ਸੁਰੱਖਿਆ ਵਿੱਚ ਹੋਈ ਭਾਰੀ ਗਲਤੀ ਤੇ ਹਨੇਰੇ ਵਿੱਚ ਟੱਕਰਾਂ ਮਾਰਦੇ ਭਾਰਤੀ ਲੋਕ - ਗੁਰਚਰਨ ਸਿੰਘ ਨੂਰਪੁਰ

“ਸੁਰੱਖਿਆ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਨੂੰ ਵਾਪਸ ਜਾਣਾ ਪਿਆ ਤੇ ਕਰੋੜਾਂ ਦੇ ਵਿਕਾਸ ਪ੍ਰਜੈਕਟ ਧਰੇ ਧਰਾਏ ਰਹਿ ਗਏ।“ ਹੁਣ ਕੀ ਹੋਵੇਗਾ? ਪਿਛਲੇ ਕੁਝ ਦਿਨਾਂ ਤੋਂ ਇਹ ਚੁੰਝ ਚਰਚਾ ਲੋਕਾਂ ਅਤੇ ਮੀਡੀਆ ਹਾਊਸਾਂ ਵਿੱਚ ਚਲ ਰਹੀ ਹੈ।
       ਸਭ ਕੁਝ ਦੀ ਹਕੀਕਤ ਕੀ ਹੈ? ਅਜਿਹਾ ਕਿਉਂ ਵਾਪਰਿਆ? ਜਦੋਂ ਇਸ ਦੀ ਥਾਹ ਪਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਹਕੀਕਤ ਕੁਝ ਹੋਰ ਨਜ਼ਰ ਆਵੇਗੀ। ਪ੍ਰਧਾਨ ਮੰਤਰੀ ਜੀ ਦੀ ਰੈਲੀ ਨੂੰ ਸਫਲ ਬਣਾਉਣ ਲਈ ਕੁਝ ਦਿਨ ਪਹਿਲਾਂ ਪੰਜਾਬ ਭਰ ਤੋਂ ਸੁਰੱਖਿਆ ਕਰਮਚਾਰੀ, ਸਫਾਈ ਸੇਵਕ , ਅਤੇ ਹੋਰ ਸੇਵਾਵਾਂ ਦੇਣ ਵਾਲੇ ਕਰਮਚਾਰੀ ਹਜਾਰਾਂ ਦੀ ਗਿਣਤੀ ਵਿੱਚ ਫਿਰੋਜਪੁਰ ਬੁਲਾਏ ਗਏ। ਜੋ ਦਿਨ ਰਾਤ ਕੱਕਰ ਪਾਲੇ ਤੇ ਵਰਦੇ ਮੀਂਹ ਵਿੱਚ ਡਿਊਟੀਆਂ ਕਰਦੇ ਰਹੇ ਸੇਵਾਵਾਂ ਦਿੰਦੇ ਰਹੇ। ਕੁਝ ਦੂਜੇ ਸ਼ਹਿਰਾਂ ਤੋਂ ਬਲਾਏ ਹਜਾਰਾਂ ਸਫਾਈ ਸੇਵਕਾਂ ਨੇ ਦਿਨ ਰਾਤ ਇੱਕ ਕਰਕੇ ਵਰ੍ਹਦੇ ਮੀਹ ਵਿੱਚ ਡਊਟੀਆਂ ਨਿਭਾਈਆਂ। ਦੂਰੋਂ ਨੇੜਿਓ ਆਏ ਵੱਖ ਵੱਖ ਸੇਵਾਵਾਂ ਦੇਣ ਵਾਲੇ ਇਹਨਾਂ ਕਰਮਚਾਰੀਆਂ ਲਈ ਰਾਤ ਠਹਿਰਣ ਦਾ ਕੋਈ ਪ੍ਰਬੰਧ ਨਹੀਂ ਸੀ। ਫਿਰੋਜਪੁਰ ਛਾਉਣੀ ਹੀ ਨਹੀਂ ਬਲਿਕ ਨੇੜਲੇ ਹੋਰ ਸ਼ਹਿਰਾਂ ਜੀਰਾ, ਤਲਵੰਡੀ ਭਾਈ ਆਦਿ ਦੇ ਹੋਟਲ, ਸਰਾਵਾਂ ਬੁੱਕ ਕਰ ਲਏ ਗਏ ਸਨ ਇਹਨਾਂ ਦੇ ਮਾਲਕਾਂ ਨੂੰ ਡੀ. ਸੀ ਦਫਤਰ ਵੱਲੋਂ ਸਖਤ ਹੁਕਮ ਸਨ ਕਿ ਉਹਨਾਂ ਦੀ ਮਰਜੀ ਤੋਂ ਬਿਨਾਂ ਕਿਸੇ ਨੂੰ ਕਮਰੇ ਨਾ ਦਿੱਤੇ ਜਾਣ। ਕਾਰਨ ਇਹ ਸੀ ਕਿ ਇਹਨਾਂ ਕਮਰਿਆਂ ਵਿੱਚ ਰੈਲੀ ਵਿੱਚ ਪਹੁੰਚੇ ਵੱਡੇ ਨੇਤਾਵਾਂ ਅਤੇ ਆਹਲਾ ਦਰਜੇ ਦੀ ਅਫਸਰਸ਼ਾਹੀ ਦੇ ਠਹਿਰਣ ਦਾ ਪ੍ਰਬੰਧ ਕੀਤਾ ਗਿਆ ਸੀ। ਪਰ ਉਹ ਆਮ ਲੋਕ ਜੋ ਰੈਲੀ ਨੂੰ ਸਫਲ ਬਣਾਉਣ ਲਈ ਦਿਨ ਰਾਤ ਵਰ੍ਹਦੇ ਮੀਂਹ ਵਿਚ ਕੰਮ ਕਰ ਰਹੇ ਸਨ ਕਾਰੀਗਰ, ਮਜਦੂਰ, ਸੁਰੱਖਿਆ ਕਰਮਚਾਰੀ, ਸਫਾਈ ਸੇਵਕ ਅਤੇ ਮੀਡੀਆ ਦੇ ਲੋਕ ਇਹਨਾਂ ਠਰੀਆਂ ਭਿੱਜੀਆਂ ਰਾਤਾਂ ਵਿੱਚ ਠਰੂੰ ਠਰੂੰ ਕਰਦੇ ਭੁੱਖਣ ਭਾਣੇ ਦਰ-ਬ-ਦਰ ਭਟਕਦੇ ਰਹੇ। ਇਸ ਸਭ ਕੁਝ ਨੂੰ ਹੋਰ ਚੰਗੀ ਤਰ੍ਹਾਂ ਸਥਾਨਕ ਲੋਕਾਂ, ਹੋਟਲ ਮਾਲਕਾਂ ਅਤੇ ਖਾਣੇ ਦੇ ਢਾਬਿਆਂ ਵਾਲਿਆਂ ਤੋਂ ਸਮਝਿਆ ਜਾ ਸਕਦਾ ਹੈ। ਰੈਲੀ ਵਾਲੇ ਦਿਨ ਵੱਡੇ ਲੀਡਰ ਸਮੇਂ ਅਨੁਸਾਰ ਨਿੱਘੀਆਂ ਕਾਰਾਂ ਚੋਂ ਨਿਕਲ ਕੇ ਆਲੀਸ਼ਾਨ ਮੰਚ ‘ਤੇ ਬਿਰਾਜਮਾਨ ਹੋ ਗਏ। ਇਹਨਾਂ ਚੋਂ ਕੁਝ ਨੇ ਕੁਝ ਕੁ ਲੋਕ ਜੋ ਕਿਸੇ ਤਰ੍ਹਾਂ ਵਰ੍ਹਦੇ ਮੀਂਹ ਦੌਰਾਨ ਨੇਤਾਵਾਂ ਨੂੰ ਸੁਨਣ ਆ ਗਏ ਸਨ ਤੇ ਭਿੱਜਣ ਤੋਂ ਬਚਾ ਲਈ ਇੱਕ ਕੁਰਸੀ ਤੇ ਬੈਠ ਕੇ ਦੂਜੀ ਕੁਰਸੀ ਸਿਰ ਤੇ ਲਈ ਬੈਠੇ ਸਨ ਨੂੰ ਸੰਬੋਧਨ ਵੀ ਕੀਤਾ। ਪਰ ਇਹ ਬਹੁਤ ਥੋੜੇ ਗਿਣਤੀ ਦੇ ਲੋਕ ਸਨ। ਬਾਕੀ ਲੋਕ ਮੀਂਹ ਕਰਕੇ ਗੱਡੀਆਂ ਬੱਸਾਂ ਟਰੱਕਾਂ ਵਿੱਚ ਹੀ ਬੈਠੇ ਰਹੇ।
       ਇਥੇ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਮੌਸਮ ਵਿਭਾਗ ਨੇ ਇਹਨਾਂ ਦਿਨਾਂ ਵਿੱਚ ਮੀਂਹ ਪੈਣ ਦੀ ਭਵਿੱਖ ਬਾਣੀ ਕੀਤੀ ਹੋਈ ਸੀ ਤਾਂ ਰੈਲੀ ਨੂੰ ਅੱਗੇ ਪਿੱਛੇ ਕਿਉਂ ਨਹੀਂ ਕੀਤਾ ਗਿਆ? ਰੈਲੀ ਵੀ ਸਫਲ ਹੁੰਦੀ, ਪ੍ਰਧਾਨ ਮੰਤਰੀ ਜੀ ਵੀ ਮਿੱਥੇ ਰੂਟ ਅਨੁਸਾਰ ਆਉਂਦੇ ਤੇ ਪੰਜਾਬ ਵਾਸੀਆਂ ਨੂੰ ਬਿਨਾਂ ਰੋਕ ਟੋਕ ਵਿਕਾਸ ਕਾਰਜਾਂ ਅਤੇ ਰੋਜਗਾਰ ਲਈ ਮੋਟੀ ਰਕਮ ਵੀ ਮਿਲ ਜਾਂਦੀ। ਇਹ ਸਭ ਸੋਚ ਸਮਝ ਕੇ ਕਿਉਂ ਨਹੀਂ ਕੀਤਾ ਗਿਆ? ਸਭ ਕੁਝ ਦੀ ਹਕੀਕਤ ਕੀ ਹੈ? ਹਕੀਕਤ ਇਹ ਹੈ ਇਸ ਰੈਲੀ ਨੇ ਸਾਨੂੰ ਇੱਕ ਤਰ੍ਹਾਂ ਇਹ ਸ਼ੀਸ਼ਾ ਵਿਖਾ ਦਿੱਤਾ ਹੈ ਕਿ ਸਾਡੇ ਭਾਰਤੀ ਹਾਕਮਾਂ ਅਤੇ ਆਮ ਲੋਕਾਂ ਮੁਲਾਜ਼ਮਾਂ, ਪੁਲਿਸ ਕਰਮਚਾਰੀਆਂ, ਕਿਸਾਨਾਂ, ਮਜਦੂਰਾਂ ਦਰਮਿਆਨ ਕਿੰਨਾ ਵੱਡਾ ਫਰਕ ਹੈ। ਇਸ ਰੈਲੀ ਨੇ ਅੱਖਾਂ ਖੋਹਲ ਦਿੱਤੀਆਂ ਹਨ ਕਿ ਲੋਕ ਅਜੇ ਵੀ ਗੁਲਾਮਾਂ ਵਾਲੀ ਜੂਨ ਭੋਗ ਰਹੇ ਹਨ ਅਤੇ ਨੇਤਾਵਾਂ ਦਾ ਵਿਹਾਰ ਅੰਗਰੇਜੀ ਹਾਕਮਾਂ ਦੇ ਸਿਖਰ ਤੋਂ ਵੀ ਉਤਾਂਹ ਹੈ। ਪੁੱਛਿਆ ਜਾਣਾ ਚਾਹੀਦਾ ਹੈ ਕਿ ਉਹ ਲੋਕ ਜਿਹਨਾਂ ਰੈਲੀ ਵਿੱਚ ਆ ਕੇ ਨੇਤਾਵਾਂ ਦੇ ਭਾਸ਼ਣ ਸੁਨਣੇ ਸਨ ਕੀ ਉਹ ਇਨਸਾਨ ਨਹੀਂ ਹਨ? ਜੇਕਰ ਨੇਤਾਵਾਂ ਦੇ ਬੈਠਣ ਲਈ ਉਚੇ ਨਿੱਘੇ ਮੰਚ ਦਾ ਪ੍ਰਬੰਧ ਹੋ ਸਕਦਾ ਹੈ ਤਾਂ ਆਮ ਲੋਕਾਂ ਲਈ ਕਿਉਂ ਨਹੀਂ? ਠੰਢੇ ਦਿਨਾਂ ਵਿਚ ਵਰ੍ਹਦੇ ਮੀਂਹ ਵਿਚ ਲੋਕ ਪਸ਼ੂਆਂ ਨੂੰ ਵੀ ਤਰਸ ਕਰਕੇ ਅੰਦਰ ਕਰ ਦਿੰਦੇ ਹਨ ਉਹ ਤਾਂ ਫਿਰ ਇਨਸਾਨ ਸਨ। ਫਿਰ ਓਦੋਂ ਜਦੋਂ ਕਿ ਪਤਾ ਹੈ ਕਿ ਪੂਰਾ ਦਿਨ ਬਾਰਸ਼ ਹੋਣੀ ਹੈ ਅਤੇ ਉਤੋਂ ਕਹਿਰ ਦੀ ਸਰਦੀ ਪੈ ਰਹੀ ਹੈ ਲੋਕ ਕਿਸ ਤਰ੍ਹਾਂ ਬੈਠਣਗੇ ? ਰੈਲੀ ਨੇ ਇਹ ਸਾਫ ਕਰ ਦਿੱਤਾ ਕਿ ਨੇਤਾਵਾਂ ਦੀ ਨਜ਼ਰ ਵਿਚ ਲੋਕ ਲੋਕ ਹੁੰਦੇ ਹਨ ਤੇ ਹਾਕਮ ਹਾਕਮ। ਉਹ ਕਰਮਚਾਰੀ ਤੇ ਸਫਾਈ ਸੇਵਕ ਜੋ ਵਰਦੇ ਮੀਹਾਂ ਵਿੱਚ ਦਿਨ ਰਾਤ ਕੰਮ ਕਰਦੇ ਰਹੇ ਡਿਊਟੀਆਂ ਨਿਭਾਉਂਦੇ ਰਹੇ ਕੀ ਉਹ ਇਨਸਾਨ ਨਹੀਂ ਹਨ? ਜਿਸ ਪੰਜਾਬ ਦੇ ਲੋਕਾਂ ਨੂੰ ਵਿਸ਼ੇਸ਼ ਆਰਥਕ ਪੈਕੇਜ ਦਿੱਤਾ ਜਾਣਾ ਹੈ ਇਸੇ ਪੰਜਾਬ ਦੇ ਹੀ ਮਜਦੂਰ ਕਿਸਾਨ, ਬਜੁਰਗ ਅਤੇ ਬਜੁਰਗ ਮਾਵਾਂ ਇੱਕ ਸਾਲ ਤੋਂ ਦਿੱਲੀ ਦੇ ਬਾਰਡਰਾਂ ਤੇ ਮੀਹਾਂ ਝੱਖੜਾਂ ਗਰਮੀ ਸਰਦੀ ਵਿੱਚ ਸੰਘਰਸ਼ ਕਰਦੇ ਰਹੇ । ਇਹਨਾਂ ਚੋਂ ਸੱਤ ਸੌ ਦੇ ਕਰੀਬ ਸ਼ਹਾਦਤਾਂ ਦੇ ਗਏ। ਪੂਰਾ ਸਾਲ ਦੇਸ਼ ਦੀ ਵਿਵਸਥਾ ਦਾ ਇਹਨਾਂ ਪ੍ਰਤੀ ਵਿਵਹਾਰ ਇਹ ਰਿਹਾ ਕਿ ਜਿਵੇਂ ਇਹ ਕੀੜੇ ਮਕੌੜੇ ਹੋਣ। ਪੂਰਾ ਸਾਲ ਸ਼ੰਘਰਸ਼ ਕਰਨਾ ਤੇ ਫਿਰ ਇਸ ਸ਼ੰਘਰਸ਼ ਨੂੰ ਹਰ ਤਰਾਂ ਦੀਆਂ ਸ਼ਾਜਿਸਾਂ ਤੋਂ ਬਚਾ ਕੇ ਰੱਖਣਾ ਕਿੰਨੀ ਵੱਡੀ ਚੁਣੌਤੀ ਸੀ ਜੋ ਪੰਜਾਬ ਹਰਿਆਣੇ ਸਮੇਤ ਪੂਰੇ ਦੇਸ਼ ਦੇ ਕਿਸਾਨਾਂ ਆਪਣੇ ਸਿਰਾਂ ਨਾਲ ਨਿਭਾਈ?
       ਇਹ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਵਿਸ਼ੇਸ਼ ਪੈਕਜਾਂ ਦਾ ਹੇਜ਼ ਚੋਣਾਂ ਦੌਰਾਨ ਹੀ ਕਿਉਂ ਜਾਗਦਾ ਹੈ? ਗੱਲ ਫਿਰ ਉਥੇ ਆਉਂਦੀ ਹੈ ਕਿ ਵਿਵਸਥਾਂ ਚਾਹੁੰਦੀ ਹੈ ਕਿ ਦੇਸ਼ ਦੇ ਆਮ ਲੋਕ ਅਜਿਹੇ ਲੋਕ ਬਣੇ ਰਹਿਣ ਜੋ ਸਾਡੇ ਝੰਡੇ ਚੁੱਕ ਕੇ ਵਰਦੇ ਮੀਂਹਾਂ ਵਿੱਚ ਖੜ੍ਹੇ ਹੋ ਸਕਣ। ਇਹ ਕਿਸੇ ਇੱਕ ਪਾਰਟੀ ਦਾ ਏਜੰਡਾ ਨਹੀਂ ਲਗਭਗ ਸਾਰੀਆਂ ਪਾਰਟੀਆਂ ਆਪਣੀਆਂ ਰੈਲੀਆਂ ਭਰਨ ਲਈ ਲੋਕਾਂ ਨੂੰ ਦਿਹਾੜੀ ਤੇ ਵੀ ਲੈ ਕੇ ਆਉਂਦੀਆਂ ਹਨ। ਹਰ ਪੰਜ ਸਾਲ ਮਗਰੋਂ ਇਹ ਚਲਣ ਵਧ ਰਿਹਾ ਹੈ। ਇਹ ਹੋਰ ਵਧੇਗਾ ਕਿਉਂ ਕਿ ਇਹ ਸਭ ਕੁਝ ਸੱਤਾ ਦੀ ਲੋੜ ਹੈ। ਅਜਿਹੀ ਵਿਵਸਥਾ ਪੈਦਾ ਕੀਤੀ ਜਾਵੇ ਕਿ ਲੋਕ ਵੱਧ ਤੋਂ ਵੱਧ ਵਿਕਣ ਲਈ ਤਿਆਰ ਹੋਣ ਇਸ ਵਿੱਚ ਲੋਕਾਂ ਦਾ ਦੋਸ਼ ਨਹੀਂ ਬਲਕਿ ਉਸ ਭ੍ਰਿਸ਼ਟ ਪ੍ਰਬੰਧ ਦਾ ਦੋਸ਼ ਹੈ ਜੋ ਅਜਿਹੀ ਵਿਵਸਥਾ ਪੈਦਾ ਕਰ ਰਿਹਾ ਹੈ। ਇਸ ਰੈਲੀ ਨੇ ਇਹ ਦਰਸਾ ਦਿੱਤਾ ਆਮ ਲੋਕ ਸਖਤ ਸਰਦੀ ਵਿੱਚ ਵਰ੍ਹਦੇ ਮੀਂਹਾਂ ਵਿੱਚ ਖੜ ਕੇ ਨਾਹਰੇ ਮਾਰਨ ਲਈ ਹਨ ਅਤੇ ਦੇਸ਼ ਨੇਤਾਵਾਂ ਦਾ ਕੰਮ ਨਿੱਘੀਆਂ ਕਾਰਾਂ ਚੋਂ ਨਿਕਲ ਕੇ ਨਿੱਘੇ ਸਟੇਜ ‘ਤੇ ਖੜ੍ਹਕੇ, ਝੱਖੜਾਂ ਵਿੱਚ ਠਰਦੇ ਲੋਕਾਂ ਲਈ ਵੱਡੀਆਂ ਆਸਾਂ ਉਮੀਦਾਂ ਨੂੰ ਜਗਾ ਕੇ ਰੱਖਣਾ ਹੈ। ਯਾਦ ਰਹੇ ਇਸ ਤਰ੍ਹਾਂ ਦੇ ਵਿਸ਼ੇਸ਼ ਪੈਕੇਜ ਪਹਿਲਾਂ ਬਿਹਾਰ ਵਰਗੇ ਸੂਬਿਆਂ ਵਿੱਚ ਵੀ ਦਿੱਤੇ ਜਾ ਚੁੱਕੇ ਹਨ ਜਿੱਥੇ ਪ੍ਰਧਾਨ ਮੰਤਰੀ ਨੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਬਿਹਾਰ ਵਾਸੀਓ ਮੈਂਨੇ ਬਿਹਾਰ ਕੀ ਏਕ ਏਕ ਚੀਜ਼ ਕੋ ਦੇਖਾ ਔਰ ਸਮਝਾ ਕਿ ਪਚਾਸ ਹਜਾਰ ਕਰੋੜ ਸੇ ਕੁਝ ਨਹੀਂ ਹੋਗਾ। ਭਾਈਓ ਔਰ ਬਹਿਨੋ ਆਜ ਮੈਂ ਬਾਬੂ ਵੀਰ ਕੁੰਵਰ ਸਿੰਘ ਕੀ ਪਵਿੱਤਰ ਧਰਤੀ ਸੇ ਬਿਹਾਰ ਕੇ ਪੈਕੇਜ ਕੀ ਘੋਸ਼ਨਾ ਜਹਾਂ ਸੇ ਕਰਨਾ ਚਾਹਤਾ ਹੂੰ ਪਚਾਸ ਹਜਾਰ ਕਰੂੰ ਕਿ ਜਿਆਦਾ ਕਰੂੰ? ਸਾਠ ਹਜਾਰ ਕਰੂੰ ਕਿ ਜਿਆਦਾ ਕਰੂੰ? ਸੱਤਰ ਹਜਾਰ ਕਰੂੰ ਕਿ ਜਿਆਦਾ ਕਰੂੰ? ਅੱਸੀ ਹਜਾਰ ਜਾਂ ਨੱਬੇ ਹਜਾਰ ਕਰੂੰ ਭਾਈਓ ਔਰ ਬਹਿਨੋ ਕਾਨ ਖੋਹਲ ਕਰ ਸੁਨ ਲੋ ਦਿੱਲੀ ਸਰਕਾਰ ਤਰਫ ਸੇ ਆਪਕੋ ਸਵਾ ਲਾਖ ਕਰੋੜ ਦੇ ਕੇ ਜਾ ਰਹਾ ਹੂੰ। ਇਸ ਐਲਾਨ ਦੀਆਂ ਤਾੜੀਆਂ ਨਾਲ ਸਾਰਾ ਬਿਹਾਰ ਗੂੰਜ ਉਠਿਆ ਸੀ।
      ਇਸ ਮਗਰੋਂ ਬਿਹਾਰ ਅਤੇ ਦੇਸ਼ ਦੇ ਲੋਕਾਂ ਨੇ ਅੱਜ ਤੱਕ ਨਹੀਂ ਪੁੱਛਿਆ ਨਾ ਹੀ ਪੁੱਛਣਾ ਹੈ ਕਿ ਇਸ ਹਜਾਰਾਂ ਕਰੋੜਾਂ ਦੇ ਪੈਕੇਜ ਨਾਲ ਬਿਹਾਰੀ ਲੋਕਾਂ ਦੀ ਜੂਨ ਕਿੰਨੀ ਕੁ ਬਦਲ ਗਈ ਸੀ।
      ਇਸ ਰੈਲੀ ਵਿੱਚ ਵਾਪਰੇ ਘਟਨਾ ਕਰਮ ਬਾਰੇ ਵੀ ਬਹੁਤ ਕੁਝ ਪੁੱਛਿਆ ਜਾਣਾ ਬਾਕੀ ਹੈ ਜੋ ਸ਼ਾਇਦ ਕਦੇ ਨਹੀਂ ਪੁੱਛਿਆ ਜਾਵੇਗਾ। ਪ੍ਰਧਾਨ ਮੰਤਰੀ ਜੀ ਦੇ ਹਰ ਦੌਰੇ ਲਈ ਇੱਕ ਰੂਟ ਤੋਂ ਇਲਾਵਾ ਪਲੈਨ ਬੀ ਦੂਜਾ ਰੂਟ ਵੀ ਹੁੰਦਾ ਹੈ ਜੇਕਰ ਪਹਿਲੇ ਰੂਟ ਤੇ ਜੇ ਕੋਈ ਅੜਚਨ ਹੁੰਦੀ ਹੈ ਤਾਂ ਦੂਜਾ ਰੂਟ ਤਿਆਰ ਹੁੰਦਾ ਹੈ। ਇਹ ਜਿੰਮੇਵਾਰੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਕਰ ਰਹੀ ਵਿਸ਼ੇਸ਼ ਏਜੰਸੀ ਕੋਲ ਹੀ ਹੁੰਦੀ ਹੈ। ਇਸ ਸਭ ਕੁਝ ਨੂੰ ਅਜਿਹੇ ਢੰਗ ਅਤੇ ਸਖਤੀ ਨਾਲ ਕੀਤਾ ਜਾਂਦਾ ਹੈ ਕਿ ਰੈਲੀ ਵਾਲੀ ਜਗਾਹ ਤੇ ਕੋਈ ਕੈਮਰਾਮੈਂਨ ਆਪਣੇ ਕੈਮਰੇ ਨੂੰ ਇੱਕ ਫੁੱਟ ਵੀ ਇੱਧਰ ਉਧਰ ਨਹੀਂ ਕਰ ਸਕਦਾ। ਜੇਕਰ ਅਜਿਹਾ ਕਰਨਾ ਵੀ ਹੈ ਤਾਂ ਇਸ ਦੀ ਮਨਜੂਰੀ ਦਿਲੀ ਪੀ ਐਮ ਓ ਦਫਤਰ ਤੋਂ ਲੈਣੀ ਪੈਂਦੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦਫਤਰ ਦਾ ਵਿਸ਼ੇਸ਼ ਸੁਰੱਖਿਆ ਅਧਿਕਾਰੀ ਰੈਲੀ ਵਾਲੀ ਥਾਂ ਤੇ ਪਹਿਲਾਂ ਪਹੁੰਚ ਕੇ ਪਲ ਪਲ ਦੀ ਖਬਰ ਕਾਫਲੇ ਨੂੰ ਦੇ ਰਹੇ ਹੁੰਦੇ ਹਨ। ਜੇਕਰ ਪ੍ਰਧਾਨ ਮੰਤਰੀ ਨੂੰ ਠੀਕ ਢੰਗ ਨਾਲ ਰੈਲੀ ਵਾਲੀ ਥਾਂ ‘ਤੇ ਨਹੀਂ ਲਿਜਾਇਆ ਗਿਆ ਇਸ ਦੀ ਜਿੰਮੇਵਾਰੀ ਐਸ ਪੀ ਜੀ ਦੀ ਹੁੰਦੀ ਹੈ। ਕੀ ਇਸ ਰੂਟ ਦੀ ਹੈਲੀਕਾਪਟਰ ਰਾਹੀਂ ਸ਼ਨਾਖਤ ਕੀਤੀ ਗਈ? ਕੀ ਵਾਰਨਰ ਕਾਰ ਜੋ ਕਾਫਲੇ ਤੋਂ ਡੇੜ ਕਿਲੋਮੀਟਰ ਅੱਗੇ ਚਲਦੀ ਹੈ ਰਾਹੀਂ ਇਸ ਰੂਟ ਨੂੰ ਸਮਝ ਲਿਆ ਗਿਆ ਸੀ?
       ਗੋਦੀ ਮੀਡੀਆ ਵੱਲੋਂ ਇਸ ਸਾਰੇ ਘਟਨਾ ਕਰਮ ਨੂੰ ਭਾਵਨਾਤਮਿਕ ਰੰਗ ਦੇ ਕੇ ਇਸ ਤੋਂ ਸਿਆਸੀ ਲਾਹਾ ਲੈਣ ਦੀ ਗੱਲ ਕੀਤੀ ਜਾ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਖਾਲਿਸਤਾਨੀ, ਵੱਖਵਾਦੀ ਦੱਸਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਪ੍ਰਧਾਨ ਮੰਤਰੀ ਜੀ ਜੋ ਕੇ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਹਨ ਲਈ ਕਈ ਥਾਵਾਂ ਤੇ ਮਹਾਂਮਿਰਤੰਜੇ ਜਾਪ/ਹਵਨ ਹੋਣ ਲੱਗੇ ਹਨ। ਆਪਦਾ ਨੂੰ ਅਵਸਰ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
      ਲੋਕਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਉਹਨਾਂ ਦੀ ਕਿਸਮਤ ਕਿਸੇ ਜਹਾਜ ਤੋਂ ਉਤਰੇ ਲੀਡਰ ਨੇ ਨਹੀਂ ਲਿਖਣੀ ਬਲਕਿ ਉਹਨਾਂ ਨੂੰ ਆਪਣੀ ਕਿਸਮਤ ਆਪਣੇ ਹੱਥਾਂ ਨਾਲ ਲਿਖਣੀ ਪੈਣੀ ਹੈ ਇਸ ਲਈ ਇੱਕੋ ਇੱਕ ਰਾਹ ਸ਼ੰਘਰਸ਼ ਦਾ ਰਾਹ ਹੈ ਉਂਝ ਝੰਡੇ ਕਿਸੇ ਵੀ ਪਾਰਟੀ ਦੇ ਜਿੰਨਾ ਚਿਰ ਮਰਜੀ ਚੁੱਕੀ ਫਿਰਨ।