ਗੁਰੂ ਗੋਬਿੰਦ ਸਿੰਘ ਜੀ ਦਾ ਸੰਗੀਤਕ ਯੋਗਦਾਨ - DR HARGUN SINGH

ਗੁਰੂ ਗੋਬਿੰਦ ਸਿੰਘ ਜੀ ਲਾਸਾਨੀ ਪ੍ਰਤਿਭਾ ਦੇ ਮਾਲਕ ਸਨ।ਆਪ ਜੀ ਨੂੰ ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਬਹੁਤ ਹੀ ਉੱਚਾ ਤੇ ਸਤਿਕਾਰਯੋਗ ਸਥਾਨ ਪ੍ਰਾਪਤ ਹੈ।ਆਪ ਜੀ ਬ੍ਰਿਜ, ਫ਼ਾਰਸੀ ਤੇ ਹਿੰਦੀ ਭਾਸ਼ਾ ਦੇ ਵਿਦਵਾਨ ਕਵੀ ਹੀ ਨਹੀਂ ਸਨ, ਸਗੋਂ ਇੱਕ ਮਹਾਨ ਸੂਰਬੀਰ ਯੋਧਾ ਤੇ ਸੰਗੀਤਕਾਰ ਵੀ ਸਨ।ਗਹੁ ਨਾਲ ਦੇਖਿਆ ਜਾਵੇ ਤਾਂ ਆਪ ਜੀ ਨੇ 41 ਵਰ੍ਹਿਆਂ ਦਾ ਬਹੁਤ ਛੋਟਾ ਜੀਵਨ ਬਤੀਤ ਕੀਤਾ, ਜੋ ਸਮੇਂ ਦੀ ਦ੍ਰਿਸ਼ਟੀ ਤੋਂ ਭਾਵੇਂ ਅਲਪ ਹੈ ਪਰ ਜੇਕਰ ਸਮਾਜਿਕ ਦੇਣ ਦੇ ਪਰਿਪੇਖ ਵਿਚ ਦੇਖਿਆ ਜਾਵੇ ਤਾਂ ਇਹ ਜੀਵਨ ਬਹੁਤ ਹੀ ਸਾਰਥਿਕ ਤੇ ਵਿਸ਼ਾਲਤਾ ਭਰਪੂਰ ਹੈ।ਆਪ ਜੀ ਨੇ ਇਸ 41 ਵਰ੍ਹਿਆਂ ਦੇ ਜੀਵਨ ਵਿੱਚ ਅਨੇਕ ਕਠਿਨਾਈਆਂ ਦਾ ਸਾਹਮਣਾ ਕਰਦੇ ਹੋਏ ਭਾਰਤੀ ਸਾਹਿਤ, ਸੰਗੀਤ ਅਤੇ ਸਿੱਖ ਕੌਮ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਅਤੇ ਹਰ ਖੇਤਰ ਵਿਚ ਐਸਾ ਲਾਸਾਨੀ ਯੋਗਦਾਨ ਪਾਇਆ, ਜਿਸਨੇ ਆਪ ਨੂੰ ਅਮਰ ਪਦ ਪ੍ਰਦਾਨ ਕੀਤਾ।

ਜਨਮ ਤੇ ਮਾਤਾ-ਪਿਤਾ :-
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ ਸੰਨ 1666 ਈ: ਨੂੰ ਪਟਨਾ ਸਾਹਿਬ (ਬਿਹਾਰ) ਵਿਖੇ ਹੋਇਆ ਅਤੇ ਆਪ ਦੇ ਪਿਤਾ ਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਅਤੇ ਮਾਤਾ ਗੁਜਰੀ ਜੀ ਸਨ। ਬਚਪਨ ਵਿੱਚ ਆਪ ਜੀ ਦਾ ਪਾਲਣ ਪੋਸ਼ਣ ਮਾਮਾ ਜੀ ਸ਼੍ਰੀਮਾਨ ਕਿਰਪਾਲ ਜੀ ਦੁਆਰਾ ਕੀਤਾ ਗਿਆ। ਇਤਿਹਾਸਕਾਰਾਂ ਅਨੁਸਾਰ ਆਪ ਜੀ ਬਚਪਨ ਵਿੱਚ ਹੀ ਤੀਖਣਬੁੱਧੀ ਦੇ ਮਾਲਕ ਸਨ ਅਤੇ ਕੇਵਲ 6 ਵਰ੍ਹਿਆਂ ਦੀ ਉਮਰ ਵਿੱਚ ਹੀ ਇਹਨਾਂ ਦੀਆਂ ਖੇਡਾਂ ਵਿੱਚ ਅਸਾਧਾਰਨ ਚਿੰਨ੍ਹ ਦਿਖਾਈ ਦੇਣ ਲੱਗੇ। ਆਪ ਜੀ 6 ਵਰ੍ਹਿਆਂ ਦੀ ਉਮਰ ਤੱਕ ਪਟਨਾ ਵਿਖੇ ਰਹੇ ਅਤੇ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਆ ਕੇ ਰਹਿਣ ਲੱਗੇ। ਅਨੰਦਪੁਰ ਸਾਹਿਬ ਵਿੱਚ ਆਪ ਜੀ ਦੀ ਸਿੱਖਿਆ ਦਾ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਅਤੇ ਇੱਥੇ ਹੀ ਸੰਨ 1676 ਈ: ਵਿੱਚ ਆਪ ਜੀ ਨੂੰ ਗੁਰਗੱਦੀ ਬਖ਼ਸ਼ ਦਿੱਤੀ ਗਈ। ਗੁਰੂ ਗੋਬਿੰਦ ਸਿੰਘ ਦੇ ਜੀਵਨ ਨੂੰ ਸਮੁੱਚੇ ਭਾਰਤੀ ਸੰਗੀਤ ਦੇ ਪ੍ਰਸੰਗ ਵਿੱਚ ਦੇਖਣ 'ਤੇ ਸਪੱਸ਼ਟ ਹੁੰਦਾ ਹੈ ਕਿ ਆਪ ਜੀ ਨੇ ਭਾਰਤੀ ਸ਼ਾਸਤਰੀ ਸੰਗੀਤ ਅਤੇ ਗੁਰਬਾਣੀ ਸੰਗੀਤ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਬਹੁਤ ਹੀ ਵਡਮੁੱਲਾ ਯੋਗਦਾਨ ਪਾਇਆ, ਜਿਸਦਾ ਸਿੱਧਾ ਸੰਬੰਧ ਆਪ ਜੀ ਦੀ ਸੰਗੀਤਕ ਵਿਦਵਤਾ ਨਾਲ ਜੁੜਦਾ ਹੈ।ਆਪ ਜੀ ਦੁਆਰਾ ਦਿੱਤੇ ਗਏ ਸੰਗੀਤਕ ਯੋਗਦਾਨ ਨੂੰ ਉਭਾਰਨ ਦਾ ਇਕ ਸੰਖੇਪ ਯਤਨ ਹੱਥਲੇ ਖੋਜ ਪੱਤਰ ਵਿਚ ਕੀਤਾ ਗਿਆ ਹੈ, ਜੋ ਹੇਠ ਲਿਖੇ ਅਨੁਸਾਰ ਹੈ:-

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ :-
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ 1604 ਈ: ਵਿੱਚ ਭਾਈ ਗੁਰਦਾਸ ਜੀ ਦੀ ਸਹਾਇਤਾ ਨਾਲ ਤਿਆਰ ਕੀਤੇ ਗਏ 'ਆਦਿ ਗ੍ਰੰਥ' ਵਿੱਚ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਦਮਦਮਾ ਸਾਹਿਬ ਵਿਖੇ ਪ੍ਰਸਿੱਧ ਸਿੱਖ ਵਿਦਵਾਨ ਭਾਈ ਮਨੀ ਸਿੰਘ ਜੀ ਦੀ ਸਹਾਇਤਾ ਨਾਲ ਦਰਜ ਕਰਦਿਆਂ ਸੰਪੂਰਨਤਾ ਦਿੱਤੀ ਅਤੇ ਇਸਦਾ ਨਾਮ 'ਆਦਿ ਗ੍ਰੰਥ' ਤੋਂ 'ਸ੍ਰੀ ਗੁਰੂ ਗ੍ਰੰਥ ਸਾਹਿਬ' ਰੱਖ ਦਿੱਤਾ।ਆਪ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਜੋ ਬਾਣੀ ਇਸ ਵਿੱਚ ਦਰਜ ਕੀਤੀ ਉਹ ਕੁੱਲ 17 ਰਾਗਾਂ (ਮੁੱਖ ਰਾਗ ਤੇ ਮਿਸ਼ਰਿਤ ਰਾਗ) ਵਿੱਚ ਦਰਜ ਮਿਲਦੀ ਹੈ, ਜਿਸ ਵਿਚ ਪ੍ਰਯੋਗ ਕੀਤੇ ਗਏ ਰਾਗਾਂ ਦੇ ਅੰਤਰਗਤ ਰਾਗ ਗਉੜੀ, ਆਸਾ, ਦੇਵਗੰਧਾਰ, ਬਿਹਾਗੜਾ, ਸੋਰਠ, ਧਨਾਸਰੀ, ਜੈਤਸਰੀ, ਟੋਡੀ, ਤਿਲੰਗ, ਬਿਲਾਵਲ, ਰਾਮਕਲੀ, ਬਸੰਤ, ਜੈਜਾਵੰਤੀ ਆਦਿ ਪ੍ਰਮੁੱਖ ਹਨ।ਆਪ ਜੀ ਦੁਆਰਾ ਕੀਤਾ ਗਿਆ ਇਹ ਕਾਰਜ ਸੰਗੀਤਕ ਦ੍ਰਿਸ਼ਟੀ ਤੋਂ ਬਹੁਤ ਹੀ ਮਹੱਤਵ ਰੱਖਦਾ ਹੈ।

ਰਾਗਾਤਮਿਕ ਬਾਣੀ ਦੀ ਸਿਰਜਣਾ:-
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਵਿੱਚ ਆਪਣੇ ਤੋਂ ਪਹਿਲਾਂ ਚੱਲੀ ਆ ਰਹੀ ਰਾਗਾਤਮਿਕ ਬਾਣੀ ਦੀ ਸਿਰਜਣਾ ਕਰਨ ਦੀ ਪਰੰਪਰਾ ਨੂੰ ਨਿਰੰਤਰ ਜਾਰੀ ਰੱਖਿਆ ਅਤੇ ਰਾਗਾਤਮਿਕ ਬਾਣੀ ਦੀ ਰਚਨਾ ਦੇ ਨਾਲ-ਨਾਲ ਉਸਨੂੰ ਸ਼ਬਦ-ਕੀਰਤਨ ਰਾਹੀਂ ਵਿਹਾਰਕ ਰੂਪ ਵਿਚ ਵੀ ਕਾਰਜਸ਼ੀਲ ਰੱਖਿਆ। ਆਪ ਜੀ ਦੀਆਂ ਸ਼ਬਦ-ਰਚਨਾਵਾਂ 'ਦਸਮ ਗ੍ਰੰਥ' ਤੇ 'ਸਰਬਲੋਹ ਗ੍ਰੰਥ' ਵਿਚ ਵਿਸ਼ੇਸ਼ ਰੂਪ ਵਿਚ ਪ੍ਰਾਪਤ ਹੁੰਦੀਆਂ ਹਨ, ਜਿਨ੍ਹਾਂ ਦੀਆਂ ਕੁਝ ਬਾਣੀਆਂ ਸੰਬੰਧੀ ਵਿਦਵਾਨਾਂ ਵਿਚ ਮੱਤਭੇਦ ਵੀ ਪਾਏ ਜਾਂਦੇ, ਪਰ ਸੰਗੀਤਕ ਦ੍ਰਿਸ਼ਟੀ ਤੋਂ ਇਨ੍ਹਾਂ ਨੂੰ ਅਣਗੋਲਿਆਂ ਨਹੀਂ ਕੀਤਾ ਜਾ ਸਕਦਾ।'ਦਸਮ ਗ੍ਰੰਥ' ਦੇ ਅੰਤਰਗਤ 19 ਅਤੇ 'ਸਰਬਲੋਹ ਗ੍ਰੰਥ' ਦੇ ਅੰਤਰਗਤ ਲਗਭਗ 150 ਰਾਗਾਂ ਵਿੱਚ ਸ਼ਬਦ ਰਚਨਾਵਾਂ ਪ੍ਰਾਪਤ ਹੁੰਦੀਆਂ ਹਨ ਜੋ ਭਾਰਤੀ ਸ਼ਾਸਤਰੀ ਸੰਗੀਤ ਅਤੇ ਗੁਰਬਾਣੀ ਸੰਗੀਤ ਦੇ ਅੰਤਰਗਤ ਅਧਿਆਤਮਕ ਰਚਨਾਵਾਂ ਦੇ ਰੂਪ ਵਿਚ ਸੰਗੀਤ ਦਾ ਵਡਮੁੱਲਾ ਸਰਮਾਇਆ ਹਨ।ਆਪ ਜੀ ਦੁਆਰਾ ਰਚਿਤ ਇਨ੍ਹਾਂ ਗ੍ਰੰਥਾਂ ਦੇ ਅੰਤਰਗਤ ਧੁਰ ਕੀ ਬਾਣੀ ਦੇ ਸਫ਼ਲ ਪ੍ਰਗਟਾ ਲਈ ਪ੍ਰਯੋਗ ਕੀਤੇ ਗਏ ਰਾਗਾਂ ਵਿਚ ਰਾਗ ਸ੍ਰੀ, ਮਾਝ, ਗਉੜੀ, ਗਉੜੀ ਪੂਰਬੀ, ਗਉੜੀ ਬੈਰਾਗਣ, ਗਉੜੀ ਚੇਤੀ, ਆਸਾ, ਗੂਜਰੀ, ਦੇਵਗੰਧਾਰ, ਬਿਹਾਗੜਾ, ਧਨਾਸਰੀ, ਸੂਹੀ, ਸੋਰਠ, ਰਾਮਕਲੀ, ਤਿਲੰਗ, ਬਿਲਾਵਲ, ਭੈਰੋਂ, ਸਰਸ, ਨਟਨਾਰਾਇਣ, ਕਲਿਆਣ, ਮਾਰੂ, ਪਰਜ, ਕੇਦਾਰਾ, ਸੋਹਨੀ, ਜੈਜੈਵੰਤੀ, ਤੁਖਾਰੀ, ਜੈਤਸਰੀ, ਬੈਰਾੜੀ, ਹਮੀਰ, ਮਲਹਾਰ, ਬਸੰਤ, ਬਸੰਤ ਹਿੰਡੋਲ, ਦੀਪਕ, ਲਲਿਤ, ਅਹੀਰੀ, ਸਾਰੰਗ, ਆਸਾਵਰੀ, ਭੈਰਵੀ, ਮਲਹਾਰ, ਪ੍ਰਭਾਤੀ, ਬਿਹਾਗ ਆਦਿ ਪ੍ਰਮੁੱਖ ਹਨ। ਧਿਆਨ ਦੇਣ ਯੋਗ ਗੱਲ ਹੈ ਕਿ ਆਪ ਜੀ ਦੁਆਰਾ ਪ੍ਰਯੋਗ ਕੀਤੇ ਗਏ ਰਾਗਾਂ ਵਿੱਚ ਬਹੁਤ ਸਾਰੇ ਰਾਗ ਅਜਿਹੇ ਵੀ ਹਨ ਜੋ ਅਪ੍ਰਚੱਲਿਤ ਰਾਗਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ, ਜਿਨ੍ਹਾਂ ਦਾ ਸਿੱਧਾ ਸਬੰਧ ਆਪ ਜੀ ਦੇ ਵਿਸ਼ਾਲ ਸੰਗੀਤਕ ਗਿਆਨ ਨਾਲ ਜੁੜ੍ਹਦਾ ਹੈ।

ਗੁਰਬਾਣੀ ਸੰਗੀਤ ਦੀ ਸ਼ਬਦ-ਕੀਰਤਨ ਪਰੰਪਰਾ ਦੀ ਕਾਰਜਸ਼ੀਲਤਾ:-
ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਕੀਤੀ ਗਈ ਰੋਜ਼ਾਨਾ ਸ਼ਬਦ-ਕੀਰਤਨ ਪਰੰਪਰਾ ਦੀ ਕਾਰਜਸ਼ੀਲਤਾ ਵਿਭਿੰਨ ਗੁਰੂ ਸਾਹਿਬਾਨਾਂ ਦੇ ਕਾਰਜ ਕਾਲ ਦੌਰਾਨ ਨਿਰੰਤਰ ਚੱਲਦੀ ਰਹੀ ਅਤੇ ਬਾਖ਼ੂਬੀ ਵਿਕਸਤ ਵੀ ਹੋਈ, ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਇਆ। ਭਾਵੇਂ ਉਹਨਾਂ ਦਾ ਜੀਵਨ ਜੰਗਾਂ-ਯੁੱਧਾਂ ਨਾਲ ਭਰਪੂਰ ਸੀ ਪਰ ਉਹਨਾਂ ਨੇ ਆਪਣੇ ਜੀਵਨ ਵਿੱਚ ਰੋਜ਼ਾਨਾ ਸ਼ਬਦ-ਕੀਰਤਨ ਦੀ ਪਰੰਪਰਾਗਤ ਪਿਰਤ ਨੂੰ ਟੁੱਟਣ ਨਹੀਂ ਦਿੱਤਾ ਅਤੇ ਗੁਰੁੂ ਦਰਬਾਰ ਦੇ ਰੂਪ ਵਿਚ ਸ੍ਰੀ ਅਨੰਦਪੁਰ ਸਾਹਿਬ ਨੂੰ ਪ੍ਰਮੁੱਖ ਕੇਂਦਰੀ ਸਥਾਨ ਵਜੋਂ ਸਥਾਪਿਤ ਕੀਤਾ।ਆਪ ਜੀ ਦੇ ਜੀਵਨ ਨੂੰ ਸੰਗੀਤਕ ਦ੍ਰਿਸ਼ਟੀ ਤੋਂ ਗਹੁ ਨਾਲ ਵਾਚਣ ਤੋਂ ਸਪੱਸ਼ਟ ਹੁੰਦਾ ਹੈ ਕਿ ਆਪ ਜੀ ਰੋਜ਼ਾਨਾ ਤਾਨਪੁਰਾ, ਤਾਉਸ, ਮਿਰਦੰਗ ਆਦਿ ਸਾਜ਼ਾਂ ਦੇ ਨਾਲ ਖ਼ੁਦ ਕੀਰਤਨ ਕਰਿਆ ਕਰਦੇ ਸਨ ਜੋ ਕਿ ਗੁਰਬਾਣੀ ਸੰਗੀਤ ਅਤੇ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਆਪ ਜੀ ਦੇ ਵਡਮੁੱਲੇ ਯੋਗਦਾਨ ਨੂੰ ਸਥਾਪਿਤ ਕਰਦਾ ਹੈ।

ਖ਼ਿਆਲ ਗਾਇਨ ਸ਼ੈਲੀ ਦੇ ਆਵਿਸ਼ਕਾਰਕ:-
ਭਾਰਤੀ ਸੰਗੀਤ ਦੇ ਵਿਦਵਾਨਾਂ ਅਨੁਸਾਰ ਵਰਤਮਾਨ ਸਮੇਂ ਦੀ ਹਰਮਨ ਪਿਆਰੀ 'ਖ਼ਿਆਲ ਗਾਇਨ ਸ਼ੈਲੀ' ਦਾ ਆਵਿਸ਼ਕਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ, ਜਿਸਦੀ ਪ੍ਰਮਾਣਿਕਤਾ ਹਿੱਤ, ਉਹਨਾਂ ਦੁਆਰਾ ਰਚਿਤ ਸ਼ਬਦ 'ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ' ਹੈ, ਜਿਸਦਾ ਸਿਰਲੇਖ 'ਖ਼ਿਆਲ ਪਾਤਸ਼ਾਹੀ' ਪ੍ਰਾਪਤ ਹੁੰਦਾ ਹੈ। ਜਦੋਂ ਕਿ ਲਿਖਤੀ ਰੂਪ ਵਿੱਚ ਅਜਿਹਾ ਸਿਰਲੇਖ ਉਹਨਾਂ ਤੋਂ ਪਹਿਲਾਂ ਜਾਂ ਸਮਕਾਲੀ ਕਿਸੇ ਵੀ ਸੰਗੀਤਕ ਗ੍ਰੰਥ ਵਿੱਚ ਦੇਖਣ ਨੂੰ ਨਹੀਂ ਮਿਲਦਾ।ਇਸ ਲਈ ਪ੍ਰਮਾਣਿਕ ਸਬੂਤਾਂ ਦੇ ਆਧਾਰ 'ਤੇ 'ਖ਼ਿਆਲ ਗਾਇਨ ਸ਼ੈਲੀ' ਦੇ ਜਨਮਦਾਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਿਆ ਜਾਂਦਾ ਹੈ।ਇਸ ਤੋਂ ਬਿਨਾਂ ਕੁੱਝ ਵਿਦਵਾਨ 'ਖ਼ਿਆਲ ਗਾਇਨ ਸ਼ੈਲੀ' ਦਾ ਆਵਿਸ਼ਕਾਰ ਪ੍ਰਸਿੱਧ ਸੰਗੀਤ ਵਿਦਵਾਨ ਅਮੀਰ ਖੁਸਰੋ ਅਤੇ ਜੌਨਪੁਰ ਦੇ ਬਾਦਸ਼ਾਹ ਸੁਲਤਾਨ ਹੁਸੈਨ ਸ਼ਰਕੀ ਨਾਲ ਵੀ ਜੋੜ੍ਹਦੇ ਹਨ ਪਰ ਅਜੇ ਤੱਕ ਉਹਨਾਂ ਵਿਦਵਾਨਾਂ ਕੋਲ ਇਸ ਗੱਲ ਦਾ ਕੋਈ ਵੀ ਲਿਖਤੀ, ਠੋਸ ਅਤੇ ਪ੍ਰਮਾਣਿਕ ਸਬੂਤ ਪ੍ਰਾਪਤ ਨਹੀਂ ਹੈ।ਸੋ ਸਪੱਸ਼ਟ ਹੈ ਕਿ ਭਾਰਤੀ ਸੰਗੀਤ ਦੀ 'ਖ਼ਿਆਲ ਗਾਇਨ ਸ਼ੈਲੀ' ਦੇ ਆਵਿਸ਼ਕਾਰਕ ਗੁਰੂ ਗੋਬਿੰਦ ਸਿੰਘ ਜੀ ਹੀ ਸਾਬਿਤ ਹੁੰਦੇ ਹਨ।
ਉਪਰੋਕਤ ਸਾਰੇ ਵਰਣਨ ਤੋਂ ਸਪੱਸ਼ਟ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਥੇ ਗੁਰਬਾਣੀ ਸੰਗੀਤ ਦੇ ਵਿਭਿੰਨ-ਪਰਤੀ ਪ੍ਰਚਾਰ ਤੇ ਪ੍ਰਸਾਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਉੱਥੇ ਭਾਰਤੀ ਸੰਗੀਤ ਨੂੰ ਵੀ ਆਪਣੀ ਮਹਾਨ ਦੇਣ ਦਿੱਤੀ, ਜਿਸ ਤੋਂ ਉਨ੍ਹਾਂ ਦਾ ਸੰਗੀਤਕ ਯੋਗਦਾਨ ਦੇ ਪਰਿਪੇਖ ਵਿਚ ਮੁਲਵਾਨ ਤੇ ਸਾਰਥਿਕ ਮਹੱਤਵ ਉਭਰਦਾ ਹੈ, ਜਿਸਨੂੰ ਸਮੁੱਚਾ ਸੰਗੀਤ ਜਗਤ ਹਮੇਸ਼ਾ ਸਤਿਕਾਰਦਾ ਤੇ ਪ੍ਰਚਾਰਦਾ ਰਹੇਗਾ।
                                       
ਡਾ. ਹਰਗੁਣ ਸਿੰਘ, ਸੰਗੀਤ ਵਿਭਾਗ, ਗੁਰੁੂ ਨਾਨਕ ਭਾਈ ਲਾਲੋ ਰਾਮਗੜ੍ਹੀਆ ਕਾਲਜ ਫ਼ਾਰ ਵੋਮੈਨ, ਫਗਵਾੜਾ, 094636-12342.