ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

10 ਜਨਵਰੀ 2022

ਨਕਲੀ ਸ਼ਰਾਬ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਗਈ?- ਦੂਲੋਂ
ਹੁਣ ਤੂੰ ਕਿਧਰ ਗਿਆ, ਜੇਠ ਬੋਲੀਆਂ ਮਾਰੇ।

ਯੂ.ਪੀ. ਦੇ ਲੋਕ ਭਾਜਪਾ ਦੀ ਸਰਕਾਰ ਬਦਲਣ ਲਈ ਕਾਹਲੇ- ਅਖਿਲੇਸ਼
ਉੱਤੇ ਪਾ ਦੇ ਫੁੱਲ ਕਲੀਆਂ, ਮੰਜਾ ਬੁਣ ਦੇ ਜੁਗਿੰਦਰਾ ਯਾਰਾ।

ਮੁੱਖ ਮੰਤਰੀ, ਉੱਪ ਮੁੱਖ ਮੰਤਰੀ ਤੇ ਸਿੱਧੂ ਬਹੁਤ ਜ਼ਿਆਦਾ ਉਲਝਣ ‘ਚ ਹਨ- ਕੈਪਟਨ
ਤੁਝੇ ਪਰਾਈ ਕਿਆ ਪੜੀ, ਤੂ ਅਪਨੀ ਨਬੇੜ।

ਚੋਣਾਂ ‘ਚ ਟੱਕਰ ਸੰਯੁਕਤ ਸਮਾਜ ਮੋਰਚਾ ਅਤੇ ਰਵਾਇਤੀ ਪਾਰਟੀਆਂ ਵਿਚਕਾਰ ਹੋਵੇਗੀ- ਰਾਜੇਵਾਲ
ਸਿੰਘ ਸੂਰਮੇ ਸ਼ੇਰ ਦਲੇਰ ਬਾਂਕੇ, ਕੱਸਣ ਘੋੜੀਆਂ ਜ਼ੀਨਾਂ ਸਵਾਰੀਆਂ ਨੇ।

ਪੰਜਾਬ ਵਿਚ ਅਮਨ ਕਾਨੂੰਨ ਪੂਰੀ ਤਰ੍ਹਾਂ ਢਹਿ ਢੇਰੀ- ਸੁਖਬੀਰ ਬਾਦਲ
ਮੌਕਾ ਮਿਲਿਆ ਸਾਨੂੰ ਸੋਹਣਾ, ਨੰਬਰ ਬਣਾ ਲਈਏ।

‘ਆਪ’ ਨਾਲ ਮਿਲ ਕੇ ਕਿਸਾਨ ਚੋਣਾਂ ਨਹੀਂ ਲੜਨਗੇ- ਚੜੂਨੀ
ਤੇਰੀ ਮੇਰੀ ਨਹੀਂ ਨਿਭਣੀ, ਮੈਂ ਪਤਲੀ ਤੂੰ ਭਾਰਾ।

ਮੋਦੀ ਵਲੋਂ ਗ਼ਰੀਬਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦਾ ਅਹਿਦ- ਇਕ ਖ਼ਬਰ
ਕਸਮੇਂ, ਵਾਅਦੇ, ਝੂਠੇ ਜੁਮਲੇ, ਜੁਮਲੇ ਹੈਂ  ਜੁਮਲੋਂ ਕਾ ਕਿਆ।

ਨਵਜੋਤ ਸਿੱਧੂ ਦੀ ਕਾਂਗਰਸ ਵਿਚ ਮੁੜ ‘ਘੇਰਾਬੰਦੀ’ ਹੋਣ ਲੱਗੀ- ਇਕ ਖ਼ਬਰ
ਛਵ੍ਹੀਆਂ ਦੇ ਘੁੰਡ ਮੁੜ ਗਏ, ਜਿਉਣਾ ਮੌੜ ਵੱਢਿਆ ਨਾ ਜਾਵੇ।

ਕਾਂਗਰਸ ਦੇ ਕਾਰਜਕਾਲ ਵਿਚ ਰੇਤ ਮਾਫ਼ੀਆ ਦਾ ਰਾਜ ਰਿਹਾ- ਹਰਸਿਮਰਤ ਬਾਦਲ
ਬੀਬੀ, ਤੁਹਾਡਾ ਇਕ ਲੀਡਰ ਤਾਂ ਆਪਣੀ ਔਰਤ-ਮਿੱਤਰ ਨੂੰ ਹੁਣੇ ਰੇਤ ਦੀ ਖੱਡ ਦੇਈ ਜਾਂਦੈ।

ਭਾਜਪਾ ਦੀ ਸੋਚ ਦੇਸ਼ ਨੂੰ ਮਜਬੂਤ ਕਰਨ ਵਾਲੀ- ਕੈਪਟਨ
ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ।

ਛੇ ਦਿਨਾਂ ਬਾਅਦ ਹੀ ਵਿਧਾਇਕ ਲਾਡੀ ਭਾਜਪਾ ‘ਚੋਂ ਵਾਪਸ ਮੁੜ ਆਏ- ਇਕ ਖ਼ਬਰ
ਨਾਰ ਬਿਗਾਨੀ ਦੀ, ਬਾਂਹ ਨਾ ਮੂਰਖਾ ਫੜੀਏ।

ਮੋਦੀ ਖਾਲੀ ਕੁਰਸੀਆਂ ਕਾਰਨ ਮੁੜੇ- ਚੰਨੀ
ਜੇ ਮਾਂਏਂ ਕੁਝ ਦਿਸਦਾ ਹੋਵੇ, ਥੋੜ੍ਹਾ ਕਰਾਂ ਅੰਦੇਸਾ।

ਭਾਜਪਾ ਨੇ ਰਾਸ਼ਟਰਪਤੀ ਰਾਜ ਦੀ ਮੰਗ ਲਈ ਪੰਜਾਬ ਭਰ ‘ਚ ਕੀਤੇ ਮੁਜ਼ਾਹਰੇ-ਇਕ ਖ਼ਬਰ
ਬੰਨੇ ਬੰਨੇ ਹੀਰ ਭਾਲ਼ਦਾ, ਰਾਂਝਾ ਪੱਜ ਮੱਝੀਆਂ ਦਾ ਲਾਵੇ।

ਸੰਯੁਕਤ ਸਮਾਜ ਮੋਰਚੇ ਦੀ ‘ਆਪ’ ਨਾਲ ਗੱਲਬਾਤ ਦੀ ਸੰਭਾਵਨਾ ਖਤਮ-ਰੁਲਦੂ ਸਿੰਘ
ਅਸੀਂ ਤੁਰਾਂਗੇ ਆਪਣੇ ਰਾਹ ਬੀਬਾ, ਤੇਰਾ ਸਾਡਾ ਕੋਈ ਬੈਠਦਾ ਮੇਲ਼ ਨਾਹੀਂ।

ਪ੍ਰਧਾਨ ਮੰਤਰੀ ਦੀ ਰੈਲੀ ਵਿਚ ਇਕੱਠ ਨਾ ਹੋਣਾ,ਰੈਲੀ ਰੱਦ ਹੋਣ ਦਾ ਕਾਰਨ-ਪ੍ਰਕਾਸ਼ ਸਿੰਘ ਬਾਦਲ
ਇਹ ਸਮੇਂ ਕਿਹੋ ਜਿਹੇ ਆਏ ਕਿ ਸੱਚ ਮੈਨੂੰ ਬੋਲਾ ਪਿਆ।