ਮੰਤਰੀ ਦੀ ਜਾਨ ਨੂੰ ਖ਼ਤਰੇ ਵਾਲੀ ਗੱਲ ਵਲ ਆਉਂਦੇ ਹਾਂ । ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 1985 ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਵਿਸ਼ੇਸ਼ ਸੁਰੱਖਿਆ ਦਸਤੇ ਦਾ ਗਠਨ ਕੀਤਾ ਗਿਆ ਸੀ । ਇਹ ਸੁਰੱਖਿਆ ਦਸਤਾ ਹਮੇਸ਼ਾ ਪ੍ਰਧਾਨ ਮੰਤਰੀ ਦੁਆਲੇ ਅਜਿਹਾ ਘੇਰਾ ਬਣਾ ਕੇ ਰੱਖਦਾ ਹੈ, ਜਿਸ ਨੂੰ ਕੋਈ ਵੀ ਉਲੰਘ ਨਹੀਂ ਸਕਦਾ । ਹੁਣ ਤਾਂ ਮੋਦੀ ਦੇ ਕਾਫ਼ਲੇ ਵਿੱਚ ਦੁਨੀਆ ਦੇ ਸਭ ਤੋਂ ਸੁਰੱਖਿਅਤ ਵਾਹਨ ਵਜੋਂ ਮੰਨੀ ਜਾਂਦੀ ਮਰਸੀਡੀਜ਼ ਮੇਬੈਕ ਐੱਸ 650 ਗਾਰਡ ਗੱਡੀ ਵੀ ਸ਼ਾਮਲ ਹੈ, ਜੋ ਬੁਲੇਟ ਤੇ ਬਲਾਸਟ ਪਰੂਫ ਹੈ । ਇਹ ਕਾਰ ਖਤਰਨਾਕ ਗੈਸਾਂ ਦੇ ਹਮਲੇ ਤੋਂ ਵੀ ਸੁਰੱਖਿਅਤ ਕਰਦੀ ਤੇ ਇਸ ਦਾ ਸਾਫ਼ ਹਵਾ ਦੇਣ ਵਾਲਾ ਸਿਸਟਮ ਆਪਣੇ ਆਪ ਚਾਲੂ ਹੋ ਜਾਂਦਾ ਹੈ । ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੇ ਕਾਫ਼ਲੇ ਵਿੱਚ ਦੋ ਡੰਮੀ ਕਾਰਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਜੈਮਰ ਲੱਗੇ ਹੁੰਦੇ ਹਨ । ਇਨ੍ਹਾਂ ਕਾਰਾਂ ਉਤੇ ਐਂਟੀਨਾ ਲੱਗੇ ਹੁੰਦੇ ਹਨ, ਜਿਹੜੇ ਸੜਕ ਦੇ ਦੋਹੀਂ ਪਾਸੀਂ 100 ਮੀਟਰ ਤੱਕ ਰੱਖੇ ਬੰਬਾਂ ਨੂੰ ਨਕਾਰਾ ਕਰਨ ਦੀ ਸਮਰੱਥਾ ਰੱਖਦੇ ਹਨ । ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਵੱਲੋਂ ਇਹ ਕਹਿਣਾ ਕਿ ਉਹ ਜਾਨ ਬਚਾ ਕੇ ਆਏ ਹਨ ਤਾਂ ਇਸ ਨੂੰ ਠੀਕ ਨਹੀਂ ਕਿਹਾ ਜਾ ਸਕਦਾ ।
ਪ੍ਰਧਾਨ ਮੰਤਰੀ ਦਾ ਇਹ ਬਿਆਨ ਪੰਜਾਬੀਆਂ ਵਿਰੁੱਧ ਬਾਹਰਲੇ ਸੂਬਿਆਂ ਦੇ ਲੋਕਾਂ ਵਿੱਚ ਭੜਕਾਹਟ ਪੈਦਾ ਕਰ ਸਕਦਾ ਹੈ ਤੇ ਪੰਜਾਬ ਦੇ ਹਾਲਾਤ ਵੀ ਵਿਗਾੜ ਸਕਦਾ ਹੈ । ਇਸ ਨੂੰ ਉਨ੍ਹਾਂ ਬਿਆਨਾਂ ਨਾਲ ਵੀ ਜੋੜਿਆ ਜਾ ਸਕਦਾ ਹੈ, ਜਿਨ੍ਹਾਂ ਰਾਹੀਂ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਖਾਲਿਸਤਾਨੀ ਤੇ ਮਾਓਵਾਦੀ ਗਰਦਾਨਿਆ ਗਿਆ ਸੀ । ਇਸ ਬਿਆਨ ਦਾ ਅਸਰ ਵੀ ਸ਼ੁਰੂ ਹੋ ਚੁੱਕਾ ਹੈ । ਉੱਤਰ ਪ੍ਰਦੇਸ਼ ਦੇ ਬਿਠੁਰ ਤੋਂ ਭਾਜਪਾ ਦੇ ਵਿਧਾਇਕ ਅਭੀਜੀਤ ਸਿੰਘ ਸਾਗਾ ਨੇ ਕਿਹਾ ਹੈ, "ਇੰਦਰਾ ਗਾਂਧੀ ਸਮਝਣ ਦੀ ਭੁੱਲ ਨਾ ਕਰਨਾ ਸ੍ਰੀ ਨਰਿੰਦਰ ਦਮੋਦਰ ਦਾਸ ਨਾਮ ਹੈ, ਲਿਖਣ ਨੂੰ ਕਾਗਜ਼ ਤੇ ਪੜ੍ਹਨ ਨੂੰ ਇਤਿਹਾਸ ਨਹੀਂ ਮਿਲੇਗਾ ।" ਇਹ ਵਿਅਕਤੀ ਇੰਦਰਾ ਗਾਂਧੀ ਦੀ ਹੱਤਿਆ ਨਾਲ ਜੋੜ ਕੇ ਸਿੱਖ ਭਾਈਚਾਰੇ ਨੂੰ ਕਹਿ ਰਿਹਾ ਹੈ ਗਲਤੀ ਨਾ ਕਰ ਬੈਠਣਾ ਅਸੀਂ ਤਾਂ ਨਸਲ ਖਤਮ ਕਰ ਦੇਵਾਂਗੇ । ਭਾਜਪਾ ਦੇ ਜਨਰਲ ਸਕੱਤਰ ਸੀ ਟੀ ਰਵੀ ਨੇ ਤਾਂ ਇਸ ਤੋਂ ਅੱਗੇ ਲੰਘਦਿਆਂ ਕਹਿ ਦਿੱਤਾ ਹੈ, "ਦੇਸ਼ ਦੇ ਗ਼ੱਦਾਰਾਂ ਕੋ ਗੋਲੀ ਮਾਰੋ ਸਾਲੋਂ ਕੋ ।" ਗੋਦੀ ਚੈਨਲਾਂ ਨੇ ਵੀ ਪੰਜਾਬੀਆਂ ਵਿਰੁੱਧ ਨਫ਼ਰਤ ਭੜਕਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ।" ਜੀ ਨਿਊਜ਼ ਦੇ ਸੁਧੀਰ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਪੰਜਾਬ ਤੋਂ ਪਾਕਿਸਤਾਨ ਤੇ ਚੰਨੀ ਤੋਂ ਨਵਾਜ਼ ਸ਼ਰੀਫ ਚੰਗਾ ਹੈ । ਪਹਿਲਾਂ ਮੁਸਲਮਾਨਾਂ, ਫਿਰ ਈਸਾਈਆਂ ਤੇ ਹੁਣ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਕਿਸੇ ਤਰ੍ਹਾਂ ਵੀ ਦੇਸ਼ ਹਿੱਤ ਵਿੱਚ ਨਹੀਂ ਹੈ । ਅਸੀਂ ਇਹ ਮੰਨਦੇ ਹਾਂ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਹੋਈ ਹੈ । ਇਸ ਦੀ ਪੜਤਾਲ ਕਰਕੇ ਜ਼ਿੰਮੇਵਾਰਾਂ ਉਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ, ਪਰ ਇਸ ਘਟਨਾ ਨੂੰ ਪੰਜਾਬ ਬਨਾਮ ਪ੍ਰਧਾਨ ਮੰਤਰੀ ਬਣਾ ਕੇ ਸਿਆਸੀ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ । ਇਹ ਦੇਸ਼ ਲਈ ਵੀ ਘਾਤਕ ਹੋਵੇਗਾ ਤੇ ਇਸ ਸਰਹੱਦੀ ਸੂਬੇ ਲਈ ਵੀ ।