ਇਮਰਾਨ ਖ਼ਾਨ ਲਈ ਅਜ਼ਮਾਇਸ਼ ਦਾ ਵੇਲਾ  - ਜੀ. ਪਾਰਥਾਸਾਰਥੀ

ਇਮਰਾਨ ਖ਼ਾਨ ਪਾਕਿਸਤਾਨ ਦਾ ਪਹਿਲਾ ਅਜਿਹਾ ਪ੍ਰਧਾਨ ਮੰਤਰੀ ਬਣ ਗਿਆ ਹੈ ਜਿਸ ਨੇ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਆਈਐੱਸਆਈ ਦੇ ਲਾਲਸੀ ਮੁਖੀ ਲੈਫਟੀਨੈਂਟ ਜਨਰਲ ਫ਼ੈਜ਼ ਹਮੀਦ ਵਿਚਕਾਰ ਸੇਹ ਦਾ ਤੱਕਲਾ ਗੱਡ ਦਿੱਤਾ ਹੈ। ਜਨਰਲ ਹਮੀਦ ਦੀ ਖ਼ਾਹਿਸ਼ ਰਹੀ ਹੈ ਕਿ ਜਦੋਂ ਜਨਰਲ ਬਾਜਵਾ ਸੇਵਾਮੁਕਤ ਹੋਣਗੇ ਤਾਂ ਉਹ ਉਨ੍ਹਾਂ ਦੀ ਥਾਂ ਪਹਿਲੀ ਨਵੰਬਰ 2022 ਨੂੰ ਫ਼ੌਜ ਦੇ ਮੁਖੀ ਬਣ ਜਾਣਗੇ। ਹਮੀਦ ਨੇ ਅਫ਼ਗਾਨਿਸਤਾਨ ਵਿਚ ਹੱਕਾਨੀ ਨੈੱਟਵਰਕ ਜਿਹੇ ਆਈਐੱਸਆਈ ਦੇ ਪਿੱਠੂਆਂ ਨੂੰ ਵਰਤ ਕੇ ਜਿਵੇਂ ਮੁੱਲ੍ਹਾ ਅਬਦੁਲ ਗ਼ਨੀ ਬਰਾਦਰ ਨੂੰ ਕਾਬੁਲ ਤੋਂ ਖਦੇੜ ਕੇ ਕੰਧਾਰ ਭੱਜਣ ਲਈ ਮਜਬੂਰ ਕੀਤਾ ਸੀ, ਉਸ ਨਾਲ ਉਨ੍ਹਾਂ ਚੋਖੀ ਆਲਮੀ ਖੁਨਾਮੀ ਖੱਟੀ ਸੀ। ਉਸ ਵੇਲੇ ਮੁੱਲ੍ਹਾ ਬਰਾਦਰ ਨਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਦੀ ਤਿਆਰੀ ਵਿਚ ਸਨ। ਉਨ੍ਹਾਂ ਤੋਂ ਬਾਅਦ ਆਈਐੱਸਆਈ ਦੇ ਤਤਕਾਲੀ ਮੁਖੀ ਜਨਰਲ ਹਮੀਦ ਦੀ ਮੌਜੂਦਗੀ ਵਿਚ ਨਵੀਂ ਅਫ਼ਗਾਨ ਵਜ਼ਾਰਤ ਕਾਇਮ ਕੀਤੀ ਗਈ। ਇਸ ਨਵੇਂ ਪ੍ਰਬੰਧ ਨੂੰ ਹਾਲਾਂਕਿ ਇਮਰਾਨ ਖ਼ਾਨ ਵਲੋਂ ਜ਼ਾਹਰਾ ਤੌਰ ਤੇ ਥਾਪੜਾ ਦਿੱਤਾ ਜਾ ਰਿਹਾ ਸੀ ਪਰ ਇਸ ਨੇ ਉਨ੍ਹਾਂ ਲਈ ਕਈ ਨਵੀਆਂ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ। ਅਜਿਹਾ ਕੋਈ ਰਾਹ ਨਜ਼ਰ ਨਹੀਂ ਆ ਰਿਹਾ ਕਿ ਹਮੀਦ ਦਾ ਜਾਨਸ਼ੀਨ ਲੈਫਟੀਨੈਂਟ ਜਨਰਲ ਨਦੀਮ ਅਹਿਮਦ ਅੰਜੁਮ ਇਮਰਾਨ ਖ਼ਾਨ ਦੀ ਉਵੇਂ ਫ਼ਰਮਾਬਰਦਾਰੀ ਕਰੇਗਾ ਜਿਵੇਂ ਹਮੀਦ ਕਰਦਾ ਸੀ।
        ਇਹ ਸਭ ਕੁਝ ਉਦੋਂ ਹੋ ਰਿਹਾ ਹੈ ਜਦੋਂ ਬੰਗਲਾਦੇਸ਼ ਪਾਕਿਸਤਾਨੀ ਕਬਜ਼ੇ ਤੋਂ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਪਾਕਿਸਤਾਨ ਨੂੰ ਉਮੀਦ ਸੀ ਕਿ ਬੰਗਲਾਦੇਸ਼ ਆਰਥਿਕ ਤੌਰ ਤੇ ਨਾਕਾਮ ਅਤੇ ਵਿਦੇਸ਼ੀ ਇਮਦਾਦ ਤੇ ਨਿਰਭਰ ਦੇਸ਼ ਸਾਬਿਤ ਹੋਵੇਗਾ ਪਰ ਹੁਣ ਪਾਕਿਸਤਾਨੀ ਆਰਥਿਕ ਮਾਹਿਰ ਵੀ ਮੰਨ ਰਹੇ ਹਨ ਕਿ ਬਹੁਤ ਸਾਰੇ ਆਰਥਿਕ ਪੈਮਾਨਿਆਂ ਤੇ ਬੰਗਲਾਦੇਸ਼ ਦੀ ਕਾਰਗੁਜ਼ਾਰੀ ਪਾਕਿਸਤਾਨ ਨਾਲੋਂ ਕਿਤੇ ਬਿਹਤਰ ਰਹੀ ਹੈ। ਇਸ ਨੇ ਦੱਖਣ ਅਤੇ ਦੱਖਣ ਪੂਰਬ ਏਸ਼ੀਆ ਵਿਚਲੇ ਆਪਣੇ ਗੁਆਂਢੀ ਦੇਸ਼ਾਂ ਨਾਲ ਚੰਗੇ ਸੰਬੰਧ ਬਣਾ ਕੇ ਰੱਖੇ ਹੋਏ ਹਨ। ਪਾਕਿਸਤਾਨ ਦੁਨੀਆ ਭਰ ਵਿਚ ਆਪਣੇ ਆਪ ਨੂੰ ਕੱਟੜਪੰਥੀ ਇਸਲਾਮੀ ਜਥੇਬੰਦੀਆਂ ਦੇ ਸਰਬਰਾਹ ਵਜੋਂ ਪੇਸ਼ ਕਰਦਾ ਹੈ ਜਦਕਿ ਬੰਗਲਾਦੇਸ਼ ਇਸ ਤੋਂ ਬਿਲਕੁਲ ਵੱਖਰੇ ਰਾਹ ਤੇ ਜਾ ਰਿਹਾ ਹੈ।
       ਉੱਘੇ ਭੌਤਿਕ ਵਿਗਿਆਨੀ ਤੇ ਵਿਦਿਆਦਾਨੀ ਪਰਵੇਜ਼ ਹੁਦਭਾਈ ਜਿਹੇ ਪਾਕਿਸਤਾਨੀਆਂ ਨੇ ਇਹ ਗੱਲ ਦਰਜ ਕੀਤੀ ਹੈ: “ਇਸ ਸਮੇਂ ਕੁਝ ਅਰਥ-ਸ਼ਾਸਤਰੀਆਂ ਦਾ ਕਹਿਣਾ ਹੈ ਕਿ ਬੰਗਲਾਦੇਸ਼ ਅਗਲਾ ਏਸ਼ਿਆਈ ਸ਼ੇਰ ਬਣ ਕੇ ਸਾਹਮਣੇ ਆਵੇਗਾ। ਪਿਛਲੇ ਸਾਲ ਇਸ ਦੀ ਵਿਕਾਸ ਦਰ 7.8 ਫ਼ੀਸਦ ਰਹੀ ਸੀ ਜਿਸ ਸਦਕਾ ਇਹ ਭਾਰਤ (8 ਫ਼ੀਸਦ) ਦੇ ਮੁਕਾਬਲੇ ਤੇ ਆ ਗਿਆ ਹੈ ਅਤੇ ਇਹ ਪਾਕਿਸਤਾਨ ਦੀ ਵਿਕਾਸ ਦਰ (5.8 ਫ਼ੀਸਦ) ਨਾਲੋਂ ਕਿਤੇ ਬਿਹਤਰ ਹੈ। ਬੰਗਲਾਦੇਸ਼ ਦਾ ਪ੍ਰਤੀ ਜੀਅ ਕਰਜ਼ 434 ਅਰਬ ਡਾਲਰ ਹੈ ਜੋ ਪਾਕਿਸਤਾਨ ਦੇ ਕਰਜ਼ (974 ਅਰਬ ਡਾਲਰ) ਨਾਲੋਂ ਅੱਧ ਤੋਂ ਵੀ ਘੱਟ ਹੈ। ਇਸ ਦੇ ਵਿਦੇਸ਼ੀ ਰਾਖਵੇਂ ਭੰਡਾਰ 32 ਅਰਬ ਡਾਲਰ ਹਨ ਜੋ ਪਾਕਿਸਤਾਨ ਦੇ 8 ਅਰਬ ਡਾਲਰ ਦੇ ਰਾਖਵੇਂ ਭੰਡਾਰ ਨਾਲੋਂ ਚਾਰ ਗੁਣਾ ਜ਼ਿਆਦਾ ਹਨ।” ਹਾਲਾਂਕਿ ਪਾਕਿਸਤਾਨ ਭਾਰਤ ਨਾਲ ਆਪਣੀ ਕੌਮਾਂਤਰੀ ਆਰਥਿਕ ਬਰਾਬਰੀ ਦਾ ਦਾਅਵਾ ਕਰਦਾ ਹੈ ਪਰ ਇਸ ਕੋਲ ਬੰਗਲਾਦੇਸ਼ ਦੇ ਵਿਦੇਸ਼ੀ ਮੁਦਰਾ ਰਾਖਵੇਂ ਭੰਡਾਰਾਂ ਦਾ ਚੌਥਾ ਹਿੱਸਾ ਹੀ ਹੈ ਜਦਕਿ ਭਾਰਤ ਦੇ ਵਿਦੇਸ਼ੀ ਮੁਦਰਾ ਦੇ (640 ਅਰਬ ਡਾਲਰ) ਰਾਖਵੇਂ ਭੰਡਾਰ ਦਾ ਮਹਿਜ਼ 1.25 ਫ਼ੀਸਦ ਬਣਦੇ ਹਨ।
        ਕੋਈ ਹੈਰਾਨੀ ਦੀ ਗੱਲ ਨਹੀਂ ਜਦੋਂ ਅਫ਼ਗਾਨਿਸਤਾਨ ਦੇ ਪੰਜ ਮੱਧ ਏਸ਼ਿਆਈ ਮੁਲਕਾਂ ਦੇ ਵਿਦੇਸ਼ ਮੰਤਰੀ ਇਸਲਾਮਾਬਾਦ ਵਿਚ ਇਸਲਾਮੀ ਮੁਲਕਾਂ ਦੀ ਮੰਤਰੀ ਪੱਧਰ ਦੀ ਕਾਨਫਰੰਸ ਵਿਚੋਂ ਉਠ ਕੇ ਖੇਤਰੀ ਸਹਿਯੋਗ ਵਧਾਉਣ ਤੇ ਤਾਲਿਬਾਨ ਦੇ ਸ਼ਾਸਨ ਕਾਰਨ ਪੈਦਾ ਹੋ ਰਹੀਆ ਮੁਸ਼ਕਿਲਾਂ ਤੇ ਚਰਚਾ ਕਰਨ ਲਈ ਦਿੱਲੀ ਵਿਚ ਬੁਲਾਈ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਪੁੱਜ ਗਏ ਸਨ। ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਹੋਰ ਨੁਮਾਇੰਦਿਆਂ ਵਿਚ ਅਮਰੀਕਾ ਅਤੇ ਉਸ ਦੇ ਸਾਥੀ ਮੁਲਕਾਂ ਦੇ ਦਰਮਿਆਨੇ ਪੱਧਰ ਦੇ ਅਧਿਕਾਰੀ ਮੌਜੂਦ ਸਨ। ਇਸਲਾਮਾਬਾਦ ਕਾਨਫਰੰਸ ਦਾ ਉਦਘਾਟਨ ਇਮਰਾਨ ਖ਼ਾਨ ਨੇ ਕੀਤਾ ਸੀ। ਬਹਰਹਾਲ, ਕਾਨਫਰੰਸ ਵਿਚ ਸ਼ਿਰਕਤ ਕਰਨ ਵਾਲੇ ਮੁਲਕਾਂ ਤੋਂ ਬਹੁਤੀ ਇਮਦਾਦ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ ਜਦਕਿ ‘ਓਆਈਸੀ’ ਦੇ ਬਾਨੀ ਸਾਊਦੀ ਅਰਬ ਵਲੋਂ ਸ਼ੁਰੂਆਤੀ ਯੋਗਦਾਨ ਦੇ ਦਿੱਤਾ ਗਿਆ ਸੀ।
       ਇਮਰਾਨ ਖ਼ਾਨ ਦੇ ਸ਼ਾਸਨ ਹੇਠ ਪਾਕਿਸਤਾਨ ਨੇ ਤਾਲਿਬਾਨ ਦੇ ਸ਼ਾਸਨ ਕਰ ਕੇ ਪੈਦਾ ਹੋਣ ਵਾਲੇ ਆਲਮੀ ਖ਼ਦਸ਼ਿਆਂ ਤੋਂ ਆਰਥਿਕ ਲਾਹਾ ਖੱਟਣ ਵਾਸਤੇ ਹਰ ਤਰ੍ਹਾਂ ਦਾ ਹਰਬਾ ਅਜ਼ਮਾ ਲਿਆ ਹੈ। ਇਮਰਾਨ ਖ਼ਾਨ ਨੂੰ ਦਰਪੇਸ਼ ਸਭ ਤੋਂ ਗੰਭੀਰ ਚੁਣੌਤੀਆਂ ਉਨ੍ਹਾਂ ਦੀਆਂ ਅੰਦਰੂਨੀ ਦਿੱਕਤਾਂ ਕਾਰਨ ਪੈਦਾ ਹੋਈਆਂ ਹਨ। ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਇਮਰਾਨ ਖ਼ਾਨ ਨੇ ਜਿਹੋ ਜਿਹੇ ਬਿਆਨ ਦਿੱਤੇ ਹਨ, ਉਸ ਨਾਲ ਉਹ ਇਕ ਲੇਖੇ ਤਾਲਿਬਾਨ ਦੇ ਤਰਜਮਾਨ ਬਣ ਗਏ ਹਨ ਜਿਨ੍ਹਾਂ ਵਲੋਂ ਔਰਤਾਂ ਨੂੰ ਰੁਜ਼ਗਾਰ ਤੇ ਸਿੱਖਿਆ ਹਾਸਲ ਕਰਨ ਦੇ ਬਰਾਬਰ ਮੌਕੇ ਨਹੀਂ ਦਿੱਤੇ ਜਾ ਰਹੇ। ਅਮਰੀਕਾ ਅਤੇ ਉਨ੍ਹਾਂ ਦੇ ਯੂਰੋਪੀ ਭਿਆਲਾਂ ਤੇ ਕਈ ਇਸਲਾਮੀ ਮੁਲਕਾਂ ਵਲੋਂ ਵੀ ਉਨ੍ਹਾਂ ਦੇ ਇਨ੍ਹਾਂ ਬਿਆਨਾਂ ਨੂੰ ਉੱਕਾ ਹੀ ਪਸੰਦ ਨਹੀਂ ਕੀਤਾ ਗਿਆ। ਅਫ਼ਗਾਨਿਸਤਾਨ ਨੂੰ ਅਤਿ ਲੋੜੀਂਦੀ ਕੌਮਾਂਤਰੀ ਆਰਥਿਕ ਇਮਦਾਦ ਮੁਹੱਈਆ ਕਰਵਾਉਣ ਲਈ ਵਾਰਤਾਵਾਂ ਦਾ ਦੌਰ ਚੱਲ ਰਿਹਾ ਹੈ। ਭਾਰਤ, ਇਰਾਨ ਅਤੇ ਇਨ੍ਹਾਂ ਦੇ ਮੱਧ ਏਸ਼ਿਆਈ ਮੁਲਕਾਂ ਨੂੰ ਇਰਾਨ ਵਿਚਲੀ ਚਾਬਹਾਰ ਬੰਦਰਗਾਹ ਦੀ ਵਰਤੋਂ ਵਧਾਉਣ ਦੇ ਤੌਰ ਤਰੀਕੇ ਲੱਭਣੇ ਚਾਹੀਦੇ ਹਨ ਤਾਂ ਕਿ ਅਫ਼ਗਾਨਿਸਤਾਨ ਲਈ ਰਾਹਤ ਸਮੱਗਰੀ ਪਹੁੰਚਾਉਣ ਦਾ ਲਾਂਘਾ ਖੁੱਲ੍ਹ ਸਕੇ। ਪਾਕਿਸਤਾਨ ਨੂੰ ਅਫ਼ਗਾਨਿਸਤਾਨ ਲਈ ਰਾਹਤ ਸਮੱਗਰੀ ਪੁੱਜਦੀ ਕਰਨ ਵਿਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਲੋਚਿਸਤਾਨ ਵਿਚ ਨਾ ਪਾਕਿਸਤਾਨ ਦੀ ਕੋਈ ਭੱਲ ਹੈ ਅਤੇ ਨਾ ਹੀ ਉਸ ਦੇ ਸਦਾਬਹਾਰ ਦੋਸਤ ਚੀਨ ਦੀ। ਬਲੋਚਾਂ ਦੇ ਰੋਹ ਅਤੇ ਸੰਘਰਸ਼ ਨਾਲ ਸਿੱਝਣ ਲਈ ਪਾਕਿਸਤਾਨ ਵਲੋਂ ਨਿਰੰਤਰ ਯਤਨ ਕੀਤੇ ਜਾ ਰਹੇ ਹਨ ਤੇ ਇਹ ਸੰਘਰਸ਼ ਮੱਛੀਆਂ ਫੜਨ ਵਾਲੇ ਚੀਨ ਦੇ ਸਮੁੰਦਰੀ ਜਹਾਜ਼ਾਂ ਕਾਰਨ ਤਿੱਖੇ ਹੋ ਰਹੇ ਹਨ।
        ਇਮਰਾਨ ਖ਼ਾਨ ਲਈ ਅਗਲੇ ਦੋ ਸਾਲ ਬਹੁਤ ਹੀ ਅਹਿਮ ਸਾਬਿਤ ਹੋਣ ਵਾਲੇ ਹਨ ਕਿਉਂਕਿ ਉਹ 2023 ਵਿਚ ਹੋਣ ਵਾਲੀਆਂ ਆਮ ਚੋਣਾਂ ਦੀ ਤਿਆਰੀ ਸ਼ੁਰੂ ਕਰ ਰਹੇ ਹਨ। ਚੋਣਾਂ ਤੋਂ ਪਹਿਲਾਂ ਇਕ ਵੱਡਾ ਫ਼ੈਸਲਾ ਇਹ ਕਰਨਾ ਪੈਣਾ ਹੈ ਕਿ ਪਾਕਿਸਤਾਨੀ ਫ਼ੌਜ ਦਾ ਅਗਲਾ ਮੁਖੀ ਕੌਣ ਹੋਵੇਗਾ ਕਿਉਂਕਿ ਜਨਰਲ ਬਾਜਵਾ ਨਵੰਬਰ 2022 ਵਿਚ ਸੇਵਾਮੁਕਤ ਹੋ ਜਾਣਗੇ। ਇਸ ਵਿਚ ਵੀ ਕੋਈ ਰਾਜ਼ ਦੀ ਗੱਲ ਨਹੀਂ ਰਹੀ ਕਿ ਇਮਰਾਨ ਖ਼ਾਨ ਅਤੇ ਫ਼ੌਜ ਦੇ ਮੌਜੂਦਾ ਮੁਖੀ ਵਿਚਕਾਰ ਹੁਣ ਪਹਿਲਾਂ ਵਾਲਾ ਪਿਆਰ ਤੇ ਖਲੂਸ ਨਹੀਂ ਰਿਹਾ। ਹਾਲ ਹੀ ਵਿਚ ਉਨ੍ਹਾਂ ਦੇ ਮੱਤਭੇਦ ਉਦੋਂ ਜੱਗ ਜ਼ਾਹਿਰ ਹੋ ਗਏ ਸਨ ਜਦੋਂ ਇਮਰਾਨ ਖ਼ਾਨ ਨੂੰ ਆਪਣੇ ਚਹੇਤੇ ਆਈਐੱਸਆਈ ਦੇ ਮੁਖੀ ਨੂੰ ਕੋਰ ਕਮਾਂਡਰ ਦੇ ਤੌਰ ਤੇ ਤਬਦੀਲ ਕਰਨ ਲਈ ਜਨਰਲ ਬਾਜਵਾ ਦੇ ਹੁਕਮਾਂ ਤੇ ਫੁੱਲ ਚੜ੍ਹਾਉਣੇ ਪਏ ਸਨ ਤੇ ਇਸ ਦੇ ਨਾਲ ਹੀ ਲੈਫਟੀਨੈਂਟ ਜਨਰਲ ਨਦੀਮ ਅਹਿਮਦ ਅੰਜੁਮ ਦੀ ਆਈਐੱਸਆਈ ਦੇ ਡਾਇਰੈਕਟਰ ਜਨਰਲ ਵਜੋਂ ਨਿਯੁਕਤੀ ਤੇ ਮੋਹਰ ਲਾਉਣੀ ਪਈ ਸੀ। ਅਮਰੀਕਾ ਵਲੋਂ ਵਿੱਢੀ ਗਈ ‘ਦਹਿਸ਼ਤਗਰਦੀ ਖਿਲਾਫ਼ ਜੰਗ’ ਵਿਚ ਨਿਭਾਈ ਭੂਮਿਕਾ ਬਾਰੇ ਪਾਕਿਸਤਾਨ ਦੇ ਦਾਅਵਿਆਂ ਦੇ ਬਾਵਜੂਦ ਉਸ ਤੇ ਤਾਲਿਬਾਨ ਦੀ ਮਦਦ ਕਰਨ ਦੇ ਲਗਾਤਾਰ ਦੋਸ਼ ਲਗਦੇ ਰਹੇ ਸਨ। ਇਮਰਾਨ ਖ਼ਾਨ ਨੇ ਅਮਰੀਕਾ ਦੀ ‘ਦਹਿਸ਼ਤਗਰਦੀ ਖਿਲਾਫ਼ ਜੰਗ’ ਵਿਚ ਪਾਕਿਸਤਾਨ ਦੇ ਸ਼ਰੀਕ ਹੋਣ ਦੇ ਫ਼ੈਸਲੇ ਤੇ ਦੁੱਖ ਜਤਾਇਆ ਸੀ ਅਤੇ ਇਸ ਨੂੰ ‘ਆਪਣੇ ਆਪ ਨੂੰ ਜ਼ਖ਼ਮੀ ਕਰਨ ਵਾਲਾ ਕਦਮ’ ਕਰਾਰ ਦਿੱਤਾ ਸੀ। ਮਜ਼ੇ ਦੀ ਗੱਲ ਇਹ ਹੈ ਕਿ ਕਰੀਬ ਦੋ ਦਹਾਕਿਆਂ ਤੱਕ ਅਮਰੀਕਾ ਤੋਂ ਭਰਵੀਂ ਆਰਥਿਕ ਤੇ ਫ਼ੌਜੀ ਇਮਦਾਦ ਹਾਸਲ ਕਰਨ ਤੋਂ ਬਾਅਦ ਪਾਕਿਸਤਾਨ ਦਾ ਹੁਣ ਵਾਸ਼ਿੰਗਟਨ ਤੋਂ ਮਨ ਭਰ ਗਿਆ ਹੈ। ਉਂਝ, ਜ਼ਿਆਦਾਤਰ ਪਾਕਿਸਤਾਨੀ ਮੰਨਦੇ ਹਨ ਕਿ ਉਹ ਪਾਕਿਸਤਾਨ ਦੇ ਇਸ ਦੋਗਲੇਪਣ ਦਾ ਖਮਿਆਜ਼ਾ ਭੁਗਤ ਰਹੇ ਹਨ।
      ਭਾਰਤ ਨੇ ਅਫਗਾਨਿਸਤਾਨ ਵਿਚ ਅਮਰੀਕੀਆਂ ਦੀ ਦਹਿਸ਼ਤਗਰਦੀ ਖਿਲਾਫ਼ ਜੰਗ ਵਿਚ ਨਾ ਉਲਝ ਕੇ ਬਹੁਤ ਵਧੀਆ ਫ਼ੈਸਲਾ ਕੀਤਾ ਸੀ ਹਾਲਾਂਕਿ ਇਸ ਵਲੋਂ ਚੁਣੀਆਂ ਹੋਈਆਂ ਅਫ਼ਗਾਨ ਹਕੂਮਤਾਂ ਨੂੰ ਰੱਖਿਆ ਤੇ ਆਰਥਿਕ ਇਮਦਾਦ ਮੁਹੱਈਆ ਕਰਵਾਈ ਜਾਂਦੀ ਸੀ। ਰਾਸ਼ਟਰਪਤੀ ਜੋਅ ਬਾਇਡਨ ਆਪਣੇ ਦਿਲ ਵਿਚ ਅਜੇ ਵੀ ਪਾਕਿਸਤਾਨ ਪ੍ਰਤੀ ਕਾਫ਼ੀ ਨਿੱਘ ਰੱਖਦੇ ਹਨ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਨ੍ਹਾਂ ਹਾਲ ਹੀ ਵਿਚ ਕਰਵਾਏ ਗਏ ਬਹੁ-ਚਰਚਿਤ ‘ਲੋਕਰਾਜ ਦੇ ਸਿਖਰ ਸੰਮੇਲਨ’ ਲਈ ਪਾਕਿਸਤਾਨ ਨੂੰ ਸੱਦਾ ਭੇਜਿਆ ਸੀ। ਹਾਲਾਂਕਿ ਉਨ੍ਹਾਂ ਇਸ ਤੱਥ ਵੱਲ ਧਿਆਨ ਨਹੀਂ ਦਿੱਤਾ ਸੀ ਕਿ ਪਾਕਿਸਤਾਨ ਦੇ ਕੌਮੀ ਜੀਵਨ ਵਿਚ ਫ਼ੌਜ ਦਾ ਬਹੁਤ ਜ਼ਿਆਦਾ ਦਖ਼ਲ ਹੈ। ਬਾਇਡਨ ਨੇ ਪਾਕਿਸਤਾਨ ਨੂੰ ਤਾਂ ਸੱਦਾ ਭੇਜ ਦਿੱਤਾ ਪਰ ਦੱਖਣੀ ਏਸ਼ੀਆ ਦੇ ਸ੍ਰੀਲੰਕਾ ਅਤੇ ਬੰਗਲਾਦੇਸ਼ ਜਿਹੇ ਲੋਕਰਾਜੀ ਮੁਲਕਾਂ ਨੂੰ ਨਹੀਂ ਸੱਦਿਆ ਸੀ। ਇਹ ਗੱਲ ਵੱਖਰੀ ਹੈ ਕਿ ਚੀਨ ਦੇ ਦਬਾਅ ਕਰ ਕੇ ਇਮਰਾਨ ਖ਼ਾਨ ਨੇ ਇਸ ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਦਾ ਸੱਦਾ ਠੁਕਰਾ ਦਿੱਤਾ। ਬਿਨਾਂ ਸ਼ੱਕ, ਭਾਰਤ ਨੇ ਇਨ੍ਹਾਂ ਘਟਨਾਵਾਂ ਦਾ ਨੋਟਿਸ ਲਿਆ ਹੋਵੇਗਾ। ਰੂਸ ਦੇ ਰਾਸ਼ਟਰਪਤੀ ਪੂਤਿਨ ਨੇ ਆਪਣੇ ਹਾਲੀਆ ਭਾਰਤ ਦੌਰੇ ਮੌਕੇ ਇਹ ਸਪੱਸ਼ਟ ਕਰ ਦਿੱਤਾ ਕਿ ਭਾਰਤ ਆਪਣੀ ਰਣਨੀਤਕ ਖੁਦਮੁਖ਼ਤਾਰੀ ਬਰਕਰਾਰ ਰੱਖਣ ਦਾ ਚਾਹਵਾਨ ਹੈ। ਬਾਇਡਨ ਵਲੋਂ ਨਵੀਂ ਦਿੱਲੀ ਨੂੰ ਇਸ ਗੱਲ ਲਈ ਦਬਕਾਇਆ ਨਹੀਂ ਜਾ ਸਕਦਾ ਕਿ ਉਹ ਕਿਸ ਨਾਲ ਦੋਸਤੀ ਰੱਖੇ ਤੇ ਕਿਨ੍ਹਾਂ ਦੇਸ਼ਾਂ ਨਾਲ ਰਣਨੀਤਕ ਭਿਆਲੀ ਪਾਵੇ।
       ਤਾਲਿਬਾਨ ਫ਼ੌਜੀਆਂ ਨੇ ਹਾਲ ਹੀ ’ਚ ਪਾਕਿ-ਅਫ਼ਗਾਨ ਸਰਹੱਦ ਦੀ ‘ਡੂਰੰਡ ਲਾਈਨ’ ਉਪਰ ਪਾਕਿਸਤਾਨੀ ਫ਼ੌਜੀਆਂ ਵਲੋਂ ਕੀਤੀ ਘੁਸਪੈਠ ਦੀ ਕੋਸ਼ਿਸ਼ ਨੂੰ ਡੱਕਿਆ ਹੈ। ਅਫ਼ਗਾਨਿਸਤਾਨ ਲਈ ਇਹ ਸਰਹੱਦੀ ਰੇਖਾ ਅੰਗਰੇਜ਼ਾਂ ਨੇ ਵਾਹੀ ਸੀ। ਅਫ਼ਗਾਨ ਰੱਖਿਆ ਮਹਿਕਮੇ ਦੇ ਤਰਜਮਾਨ ਨੇ ਇਨਾਇਤੁੱਲ੍ਹਾ ਖ਼ਵਾਰਿਜ਼ਮੀ ਨੇ ਪਾਕਿਸਤਾਨੀ ਸਰਹੱਦੀ ਵਾੜ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ ਹੈ। ਅਫ਼ਗਾਨਾਂ ਵਲੋਂ ਇਸ ਸਮੁੱਚੀ ਘਟਨਾ ਦੀ ਵੀਡਿਓਗ੍ਰਾਫੀ ਕਰਵਾਈ ਗਈ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ 2600 ਕਿਲੋਮੀਟਰ ਲੰਮੀ ਵਿਵਾਦਗ੍ਰਸਤ ਸਰਹੱਦ ਤੇ ਆਉਣ ਵਾਲੇ ਸਮਿਆਂ ਵਿਚ ਹੋਣ ਵਾਲੀਆਂ ਇਹੋ ਜਿਹੀਆਂ ਘਟਨਾਵਾਂ ਪ੍ਰਤੀ ਪਾਕਿਸਤਾਨ ਅਤੇ ਸਿਰਾਜੂਦੀਨ ਹਕਾਨੀ ਜਿਹੇ ਉਸ ਦੇ ਪਿੱਠੂ ਕੀ ਰੁਖ਼ ਅਖਤਿਆਰ ਕਰਦੇ ਹਨ।
*ਲੇਖਕ ਪਾਕਿਸਤਾਨ ਵਿਚ ਭਾਰਤ ਦਾਹਾਈ ਕਮਿਸ਼ਨਰ ਰਹਿ ਚੁੱਕਾ ਹੈ।