ਲੋਹੜੀ  - ਡਾ. ਮੇਹਰ ਮਾਣਕ

ਮੁੱਦਤਾਂ ਤੋਂ ਬਾਅਦ
ਵਕਤ ਨੇ ਅੰਗੜਾਈ ਲਈ ਹੈ
ਤੇ ਇੱਕ ਆਣ ਗੱਲ ਕਹੀ ਹੈ
ਕਿ ਇਸ ਲੋਹੜੀ ਨੂੰ
ਲੋਹੜੀ ਰਹਿਣ ਦੇਣਾ ਚਾਹੀਦੈ
ਸੱਚ ਨੂੰ ਸੱਚ ਕਹਿਣ ਦੇਣਾ ਚਾਹੀਦੈ
ਉਸਰ ਰਹੀਆਂ ਵਲਗਣਾਂ ਤੋਂ ਪਾਰ
ਤੋੜ ਕੇ ਹਰ ਉਸਰ ਰਹੀ ਦੀਵਾਰ
ਇਸ ਧਰਤੀ ਦੀ ਹਿੱਕ ਨੂੰ
ਇੱਕ ਠੰਡਾ ਬੁੱਲਾ ਚਾਹੀਦੈ
ਅਣਸੁੱਤੀਆਂ ਉਡੀਕਦੀਆਂ ਅੱਖਾਂ ਨੂੰ
ਇੱਕ ਹੋਰ ਦੁੱਲਾ ਚਾਹੀਦੈ।

ਲੋਹੜੀ ਨੀ ਲੋਹੜੀ
ਤੂੰ ਸਦਾਂ ਸਲਾਮਤ ਰਹੇਂ
ਤਾਂ ਕਿ
ਉਨ੍ਹਾਂ ਦੀ ਅੱਖ ਚ ਅੱਖ ਪਾ
ਜੁਰੱਅਤ ਨਾਲ ਜਾ ਕਹੇਂ
ਕਿ ਇਸ ਮਿੱਟੀ ਦੀ ਖਸਲਤ
ਬੇਖੌਫ ਜੁਰੱਅਰਤਾਂ ਨਾਲ ਭਰੀ ਹੈ
ਇਸੇ ਲਈ ਹਰ ਗੰਧਲੀ ਅੱਖ
ਇਸ ਤੋਂ ਅਕਸਰ ਡਰੀ ਹੈ
ਇਸ ਕਰਕੇ ਤੂੰ ਵੀ ਡਰ
ਇਸ ਦਾ ਇਤਹਾਸ ਪੜ੍ਹ
ਤੇਰੀ ਨੀਂਦ ਉੜ ਜਾਣੀ ਐਂ
ਤੈਨੂੰ ਦੰਦਲ ਪੈ
ਤੇਰੀ ਬੀੜ ਜੁੜ ਜਾਣੀਂ ਐਂ।

ਲੋਹੜੀ ਕਿਤੇ ਖੋਈ ਨਹੀਂ
ਜਿਉਂਦੀ ਹੈ ਕਿਤੇ ਮੋਈ ਨਹੀਂ
ਅੱਜ ਵੀ ਲੋਹੜੀ ਦਾ ਦਿਲ ਧੜਕਦਾ ਹੈ
ਹਰ ਧਾੜਵੀ ਇਸ ਨੂੰ ਰੜਕਦਾ ਹੈ
ਜਿਥੇ ਹਰ ਨਾਬਰ ਚੁਰਾਹੇ ਬੜ੍ਹਕਦਾ ਹੈ
ਇਸ ਲਈ
ਲੋਹੜੀ ਨੂੰ ਲੋਹੜੀ ਰਹਿਣ ਦੇ
ਆ ਸਮੇਂ ਦੀ ਗੱਲ ਕਹਿਣ ਦੇ ।

ਇਸ ਲਈ ਇਹ ਲੋਹੜੀ
ਨਾ ਸਰਕਾਰੀ ਹੈ
ਨਾ ਦਰਬਾਰੀ ਹੈ
ਨਾ ਹੀ ਕਦੇ ਹਾਰੀ ਹੈ
ਨਾ ਹੀ ਇਹ ਕੋਈ ਤਿਉਹਾਰ ਹੈ
ਇਹ ਸਮਿਆਂ ਤੋਂ ਪਾਰ
ਇਸ ਧਰਤੀ ਦਾ ਸ਼ਿੰਗਾਰ ਹੈ।

ਇਸ ਸਭ ਕੁੱਝ ਨੂੰ ਜਾਣਦਿਆਂ ਵੀ
ਵਿਰਾਸਤ ਇਸ ਦੀ ਨੂੰ ਮਾਣਦਿਆਂ ਵੀ
ਕਿਉਂ ਨਾ ਇਸ ਦੀ ਸਲਾਮਤੀ ਲਈ
ਸਿਰ ਜੋੜ ਦੁਆ ਕਰੀਏ
ਤੇ ਇਸ ਦੀ ਅਣਖ ਅਜ਼ਮਤ ਦਾ ਪੱਲਾ
ਆਪਣੇ ਹੱਥਾਂ ਨਾਲ ਘੁੱਟ ਕੇ ਫੜੀਏ
ਕਿਉਂਕਿ
ਇਹ‌ ਲੋਹੜੀ ਕੋਈ ਵਿਭਾਗੀ ਨਹੀਂ
ਇਹ ਬਾਰਸ਼ਾਂ ਤੋਂ ਵੀ ਗਈ ਸਲਾਭੀ ਨਹੀਂ
ਇਹ ਲੋਹੜੀ ਜਿੰਨੀ ਮੇਰੀ ਹੈ
ਉੱਨੀ ਹੀ ਮਿੱਤਰਾ ਤੇਰੀ ਹੈ
ਇਹ ਇਸ ਧਰਤੀ ਦੀ ਜਾਈ ਹੈ
ਸਭਨਾਂ ਦੇ ਹਿੱਸੇ ਆਈ ਹੈ
ਇਸ ਦੀ ਸਲਾਮਤੀ 'ਚ ਹੀ ਭਲਾਈ ਹੈ
ਫਿਰ ਕਿਉਂ ਨਾਂ ਇਸ ਦੀ
ਅਣਖ ਅਜ਼ਮਤ ਦਾ‌ ਪੱਲਾ
ਆਪਣੇ ਹੱਥਾਂ ਨਾਲ ਘੁੱਟ ਕੇ ਫੜੀਏ
ਇਸ ਦੀ ਸਦਾਂ ਸਲਾਮਤੀ ਖਾਤਰ
ਕਿਉਂ ਨਾ ਹਰ ਪਲ ਦੁਆਵਾਂ ਕਰੀਏ।