ਮੇਰੀ ਜੀਵਨ ਕਹਾਣੀ -  ਮਨੂੰ ਭੰਡਾਰੀ

ਮਨੂੰ ਭੰਡਾਰੀ (3 ਅਪਰੈਲ 1931-15 ਨਵੰਬਰ 2021) ਹਿੰਦੀ ਦੀ ਪ੍ਰਸਿੱਧ ਕਹਾਣੀਕਾਰ ਸੀ। ਮੱਧ ਪ੍ਰਦੇਸ਼ ਵਿਚ ਮੰਦਸੌਰ ਜ਼ਿਲ੍ਹੇ ਦੇ ਭਾਨਪੁਰਾ ਪਿੰਡ ਵਿਚ ਜਨਮੀ ਮਨੂੰ ਦਾ ਬਚਪਨ ਦਾ ਨਾਮ ਮਹੇਂਦਰ ਕੁਮਾਰੀ ਸੀ। ਲੇਖਨ ਲਈ ਉਸਨੇ ਮਨੂੰ ਨਾਂ ਚੁਣਿਆ। ਲੇਖਨ ਦੇ ਸੰਸਕਾਰ ਉਹਨੂੰ ਵਿਰਸੇ ਵਿੱਚ ਹੀ ਪ੍ਰਾਪਤ ਹੋਏ। ਉਹਦੇ ਪਿਤਾ ਸੁਖਸੰਪਤ ਰਾਏ ਇੱਕ ਜਾਣੇ-ਪਛਾਣੇ ਲੇਖਕ ਸਨ। ਉਹਨੇ ਰਾਜੇਂਦਰ ਯਾਦਵ ਨਾਲ ਅੰਤਰਜਾਤੀ ਵਿਆਹ ਕਰਵਾਇਆ। ਮਨੂੰ ਨੇ ਦਸ ਕਹਾਣੀ ਸੰਗ੍ਰਹਿ, ਚਾਰ ਨਾਵਲ, ਦੋ ਨਾਟਕ, ਚਾਰ ਫ਼ਿਲਮਾਂ ਦੀਆਂ ਪਟਕਥਾਵਾਂ ਅਤੇ ਕੁਝ ਬਾਲ ਕਹਾਣੀਆਂ ਸਮੇਤ ਆਪਣੀ ਆਤਮਕਥਾ ਵੀ ਲਿਖੀ। ਉਹਦੀ ਸਵੈਜੀਵਨੀ ’ਚੋਂ ਕੁਝ ਦਿਲਚਸਪ ਅਤੇ ਪ੍ਰੇਰਨਾਮਈ ਅੰਸ਼ ਪੇਸ਼ ਕਰ ਰਹੇ ਹਾਂ :
ਜਨਮੀ ਤਾਂ ਮੱਧ ਪ੍ਰਦੇਸ਼ ਦੇ ਭਾਨਪੁਰਾ ਪਿੰਡ ਵਿੱਚ ਸਾਂ, ਪਰ ਮੇਰੀਆਂ ਯਾਦਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਅਜਮੇਰ ਦੇ ਬ੍ਰਹਮਪੁਰੀ ਮੁਹੱਲੇ ਦੇ ਉਸ ਦੋ-ਮੰਜ਼ਿਲਾ ਮਕਾਨ ਤੋਂ ਜੀਹਦੀ ਉਤਲੀ ਮੰਜ਼ਿਲ ਵਿੱਚ ਪਿਤਾ ਜੀ ਦੀ ਹਕੂਮਤ ਸੀ। ਜਿੱਥੇ ਉਹ ਬਿਲਕੁਲ ਬੇਤਰਤੀਬੇ ਢੰਗ ਨਾਲ ਖਿੱਲਰੀਆਂ ਕਿਤਾਬਾਂ, ਰਸਾਲਿਆਂ ਅਤੇ ਅਖ਼ਬਾਰਾਂ ਵਿਚਾਲੇ ਜਾਂ ਤਾਂ ਕੁਝ ਪੜ੍ਹਦੇ ਰਹਿੰਦੇ ਸਨ ਜਾਂ ਫਿਰ ‘ਡਿਕਟੇਸ਼ਨ’ ਦਿੰਦੇ ਰਹਿੰਦੇ ਸਨ। ਹੇਠਾਂ ਸਾਡੇ ਸਾਰੇ ਭੈਣ-ਭਰਾਵਾਂ ਨਾਲ ਰਹਿੰਦੀ ਸੀ ਸਾਡੀ ਅਨਪੜ੍ਹ ਅਸਤਿਤਵਹੀਣ ਮਾਂ। ਸਵੇਰੇ ਤੋਂ ਸ਼ਾਮ ਤਕ ਸਾਡੀਆਂ ਸਭ ਦੀਆਂ ਇੱਛਾਵਾਂ ਅਤੇ ਪਿਤਾ ਜੀ ਦੇ ਹੁਕਮਾਂ ਦਾ ਪਾਲਣ ਕਰਨ ਲਈ ਹਮੇਸ਼ਾ ਤਿਆਰ। ਅਜਮੇਰ ਤੋਂ ਪਹਿਲਾਂ ਪਿਤਾ ਜੀ ਇੰਦੌਰ ਵਿੱਚ ਸਨ ਜਿੱਥੇ ਉਨ੍ਹਾਂ ਦਾ ਬੜਾ ਮਾਣ-ਸਨਮਾਨ ਸੀ, ਨਾਂ ਸੀ। ਸਿਆਸੀ ਪਾਰਟੀ ਦੇ ਨਾਲ-ਨਾਲ ਉਹ ਸਮਾਜ ਸੁਧਾਰ ਦੇ ਕੰਮਾਂ ਵਿੱਚ ਵੀ ਰੁੱਝੇ ਹੋਏ ਸਨ। ਸਿੱਖਿਆ ਦੇ ਉਹ ਸਿਰਫ਼ ਉਪਦੇਸ਼ ਹੀ ਨਹੀਂ ਸੀ ਦਿੰਦੇ ਸਗੋਂ ਉਨ੍ਹੀਂ ਦਿਨੀਂ ਅੱਠ-ਅੱਠ ਦਸ-ਦਸ ਵਿਦਿਆਰਥੀਆਂ ਨੂੰ ਆਪਣੇ ਘਰ ਰੱਖ ਕੇ ਪੜ੍ਹਾਇਆ ਜਿਨ੍ਹਾਂ ’ਚੋਂ ਕਈ ਤਾਂ ਪਿੱਛੋਂ ਉੱਚੇ-ਉੱਚੇ ਅਹੁਦਿਆਂ ’ਤੇ ਪਹੁੰਚੇ। ਇਹ ਉਨ੍ਹਾਂ ਦੀ ਖ਼ੁਸ਼ਹਾਲੀ ਦੇ ਦਿਨ ਸਨ ਅਤੇ ਉਨ੍ਹੀਂ ਦਿਨੀਂ ਉਨ੍ਹਾਂ ਦੀ ਫਰਾਖ਼ਦਿਲੀ ਦੇ ਚਰਚੇ ਵੀ ਘੱਟ ਨਹੀਂ ਸਨ। ਇਕ ਪਾਸੇ ਉਹ ਬੇਹੱਦ ਸੰਵੇਦਨਸ਼ੀਲ ਆਦਮੀ ਸਨ ਤਾਂ ਦੂਜੇ ਪਾਸੇ ਬੇਹੱਦ ਕ੍ਰੋਧੀ ਅਤੇ ਹਉਮੈਵਾਦੀ।
        ਪਰ ਇਹ ਸਭ ਤਾਂ ਮੈਂ ਸਿਰਫ਼ ਸੁਣਿਆ। ਵੇਖਿਆ, ਉਦੋਂ ਤਾਂ ਇਨ੍ਹਾਂ ਗੁਣਾਂ ਦੇ ਬਚੇ-ਖੁਚੇ ਟੁਕੜਿਆਂ ਨੂੰ ਢੋਂਹਦੇ ਪਿਤਾ ਸਨ। ਇਕ ਬੜੇ ਵੱਡੇ ਆਰਥਿਕ ਝਟਕੇ ਕਾਰਨ ਉਹ ਇੰਦੌਰ ਤੋਂ ਅਜਮੇਰ ਆ ਗਏ ਸਨ ਜਿੱਥੇ ਉਨ੍ਹਾਂ ਨੇ ਇਕੱਲਿਆਂ ਬੜੇ ਹੌਸਲੇ ਨਾਲ ਅੰਗਰੇਜ਼ੀ-ਹਿੰਦੀ ਸ਼ਬਦਕੋਸ਼ (ਵਿਸ਼ੇਵਾਰ) ਦੇ ਅਧੂਰੇ ਪਏ ਕੰਮ ਨੂੰ ਅੱਗੇ ਵਧਾਉਣਾ ਸ਼ੁਰੂ ਕੀਤਾ, ਜੋ ਆਪਣੀ ਤਰ੍ਹਾਂ ਦਾ ਪਹਿਲਾ ਤੇ ਇਕੱਲਾ ਸ਼ਬਦਕੋਸ਼ ਸੀ। ਇਹਨੇ ਉਨ੍ਹਾਂ ਨੂੰ ਪ੍ਰਸਿੱਧੀ ਅਤੇ ਸਤਿਕਾਰ ਤਾਂ ਬਹੁਤ ਦਿੱਤਾ, ਪਰ ਧਨ ਨਹੀਂ। ਸ਼ਾਇਦ ਨਿਘਰਦੀ ਆਰਥਿਕ ਹਾਲਤ ਨੇ ਹੀ ਉਨ੍ਹਾਂ ਦੀ ਸ਼ਖ਼ਸੀਅਤ ਦੇ ਸਾਰੇ ਸਾਕਾਰਾਤਮਕ ਪਹਿਲੂਆਂ ਨੂੰ ਨਿਚੋੜਨਾ ਸ਼ੁਰੂ ਕਰ ਦਿੱਤਾ। ਸੁੰਗੜਦੀ ਆਰਥਿਕ ਸਥਿਤੀ ਅਤੇ ਵਧੇਰੇ ਫੈਲਾਓ ਕਰਕੇ ਉਨ੍ਹਾਂ ਦੀ ਹਉਮੈ ਉਨ੍ਹਾਂ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਸੀ ਕਿ ਉਹ ਘੱਟੋ-ਘੱਟ ਆਪਣੇ ਬੱਚਿਆਂ ਨੂੰ ਤਾਂ ਆਪਣੀਆਂ ਆਰਥਿਕ ਮਜਬੂਰੀਆਂ ਦਾ ਹਿੱਸੇਦਾਰ ਬਣਾਉਣ। ਨਵਾਬੀ ਆਦਤਾਂ, ਅਧੂਰੀਆਂ ਇੱਛਾਵਾਂ, ਹਮੇਸ਼ਾ ਸਿਖਰ ’ਤੇ ਰਹਿਣ ਪਿੱਛੋਂ ਹਾਸ਼ੀਏ ’ਤੇ ਖਿਸਕਦੇ ਚਲੇ ਜਾਣ ਦੀ ਪੀੜ ਗੁੱਸਾ ਬਣ ਕੇ ਹਮੇਸ਼ਾਂ ਮਾਂ ਨੂੰ ਕੰਬਾਉਂਦੀਆਂ-ਡਰਾਉਂਦੀਆਂ ਰਹਿੰਦੀਆਂ ਸਨ। ਆਪਣਿਆਂ ਹੱਥੋਂ ਵਿਸਾਹਘਾਤ ਕੀਤੇ ਜਾਣ ਦੀਆਂ ਕਿਹੋ ਜਿਹੀਆਂ ਡੂੰਘੀਆਂ ਸੱਟਾਂ ਹੋਣਗੀਆਂ ਜਿਨ੍ਹਾਂ ਨੇ ਅੱਖਾਂ ਮੀਟ ਕੇ ਸਭ ’ਤੇ ਵਿਸ਼ਵਾਸ ਕਰਨ ਵਾਲੇ ਪਿਤਾ ਨੂੰ ਬਾਅਦ ਦੇ ਦਿਨਾਂ ਵਿੱਚ ਇੰਨਾ ਸ਼ੱਕੀ ਬਣਾ ਦਿੱਤਾ ਸੀ ਕਿ ਕਦੇ-ਕਦੇ ਅਸੀਂ ਵੀ ਉਹਦੀ ਲਪੇਟ ਵਿਚ ਆਉਂਦੇ ਹੀ ਰਹਿੰਦੇ।
       ਇਹ ਪਿਤਾ-ਗਾਥਾ ਮੈਂ ਇਸ ਲਈ ਨਹੀਂ ਗਾ ਰਹੀ ਕਿ ਮੈਂ ਉਨ੍ਹਾਂ ਦਾ ਗੌਰਵ-ਗਾਨ ਕਰਨਾ ਹੈ ਸਗੋਂ ਮੈਂ ਤਾਂ ਇਹ ਵੇਖਣਾ ਚਾਹੁੰਦੀ ਹਾਂ ਕਿ ਉਨ੍ਹਾਂ ਦੀ ਸ਼ਖ਼ਸੀਅਤ ਦੀ ਕਿਹੜੀ ਖ਼ੂਬੀ ਅਤੇ ਕਮੀ ਮੇਰੀ ਸ਼ਖ਼ਸੀਅਤ ਦੇ ਤਾਣੇ-ਬਾਣੇ ਵਿੱਚ ਬੁਣੀ ਹੋਈ ਹੈ ਜਾਂ ਅਣਜਾਣੇ-ਅਣਚਾਹੇ ਕੀਤੇ ਉਨ੍ਹਾਂ ਦੇ ਵਿਹਾਰ ਕਾਰਨ ਮੇਰੇ ਅੰਦਰ ਕਿਹੜੀਆਂ ਗੰਢਾਂ ਬੱਝ ਗਈਆਂ। ਮੈਂ ਕਾਲ਼ੀ ਹਾਂ। ਬਚਪਨ ਵਿੱਚ ਕਮਜ਼ੋਰ ਅਤੇ ਮਰੀਅਲ ਵੀ ਸਾਂ। ਗੋਰਾ ਰੰਗ ਪਿਤਾ ਜੀ ਦੀ ਕਮਜ਼ੋਰੀ ਸੀ। ਸੋ ਬਚਪਨ ਵਿਚ ਮੈਥੋਂ ਦੋ ਸਾਲ ਵੱਡੀ, ਖ਼ੂਬ ਗੋਰੀ, ਸਿਹਤਮੰਦ ਅਤੇ ਹਸਮੁਖ ਭੈਣ ਸੁਸ਼ੀਲਾ ਨਾਲ ਹਰ ਗੱਲ ਵਿੱਚ ਤੁਲਨਾ ਅਤੇ ਫਿਰ ਉਹਦੀ ਪ੍ਰਸੰਸਾ ਨੇ ਹੀ, ਕੀ ਮੇਰੇ ਅੰਦਰ ਅਜਿਹੇ ਡੂੰਘੇ ਹੀਣਭਾਵ ਦੀ ਗੰਢ ਨਹੀਂ ਬੰਨ੍ਹ ਦਿੱਤੀ ਕਿ ਨਾਮ, ਸਨਮਾਨ ਅਤੇ ਪ੍ਰਸਿੱਧੀ ਪਾਉਣ ਦੇ ਬਾਵਜੂਦ ਅੱਜ ਤਕ ਮੈਂ ਉਸ ਤੋਂ ਮੁਕਤ ਨਹੀਂ ਹੋ ਸਕੀ। ਅੱਜ ਵੀ ਜਾਣ-ਪਛਾਣ ਕਰਾਉਂਦੇ ਸਮੇਂ ਜਦੋਂ ਕੋਈ ਵਿਸ਼ੇਸ਼ਣ ਲਾ ਕੇ ਮੇਰੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਨ ਲੱਗਦਾ ਹੈ ਤਾਂ ਮੈਂ ਸੰਕੋਚ ਵਿੱਚ ਸਿਮਟ ਹੀ ਨਹੀਂ ਜਾਂਦੀ ਸਗੋਂ ਖੁੱਭ-ਖੁੱਭ ਜਾਂਦੀ ਹਾਂ। ਸ਼ਾਇਦ ਅਚੇਤ ਹੀ ਕਿਸੇ ਤਹਿ ਹੇਠਾਂ ਦੱਬੀ ਇਸੇ ਹੀਣ-ਭਾਵਨਾ ਦੇ ਹੁੰਦਿਆਂ ਮੈਂ ਆਪਣੀ ਕਿਸੇ ਵੀ ਪ੍ਰਾਪਤੀ ’ਤੇ ਭਰੋਸਾ ਨਹੀਂ ਕਰ ਸਕਦੀ। ਸਭ ਕੁਝ ਮੈਨੂੰ ਤੁੱਕਾ ਹੀ ਲੱਗਦਾ ਹੈ। ਪਿਤਾ ਜੀ ਦੇ ਜਿਸ ਸ਼ੱਕੀ ਸੁਭਾਅ ’ਤੇ ਮੈਂ ਕਦੇ ਖਿਝ-ਖਿਝ ਜਾਂਦੀ ਸਾਂ, ਅੱਜ ਅਚਾਨਕ ਆਪਣੇ ਖੰਡਿਤ ਵਿਸ਼ਵਾਸਾਂ ਦੀ ਪੀੜਾ ਹੇਠਾਂ ਮੈਨੂੰ ਉਨ੍ਹਾਂ ਦੇ ਸ਼ੱਕੀ ਸੁਭਾਅ ਦੀ ਝਲਕ ਵਿਖਾਈ ਦਿੰਦੀ ਹੈ। ਬਹੁਤ ‘ਆਪਣਿਆਂ’ ਦੇ ਹੱਥੋਂ ਵਿਸਾਹਘਾਤ ਦੀ ਡੂੰਘੀ ਪੀੜਾ ਤੋਂ ਉਪਜਿਆ ਸ਼ੱਕ। ਹੋਸ਼ ਸੰਭਾਲਣ ਪਿੱਛੋਂ ਹੀ ਜਿਹੜੇ ਪਿਤਾ ਜੀ ਨਾਲ ਕਿਸੇ ਨਾ ਕਿਸੇ ਗੱਲ ’ਤੇ ਹਮੇਸ਼ਾ ਮੇਰੀ ਟੱਕਰ ਚਲਦੀ ਰਹੀ, ਉਹ ਤਾਂ ਪਤਾ ਨਹੀਂ ਕਿੰਨੇ ਰੂਪਾਂ ਵਿਚ ਮੇਰੇ ਅੰਦਰ ਹਨ... ਕਿਤੇ ਅਤ੍ਰਿਪਤੀਆਂ, ਕਿਤੇ ਪ੍ਰਤੀਕਿਰਿਆ ਅਤੇ ਕਿਤੇ ਪਰਛਾਵਿਆਂ ਦੇ ਰੂਪ ਵਿੱਚ। ਸਿਰਫ਼ ਬਾਹਰੀ ਭਿੰਨਤਾ ਦੇ ਆਧਾਰ ’ਤੇ ਆਪਣੀ ਪਰੰਪਰਾ ਅਤੇ ਪੀੜ੍ਹੀਆਂ ਨੂੰ ਨਕਾਰਨ ਵਾਲਿਆਂ ਨੂੰ ਕੀ ਸੱਚਮੁਚ ਇਸ ਗੱਲ ਦਾ ਬਿਲਕੁਲ ਅਹਿਸਾਸ ਨਹੀਂ ਹੁੰਦਾ ਕਿ ਉਨ੍ਹਾਂ ਦਾ ਅਤੀਤ ਕਿਸ ਤਰ੍ਹਾਂ ਉਨ੍ਹਾਂ ਦੇ ਅੰਦਰ ਜੜ੍ਹ ਜਮਾਈ ਬੈਠਾ ਰਹਿੰਦਾ ਹੈ। ਸਮੇਂ ਦਾ ਪ੍ਰਭਾਵ ਭਾਵੇਂ ਸਾਨੂੰ ਦੂਜੀਆਂ ਦਿਸ਼ਾਵਾਂ ਵਿੱਚ ਵਹਾ ਕੇ ਲੈ ਜਾਵੇ... ਸਥਿਤੀਆਂ ਦਾ ਦਬਾਅ ਚਾਹੇ ਸਾਡਾ ਰੂਪ ਬਦਲ ਦੇਵੇ, ਸਾਨੂੰ ਪੂਰੀ ਤਰ੍ਹਾਂ ਉਸ ਤੋਂ ਮੁਕਤ ਨਹੀਂ ਕਰ ਸਕਦਾ।
        ਪਿਤਾ ਦੇ ਬਿਲਕੁਲ ਉਲਟ ਸੀ ਸਾਡੀ ਅਨਪੜ੍ਹ ਮਾਂ। ਧਰਤੀ ਤੋਂ ਕੁਝ ਵਧੇਰੇ ਹੀ ਧੀਰਜ ਅਤੇ ਸਹਿਣਸ਼ਕਤੀ ਸੀ ਸ਼ਾਇਦ ਉਨ੍ਹਾਂ ਵਿੱਚ। ਪਿਤਾ ਜੀ ਦੀ ਹਰ ਵਧੀਕੀ ਨੂੰ ਆਪਣੀ ਪ੍ਰਾਪਤੀ-ਯੋਗ ਅਤੇ ਬੱਚਿਆਂ ਦੀ ਹਰ ਉਚਿਤ-ਅਣਉਚਿਤ ਫ਼ਰਮਾਇਸ਼ ਅਤੇ ਜ਼ਿੱਦ ਨੂੰ ਆਪਣਾ ਫ਼ਰਜ਼ ਸਮਝ ਕੇ ਬੜੇ ਸਹਿਜ ਭਾਵ ਨਾਲ ਸਵੀਕਾਰ ਕਰਦੀ ਸੀ ਉਹ। ਉਨ੍ਹਾਂ ਨੇ ਜੀਵਨ ਭਰ ਆਪਣੇ ਲਈ ਕੁਝ ਨਹੀਂ ਮੰਗਿਆ, ਨਹੀਂ ਚਾਹਿਆ... ਸਿਰਫ਼ ਦਿੱਤਾ ਹੀ ਦਿੱਤਾ। ਸਾਡਾ ਭੈਣ-ਭਰਾਵਾਂ ਦਾ ਸਾਰਾ ਲਗਾਓ (ਸ਼ਾਇਦ ਹਮਦਰਦੀ ਤੋਂ ਉਪਜਿਆ) ਮਾਂ ਨਾਲ ਸੀ, ਪਰ ਬਿਲਕੁਲ ਬੇਸਹਾਰਾ ਮਜਬੂਰੀ ਵਿਚ ਲਿਪਟਿਆ ਉਨ੍ਹਾਂ ਦਾ ਇਹ ਤਿਆਗ ਕਦੇ ਮੇਰਾ ਆਦਰਸ਼ ਨਹੀਂ ਬਣ ਸਕਿਆ... ਨਾ ਉਨ੍ਹਾਂ ਦਾ ਤਿਆਗ, ਨਾ ਉਨ੍ਹਾਂ ਦੀ ਸਹਿਣਸ਼ਕਤੀ। ਖ਼ੈਰ! ਜੋ ਵੀ ਹੋਵੇ, ਹੁਣ ਇਹ ਪੈਤ੍ਰਿਕ-ਪੁਰਾਣ ਇੱਥੇ ਹੀ ਬੰਦ ਕਰ ਕੇ ਆਪਣੇ ’ਤੇ ਆਉਂਦੀ ਹਾਂ।
        ਮੈਂ ਪੰਜ ਭੈਣ-ਭਰਾਵਾਂ ’ਚੋਂ ਸਭ ਤੋਂ ਛੋਟੀ ਸਾਂ। ਸਭ ਤੋਂ ਵੱਡੀ ਭੈਣ ਦੇ ਵਿਆਹ ਵੇਲੇ ਸ਼ਾਇਦ ਸੱਤ ਸਾਲਾਂ ਦੀ ਸਾਂ ਅਤੇ ਉਹਦੀ ਇੱਕ ਧੁੰਦਲੀ ਜਿਹੀ ਯਾਦ ਹੀ ਮੇਰੇ ਮਨ ਵਿੱਚ ਹੈ, ਪਰ ਆਪਣੇ ਤੋਂ ਦੋ ਸਾਲ ਵੱਡੀ ਭੈਣ ਸੁਸ਼ੀਲਾ ਨਾਲ ਮੈਂ ਘਰ ਦੇ ਵੱਡੇ ਸਾਰੇ ਵਿਹੜੇ ਵਿਚ ਬਚਪਨ ਦੀਆਂ ਸਾਰੀਆਂ ਖੇਡਾਂ ਖੇਡੀਆਂ। ਆਂਢ ਗੁਆਂਢ ਰਹਿੰਦੀਆਂ ਸਹੇਲੀਆਂ ਨਾਲ ਮਿਲ ਕੇ ਗੁੱਡੇ-ਗੁੱਡੀਆਂ ਦੇ ਵਿਆਹ ਵੀ ਰਚਾਏ। ਉਂਜ ਅਸੀਂ ਭਰਾਵਾਂ ਨਾਲ ਗੁੱਲੀ ਡੰਡਾ ਵੀ ਖੇਡਿਆ, ਪਤੰਗ ਉਡਾਉਣ, ਕੱਚ ਪੀਹ ਕੇ ਡੋਰ ਸੂਤਣ ਦਾ ਕੰਮ ਵੀ ਕੀਤਾ, ਪਰ ਉਨ੍ਹਾਂ ਦੀਆਂ ਗਤੀਵਿਧੀਆਂ ਦਾ ਦਾਇਰਾ ਘਰ ਦੇ ਬਾਹਰ ਹੀ ਜ਼ਿਆਦਾ ਰਹਿੰਦਾ ਸੀ ਅਤੇ ਸਾਡੀ ਸੀਮਾ ਸੀ ਘਰ। ਹਾਂ, ਏਨਾ ਜ਼ਰੂਰ ਸੀ ਕਿ ਉਸ ਜ਼ਮਾਨੇ ਵਿੱਚ ਘਰ ਦੀਆਂ ਕੰਧਾਂ ਘਰ ਤੱਕ ਹੀ ਨਹੀਂ ਹੁੰਦੀਆਂ ਸਨ ਸਗੋਂ ਪੂਰੇ ਮੁਹੱਲੇ ਤੱਕ ਫੈਲੀਆਂ ਹੁੰਦੀਆਂ। ਇਸ ਲਈ ਮੁਹੱਲੇ ਦੇ ਕਿਸੇ ਵੀ ਘਰ ਵਿੱਚ ਜਾਣ ’ਤੇ ਕੋਈ ਰੋਕ-ਟੋਕ ਨਹੀਂ ਸੀ ਸਗੋਂ ਕੁਝ ਘਰ ਤਾਂ ਪਰਿਵਾਰ ਦਾ ਹਿੱਸਾ ਹੀ ਸਨ। ਅੱਜ ਮੈਨੂੰ ਬੜੀ ਸ਼ਿੱਦਤ ਨਾਲ ਇਹ ਮਹਿਸੂਸ ਹੁੰਦਾ ਹੈ ਕਿ ਆਪਣੀ ਜ਼ਿੰਦਗੀ ਖ਼ੁਦ ਜੀਣ ਦੇ ਇਸ ਆਧੁਨਿਕ ਦਬਾਅ ਨੇ ਮਹਾਂਨਗਰਾਂ ਦੇ ਫਲੈਟਾਂ ਵਿੱਚ ਰਹਿਣ ਵਾਲਿਆਂ ਨੂੰ ਸਾਡੇ ਇਸ ਰਵਾਇਤੀ ‘ਗੁਆਂਢ ਸਭਿਆਚਾਰ’ ਨਾਲੋਂ ਤੋੜ ਕੇ ਸਾਨੂੰ ਕਿੰਨਾ ਸੀਮਤ, ਬੇਸਹਾਰਾ ਅਤੇ ਅਸੁਰੱਖਿਅਤ ਬਣਾ ਦਿੱਤਾ ਹੈ। ਮੇਰੀਆਂ ਘੱਟੋ-ਘੱਟ ਇੱਕ ਦਰਜਨ ਮੁੱਢਲੀਆਂ ਕਹਾਣੀਆਂ ਦੇ ਪਾਤਰ ਇਸੇ ਮੁਹੱਲੇ ਦੇ ਹਨ ਜਿੱਥੇ ਮੈਂ ਆਪਣੀ ਬਾਲ ਵਰੇਸ ਬਿਤਾ ਕੇ ਜਵਾਨ ਹੋਈ ਸੀ। ਇੱਕ ਦੋ ਨੂੰ ਛੱਡ ਕੇ ਉਨ੍ਹਾਂ ’ਚੋਂ ਕੋਈ ਵੀ ਪਾਤਰ ਮੇਰੇ ਪਰਿਵਾਰ ਦਾ ਨਹੀਂ ਹੈ। ਬਸ ਇਨ੍ਹਾਂ ਨੂੰ ਵੇਖਦੀ ਸੁਣਦੀ ਇਨ੍ਹਾਂ ਦੇ ਵਿੱਚ ਹੀ ਮੈਂ ਵੱਡੀ ਹੋਈ ਸੀ। ਪਰ ਇਨ੍ਹਾਂ ਦੀ ਛਾਪ ਮੇਰੇ ਮਨ ’ਤੇ ਕਿੰਨੀ ਡੂੰਘੀ ਸੀ, ਇਸ ਗੱਲ ਦਾ ਅਹਿਸਾਸ ਤਾਂ ਮੈਨੂੰ ਕਹਾਣੀਆਂ ਲਿਖਦੇ ਸਮੇਂ ਹੋਇਆ। ਇੰਨੇ ਵਰ੍ਹਿਆਂ ਪਿੱਛੋਂ ਵੀ ਉਨ੍ਹਾਂ ਦੇ ਹਾਵਭਾਵ, ਭਾਸ਼ਾ ਆਦਿ ਧੁੰਦਲੇ ਨਹੀਂ ਸਨ ਹੋਏ। ਬਿਨਾਂ ਕਿਸੇ ਖ਼ਾਸ ਕੋਸ਼ਿਸ਼ ਬੜੇ ਸਹਿਜ ਨਾਲ ਉਹ ਕਾਗਜ਼ਾਂ ’ਤੇ ਉਤਰਦੇ ਰਹੇ ਸਨ। ਉਸੇ ਸਮੇਂ ਦੇ ਦਾ ਸਾਹਿਬ ਆਪਣੇ ਵਿਅਕਤਿਤਵ ਦੇ ਪ੍ਰਗਟਾਵੇ ਲਈ ਅਨੁਕੂਲ ਹਾਲਾਤ ਮਿਲਦਿਆਂ ਹੀ ‘ਮਹਾਂਭੋਜ’ ਵਿਚ ਇੰਨੇ ਸਾਲਾਂ ਪਿੱਛੋਂ ਕਿਵੇਂ ਅਚਾਨਕ ਜੀਵੰਤ ਹੋ ਉੱਠੇ, ਇਹ ਮੇਰੇ ਆਪਣੇ ਲਈ ਵੀ ਹੈਰਾਨੀ ਦੀ ਗੱਲ ਸੀ... ਇਕ ਸੁਖਦ ਹੈਰਾਨੀ।
        ਉਦੋਂ ਸਾਡੇ ਪਰਿਵਾਰ ਵਿੱਚ ਕੁੜੀ ਦੇ ਵਿਆਹ ਲਈ ਜ਼ਰੂਰੀ ਯੋਗਤਾ ਸੀ- ਉਮਰ ਵਿੱਚ ਸੋਲ਼ਾਂ ਸਾਲ ਅਤੇ ਸਿੱਖਿਆ ਵਿਚ ਮੈਟ੍ਰਿਕ। ਸੰਨ ’44 ਵਿੱਚ ਸੁਸ਼ੀਲਾ ਨੇ ਇਹ ਯੋਗਤਾ ਪ੍ਰਾਪਤ ਕੀਤੀ ਅਤੇ ਸ਼ਾਦੀ ਕਰ ਕੇ ਕੋਲਕਾਤਾ ਚਲੀ ਗਈ। ਦੋਵੇਂ ਵੱਡੇ ਭਰਾ ਵੀ ਅਗਲੇਰੀ ਪੜ੍ਹਾਈ ਲਈ ਬਾਹਰ ਚਲੇ ਗਏ। ਇਨ੍ਹਾਂ ਦੀ ਛਤਰਛਾਇਆ ਹਟਦਿਆਂ ਹੀ ਪਹਿਲੀ ਵਾਰ ਮੈਨੂੰ ਨਵੇਂ ਸਿਰੇ ਤੋਂ ਆਪਣੀ ਹੋਂਦ ਦਾ ਅਹਿਸਾਸ ਹੋਇਆ। ਪਿਤਾ ਜੀ ਦਾ ਧਿਆਨ ਵੀ ਪਹਿਲੀ ਵਾਰ ਮੇਰੇ ’ਤੇ ਕੇਂਦਰਿਤ ਹੋਇਆ। ਕੁੜੀਆਂ ਨੂੰ ਜਿਸ ਉਮਰ ਵਿੱਚ ਸਕੂਲੀ ਪੜ੍ਹਾਈ ਦੇ ਨਾਲ-ਨਾਲ ਸੁੱਘੜ ਸੁਆਣੀ ਅਤੇ ਪਾਕ ਕਲਾ ਵਿਚ ਨਿਪੁੰਨ ਬਣਾਉਣ ਦੇ ਨੁਸਖੇ ਜੁਟਾਏ ਜਾਂਦੇ ਸਨ, ਪਿਤਾ ਜੀ ਦਾ ਜ਼ੋਰ ਹੁੰਦਾ ਕਿ ਮੈਂ ਰਸੋਈ ਤੋਂ ਦੂਰ ਹੀ ਰਹਾਂ। ਰਸੋਈ ਨੂੰ ਉਹ ਭਠਿਆਰਖਾਨਾ ਕਹਿੰਦੇ ਸਨ ਅਤੇ ਉਨ੍ਹਾਂ ਦੇ ਹਿਸਾਬ ਨਾਲ ਉੱਥੇ ਰਹਿਣਾ ਆਪਣੀ ਯੋਗਤਾ ਅਤੇ ਪ੍ਰਤਿਭਾ ਨੂੰ ਭੱਠੀ ਵਿੱਚ ਝੋਕਣਾ ਸੀ। ਘਰ ਵਿੱਚ ਹਰ ਰੋਜ਼ ਵੱਖ-ਵੱਖ ਰਾਜਸੀ ਪਾਰਟੀਆਂ ਦੀਆਂ ਮੀਟਿੰਗਾਂ ਹੁੰਦੀਆਂ ਸਨ ਅਤੇ ਖ਼ੂਬ ਬਹਿਸ ਹੁੰਦੀ ਸੀ। ਬਹਿਸ ਕਰਨਾ ਪਿਤਾ ਜੀ ਦਾ ਪਸੰਦੀਦਾ ਸ਼ੁਗਲ ਸੀ। ਚਾਹ-ਪਾਣੀ ਜਾਂ ਨਾਸ਼ਤਾ ਦੇਣ ਜਾਂਦੀ ਤਾਂ ਪਿਤਾ ਜੀ ਮੈਨੂੰ ਉੱਥੇ ਹੀ ਬੈਠਣ ਨੂੰ ਕਹਿੰਦੇ। ਉਹ ਚਾਹੁੰਦੇ ਸਨ ਕਿ ਮੈਂ ਵੀ ਉੱਥੇ ਬੈਠਾਂ, ਸੁਣਾਂ ਅਤੇ ਜਾਣਾਂ ਕਿ ਦੇਸ਼ ਵਿੱਚ ਚਾਰੇ ਪਾਸੇ ਕੀ ਕੁਝ ਹੋ ਰਿਹਾ ਹੈ। ਦੇਸ਼ ਵਿੱਚ ਹੋ ਵੀ ਕਿੰਨਾ ਕੁਝ ਰਿਹਾ ਸੀ। ਸੰਨ 1942 ਦੇ ਅੰਦੋਲਨ ਪਿੱਛੋਂ ਤਾਂ ਸਾਰਾ ਦੇਸ਼ ਜਿਵੇਂ ਉੱਬਲ ਰਿਹਾ ਸੀ। ਪਰ ਵਿਭਿੰਨ ਰਾਜਸੀ ਪਾਰਟੀਆਂ ਦੀਆਂ ਨੀਤੀਆਂ, ਉਨ੍ਹਾਂ ਦੇ ਆਪਸੀ ਵਿਰੋਧਾਂ ਜਾਂ ਮੱਤਭੇਦਾਂ ਦੀ ਮੈਨੂੰ ਉੱਕਾ ਹੀ ਸਮਝ ਨਹੀਂ ਸੀ। ਹਾਂ, ਇਨਕਲਾਬੀਆਂ ਅਤੇ ਦੇਸ਼ਭਗਤ ਸ਼ਹੀਦਾਂ ਦੇ ਰੋਮਾਨੀ ਆਕਰਸ਼ਣ, ਉਨ੍ਹਾਂ ਦੀਆਂ ਕੁਰਬਾਨੀਆਂ ਨਾਲ ਮਨ ਅਸ਼ਾਂਤ ਰਹਿੰਦਾ ਸੀ।
        ਸੋ ਦਸਵੀਂ ਜਮਾਤ ਤਕ ਸਥਿਤੀ ਇਹ ਸੀ ਕਿ ਬਿਨਾਂ ਕਿਸੇ ਖ਼ਾਸ ਸਮਝ ਦੇ ਘਰ ਵਿੱਚ ਹੋਣ ਵਾਲੀਆਂ ਬਹਿਸਾਂ ਸੁਣਦੀ ਸਾਂ ਅਤੇ ਬਿਨਾਂ ਚੋਣ ਕੀਤੇ, ਬਿਨਾਂ ਲੇਖਕ ਦੇ ਮਹੱਤਵ ਤੋਂ ਜਾਣੂੰ ਹੋਇਆ ਕਿਤਾਬਾਂ ਪੜ੍ਹਦੀ। ਸੰਨ 1945 ਵਿਚ ਜਿਉਂ ਹੀ ਦਸਵੀਂ ਪਾਸ ਕਰ ਕੇ ਮੈਂ ਫਸਟ ਯੀਅਰ ਵਿਚ ਆਈ, ਹਿੰਦੀ ਦੀ ਪ੍ਰਾਧਿਆਪਕਾ ਸ਼ੀਲਾ ਅਗਰਵਾਲ ਨਾਲ ਪਛਾਣ ਹੋਈ। ਸਵਿੱਤਰੀ ਗਰਲਜ਼ ਹਾਈ ਸਕੂਲ, ਜਿੱਥੇ ਮੈਂ ਵਰਣਮਾਲਾ ਸਿੱਖੀ, ਇਕ ਸਾਲ ਪਹਿਲਾਂ ਹੀ ਕਾਲਜ ਬਣਿਆ ਸੀ ਅਤੇ ਉਹ ਇਸੇ ਸਾਲ ਨਿਯੁਕਤ ਹੋਏ ਸਨ। ਉਨ੍ਹਾਂ ਨੇ ਬਾਕਾਇਦਾ ਸਾਹਿਤ ਦੀ ਦੁਨੀਆਂ ਵਿੱਚ ਪ੍ਰਵੇਸ਼ ਕਰਵਾਇਆ। ਸਿਰਫ਼ ਪੜ੍ਹਨ ਨੂੰ ਚੋਣ ਕਰ ਕੇ ਪੜ੍ਹਨ ਵਿੱਚ ਬਦਲਿਆ, ਖ਼ੁਦ ਚੁਣ-ਚੁਣ ਕੇ ਕਿਤਾਬਾਂ ਦਿੱਤੀਆਂ, ਪੜ੍ਹੀਆਂ ਹੋਈਆਂ ਕਿਤਾਬਾਂ ’ਤੇ ਬਹਿਸਾਂ ਕੀਤੀਆਂ ਤਾਂ ਦੋ ਸਾਲ ਬੀਤਦੇ-ਬੀਤਦੇ ਸਾਹਿਤ ਦੀ ਦੁਨੀਆਂ ਸ਼ਰਤ-ਪ੍ਰੇਮਚੰਦ ਤੋਂ ਵਧ ਕੇ ਜੈਨੇਂਦਰ, ਅਗੇਯ, ਯਸ਼ਪਾਲ, ਭਗਵਤੀਚਰਨ ਵਰਮਾ ਤਕ ਫੈਲ ਗਈ ਅਤੇ ਫਿਰ ਫੈਲਦੀ ਹੀ ਚਲੀ ਗਈ। ਉਸ ਸਮੇਂ ਜੈਨੇਂਦਰ ਦੀ ਛੋਟੇ-ਛੋਟੇ ਸਰਲ ਸਹਿਜ ਵਾਕਾਂ ਵਾਲੀ ਸ਼ੈਲੀ ਨੇ ਬਹੁਤ ਪ੍ਰਭਾਵਿਤ ਕੀਤਾ ਸੀ। ‘ਸੁਨੀਤਾ’ (ਨਾਵਲ) ਬੜਾ ਚੰਗਾ ਲੱਗਿਆ ਸੀ। ਅਗੇਯ ਦਾ ਨਾਵਲ ‘ਸ਼ੇਖਰ : ਏਕ ਜੀਵਨੀ’ ਪੜ੍ਹਿਆ ਜ਼ਰੂਰ, ਪਰ ਉਸ ਵੇਲੇ ਉਹ ਮੇਰੀ ਸਮਝ ਦੇ ਸੀਮਤ ਦਾਇਰੇ ਵਿੱਚ ਸਮਾ ਨਹੀਂ ਸਕਿਆ। ਕੁਝ ਸਾਲਾਂ ਪਿੱਛੋਂ ‘ਨਦੀ ਕੇ ਦੀਪ’ ਪੜ੍ਹਿਆ ਤਾਂ ਉਸ ਨੇ ਮਨ ਨੂੰ ਇਸ ਤਰ੍ਹਾਂ ਬੰਨ੍ਹਿਆ ਕਿ ਉਸੇ ਮਸਤੀ ਵਿੱਚ ‘ਸ਼ੇਖਰ’ ਨੂੰ ਫਿਰ ਪੜ੍ਹਿਆ, ਇਸ ਵਾਰ ਕੁਝ ਸਮਝ ਆਈ। ਇਹ ਸ਼ਾਇਦ ਕੀਮਤਾਂ ਦੇ ਵਿਸ਼ਲੇਸ਼ਣ ਦਾ ਯੁੱਗ ਸੀ... ਪਾਪ-ਪੁੰਨ, ਨੈਤਿਕ-ਅਨੈਤਿਕ, ਸਹੀ-ਠੀਕ ਦੀਆਂ ਬਣੀਆਂ-ਬਣਾਈਆਂ ਧਾਰਨਾਵਾਂ ਦੇ ਅੱਗੇ ਪ੍ਰਸ਼ਨ ਚਿੰਨ੍ਹ ਹੀ ਨਹੀਂ ਲੱਗ ਰਹੇ ਸਨ, ਉਨ੍ਹਾਂ ਨੂੰ ਨਸ਼ਟ ਵੀ ਕੀਤਾ ਜਾ ਰਿਹਾ ਸੀ। ਸ਼ੀਲਾ ਅਗਰਵਾਲ ਨਾਲ ਲੰਮੀਆਂ-ਲੰਮੀਆਂ ਬਹਿਸਾਂ ਕਰਦਿਆਂ ਉਸ ਉਮਰ ਵਿਚ ਜਿੰਨਾ ਸਮਝ ਸਕਦੀ ਸਾਂ, ਸਮਝਿਆ।
       ਸ਼ੀਲਾ ਅਗਰਵਾਲ ਨੇ ਸਾਹਿਤ ਦਾ ਦਾਇਰਾ ਹੀ ਨਹੀਂ ਵਧਾਇਆ ਸੀ ਸਗੋਂ ਘਰ ਦੀ ਚਾਰਦੀਵਾਰੀ ਵਿੱਚ ਬੈਠ ਕੇ ਦੇਸ਼ ਦੇ ਹਾਲਾਤ ਨੂੰ ਜਾਣਨ-ਸਮਝਣ ਦਾ ਜੋ ਸਿਲਸਿਲਾ ਪਿਤਾ ਜੀ ਨੇ ਸ਼ੁਰੂ ਕੀਤਾ ਸੀ, ਉਨ੍ਹਾਂ ਨੇ ਉੱਥੋਂ ਖਿੱਚ ਕੇ ਉਹਨੂੰ ਵੀ ਸਥਿਤੀਆਂ ਦੀ ਕਾਰਜਸ਼ੀਲ ਹਿੱਸੇਦਾਰੀ ਵਿਚ ਬਦਲ ਦਿੱਤਾ। 1946-47 ਦੇ ਦਿਨ... ਉਹ ਹਾਲਾਤ, ਉਸ ਵਿੱਚ ਉਂਜ ਵੀ ਘਰ ਬੈਠੇ ਰਹਿਣਾ ਸੰਭਵ ਸੀ? ਪ੍ਰਭਾਤ ਫੇਰੀਆਂ, ਹੜਤਾਲਾਂ, ਜਲੂਸ, ਭਾਸ਼ਣ ਹਰ ਸ਼ਹਿਰ ਦਾ ਚਰਿੱਤਰ ਸੀ ਅਤੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਇਨ੍ਹਾਂ ਸਭ ਨਾਲ ਜੁੜਨਾ ਹਰ ਯੁਵਕ ਦਾ ਜਨੂੰਨ। ਮੈਂ ਵੀ ਜਵਾਨ ਸਾਂ ਅਤੇ ਸ਼ੀਲਾ ਅਗਰਵਾਲ ਦੀਆਂ ਜੋਸ਼ੀਲੀਆਂ ਗੱਲਾਂ ਨੇ ਰਗਾਂ ਵਿੱਚ ਵਗਦੇ ਖ਼ੂਨ ਨੂੰ ਲਾਵੇ ਵਿੱਚ ਬਦਲ ਦਿੱਤਾ। ਸਥਿਤੀ ਇਹ ਹੋਈ ਕਿ ਇੱਕ ਤੂਫ਼ਾਨ ਸ਼ਹਿਰ ਵਿਚ ਮੱਚਿਆ ਹੋਇਆ ਸੀ ਅਤੇ ਇੱਕ ਘਰ ਵਿੱਚ। ਪਿਤਾ ਜੀ ਦੀ ਆਜ਼ਾਦੀ ਦੀ ਸੀਮਾ ਇੱਥੋਂ ਤੱਕ ਸੀ ਕਿ ਉਨ੍ਹਾਂ ਦੀ ਹਾਜ਼ਰੀ ਵਿੱਚ ਘਰ ਆਏ ਲੋਕਾਂ ਵਿੱਚ ਉੱਠਾਂ-ਬੈਠਾਂ, ਜਾਣਾਂ-ਸਮਝਾਂ। ਹੱਥ ਚੁੱਕ-ਚੁੱਕ ਕੇ ਨਾਅਰੇ ਲਾਉਂਦੀ, ਹੜਤਾਲਾਂ ਕਰਾਉਂਦੀ, ਮੁੰਡਿਆਂ ਨਾਲ ਸ਼ਹਿਰ ਦੀਆਂ ਸੜਕਾਂ ਨਾਪਦੀ ਲੜਕੀ ਨੂੰ ਆਪਣੀ ਸਾਰੀ ਆਧੁਨਿਕਤਾ ਦੇ ਬਾਵਜੂਦ ਬਰਦਾਸ਼ਤ ਕਰਨਾ ਉਨ੍ਹਾਂ ਲਈ ਮੁਸ਼ਕਿਲ ਹੋ ਰਿਹਾ ਸੀ ਤੇ ਕਿਸੇ ਦੀ ਦਿੱਤੀ ਆਜ਼ਾਦੀ ਦੇ ਦਾਇਰੇ ਵਿਚ ਚੱਲਣਾ ਮੇਰੇ ਲਈ। ਜਦੋਂ ਰਗਾਂ ਵਿਚ ਲਹੂ ਦੀ ਥਾਂ ਲਾਵਾ ਵਗਦਾ ਹੋਵੇ ਤਾਂ ਸਾਰੀਆਂ ਰੋਕਾਂ, ਸਾਰੀਆਂ ਰੁਕਾਵਟਾਂ ਤੇ ਡਰ ਕਿਵੇਂ ਨਸ਼ਟ ਹੋ ਜਾਂਦਾ ਹੈ- ਇਹ ਉਦੋਂ ਹੀ ਜਾਣਿਆ। ਅਤੇ ਆਪਣੇ ਗੁੱਸੇ ਨਾਲ ਸਭ ਨੂੰ ਥਰਥਰਾ ਦੇਣ ਵਾਲੇ ਪਿਤਾ ਜੀ ਨਾਲ ਟੱਕਰ ਲੈਣ ਦਾ ਜੋ ਸਿਲਸਿਲਾ ਉਦੋਂ ਸ਼ੁਰੂ ਹੋਇਆ ਸੀ, ਰਾਜੇਂਦਰ ਜੀ ਨਾਲ ਸ਼ਾਦੀ ਕੀਤੀ, ਉਦੋਂ ਤਕ ਉਹ ਚੱਲਦਾ ਹੀ ਰਿਹਾ।
       ਆਪਣੀ ਵਡਿਆਈ ਦੀ ਇੱਛਾ ਪਿਤਾ ਜੀ ਦੀ ਸਭ ਤੋਂ ਵੱਡੀ ਕਮਜ਼ੋਰੀ ਸੀ ਅਤੇ ਉਨ੍ਹਾਂ ਦੇ ਜੀਵਨ ਦੀ ਧੁਰੀ ਸੀ ਇਹ ਸਿਧਾਂਤ ਕਿ ਵਿਅਕਤੀ ਨੂੰ ਕੁਝ ਖ਼ਾਸ ਬਣ ਕੇ ਜੀਣਾ ਚਾਹੀਦਾ ਹੈ ... ਕੁਝ ਅਜਿਹੇ ਕੰਮ ਕਰਨੇ ਚਾਹੀਦੇ ਨੇ ਕਿ ਸਮਾਜ ਵਿੱਚ ਉਹਦਾ ਨਾਂ, ਸਨਮਾਨ, ਪ੍ਰਸਿੱਧੀ ਤੇ ਸ੍ਰੇਸ਼ਟਤਾ ਹੋਵੇ! ਇਹਦੇ ਚਲਦਿਆਂ ਹੀ ਮੈਂ ਦੋ-ਇੱਕ ਵਾਰ ਉਨ੍ਹਾਂ ਦੇ ਗੁੱਸੇ ਤੋਂ ਬਚ ਗਈ ਸਾਂ। ਇੱਕ ਵਾਰ ਕਾਲਜ ਦੇ ਪ੍ਰਿੰਸੀਪਲ ਦੀ ਚਿੱਠੀ ਆਈ ਕਿ ਪਿਤਾ ਜੀ ਆ ਕੇ ਮਿਲਣ ਅਤੇ ਦੱਸਣ ਕਿ ਮੇਰੀਆਂ ਗਤੀਵਿਧੀਆਂ ਕਰਕੇ ਮੇਰੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਿਉਂ ਨਾ ਕੀਤੀ ਜਾਵੇ? ਚਿੱਠੀ ਪੜ੍ਹਦੇ ਹੀ ਪਿਤਾ ਜੀ ਅੱਗ-ਬਗੂਲਾ! ‘‘ਇਹ ਕੁੜੀ ਮੈਨੂੰ ਕਿਤੇ ਮੂੰਹ ਵਿਖਾਉਣ ਜੋਗਾ ਨਹੀਂ ਛੱਡੇਗੀ ... ਪਤਾ ਨਹੀਂ ਕੀ-ਕੀ ਸੁਣਨਾ ਪਵੇਗਾ ਉੱਥੇ ਜਾ ਕੇ। ਚਾਰ ਬੱਚੇ ਪਹਿਲਾਂ ਵੀ ਪੜ੍ਹੇ, ਕਿਸੇ ਨੇ ਇਹ ਦਿਨ ਨਹੀਂ ਵਿਖਾਇਆ।’’ ਗੁੱਸੇ ਨਾਲ ਭਰੇ-ਪੀਤੇ ਹੀ ਉਹ ਗਏ ਸਨ। ਮੁੜ ਕੇ ਕੀ ਕਹਿਰ ਵਰ੍ਹਿਆ ਹੋਵੇਗਾ, ਇਹਦਾ ਅੰਦਾਜ਼ਾ ਸੀ। ਸੋ ਮੈਂ ਗੁਆਂਢ ਦੀ ਇੱਕ ਸਹੇਲੀ ਕੋਲ ਜਾ ਕੇ ਬਹਿ ਗਈ ਤੇ ਮਾਂ ਨੂੰ ਕਹਿ ਦਿੱਤਾ ਕਿ ਜਦੋਂ ਮੁੜ ਕੇ ਗੁੱਸਾ ਠੰਢਾ ਹੋ ਜਾਵੇ, ਉਦੋਂ ਮੈਨੂੰ ਬੁਲਾ ਲੈਣਾ। ਪਰ ਜਦੋਂ ਮਾਂ ਨੇ ਆ ਕੇ ਕਿਹਾ ਕਿ ਉਹ ਤਾਂ ਖ਼ੁਸ਼ ਹੀ ਹਨ, ਆ ਜਾ, ਤਾਂ ਯਕੀਨ ਨਹੀਂ ਹੋਇਆ। ਗਈ ਤਾਂ ਸਹੀ, ਪਰ ਡਰਦੀ-ਡਰਦੀ। ‘‘ਸਾਰੇ ਕਾਲਜ ਦੀਆਂ ਕੁੜੀਆਂ ’ਤੇ ਏਨਾ ਰੋਅਬ ਹੈ ਤੇਰਾ... ਸਾਰਾ ਕਾਲਜ ਤੁਹਾਡੇ ਤਿੰਨ ਕੁੜੀਆਂ ਦੇ ਇਸ਼ਾਰੇ ’ਤੇ ਚੱਲ ਰਿਹਾ ਹੈ। ਪ੍ਰਿੰਸੀਪਲ ਬੜੀ ਪ੍ਰੇਸ਼ਾਨ ਸੀ ਅਤੇ ਵਾਰ-ਵਾਰ ਜ਼ੋਰ ਦੇ ਰਹੀ ਸੀ ਕਿ ਮੈਂ ਤੈਨੂੰ ਘਰੇ ਬਿਠਾ ਲਵਾਂ ਕਿਉਂਕਿ ਉਹ ਲੋਕ ਕਿਸੇ ਤਰ੍ਹਾਂ ਡਰਾ-ਧਮਕਾ ਕੇ, ਡਾਂਟ-ਡਪਟ ਕੇ ਕੁੜੀਆਂ ਨੂੰ ਜਮਾਤਾਂ ਵਿਚ ਭੇਜਦੇ ਹਨ। ਤੁਸੀਂ ਜੇ ਇੱਕ ਇਸ਼ਾਰਾ ਵੀ ਕਰ ਦਿਓ ਕਿ ਕਲਾਸਾਂ ਛੱਡ ਕੇ ਬਾਹਰ ਆ ਜਾਓ ਤਾਂ ਸਾਰੀਆਂ ਕੁੜੀਆਂ ਨਿਕਲ ਕੇ ਗਰਾਊਂਡ ਵਿੱਚ ਇਕੱਠੀਆਂ ਹੋ ਕੇ ਨਾਅਰੇ ਲਾਉਣ ਲੱਗਦੀਆਂ ਹਨ। ਤੁਹਾਡੇ ਕਰਕੇ ਕਾਲਜ ਚਲਾਉਣਾ ਮੁਸ਼ਕਲ ਹੋ ਗਿਆ ਹੈ ਉਨ੍ਹਾਂ ਲਈ।’’ ਕਿੱਥੇ ਤਾਂ ਜਾਂਦੇ ਸਮੇਂ ਪਿਤਾ ਜੀ ਮੂੰਹ ਵਿਖਾਉਣ ਤੋਂ ਘਬਰਾ ਰਹੇ ਸਨ ਅਤੇ ਕਿੱਥੇ ਬੜੇ ਮਾਣ ਨਾਲ ਕਹਿ ਕੇ ਆਏ ਕਿ ਇਹ ਤਾਂ ਪੂਰੇ ਦੇਸ਼ ਦੀ ਆਵਾਜ਼ ਹੈ ... ਇਸ ’ਤੇ ਕੋਈ ਕਿਵੇਂ ਰੋਕ ਲਾ ਸਕਦਾ ਹੈ ਭਲਾ! ਬਹੁਤ ਗਦਗਦ ਹੋ ਕੇ ਪਿਤਾ ਜੀ ਦੱਸਦੇ ਰਹੇ ਅਤੇ ਮੈਂ ਚੁੱਪ! ਮੈਨੂੰ ਨਾ ਆਪਣੀਆਂ ਅੱਖਾਂ ’ਤੇ ਯਕੀਨ ਹੋ ਰਿਹਾ ਸੀ, ਨਾ ਕੰਨਾਂ ’ਤੇ, ਪਰ ਇਹ ਹਕੀਕਤ ਸੀ।
       ਇੱਕ ਘਟਨਾ ਹੋਰ। ਆਜ਼ਾਦ ਹਿੰਦ ਫ਼ੌਜ ਦੇ ਮੁਕੱਦਮੇ ਦਾ ਸਿਲਸਿਲਾ ਸੀ। ਸਾਰੇ ਸਕੂਲਾਂ, ਕਾਲਜਾਂ, ਦੁਕਾਨਾਂ ਲਈ ਹੜਤਾਲ ਦਾ ਸੱਦਾ ਸੀ। ਜੋ-ਜੋ ਨਹੀਂ ਕਰ ਰਹੇ ਸਨ, ਵਿਦਿਆਰਥੀਆਂ ਦਾ ਇਕ ਬਹੁਤ ਵੱਡਾ ਗਰੁੱਪ, ਉੱਥੇ-ਉੱਥੇ ਜਾ ਕੇ ਹੜਤਾਲ ਕਰਵਾ ਰਿਹਾ ਸੀ। ਸ਼ਾਮ ਨੂੰ ਅਜਮੇਰ ਦਾ ਪੂਰਾ ਵਿਦਿਆਰਥੀ ਵਰਗ ਮੁੱਖ ਬਾਜ਼ਾਰ ਦੇ ਚੌਰਾਹੇ ’ਤੇ ਇਕੱਠਾ ਹੋਇਆ ਅਤੇ ਫਿਰ ਹੋਈ ਭਾਸ਼ਣਬਾਜ਼ੀ। ਇਸ ਦੌਰਾਨ ਪਿਤਾ ਜੀ ਦੇ ਇੱਕ ਬੇਹੱਦ ਪੁਰਾਤਨਪੰਥੀ ਦੋਸਤ ਨੇ ਘਰੇ ਆ ਕੇ ਚੰਗੀ ਤਰ੍ਹਾਂ ਪਿਤਾ ਜੀ ਦੇ ਕੰਨ ਭਰੇ, ‘‘ਬਈ, ਉਸ ਮਨੂੰ ਦੀ ਤਾਂ ਮੱਤ ਹੀ ਮਾਰੀ ਗਈ ਹੈ। ਪਰ ਭੰਡਾਰੀ ਜੀ! ਤੁਹਾਨੂੰ ਕੀ ਹੋਇਐ? ਠੀਕ ਹੈ, ਤੁਸੀਂ ਕੁੜੀਆਂ ਨੂੰ ਆਜ਼ਾਦੀ ਦਿੱਤੀ ਹੈ, ਪਰ ਪਤਾ ਹੈ ਤੁਹਾਨੂੰ! ਪਤਾ ਨਹੀਂ ਕਿਹੋ ਜਿਹੇ ਪੁੱਠੇ-ਸਿੱਧੇ ਮੁੰਡਿਆਂ ਨਾਲ ਹੜਤਾਲਾਂ ਕਰਵਾਉਂਦੀ, ਰੌਲਾ ਪਾਉਂਦੀ ਫਿਰ ਰਹੀ ਹੈ ਉਹ! ਸਾਡੇ-ਤੁਹਾਡੇ ਘਰਾਂ ਦੀਆਂ ਕੁੜੀਆਂ ਨੂੰ ਸ਼ੋਭਾ ਦਿੰਦਾ ਹੈ ਇਹ ਸਭ ਕੁਝ? ਕੋਈ ਮਾਣ-ਮਰਯਾਦਾ, ਇੱਜ਼ਤ-ਆਬਰੂ ਦਾ ਖਿਆਲ ਵੀ ਹੈ ਤੁਹਾਨੂੰ ਕਿ ਨਹੀਂ?’’ ਉਹ ਤਾਂ ਅੱਗ ਲਾ ਕੇ ਚਲੇ ਗਏ ਅਤੇ ਪਿਤਾ ਜੀ ਸਾਰਾ ਦਿਨ ਉਬਲ਼ਦੇ ਰਹੇ, ‘‘ਬਸ, ਹੁਣ ਇਹੋ ਰਹਿ ਗਿਆ ਹੈ ਕਿ ਲੋਕੀਂ ਘਰੇ ਆ ਕੇ ਥੂ-ਥੂ ਕਰ ਕੇ ਚਲੇ ਜਾਣ। ਬੰਦ ਕਰੋ ਹੁਣ ਇਸ ਮਨੂੰ ਦਾ ਘਰੋਂ ਬਾਹਰ ਨਿਕਲਣਾ।’’
ਇਸ ਸਭ ਕਾਸੇ ਤੋਂ ਬੇਖ਼ਬਰ ਮੈਂ ਰਾਤ ਪੈਣ ’ਤੇ ਘਰੇ ਆਈ ਤਾਂ ਪਿਤਾ ਜੀ ਦਾ ਇੱਕ ਬਹੁਤ ਨਿਕਟ ਅਤੇ ਗੂੜ੍ਹਾ ਦੋਸਤ ਹੀ ਨਹੀਂ, ਅਜਮੇਰ ਦੇ ਸਭ ਤੋਂ ਸਤਿਕਾਰਤ ਅਤੇ ਸਨਮਾਨਿਤ ਡਾ. ਅੰਬਾਲਾਲ ਜੀ ਬੈਠੇ ਸਨ। ਮੈਨੂੰ ਵੇਖਦਿਆਂ ਹੀ ਉਨ੍ਹਾਂ ਨੇ ਬੜੀ ਗਰਮਜੋਸ਼ੀ ਨਾਲ ਸੁਆਗਤ ਕੀਤਾ, ‘‘ਆਓ ਆਓ, ਮਨੂੰ! ਮੈਂ ਤਾਂ ਚੌਪੜ ’ਤੇ ਤੇਰਾ ਭਾਸ਼ਨ ਸੁਣਦੇ ਹੀ ਸਿੱਧਾ ਭੰਡਾਰੀ ਜੀ ਨੂੰ ਵਧਾਈ ਦੇਣ ਆ ਗਿਆ। ‘ਆਈ ਐਮ ਰੀਅਲੀ ਪਰਾਊਡ ਆਫ ਯੂ...’ ਤੂੰ ਘਰੇ ਵੜਿਆ ਰਹਿੰਦਾ ਹੈਂ ਭੰਡਾਰੀ! ਘਰੋਂ ਵੀ ਨਿਕਲਿਆ ਕਰ... ‘ਯੂ ਹੈਵ ਮਿਸਡ ਸਮਥਿੰਗ’’ ਅਤੇ ਉਹ ਧੂੰਆਂਧਾਰ ਤਾਰੀਫ਼ ਕਰਨ ਲੱਗੇ। ਉਹ ਬੋਲੀ ਜਾ ਰਹੇ ਸਨ ਅਤੇ ਪਿਤਾ ਜੀ ਦੇ ਚਿਹਰੇ ਦਾ ਰੰਗ ਹੌਲੀ-ਹੌਲੀ ਮਾਣ ਵਿੱਚ ਬਦਲਦਾ ਜਾ ਰਿਹਾ ਸੀ। ਅੰਦਰ ਜਾਣ ’ਤੇ ਮਾਂ ਨੇ ਦੁਪਹਿਰ ਦੇ ਗੁੱਸੇ ਵਾਲੀ ਗੱਲ ਦੱਸੀ ਤਾਂ ਮੈਂ ਸੁਖ ਦਾ ਸਾਹ ਲਿਆ।
        ਅੱਜ ਪਿੱਛੇ ਮੁੜ ਕੇ ਵੇਖਦੀ ਹਾਂ ਤਾਂ ਇਹ ਤਾਂ ਸਮਝ ਵਿੱਚ ਆਉਂਦਾ ਹੀ ਹੈ, ਕੀ ਤਾਂ ਉਸ ਵੇਲੇ ਮੇਰੀ ਉਮਰ ਸੀ ਅਤੇ ਕੀ ਮੇਰਾ ਭਾਸ਼ਣ ਹੋਵੇਗਾ! ਇਹ ਤਾਂ ਡਾਕਟਰ ਸਾਹਿਬ ਦਾ ਪਿਆਰ ਸੀ ਜੋ ਉਨ੍ਹਾਂ ਦੇ ਮੂੰਹੋਂ ਪ੍ਰਸੰਸਾ ਬਣ ਕੇ ਵਹਿ ਰਿਹਾ ਸੀ ਜਾਂ ਇਹ ਵੀ ਹੋ ਸਕਦਾ ਹੈ ਕਿ ਅੱਜ ਤੋਂ ਪੰਜਾਹ ਵਰ੍ਹੇ ਪਹਿਲਾਂ ਅਜਮੇਰ ਵਰਗੇ ਸ਼ਹਿਰ ਵਿਚ ਚਾਰੇ ਪਾਸੇ ਉਮੜਦੀ ਭੀੜ ਵਿੱਚ ਇੱਕ ਕੁੜੀ ਦਾ ਨਿਰਸੰਕੋਚ ਅਤੇ ਬੇਝਿਜਕ ਇਉਂ ਧੂੰਆਂਧਾਰ ਬੋਲਦੇ ਰਹਿਣਾ ਹੀ ਇਹਦੇ ਮੂਲ ਵਿੱਚ ਰਿਹਾ ਹੋਵੇ। ਪਰ ਪਿਤਾ ਜੀ! ਕਿੰਨੀ ਤਰ੍ਹਾਂ ਦੇ ਅੰਤਰ-ਵਿਰੋਧਾਂ ਵਿਚ ਜਿਊਂਦੇ ਸਨ ਉਹ! ਇਕ ਪਾਸੇ ‘ਵਿਸ਼ੇਸ਼’ ਬਣਨ ਅਤੇ ਬਣਾਉਣ ਦੀ ਪ੍ਰਬਲ ਇੱਛਾ ਤਾਂ ਦੂਜੇ ਪਾਸੇ ਆਪਣੇ ਸਮਾਜਿਕ ਬਿੰਬ ਪ੍ਰਤੀ ਵੀ ਉਤਨੀ ਹੀ ਸੁਚੇਤਤਾ! ਪਰ ਕੀ ਇਹ ਸੰਭਵ ਹੈ? ਕੀ ਪਿਤਾ ਜੀ ਨੂੰ ਇਸ ਗੱਲ ਦਾ ਜ਼ਰਾ ਵੀ ਅਹਿਸਾਸ ਨਹੀਂ ਸੀ ਕਿ ਇਨ੍ਹਾਂ ਦੋਹਾਂ ਦਾ ਤਾਂ ਰਸਤਾ ਹੀ ਟਕਰਾਓ ਦਾ ਹੈ!
     ਮਈ 1947 ਵਿੱਚ ਸ਼ੀਲਾ ਅਗਰਵਾਲ ਨੂੰ ਕਾਲਜ ਵਾਲਿਆਂ ਨੇ ਨੋਟਿਸ ਦੇ ਦਿੱਤਾ- ਕੁੜੀਆਂ ਨੂੰ ਭੜਕਾਉਣ ਅਤੇ ਕਾਲਜ ਦਾ ਅਨੁਸ਼ਾਸਨ ਵਿਗਾੜਨ ਦੇ ਦੋਸ਼ ਵਿੱਚ। ਇਸ ਗੱਲ ਨੂੰ ਲੈ ਕੇ ਸ਼ੋਰ-ਸ਼ਰਾਬਾ ਨਾ ਹੋਵੇ, ਇਸ ਲਈ ਜੁਲਾਈ ਵਿੱਚ ਥਰਡ ਯੀਅਰ ਦੀਆਂ ਕਲਾਸਾਂ ਬੰਦ ਕਰ ਕੇ ਸਾਡਾ ਦੋ-ਤਿੰਨ ਵਿਦਿਆਰਥਣਾਂ ਦਾ ਦਾਖਲਾ ਬੰਦ ਕਰ ਦਿੱਤਾ।
      ਰੌਲਾ ਤਾਂ ਬਾਹਰ ਰਹਿ ਕੇ ਵੀ ਇੰਨਾ ਪਾਇਆ ਕਿ ਕਾਲਜ ਵਾਲਿਆਂ ਨੂੰ ਅਗਸਤ ਵਿੱਚ ਆਖ਼ਰ ਥਰਡ ਯੀਅਰ ਨੂੰ ਖੋਲ੍ਹਣਾ ਪਿਆ। ਜਿੱਤ ਦੀ ਖ਼ੁਸ਼ੀ, ਪਰ ਸਾਹਮਣੇ ਖੜ੍ਹੀ ਬਹੁਤ-ਬਹੁਤ ਵੱਡੀ ਚਿਰ-ਪਰਿਚਿਤ ਖ਼ੁਸ਼ੀ ਦੇ ਸਾਹਮਣੇ ਇਹ ਖ਼ੁਸ਼ੀ ਮੱਧਮ ਪੈ ਗਈ! ਦੇਸ਼ ਦੀ ਸਭ ਤੋਂ ਵੱਡੀ ਪ੍ਰਾਪਤੀ- 15 ਅਗਸਤ 1947।
- ਪੰਜਾਬੀ ਰੂਪ : ਪ੍ਰੋ. ਨਵ ਸੰਗੀਤ ਸਿੰਘ
ਸੰਪਰਕ : 94176-92015