ਦਿਲਾਂ ਦੀ ਜੂਹ : ਕਿਸ਼ਤ 2 - ਜੱਗੀ ਕੁੱਸਾ

...ਜਿੰਦਰ ਇਕ ਨੇਕ, ਚੁਸਤ, ਚੁਲਬੁਲੀ ਅਤੇ ਸੋਹਣੀ-ਸੁਨੱਖੀ ਕੁੜੀ ਸੀ।
ਪ੍ਰਾਇਮਰੀ ਸਕੂਲ ਤੋਂ ਲੈ ਕੇ ਹਾਈ ਸਕੂਲ ਤੱਕ ਉਹ ਆਮ ਵਿਦਿਅਰਥਣਾਂ ਵਾਂਗ ਹੀ ਸ਼ਾਂਤਮਈ ਪੜ੍ਹੀ ਸੀ ਅਤੇ ਦਸਵੀਂ ਕਰਨ ਤੋਂ ਬਾਅਦ ਉਸ ਨੂੰ ਮਾਂ-ਬਾਪ ਨੇ ਕਾਲਜ ਵਿਚ ਦਾਖ਼ਲਾ ਲੈ ਦਿੱਤਾ।
ਜਿੰਦਰ ਹੋਰੀਂ ਚਾਰ ਭੈਣ ਭਰਾ ਸਨ। ਉਸ ਤੋਂ ਇਕ ਸਾਲ ਵੱਡਾ ਭਰਾ ਅਤੇ ਉਹ ਇੱਕ ਹੀ ਕਲਾਸ ਵਿਚ, ਪਰ ਵੱਖਰੇ-ਵੱਖਰੇ ਕਾਲਜਾਂ ਵਿੱਚ ਪੜ੍ਹਦੇ ਸਨ। ਛੋਟੇ ਦੋਵੇਂ ਭੈਣ ਭਰਾ ਸਕੂਲ ਵਿਚ ਪੜ੍ਹਾਈ ਕਰ ਰਹੇ ਸਨ। ਸੰਗਾਊ ਸੁਭਾਅ ਦੀ ਮਾਲਕ ਜਿੰਦਰ ਕਲਾਸ ਵਿਚ ਘੱਟ ਹੀ ਬੋਲਦੀ ਸੀ। ਸੋਚਦਿਆਂ-ਸੋਚਦਿਆਂ ਕਾਲਜ ਦਿਨਾਂ ਦੇ ਕੁਝ ਪਲ ਉਹਦੀਆਂ ਅੱਖਾਂ ਅੱਗੋਂ ਦੀ ਲੰਘਣ ਲੱਗੇ। ਗਿਆਰਵੀਂ 'ਚ ਪੜ਼ਦਿਆਂ ਜਦੋਂ ਕਾਲਜ 'ਚ ਕਬੱਡੀ ਦੇ ਟੂਰਨਾਮੈਂਟ ਚੱਲ ਰਹੇ ਸਨ ਤਾਂ ਆਖਰੀ ਮੈਚ ਖਤਮ ਹੋਣ ਉਪਰੰਤ ਉਨ੍ਹਾਂ ਦੇ ਕਾਲਜ ਟੀਮ ਦੀ ਜਿੱਤ ਦੀ ਖੁਸ਼ੀ ਵਿਚ ਜਸ਼ਨ ਮਨਾਏ ਜਾ ਰਹੇ ਸਨ। ਗੀਤ ਸੰਗੀਤ ਚੱਲ ਰਿਹਾ ਸੀ। ਉਸ ਦੀ ਇਕ ਸਹੇਲੀ ਨੇ ਉਸ ਦਾ ਨਾਂ ਬਿਨਾਂ ਪੁੱਛੇ ਹੀ ਸਟੇਜ਼ 'ਤੇ 'ਅਨਾਊਂਸ' ਕਰਵਾ ਦਿੱਤਾ ਸੀ। ਜਦ ਜਿੰਦਰ ਨੂੰ ਪਤਾ ਲੱਗਾ ਤਾਂ ਉਹ ਨਿਰਾਸ਼ ਹੋ ਕੇ ਭੜ੍ਹਕ ਉੱਠੀ, ''ਆਹ ਕੀ ਕੀਤਾ ਤੂੰ ਬਾਂਦਰੀਏ...? ਮੈਨੂੰ ਪੁੱਛ ਤਾਂ ਲੈਂਦੀ...!'' ਪਰ ਖਚਰੀ ਸਹੇਲੀ ਨੇ ਸ਼ਰਾਰਤ ਵਿਚ ਹੱਥ ਖੜ੍ਹੇ ਕਰ ਦਿੱਤੇ, "ਫ਼ਸ'ਗੀ ਤਾਂ ਫ਼ਟਕਣ ਕੇਹਾ...? ਹੁਣ ਤਾਂ ਜਾਨ ਮੇਰੀਏ ਚਾਹ ਦੀ ਘੁੱਟ ਪਿਆਉਣੀ ਪਊ..!" ਉਸ ਨੇ ਲਮਕਾ ਕੇ ਕਿਹਾ।
ਉਧਰ ਸਟੇਜ਼ ਦਾ ਸਮਾਂ ਨਜ਼ਦੀਕ ਆਈ ਜਾ ਰਿਹਾ ਸੀ।
ਜਿੰਦਰ ਦੇ ਦਿਮਾਗ 'ਚ ਇਕ ਕਿਸਮ ਦਾ ਭੜਥੂ ਪੈ ਗਿਆ।
ਉਸ ਨੇ ਸਾਰੀ ਦਿਮਾਗੀ ਤਾਕਤ ਇਕੱਠੀ ਕਰਕੇ ਪੰਜ ਸੱਤ ਲਾਈਨਾਂ ਇਕ ਗੀਤ ਦੀਆਂ ਯਾਦ ਕੀਤੀਆਂ ਤੇ ਕਾਗਜ਼ 'ਤੇ ਉਤਾਰ ਲਈਆਂ। ਵਾਰੀ ਆਉਣ 'ਤੇ ਜਿੰਦਰ ਨੇ ਜਦੋਂ ਗੀਤ ਪੇਸ਼ ਕੀਤਾ ਤਾਂ ਸੁਣਦੀ ਦੁਨੀਆਂ ਸੁੱਸਰੀ ਵਾਂਗ ਸੌਂ ਗਈ। ਪੰਜਾਬੀ ਵਾਲੀ ਸਤਿਨਾਮ ਮੈਡਮ ਨੇ ਤਾਂ ਉਸ ਵੱਲ ਖ਼ਾਸ ਧਿਆਨ ਨਾਲ਼ ਵੇਖਿਆ।
ਅਗਲੇ ਦਿਨ ਕਾਲਜ ਦੀ ਗੈਲਰੀ ਵਿਚ ਦੀ ਲੰਘਦੀ ਜਿੰਦਰ ਦੇ ਅਚਾਨਕ ਅਵਾਜ਼ ਕੰਨੀਂ ਪਈ, "ਜਿੰਦਰ, ਬੜਾ ਸੋਹਣਾ ਗਾ ਲੈਨੀਂ ਐਂ ਤੂੰ..! ਤੇਰਾ ਗੀਤ ਵੀ ਬਹੁਤ ਵਧੀਆ ਸੀ..।" ਅਵਾਜ਼ ਸਤਿਨਾਮ ਮੈਡਮ ਦੀ ਸੀ। ਜਿੰਦਰ ਰੁਕ ਗਈ, ''ਉਹ ਤੇ ਊਂ ਈ ਸੀ, ਮੈਡਮ..! ਜੇ ਸੱਚ ਪੁੱਛੋਂ, ਮੈਂ ਤਾਂ ਫ਼ਸੀ-ਫ਼ਸਾਈ ਨੇ ਵੇਲ਼ਾ ਈ ਪੂਰਾ ਕੀਤਾ ਸੀ...!!'' ਜਿੰਦਰ ਆਦਤ ਅਨੁਸਾਰ ਸ਼ਰਮਾ ਜਿਹੀ ਗਈ।
-"ਨਹੀਂ ਨਹੀਂ ਕਮਲ਼ੀਏ..! ਲਿਖਣਾ ਤੇ ਗਾਉਣਾ ਨਾ ਛੱਡੀਂ...! ਲਗਨ ਨਾਲ਼ ਲੱਗੀ ਰਹਿ..! ਕਿਸਮਤ ਦਾ ਪਤਾ ਨੀ ਹੁੰਦਾ, ਕਿਹੜੇ ਮੋੜ 'ਤੇ ਮਾਲਾ-ਮਾਲ ਕਰ ਦੇਵੇ...! ਲੱਗੀ ਰਹਿ..!" ਕਹਿ ਕੇ ਸਤਿਨਾਮ ਮੈਡਮ ਆਪਣੇ ਦਫ਼ਤਰ ਨੂੰ ਹੋ ਤੁਰੀ। ਜਿੰਦਰ ਅੰਦਰੋ ਅੰਦਰੀ ਖ਼ੁਸ਼ ਹੋ ਗਈ। ਉਸ ਦਿਨ ਤੋਂ ਬਾਅਦ ਜਿੰਦਰ ਪੰਜਾਬੀ ਦੇ ਲੈਕਚਰ ਵੱਲ ਜ਼ਿਆਦਾ ਤਵੱਜੋ ਦੇਣ ਲੱਗੀ। ਮਨ ਹੀ ਮਨ ਸਤਿਨਾਮ ਮੈਡਮ ਨੂੰ ਉਹ ਆਪਣਾ "ਰੋਲ ਮਾਡਲ" ਸਮਝਣ ਲੱਗ ਪਈ ਸੀ।
ਇਹਨੀਂ ਦਿਨੀਂ ਜਦੋਂ ਉਹ ਹੋਰਨਾਂ ਕੁੜੀਆਂ ਨਾਲ਼ ਕਾਲਜ ਜਾਂਦੀ ਤਾਂ ਪ੍ਰਤੀਕ ਵੀ ਉਸੇ ਬੱਸ 'ਚ ਸਵਾਰ ਹੁੰਦਾ। ਪ੍ਰਤੀਕ ਦਾ ਚਿਹਰਾ ਉਸ ਨੂੰ ਤਰੇਲ਼ ਧੋਤੇ ਫ਼ੁੱਲ ਵਾਂਗ ਤਾਜ਼ਾ-ਤਾਜ਼ਾ ਲੱਗਦਾ। ਜਦ ਉਹ ਮੋਟੀਆਂ ਅੱਖਾਂ ਅਤੇ ਠੋਕ ਕੇ ਬੰਨ੍ਹੀ ਪਟਿਆਲ਼ਾ ਸ਼ਾਹੀ ਪੱਗ ਵਾਲ਼ੇ ਸੁਣੱਖੇ ਪ੍ਰਤੀਕ ਨੂੰ ਦੇਖਦੀ ਤਾਂ ਉਸ ਦੇ ਕਾਲ਼ਜੇ ਹੌਲ ਜਿਹਾ ਪੈ ਜਾਂਦਾ, ਇੱਕ ਤਰ੍ਹਾਂ ਨਾਲ਼ ਦਿਲੋਂ ਰੁੱਗ ਜਿਹਾ ਭਰਿਆ ਜਾਂਦਾ ਅਤੇ ਮਨ-ਤਨ ਨੂੰ ਅੱਚਵੀ ਜਿਹੀ ਲੱਗ ਜਾਂਦੀ। ਪ੍ਰਤੀਕ ਜਿੰਦਰ ਨੂੰ ਚੰਗਾ ਲੱਗਣ ਲੱਗ ਪਿਆ ਸੀ। ਜਿੰਦਰ ਪ੍ਰਤੀਕ 'ਤੇ ਮਰ ਮਿਟੀ ਸੀ ਅਤੇ ਉਸ ਉਪਰ ਕੁਰਬਾਨ ਹੋਣ ਨੂੰ ਵੀ ਤਿਆਰ ਸੀ। ਪ੍ਰਤੀਕ ਜਿੰਦਰ ਦੇ ਖ਼ਿਆਲਾਂ ਅਤੇ ਕਦੇ-ਕਦੇ ਸੁਪਨੇ ਵਿਚ ਵੀ ਗੇੜਾ ਬੰਨ੍ਹੀ ਰੱਖਦਾ। ਪ੍ਰਤੀਕ ਉਸ ਦੇ ਦਿਲ ਵਿਚ ਧੜਕਦਾ ਸੀ, ਪ੍ਰਤੀਕ ਸਾਹਾਂ ਵਿੱਚ ਵਸਦਾ ਸੀ। ਪ੍ਰਤੀਕ ਦਾ ਖ਼ਿਆਲ ਉਸ ਦੀ ਸੋਚ ਵਿੱਚ ਘੁੰਮਣਘੇਰੀ ਬਣ ਘੂਕਦਾ ਰਹਿੰਦਾ। ਪਰ ਪ੍ਰਤੀਕ ਇਸ ਪੱਖੋਂ ਬਿਲਕੁਲ ਕੋਰਾ ਸੀ, ਬੇਖ਼ਬਰ ਸੀ। ਸਮਾਜ ਦੇ ਹਊਏ ਨੇ ਜਿੰਦਰ ਦੇ ਦਿਮਾਗ 'ਤੇ ਪਹਿਰਾ ਲਾ ਕੇ ਉਸ ਦੇ ਦਿਮਾਗ ਨੂੰ ਬੇਸੁੱਧ ਕੀਤਾ ਹੋਇਆ ਸੀ। ਦੋ ਸਾਲ ਦੇ ਸਮੇਂ ਦੌਰਾਨ ਉਹ ਇਕ ਵਾਰ ਵੀ ਹਿੰਮਤ ਜੁਟਾ ਕੇ ਪ੍ਰਤੀਕ ਨੂੰ ਦੱਸ ਨਾ ਸਕੀ ਕਿ ਉਹ ਉਸ ਨੂੰ ਕਿੰਨਾ ਚਾਹੁੰਦੀ ਸੀ।
ਕੋਈ ਵੀ ਆਸ ਨਾ ਬੱਝਦੀ ਦੇਖ ਕੇ ਉਹ ਸੋਚਦੀ ਕਿ ਜਿੰਦਰ ਕਿੰਨੀ ਭੋਲ਼ੀ ਤੇ ਕਿੰਨੀ ਕਮਲ਼ੀ ਐਂ ਤੂੰ...! ਇਕ ਪਾਸੜ ਪਿਆਰ ਵੀ ਕਦੇ ਸਿਰੇ ਚੜ੍ਹਿਐ...? ਪਰ ਮਨ ਦੀਆਂ ਭਾਵਨਾਵਾਂ ਉਸ ਦੀ ਸੋਚ ਸਰਹੱਦ ਤੋਂ ਕੋਹਾਂ ਦੂਰ ਸਨ। ਫਿਰ ਰਣਦੀਪ ਬਾਰੇ ਸੋਚ ਕੇ ਉਹਨੂੰ ਖਿਆਲ ਆਇਆ, ਜੋ ਉਸ ਨੂੰ ਜੀਅ-ਜਾਨ ਤੋਂ ਚਾਹੁੰਦਾ ਸੀ, ਉਸ ਨੂੰ ਪਾਉਣ ਲਈ ਹਰ ਹੀਲਾ ਅਪਣਾਉਂਦਾ ਰਿਹਾ। ਪਰ ਜਿੰਦਰ ਦੀ ਉਸ ਵਿਚ ਕੋਈ ਦਿਲਚਸਪੀ ਨਹੀਂ ਜਾਗੀ। ਉਹ ਸੋਚ ਰਹੀ ਸੀ ਕਿ ਅਜੀਬ ਇਤਫ਼ਾਕ ਸੀ, ਜਿਸ ਨੂੰ ਉਹ ਦਿਲੋਂ ਚਾਹੁੰਦੀ ਰਹੀ, ਉਸ ਕੋਲ ਸਮਾਜ ਦੀ ਲਾਹਣਤ ਦੇ ਡਰੋਂ ਮੁਹੱਬਤ ਦਾ ਇਜ਼ਹਾਰ ਨਾ ਕਰ ਸਕੀ ਤੇ ਦੂਰੀਆਂ ਬਣੀਆਂ ਰਹੀਆਂ। ਜਿਸ ਨੇ ਲੱਖਾਂ ਤਰਲੇ ਕਰ ਉਸ ਦੇ ਕਰੀਬ ਆਉਣਾ ਚਾਹਿਆ, ਉਸ ਨੂੰ ਉਸ ਦੇ ਆਪਣੇ ਮਨ ਨੇ ਸਵੀਕਾਰ ਨਾ ਕੀਤਾ। ਪਰ ਉਸ ਨੇ ਇਸ ਨੂੰ ਚੰਗੇ ਅਤੇ ਮਾੜੇ ਸੁਫ਼ਨੇ ਦੀ ਤਰ੍ਹਾਂ ਯਾਦਾਂ ਦੀ ਪੋਟਲ਼ੀ ਵਿਚ ਗੰਢ ਮਾਰ ਲਈ।
....ਅਜਿਹੀ ਉਧੇੜ-ਬੁਣ 'ਚ ਉਸ ਨੂੰ ਜ਼ਿੰਦਗੀ ਦੇ ਇਤਿਹਾਸ ਦਾ ਉਹ ਕਾਂਡ ਯਾਦ ਆ ਗਿਆ, ਜਦ ਉਸ ਦੇ ਇੰਗਲੈਂਡ ਰਹਿੰਦੇ ਫੁੱਫੜ ਜੋਰਾ ਸਿੰਘ ਨੇ ਜਿੰਦਰ ਦੇ ਬਾਪੂ ਨੂੰ ਇੱਕ ਵਲਾਇਤੀ ਲੜਕੇ ਬਲਜੀਤ ਦੀ ਦੱਸ ਪਾਈ। ਜਿੰਦਰ ਨੇ ਅਜੇ ਅਠ੍ਹਾਰਵੇਂ ਵਰ੍ਹੇ ਵਿਚ ਹੀ ਪੈਰ ਧਰਿਆ ਸੀ। ਜਿੰਦਰ ਦੇ ਬਾਪ ਨੂੰ ਜਿਵੇਂ ਹਲ਼ਕ ਛੁੱਟ ਪਿਆ ਸੀ, ਉਸ ਨੇ ਬਿਨਾ ਕਿਸੇ ਨਾਲ਼ ਵਿਚਾਰ ਵਟਾਂਦਰਾ ਕੀਤਿਆਂ ਤੱਟ-ਫ਼ੱਟ ਹੀ 'ਹਾਂ' ਕਰ ਦਿੱਤੀ। ਰੱਬ ਸਬੱਬੀਂ ਚੰਗੇ ਭਾਗਾਂ ਨੂੰ ਵਲੈਤੋਂ ਰਿਸ਼ਤਾ ਆਇਆ ਸੀ, ਇਸ ਤੋਂ ਖ਼ੁਸ਼ਕਿਸਮਤੀ ਕੀ ਹੋ ਸਕਦੀ ਸੀ...? ਧੀ ਦੇ ਹੀ ਨਹੀਂ, ਸਾਰੇ ਟੱਬਰ ਦੇ ਹੀ ਭਾਗ ਖੁੱਲ੍ਹ ਚੱਲੇ ਸਨ...। ਰੱਬ ਤਾਂ ਦਿਆਲ ਹੋ ਕੇ ਉਹਨਾਂ ਨੂੰ ਛੱਪਰ ਪਾੜ ਕੇ ਦੇਣ 'ਤੇ ਆ ਗਿਆ ਸੀ...।
ਵਲਾਇਤ ਨੇ ਐਸੀ ਮੱਤ ਮਾਰੀ ਕਿ ਘਰ ਵਿਚ, ਜਾਂ ਕਿਸੇ ਸਾਕ ਸਬੰਧੀ ਨਾਲ ਗੱਲ ਕਰਨ ਦੀ, ਜਾਂ ਸਲਾਹ ਲੈਣ ਦੀ ਜ਼ਰੂਰਤ ਹੀ ਨਹੀਂ ਸਮਝੀ ਗਈ। ਸਾਰਾ ਟੱਬਰ ਹੱਥਾਂ ਪੈਰਾਂ ਵਿਚ ਆ ਗਿਆ ਸੀ ਕਿ ਇਹ ਤਾਂ ਰੱਬ ਆਪ ਬਹੁੜਿਆ ਸੀ...! ਸਮਝੋ ਕੋਈ ਲਾਟਰੀ ਲੱਗ ਗਈ ਸੀ...। ਕੋਈ ਦੇਵਤਾ ਸਿੱਧ ਹੋ ਗਿਆ ਸੀ, ਜਿਸ ਨੇ ਉਹਨਾਂ ਨੂੰ ਸਾਰਾ ਕੁਛ ਬਖ਼ਸ਼ ਦੇਣਾ ਸੀ...!
ਦੂਜੇ ਪਾਸੇ ਜਦ ਕਈ ਰਿਸ਼ਤੇਦਾਰਾਂ ਦੇ ਵਲੈਤੀ ਰਿਸ਼ਤੇ ਬਾਰੇ ਕੰਨੀਂ ਭਿਣਕ ਪਈ ਤਾਂ ਆਪਸੀ ਜੰਗ ਸ਼ੁਰੂ ਹੋ ਗਈ, ''ਜੋਰਾ ਸਿਉਂ ਨੂੰ ਜਿੰਦਰ ਹੀ ਕਿਉਂ ਦਿਸੀ... ? ਸਾਡੀਆਂ ਕੁੜੀਆਂ ਵੀ ਤਾਂ ਹੈਗੀਆਂ ਸੀ...?? ਤੇ ਉਹ ਵੀ ਜਿੰਦਰ ਤੋਂ ਉਮਰ 'ਚ ਵੱਡੀਆਂ...!! ਇਹ ਤਾਂ ਭਾਈ ਲੋਹੜੈ...!''
ਕੜ੍ਹੀ-ਕਲੇਸ਼ ਸੁਣ ਕੇ ਜਿੰਦਰ ਦੇ ਘਰ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ।
-''ਕਲੇਸ਼ ਮਾੜਾ ਹੁੰਦੈ, ਖਸਮਾਂ ਨੂੰ ਖਾਣੇਂ ਲੋਕ ਮੇਰੀ ਧੀ ਦੇ ਸ਼ਗਨਾਂ ਦੇ ਕਾਰਜ 'ਚ ਘੜ੍ਹੰਮ ਪਾਉਂਦੇ ਐ..! ਬਹਿ'ਜੇ ਇਹਨਾਂ ਦੀ ਬੇੜੀ, ਥੇਹ ਹੋਣਿਆਂ ਦੀ...!" ਮਾਂ ਨੇ ਭੜ੍ਹਾਸ ਕੱਢੀ।
-"..........।" ਕਿਸੇ ਉਧੇੜਬੁਣ ਵਿਚ ਬਾਪੂ ਘੁੱਗੂ ਜਿਹਾ ਹੋਇਆ ਬੈਠਾ ਸੀ।
-"ਜਿੰਦਰ ਦੇ ਬਾਪੂ, ਵੇਲਾ ਹੱਥੋਂ ਨਾ ਨਿਕਲ'ਜੇ..!'' ਮਾਂ ਨੇ ਜਿੰਦਰ ਦੇ ਬਾਪ ਨੂੰ ਨਸੀਹਤ ਦਿੱਤੀ। ਜਿੰਦਰ ਦੀ ਜ਼ਿੰਦਗੀ ਦੇ ਅਹਿਮ ਫ਼ੈਸਲੇ ਦੀਆਂ ਗੱਲਾਂ ਚੱਲਣ ਲੱਗੀਆਂ ਤਾਂ ਉਸ ਦੇ ਵੀ ਕੰਨ ਵਲੇਲ ਪੈ ਗਈ।
ਪਤਾ ਲੱਗਣ 'ਤੇ ਜਿੰਦਰ ਦਾ ਮਾਮਾ ਉਹਨਾਂ ਦੇ ਪਿੰਡ ਆ ਗਿਆ।
ਭਾਂਤ-ਸੁਭਾਂਤੀਆਂ ਇਬਾਰਤਾਂ ਉਸ ਦੇ ਕੰਨੀਂ ਵੀ ਪੈ ਗਈਆਂ ਸਨ।
-"ਲੀਰ ਦੇ ਫ਼ਕੀਰ ਨਾ ਬਣੋਂ ਭੈਣ ਮੇਰੀਏ..! ਮੁੰਡੇ ਦਾ ਅੱਗਾ-ਪਿੱਛਾ ਤੇ ਪੜ੍ਹਾਈ ਲਿਖਾਈ ਬਾਰੇ ਤਾਂ ਪਤਾ ਕਰ ਲਓ..! ਤੁਸੀਂ ਤਾਂ ਵਲੈਤ ਦੇ ਨਾਂ ਨੂੰ ਊਂਈਂ ਹੱਥਲ਼ੀਂ ਹੋ ਤੁਰੇ...!" ਚਾਹ ਪੀਂਦੇ ਜਿੰਦਰ ਦੇ ਮਾਮੇ ਨੇ ਆ ਕੇ ਅਸੂਲੀ ਗੱਲ ਕੀਤੀ।
-"ਤੂੰ ਭਰਾਵਾ ਵਿਆਹ 'ਚ ਬੀਅ ਦਾ ਲੇਖਾ ਨਾ ਦੇਹ...! ਪੜ੍ਹਾਈ ਪੁੱਛ ਕੇ ਮੁੰਡੇ ਨੂੰ ਅਸੀਂ 'ਐਲਸਪੈਲਟਰ' ਲਾਉਣੈਂ...? ਵਲੈਤ 'ਚ ਤਾਂ ਕੋਈ ਅਣਪੜ੍ਹ ਚਲਿਆ ਜਾਵੇ, ਓਹ ਲੋਕਾਂ ਦੇ ਕੰਨ ਕੁਤਰਨ ਲੱਗ ਜਾਂਦੈ, ਇਹ ਤਾਂ ਸੁੱਖ ਨਾਲ਼ ਨਿੱਕਾ ਹੁੰਦਾ ਈ ਵਲੈਤ ਚਲਿਆ ਗਿਆ ਸੀ...! ਤੂੰ ਆਬਦੀ ਮੱਕੀ ਗੁੱਡਣ ਆਲ਼ੀ ਮੱਤ ਆਬਦੇ ਕੋਲ਼ੇ ਰੱਖ...!" ਮਾਂ ਨੇ ਭਰਾ ਨੂੰ ਬੇਰ ਵਾਂਗੂੰ ਤੋੜ ਕੇ ਸੁੱਟ ਦਿੱਤਾ।
-"ਫ਼ੇਰ ਵੀ ਕੁੜੀ ਦੀ ਜਿੰਦਗੀ ਦਾ ਸੁਆਲ ਐ...! ਕੱਲ੍ਹ ਨੂੰ ਅੱਖਾਂ 'ਚ ਘਸੁੰਨ ਦੇ-ਦੇ ਰੋਵੋਂਗੇ..!"
-"ਕੋਈ ਗੋਲ਼ੀ ਨੀ ਵੱਜਦੀ ਜ਼ਿੰਦਗੀ ਨੂੰ...! ਵਲੈਤ 'ਚ ਜਾ ਕੇ ਬਥ੍ਹੇਰੀ ਐਸ਼ ਕਰੂ..! ਦੁਨੀਆਂ ਤਲਕਦੀ ਫ਼ਿਰਦੀ ਐ ਬਾਹਰਲੇ ਮੁਲਕ ਨੂੰ!"
-"ਮੈਨੂੰ ਤਾਂ ਇੱਕ ਡਰ ਲੱਗਦੈ...!" ਮਾਮਾ ਔਖਾ ਹੋ ਗਿਆ।
-"ਕੀ...?" ਮਾਂ ਭਰਾ ਵੱਲ ਕੋਚਰ ਵਾਂਗ ਝਾਕੀ।
-"ਕਿਤੇ ਤੁਸੀਂ ਬਿਚਾਰੀ ਕੁੜੀ ਨੂੰ ਪਰੁੰਨ੍ਹ ਕੇ ਨਾ ਰੱਖ ਦਿਓਂ...!"
-"ਨ੍ਹਾਂ ਹੁਣ ਤੈਥੋਂ ਵੀ ਵਲੈਤ ਜਾਂਦੀ ਨੀ ਜਰੀ ਜਾਂਦੀ ਕੁੜੀ...?"
-"ਤੂੰ ਜਦੋਂ ਵੀ ਗੱਲ ਕਰਨੀ ਐਂ, ਪੁੱਠੀ ਕਰਨੀ ਐਂ..! ਤਾਂਹੀਂ ਲੋਕ ਥੋਡੀ ਮੱਤ ਗਿੱਚੀ ਪਿੱਛੇ ਦੱਸਦੇ ਹੁੰਦੇ ਐ..! ਲੋਕਾਂ ਨੂੰ ਵੀ ਕੋਈ ਦੋਸ਼ ਨੀ, ਥੋਡੀ ਸੋਚ ਈ ਖੂਹ ਦੇ ਡੱਡੂ ਆਲ਼ੀ ਐ..!"
-"ਕੋਈ ਲੱਤ ਨੀ ਟੁੱਟਦੀ..! ਜੇ ਤੇਰੀ ਲੋੜ ਪਈ, ਨਾ ਆਈਂ...!" ਮਾਂ ਨੇ ਭਰਾ ਨੂੰ ਸਿੱਧੀ ਸੁਣਾਈ ਕਰ ਦਿੱਤੀ ਤਾਂ ਮਾਮਾ ਫ਼ਿੱਕਾ ਜਿਹਾ ਪਿਆ ਉਠ ਕੇ ਤੁਰ ਗਿਆ।
-"ਸਾਰਾ ਟੱਬਰ ਈ ਹਿੱਲਿਆ ਫ਼ਿਰਦੈ...! ਨਗਾਰਖਾਨੇ 'ਚ ਸਾਡੀ ਤੂਤੀ ਕੌਣ ਸੁਣਦੈ...? ਆਬਦਾ ਢੋਲ ਈ ਕੁੱਟੀ ਜਾਂਦੇ ਐ...! ਪਛਤਾਵੋਂਗੇ...! ਪਛਤਾਵੋਂਗੇ ਇੱਕ ਦਿਨ, ਸਿਆਣੇ ਦਾ ਕਿਹਾ ਤੇ ਔਲ਼ੇ ਦਾ ਖਾਧਾ ਬਾਅਦ 'ਚ ਪਤਾ ਚੱਲਦੈ..!"
-"ਵੇ ਤੂੰ ਜਾਹ ਗਹਾਂ..! ਕੇਰਾਂ ਈ ਰੱਬ ਬਣਿਆਂ ਫ਼ਿਰਦੈ..!"
ਵਲੈਤੀ ਰਿਸ਼ਤੇ ਦੀ ਖੁਸ਼ੀ ਦੇ ਨਾਲ-ਨਾਲ ਸੰਜੋਗਾਂ ਵਿਚ ਅੰਨ੍ਹਾਂ ਵਿਸ਼ਵਾਸ ਹੋਣ ਕਾਰਨ ਉਨ੍ਹਾਂ ਨੂੰ ਰਿਸ਼ਤੇਦਾਰਾਂ ਦੀ ਰਾਇ ਬਹੁਤੀ ਫ਼ਿੱਟ ਵੀ ਨਹੀਂ ਸੀ ਆਉਂਦੀ। ਇਕ ਤਾਂ ਉਸ ਦੇ ਮਾਪੇ ਆਪਣੇ ਭੋਲ਼ੇਪਨ ਅਨੁਸਾਰ ਹਰੇਕ 'ਤੇ ਜਲਦੀ ਵਿਸ਼ਵਾਸ ਕਰਨ ਦੇ ਆਦੀ ਸਨ। ਉਹ ਘੜ੍ਹਿਆ ਘੜ੍ਹਾਇਆ ਜਵਾਬ ਵਗਾਹ ਮਾਰਦੇ, "ਰਿਸ਼ਤਾ ਕਰਾਉਣ ਵਾਲੇ ਸਾਡੇ ਦੋਖੀ ਥੋੜ੍ਹੋ ਐ ਭਾਈ..! ਉਹ ਵੀ ਸਾਡਾ ਤੇ ਧੀ-ਧਿਆਣੀਂ ਦਾ ਭਲਾ ਈ ਚਾਹੁੰਦੇ ਐ..! ਬੱਸ ਲਹਿ ਜਾਣੇਂ ਲੋਕਾਂ ਤੋਂ ਈ ਜਰੇ ਨੀ ਜਾਂਦੇ..! ਪੈ'ਜੇ ਬਿੱਜ ਇਹਨਾਂ ਨੂੰ...!"
ਜਿੰਦਰ ਬਾਰ੍ਹਵੀਂ ਵਿਚ ਪੜ੍ਹ ਰਹੀ ਸੀ ਤੇ ਭਵਿੱਖ ਵਿਚ ਪੰਜਾਬੀ ਵਿਸ਼ੇ 'ਚ ਐਮ. ਏ. ਕਰਨ ਦੇ ਸੁਫ਼ਨੇ ਸਿਰਜਦੀ ਰਹਿੰਦੀ। ਪਰ ਉਹਦੀਆਂ ਕੀ ਯੋਜਨਾਵਾਂ ਸਨ...? ਉਹ ਪੜ੍ਹ-ਲਿਖ ਕੇ ਜ਼ਿੰਦਗੀ 'ਚ ਕੀ ਕਰਨਾ ਚਾਹੁੰਦੀ ਸੀ...?? ਕਿਸੇ ਨੇ ਜਾਨਣ ਦੀ ਕੋਸ਼ਿਸ਼ ਤਾਂ ਕੀ ਕਰਨੀ ਸੀ, ਲੋੜ ਹੀ ਨਾ ਸਮਝੀ।
-"ਤੂੰ ਵੀ ਲੋਕਾਂ ਦੀਆਂ ਉੱਘ ਦੀਆਂ ਪਤਾਲ਼ ਨਾ ਸੁਣੀਂ ਜਾਹ..! ਕੁੜੀ ਦਾ ਪਾਸਪੋਰਟ ਬਣਨਾ ਦੇਹ..! ਲੋਕਾਂ ਨੂੰ ਭੌਂਕੀ ਜਾਣਦੇ..! ਸੁੰਨੀ ਜੀ ਵੱਟ ਕੇ ਨਾ ਫ਼ਿਰੀ ਜਾਇਆ ਕਰ, ਕੋਈ ਹੱਥ ਪੱਲਾ ਵੀ ਹਿਲਾਇਆ ਕਰ! ਤੂੰ ਤਾਂ ਮੂੰਹ ਅੱਡ ਕੇ ਬੇਰੀ ਥੱਲੇ ਪੈਣ ਆਲ਼ੈਂ, ਬਈ ਲਾਲ ਪੇਂਝੂ ਬੇਰ ਮੇਰੇ ਮੂੰਹ 'ਚ ਡਿੱਗੂਗਾ..!"
-"ਹੁਣ ਲੋਕਾਂ ਨੂੰ ਛੱਡ ਕੇ ਮੇਰੇ ਮਗਰ ਪੈ'ਜਾ..! ਤੂੰ ਚੁੱਪ ਦਾ ਦਾਨ ਬਗਸ਼, ਮੈਂ ਪਰਸੋਂ ਜਾਊਂਗਾ...!" ਬਾਪੂ ਜਿਵੇਂ ਖੂਹ 'ਚੋਂ ਬੋਲਿਆ ਸੀ।
-"ਕਿਉਂ...? ਪਰਸੋਂ ਕਿਸੇ ਨੇ ਪੱਤਰੀ ਖੋਲ੍ਹ ਕੇ ਦੱਸਿਐ...? ਕੱਲ੍ਹ ਨੂੰ ਈ ਕਿਉਂ ਨੀ ਜਾਂਦਾ...?" ਬੇਬੇ ਨੇ ਲੋਕਾਂ 'ਤੇ ਚੜ੍ਹੇ ਗੁੱਸੇ ਦਾ ਨਜ਼ਲਾ ਬਾਪੂ 'ਤੇ ਝਾੜਿਆ।
-"ਕਿਉਂ ਵੱਢੂੰਂ ਖਾਊਂ ਕਰੀ ਜਾਨੀ ਰਹਿੰਨੀ ਐਂ...? ਜਿੰਦਰ ਨੂੰ ਛੁੱਟੀ ਵੀ ਦਿਵਾਉਣੀ ਪਊ ਕਿ ਨਹੀਂ...? ਮਾਰੀ ਜਾਊਗੀ ਜਾਭਾਂ ਨੂੰ...!" ਬਾਪੂ ਵੀ ਨਿੱਤ ਦੇ ਵਰਤਾਓ ਤੋਂ ਖਿਝ ਗਿਆ ਸੀ।
-"ਜਿੰਦਰ ਨੂੰ ਪੜ੍ਹਾ ਕੇ ਹੁਣ ਡੀ.ਸੀ. ਲਾਉਣੈਂ...? ਤੂੰ ਰਹਿਣ ਦੇ ਛੁੱਟੀ ਦਿਵਾਉਣ ਨੂੰ..! ਜਦੋਂ ਕੁੜੀ ਨੇ ਬਾਹਰ ਈ ਚਲੀ ਜਾਣੈਂ, ਫ਼ੇਰ ਕੀ ਲੋੜ ਐ ਪੜ੍ਹਨ ਦੀ..? ਤੂੰ ਬਾਹਲ਼ੀ ਮਗਜਮਾਰੀ ਨਾ ਕਰ..! ਕੁੜੀ ਨੂੰ ਨਾਲ਼ ਲੈ, ਤੇ ਪਾਸਪੋਰਟ ਬਣਨਾ ਦੇਹ ਕੱਲ੍ਹ ਨੂੰ..! ਬੋਲ ਬਾਖਰੂ..! ਮੇਰੇ ਵੱਲੋਂ ਚਾਹੇ ਨਾਂ ਕਟਵਾ ਲੈ ਇਹਦਾ, ਜਿੰਨਾਂ ਨ੍ਹਾਤੀ ਓਨਾਂ ਈ ਪੁੰਨ, ਬਹੁਤ ਪੜ੍ਹਲੀ ਇਹੇ..! ਅਖੇ ਆਖਰ ਪੁੱਤ ਬਸੰਤਿਆ, ਤੂੰ ਹੱਟੀ ਬਹਿਣਾਂ, ਓਥੇ ਜਾ ਕੇ ਵੀ ਇਹਨੇ ਚੁੱਲ੍ਹਾ ਚੌਂਕਾ ਈ ਸਾਂਭਣੈਂ, ਚਿੱਠੀ ਪੱਤਰ ਜੋਕਰੀ ਹੋਗੀ ਇਹੇ, ਮੈਂ ਹੁਣ ਰੱਜੀ ਧਾਈ ਇਹਦੀ ਪੜ੍ਹਾਈ ਤੋਂ, ਨਾਲ਼ੇ ਥੱਬਾ ਰੁਪਈਆਂ ਦਾ ਲਾਓ, ਤੇ ਨਾਲ਼ੇ ਡੱਪ-ਡੱਪ ਸਕੂਲਾਂ 'ਚ ਧੱਕੇ ਖਾਓ, ਕੀ ਫ਼ਾਇਦਾ? ਨ੍ਹਾਂ ਕਾਹਦੇ ਵਾਸਤੇ..?"
-"..............।" ਬਾਪੂ ਚੁੱਪ ਸੀ।
-"ਇੱਕ ਲੋਕ ਨੀ ਟਿਕਣ ਦਿੰਦੇ...!" ਮਾਂ ਦੇ ਗਲ਼ ਵਿੱਚ ਹੰਝੂ ਬੋਲੇ, "ਪਤਾ ਨੀ ਇਹਨਾਂ ਦੇ ਕੀ ਪੈਰ ਮਿੱਧ'ਤੇ ਅਸੀਂ..!"    ਅਗਲੇ ਦਿਨ ਬਾਪੂ ਜਿੰਦਰ ਨੂੰ ਨਾਲ਼ ਲੈ ਸ਼ਹਿਰ ਨੂੰ ਬੱਸ ਚੜ੍ਹ ਗਿਆ।
ਜਿੰਦਰ ਰਾਮ ਗਊ ਵਾਂਗ ਬਾਪੂ ਦੇ ਨਾਲ਼ ਤੁਰੀ ਫ਼ਿਰਦੀ ਸੀ। ਅਠਾਰਾਂ ਸਾਲ ਦੀ ਉਮਰ ਵਿਚ ਉਸ ਨੂੰ ਵਿਆਹ ਬਾਰੇ ਬਹੁਤਾ ਗਿਆਨ ਨਹੀਂ ਸੀ। ਅਜੇ ਉਹ ਖ਼ੁਸ਼ੀ-ਗ਼ਮੀ ਤੋਂ ਨਿਰਲੇਪ ਸੀ।
-"ਕਿੰਨਾਂ ਕੁ ਚਿਰ ਲੱਗ ਜਾਊਗਾ ਪਾਸਪੋਰਟ ਆਉਣ ਨੂੰ ਜੀ...?" ਸਾਰੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਬਾਪੂ ਨੇ ਟਰੈਵਲ ਏਜੰਟ ਨੂੰ ਪੁੱਛਿਆ।
-"ਛੇ ਕੁ ਮਹੀਨੇ ਲੱਗ ਈ ਜਾਣੇ ਐਂ ਸਰਦਾਰ ਜੀ...!"
-"ਛੇ ਮਹੀਨੇ...?" ਬਾਪੂ ਦੇ ਸਾਹ ਮਗਜ ਨੂੰ ਗਏ। ਉਹ ਤਾਂ ਹਫ਼ਤਾ, ਜਾਂ ਦੋ ਹਫ਼ਤੇ ਸਮਝੀ ਬੈਠਾ ਸੀ।
-"ਆਹੋ...! ਛੇ ਮਹੀਨੇ ਹੀ ਲੱਗਦੇ ਐ ਬਾਪੂ...!" ਅੰਦਰੋਂ ਵੱਡੇ ਏਜੰਟ ਨੇ ਹੋਕਰਾ ਮਾਰ ਕੇ ਹਾਂਮ੍ਹੀਂ ਭਰੀ।
-"ਲੈ ਦੇ ਕੇ ਛੇਤੀ ਨੀ ਨਿਕਲ਼ਦਾ...?" ਬਾਪੂ ਨੇ ਏਜੰਟ ਦੇ ਕੰਨ ਨਾਲ਼ ਮੂੰਹ ਜੋੜ ਕੇ ਕਿਹਾ।
-"ਤੁਸੀਂ ਹੁਕਮ ਕਰਿਓ...! ਖਿੱਚ ਕੇ ਨੇੜੇ ਕਰ ਦਿਆਂਗੇ, ਸਰਦਾਰ ਜੀ...! ਗਾਂਧੀ ਆਲ਼ੇ ਨੋਟਾਂ ਹੱਥ ਡੋਰ ਐ ਸਾਰੇ ਕਾਰਜਾਂ ਦੀ, ਤੇ ਅਫ਼ਸਰਸ਼ਾਹੀ ਤਾਂ ਪੈਸੇ ਬਿਨਾਂ ਰੱਬ ਨੂੰ ਮੱਥਾ ਨੀ ਟੇਕਦੀ..!" ਏਜੰਟ ਨੇ ਅੜੀ 'ਚ ਅੜੀ ਅੜਾਈ।
-"ਕੁੜੀ ਦਾ ਵਿਆਹ ਰੱਖਿਐ, ਸ਼ੇਰਾ...! ਮਸਾਂ ਵਲੈਤੋਂ ਰਿਸ਼ਤਾ ਜੁੜਿਐ...! ਮਾਰੋ ਕੋਈ ਰੇਖ 'ਚ ਮੇਖ, ਸਹੁੰ ਗੁਰੂ ਦੀ ਜੇ ਪਾਸਪੋਰਟ ਛੇਤੀ ਨਿਕਲ਼ ਆਵੇ, ਚਿੱਠੇ ਈ ਤਰ ਜਾਣ...!"
-"ਅੰਦਰ ਜਾ ਕੇ ਗੱਲ ਕਰ ਲਓ...! ਵੱਡੇ ਸਾਹਿਬ ਅੰਦਰ ਨੇ..!"
-"ਕੀ ਨਾਂ ਐਂ ਬੱਡੇ ਸਾਹਿਬ ਦਾ...?"
-"ਕਲਿਆਣ ਸਾਹਿਬ...!" ਕਲਰਕ ਨੇ ਦੱਸਿਆ।
ਬਾਪੂ ਜਿੰਦਰ ਨੂੰ ਲੈ ਕੇ 'ਕਲਿਆਣ ਸਾਹਿਬ' ਕੋਲ਼ ਅੰਦਰ ਚਲਿਆ ਗਿਆ।
-"ਲਾਹਣ ਸਾਹਿਬ, ਸਾਸਰੀਕਾਲ..!" ਬਾਪੂ ਦੇ ਠਾਹ ਸੋਟੇ ਤੋਂ ਸਾਰਾ ਸਟਾਫ਼ ਹੱਸ ਪਿਆ।
ਜਿੰਦਰ ਵੀ ਫ਼ਿੱਕੀ ਜਿਹੀ ਪਈ ਖੜ੍ਹੀ ਸੀ।
ਕਲਿਆਣ ਵੀ ਹੱਸਣ ਲੱਗ ਪਿਆ।
-"ਲਾਹਣ ਨੀ, ਬਾਪੂ ਸਿਆਂ...! ਕਲਿਆਣ ਆਖ, ਕਲਿਆਣ..!"
-"ਕੀ ਲਾਹਣ, ਤੇ ਕੀ ਕਲਿਆਣ..? ਜੋ ਆਇਆ, ਮੂੰਹੋਂ ਕੱਢ ਮਾਰਿਆ..! ਤੁਸੀਂ ਹੁਣ ਮੇਰੇ ਆਲ਼ਾ ਘਾਣ ਨਾ ਕਰੋ..! ਮੈਨੂੰ ਕਿਸੇ ਰਾਹ ਪਾਓ..!" ਬਾਪੂ ਬਗੈਰ ਭੂਮਿਕਾ ਤੋਂ ਗੱਲ ਕਰਨ ਦਾ ਆਦੀ ਸੀ।
-"ਅਜੇ ਤਾਂ ਪਾਸਪੋਰਟ ਅਪਲਾਈ ਹੋਇਐ, ਬਾਪੂ...! ਮਹੀਨੇ ਕੁ ਬਾਅਦ ਗੇੜਾ ਮਾਰ ਲੈਣਾਂ..! ਪੜ੍ਹ ਦਿਆਂਗੇ ਕੋਈ ਮੰਤਰ..! ਚਿੰਤਾ ਨਾ ਕਰੋ..! ਅਸੀਂ ਕਾਹਦੇ ਵਾਸਤੇ ਬੈਠੇ ਐਂ, ਬਾਪੂ ਮੇਰਿਆ...?" ਕਲਿਆਣ ਨੂੰ ਪਤਾ ਲੱਗ ਗਿਆ ਕਿ 'ਮੁਰਗੀ' ਹਲਾਲ ਹੋਣ ਵਾਸਤੇ ਆਪ ਤਰਲੇ ਲੈ ਰਹੀ ਹੈ। ਦਾਣਾ ਪਾ ਕੇ ਮਰੋੜ ਲਈ ਜਾਵੇ, ਸੁੱਕੀ ਨਾ ਛੱਡਿਆ ਜਾਵੇ।
-"ਕੁੜੀ ਦਾ ਰਿਸ਼ਤਾ ਵਲੈਤ ਪੱਕਾ ਹੋਇਐ ਸ਼ੇਰਾ...! ਧੀ ਧਿਆਣੀ ਦੀ ਜ਼ਿੰਦਗੀ ਦਾ ਸੁਆਲ ਐ..!"
-"ਬਾਪੂ, ਝੋਰਾ ਕਾਹਦਾ ਕਰਦੈਂ...? ਤੂੰ ਆ ਤਾਂ ਜਾਈਂ, ਕੁੱਤੀਆਂ ਕੰਧਾਂ 'ਤੇ ਚਾੜ੍ਹ ਦਿਆਂਗੇ...! ਤੂੰ ਇੱਕ ਆਰੀ ਸਿੱਧਾ ਹੋ ਕੇ ਦਰਸ਼ਣ ਦੇਹ, ਬੱਕਰੀ ਗੁੱਲਾਂ 'ਤੇ ਨਾਚ ਕਰਦੀ ਦੇਖੀਂ...!" ਠਰਕੀ ਕਲਿਆਣ ਨੇ ਜਿੰਦਰ ਵੱਲ ਤਿਰਛੀ ਨਜ਼ਰ ਨਾਲ਼ ਝਾਕਦਿਆਂ ਕਿਹਾ। ਜਿੰਦਰ ਨੇ ਮਾੜੀ ਨੀਅਤ ਭਾਂਪ ਕੇ ਕਬੂਤਰ ਵਾਂਗ ਖੰਭ ਜਿਹੇ ਘੁੱਟ ਲਏ ਅਤੇ ਇੱਕ ਖੂੰਜੇ ਲੱਗ ਕੇ ਖੜ੍ਹ ਗਈ।
-"ਚਾਹ ਪੀਣੀਂ ਐਂ ਕਿ ਠੰਢਾ..?" ਉਸ ਨੇ ਜਿੰਦਰ ਵੱਲ ਬਾਘੜ ਬਿੱਲੇ ਵਾਂਗ ਝਾਕ ਕੇ ਪੁੱਛਿਆ।
-"ਤੂੰ ਮੇਰਾ ਬੱਸ ਆਹ ਪਾਸਪੋਰਟ ਆਲ਼ਾ ਕੰਮ ਕਰਦੇ, ਸਾਰਾ ਕੁਛ ਵਿੱਚੇ ਈ ਆ ਗਿਆ ਸ਼ੇਰਾ..!" ਬਾਪੂ ਬੋਲਿਆ।
ਜਿੰਦਰ ਦਾ ਸਰੀਰ 'ਝਰਨ-ਝਰਨ' ਕਰੀ ਜਾ ਰਿਹਾ ਸੀ।
ਸਾਰੇ ਕਾਸੇ ਤੋਂ ਬੇਖ਼ਬਰ ਬਾਪੂ ਖ਼ੁਸ਼ੀ ਨਾਲ਼ ਗੜੁੱਚ ਹੋਇਆ ਬਾਹਰ ਆ ਗਿਆ।
ਉਸ ਦੇ ਧਰਤੀ ਪੈਰ ਨਹੀਂ ਲੱਗਦੇ ਸਨ।
ਕਿਸੇ ਗ਼ੈਬੀ ਖ਼ੁਸ਼ੀ ਨਾਲ਼ ਉਹ ਧਰਤੀ ਤੋਂ ਗਿੱਠ ਉਚਾ ਤੁਰ ਰਿਹਾ ਸੀ।

....ਚਲਦਾ (ਬਾਕੀ ਅਗਲੇ ਹਫ਼ਤੇ)