ਲਖੀਮਪੁਰ ਖੀਰੀ : ਘਟਨਾ ਅਤੇ ਤੱਥ  -  ਨਵਸ਼ਰਨ ਕੌਰ

"ਡੈਡੀ ਜੀ ਸ਼ਹੀਦ ਹੋ ਗਏ’’, ਕੰਧ ’ਤੇ ਲੱਗੀ ਕਿਸਾਨ ਨਛੱਤਰ ਸਿੰਘ ਦੀ ਤਸਵੀਰ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਦੇ ਚਾਰ ਕੁ ਸਾਲਾਂ ਦੇ ਪੋਤੇ ਨੇ ਦੱਸਿਆ। ਪਰਿਵਾਰ ਨੂੰ ਮਿਲਣ ਕੁਲ ਹਿੰਦ ਜਮਹੂਰੀ ਅਧਿਕਾਰ ਜਥੇਬੰਦੀਆਂ ਦੀ ਤੱਥ ਖੋਜ ਟੀਮ ਉਨ੍ਹਾਂ ਦੇ ਪਿੰਡ ਨੰਬਰਦਾਰ ਪੁਰਵਾ ਪਹੁੰਚੀ ਸੀ। (ਤੱਥ ਖੋਜ ਰਿਪੋਰਟ ਪੜਨ ਲਈ : https://www.scribd.com/document/551574773/Lakhimpur-Fact-Finding-Report) ਨੰਬਰਦਾਰ ਪੁਰਵਾ ਤਿਕੁਨੀਆ ਤੋਂ ਤਕਰੀਬਨ 70 ਕਿਲੋਮੀਟਰ ਦੂਰ ਹੈ ਜਿੱਥੇ ਤਿੰਨ ਅਕਤੂਬਰ 2021 ਨੂੰ ਕਿਸਾਨਾਂ ਨੂੰ ਗੱਡੀਆਂ ਥੱਲੇ ਕੁਚਲ ਦਿੱਤਾ ਗਿਆ ਸੀ। ਜਦੋਂ ਅਸੀਂ ਉੱਥੇ ਪਹੁੰਚੇ ਤਾਂ ਘਰ ਵਿੱਚ ਕੇਵਲ ਉਨ੍ਹਾਂ ਦੀ ਧੀ ਅਤੇ ਨੂੰਹ ਆਪਣੇ ਦੋ ਛੋਟੇ ਬੱਚਿਆਂ ਨਾਲ ਸਨ। ਕੁਝ ਹੀ ਦੇਰ ਵਿੱਚ ਉਨ੍ਹਾਂ ਦਾ ਪੁੱਤਰ ਅਤੇ ਉਸ ਦੀ ਮਾਂ ਵੀ ਆ ਗਏ। ਪਿੰਡ ਵਿੱਚ ਮਰਗ ਹੋ ਗਈ ਸੀ, ਉਹ ਪਰਿਵਾਰ ਦਾ ਦੁੱਖ ਵੰਡਾਉਣ ਗਏ ਹੋਏ ਸਨ। ਨਛੱਤਰ ਸਿੰਘ ਤਕਰੀਬਨ 50 ਸਾਲ ਪਹਿਲਾਂ ਇਸ ਪਿੰਡ ਵਿੱਚ ਆਣ ਵਸੇ ਸਨ। ਇਸ ਪਿੰਡ ਵਿੱਚ ਬਹੁਤੇ ਘਰ ਮੁਸਲਮਾਨ ਕਿਸਾਨਾਂ ਦੇ ਹਨ। ਪਿੰਡ ਵਿੱਚ ਭਾਈਚਾਰਕ ਸਾਂਝ ਹੈ ਤੇ ਉਹ ਇੱਕ ਦੂਜੇ ਦੇ ਦੁੱਖ ਸੁਖ ਵਿੱਚ ਸ਼ਾਮਲ ਹੁੰਦੇ ਹਨ।
        ਤਿੰਨ ਅਕਤੂਬਰ ਨੂੰ ਨਛੱਤਰ ਸਿੰਘ ਆਪਣੇ ਮੋਟਰਸਾਈਕਲ ’ਤੇ ਹੀ ਪ੍ਰਦਰਸ਼ਨ ਵਾਲੀ ਥਾਂ ਪੁੱਜੇ। ਉਹ ਦਿੱਲੀ ਬਾਰਡਰਾਂ ’ਤੇ ਨਹੀਂ ਸਨ ਜਾ ਸਕੇ ਜਿਸ ਦਾ ਉਨ੍ਹਾਂ ਨੂੰ ਅਫ਼ਸੋਸ ਸੀ। ਪ੍ਰਦਰਸ਼ਨ ਵਾਲੀ ਥਾਂ ਸੱਤਰ ਕਿਲੋਮੀਟਰ ਦੂਰ ਸੀ, ਪਰ ‘ਉੱਥੇ ਅਪੜਨਾ ਤਾਂ ਫ਼ਰਜ਼ ਹੈ’, ਛੇ ਕੁ ਕਿੱਲਿਆਂ ਦੇ ਮਾਲਕ ਨਛੱਤਰ ਸਿੰਘ ਨੇ ਚੱਲਣ ਲੱਗਿਆਂ ਪਰਿਵਾਰ ਨੂੰ ਆਖਿਆ।
        ਪੁੱਤਰ ਜਗਦੀਪ ਨੇ ਦੋਸ਼ ਲਾਇਆ ਕਿ ਸਰਕਾਰੀ ਤੰਤਰ ਦੋਸ਼ੀਆਂ ਨੂੰ ਬਚਾਉਣ ਲਈ ਪੂਰੀ ਵਾਹ ਲਾ ਰਿਹਾ ਹੈ। ‘‘ਸਾਨੂੰ ਚੱਲ ਰਹੀ ਜਾਂਚ ਵਿੱਚ ਕੋਈ ਭਰੋਸਾ ਨਹੀਂ ਹੈ ਜਦੋਂ ਤੱਕ (ਅਜੈ ਮਿਸ਼ਰਾ) ਟੈਨੀ ਨੂੰ ਉਸ ਦੇ ਅਹੁਦੇ ਤੋਂ ਹਟਾਇਆ ਨਹੀਂ ਜਾਂਦਾ। ਫਿਰ ਨਿਰਪੱਖ ਸੁਣਵਾਈ ਕਿਵੇਂ ਹੋ ਸਕਦੀ ਹੈ?’’ ਜਗਦੀਪ ਨੇ ਪੁੱਛਿਆ। ‘‘ਅਸੀਂ ਸਿਰਫ਼ ਇਨਸਾਫ਼ ਚਾਹੁੰਦੇ ਹਾਂ,’’ ਬੇਟੀ ਅਮਨਦੀਪ ਨੇ ਕਿਹਾ, “ਅਸੀਂ ਇਸ ਅਪਰਾਧ ਵਿੱਚ ਸ਼ਾਮਲ ਸਾਰਿਆਂ ਨੂੰ ਮਿਸਾਲੀ ਸਜ਼ਾਵਾਂ ਭੁਗਤਦੇ ਹੋਏ ਦੇਖਣਾ ਚਾਹੁੰਦੇ ਹਾਂ।”
       ਅਸੀਂ ਤਿਕੁਨੀਆ ਕਤਲੇਆਮ ਦੇ 19 ਸਾਲਾ ਪੀੜਤ ਲਵਪ੍ਰੀਤ ਦੇ ਪਰਿਵਾਰ ਕੋਲ ਪਲੀਆ ਤਹਿਸੀਲ ਦੇ ਚੌਖਰਾ ਫਾਰਮ ਗਏ। ਚੌਖਰਾ ਤਿਕੁਨੀਆ ਤੋਂ ਲਗਭਗ 50 ਕਿਲੋਮੀਟਰ ਦੂਰੀ ’ਤੇ ਹੈ। ਗੰਨੇ, ਝੋਨੇ ਅਤੇ ਕੇਲੇ ਦੇ ਖੇਤਾਂ ਨਾਲ ਘਿਰੇ ਲਵਪ੍ਰੀਤ ਦੇ ਨਿਮਾਣੇ ਘਰ ਦੀ ਛੱਤ ’ਤੇ ਕਿਸਾਨੀ ਝੰਡਾ ਝੂਲ ਰਿਹਾ ਸੀ। ਮਾਂ ਨੇ ਲਵਪ੍ਰੀਤ ਦੇ ਕਈ ਕਿੱਸੇ ਸੁਣਾਏ। ਢਾਈ ਏਕੜ ਜ਼ਮੀਨ ਵਾਲੇ ਲਵਪ੍ਰੀਤ ਦੇ ਪਿਤਾ ਨੇ ਛੋਟੀ ਕਿਸਾਨੀ ਦੀ ਵਿਥਿਆ ਵੀ ਕਹੀ। ਗੰਨੇ ਦੀ ਖੇਤੀ ਕਰਦੇ ਹਨ, ਪਰ ਆਸਮਾਨ ਛੂੰਹਦੀਆਂ ਲਾਗਤਾਂ, ਤੇਲ ਕੀਮਤਾਂ, ਖੰਡ ਮਿੱਲਾਂ ਵੱਲੋਂ ਬਕਾਏ ਦਾ ਭੁਗਤਾਨ ਨਾ ਕੀਤੇ ਜਾਣ ਕਾਰਨ ਪਰਿਵਾਰ ਸਿਰ ਕਰਜ਼ੇ ਦੀ ਪੰਡ ਹੈ। ਉੱਤਰ ਪ੍ਰਦੇਸ਼ ਵਿੱਚ ਉਸ ਵਰਗੇ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਇਹੀ ਹਾਲ ਹੈ, ਕੋਲ ਬੈਠੇ ਲਵਪ੍ਰੀਤ ਦੇ ਨਾਨੇ ਨੇ ਹੁੰਗਾਰਾ ਭਰਿਆ। ਲਵਪ੍ਰੀਤ ਵਿਦੇਸ਼ ਜਾ ਕੇ ਕਮਾਈ ਕਰਨਾ ਚਾਹੁੰਦਾ ਸੀ ਤਾਂ ਕਿ ਪਰਿਵਾਰ ਨੂੰ ਆਰਥਿਕ ਤੰਗੀ ਵਿੱਚੋਂ ਕੱਢ ਸਕੇ। ਤਿੰਨ ਅਕਤੂਬਰ ਨੂੰ ਲਵਪ੍ਰੀਤ ਆਪਣਾ ਮੋਟਰਸਾਈਕਲ ਲੈ ਕੇ ਧਰਨੇ ਵਾਲੀ ਥਾਂ ਨੂੰ ਗਿਆ ਤੇ ਮੁੜ ਘਰ ਨਾ ਪਰਤਿਆ। ‘‘ਸੰਸਦ ਮੈਂਬਰ ਅਜੈ ਮਿਸ਼ਰਾ ਨੂੰ ਅਹੁਦੇ ਤੋਂ ਹਟਾਏ ਜਾਣ ਬਿਨਾਂ ਇਨਸਾਫ਼ ਦੀ ਕੀ ਆਸ ਹੋ ਸਕਦੀ ਹੈ?’’ ਪਰਿਵਾਰ ਨੇ ਕਿਹਾ।
        ਅਸੀਂ ਗੱਡੀਆਂ ਥੱਲੇ ਦਰੜੇ ਗਏ ਪੱਤਰਕਾਰ ਰਮਨ ਕਸ਼ਯਪ ਦੇ ਪਰਿਵਾਰ ਨੂੰ ਮਿਲਣ ਵੀ ਗਏ। ਛੋਟੀ ਕਿਸਾਨੀ ਦਾ ਪਰਿਵਾਰ। ਪਿਤਾ ਦੀ ਛੋਟੀ ਜੋਤ ਤੇ ਸਿਰ ’ਤੇ ਵੱਡਾ ਕਰਜ਼ਾ। ਪਰਿਵਾਰ ਦੀ ਆਮਦਨ ਵਧਾਉਣ ਲਈ ਰਮਨ ਇੱਕ ਚੈਨਲ ਦਾ ਰਿਪੋਰਟਰ ਹੋ ਗਿਆ ਸੀ। ਇਸ ਪਰਿਵਾਰ ’ਤੇ ਮੰਤਰੀ ਵੱਲੋਂ ਉਨ੍ਹਾਂ ਦੀ ਧਿਰ ਦਾ ਸਾਥ ਦੇਣ ਲਈ ਬਹੁਤ ਦਬਾਅ ਸੀ। ‘‘ਤੁਸੀਂ ਹਿੰਦੂ ਹੋ। ਤੁਹਾਡਾ ਕਿਸਾਨ ਅੰਦੋਲਨ ਨਾਲ ਕੀ ਲੈਣਾ-ਦੇਣਾ ਹੈ?’’ ਉਨ੍ਹਾਂ ਨੂੰ ਕਿਹਾ ਗਿਆ। ਅਜੈ ਮਿਸ਼ਰਾ ਤਾਂ ਪਹਿਲਾਂ ਹੀ ਅੰਦੋਲਨ ਨੂੰ ਅਤਿਵਾਦੀਆਂ ਦੀ ਅਗਵਾਈ ਵਾਲੀ ਵੱਖਵਾਦੀ ਲਹਿਰ ਕਹਿ ਰਿਹਾ ਸੀ।
      ਸਾਡੀ ਟੀਮ ਬੰਜਾਰਨ ਟਾਂਡਾ, ਨਾਨਪਾੜਾ ਵਿੱਚ 35 ਸਾਲਾਂ ਦੇ ਦਲਜੀਤ ਸਿੰਘ ਦੇ ਘਰ ਅਤੇ ਨਵੀ ਨਗਰ ਮੋਹਰਨੀਆ, ਨਾਨਪਾੜਾ ਵਿੱਚ ਨੌਜਵਾਨ ਗੁਰਵਿੰਦਰ ਸਿੰਘ ਦੇ ਪਰਿਵਾਰ ਕੋਲ ਵੀ ਗਈ। ਭਾਵੇਂ ਦੋ ਕਿੱਲਿਆਂ ਦੀ ਖੇਤੀ ਵਾਲਾ ਦਲਜੀਤ ਸਿੰਘ ਦਾ ਪਰਿਵਾਰ ਸੀ ਜਾਂ ਗੁਰਵਿੰਦਰ ਦਾ, ਕਿਸਾਨੀ ਸੰਕਟ ਦੀ ਗ੍ਰਿਫ਼ਤ, ਹਕੂਮਤੀ ਦਹਿਸ਼ਤ ਦੀਆਂ ਕਹਾਣੀਆਂ ਅਤੇ ਸਬੂਤਾਂ ਤੇ ਅਦਾਲਤਾਂ ਵਿੱਚ ਹੇਰਾਫੇਰੀ ਕੀਤੇ ਜਾਣ ਦਾ ਸ਼ੱਕ ਹਰ ਪਰਿਵਾਰ ਨੇ ਦੁਹਰਾਇਆ।
ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਅਹੁਦੇ ਤੋਂ ਕਿਉਂ ਨਹੀਂ ਹਟਾਇਆ ਜਾ ਰਿਹਾ? ਬਹੁਤ ਸਾਰੇ ਵਿਸ਼ਲੇਸ਼ਕ ਇਕ ਵਿਸ਼ੇਸ਼ ਵਰਗ ਲਾਬੀ ਨੂੰ ਸੰਤੁਸ਼ਟ ਰੱਖਣ ਅਤੇ ਜਾਤੀ ਸਮੀਕਰਨ ਬਣਾਈ ਰੱਖਣ ਲਈ ਟੈਨੀ ਨੂੰ ਮੰਤਰੀ ਮੰਡਲ ਵਿੱਚ ਰੱਖਣ ਦੀ ਮਹੱਤਤਾ ਦੀ ਗੱਲ ਕਰਦੇ ਹਨ। ਪਰ ਗੱਲ ਸਿਰਫ਼ ਏਨੀ ਹੀ ਨਹੀਂ। ਅਜੈ ਮਿਸ਼ਰਾ ਸ਼ਾਸਨ ਦੇ ਇੱਕ ਐਸੇ ਢੰਗ ਦੀ ਨੁਮਾਇੰਦਗੀ ਕਰਦਾ ਹੈ ਜੋ ਦਹਿਸ਼ਤ, ਧਰੁਵੀਕਰਨ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਪੁਲੀਸ ਅਫ਼ਸਰਾਂ ਦੇ ਸਜ਼ਾ ਤੋਂ ਬਚਾਅ (impunity) ਲਈ ਸਟੇਟ/ਰਾਜ ਦੀ ਵਰਤੋਂ ’ਤੇ ਖੜ੍ਹਾ ਹੈ। ਯੂਪੀ ਸਰਕਾਰ ਨੇ ਦਹਿਸ਼ਤ ਦੇ ਨਵੇਂ ਰਿਕਾਰਡ ਕਾਇਮ ਕੀਤੇ ਹਨ। ਸਭ ਤੋਂ ਘਿਨਾਉਣੇ ਰਾਜ ਅਪਰਾਧਾਂ ਦੀ ਕਾਢ ਕੱਢਣ ਲਈ ਯੂਪੀ ਸਰਕਾਰ ਨੂੰ ਸਿਹਰਾ ਦਿੱਤਾ ਜਾ ਸਕਦਾ ਹੈ। ਇਨ੍ਹਾਂ ਵਿੱਚ ਝੂਠੇ ਪੁਲੀਸ ਮੁਕਾਬਲੇ ਵੀ ਸ਼ਾਮਲ ਹਨ।
      ਯੋਗੀ ਨੇ 2020 ਵਿੱਚ ਸੀਏਏ-ਵਿਰੋਧੀ ਪ੍ਰਦਰਸ਼ਨਕਾਰੀਆਂ ਵਿਰੁੱਧ ਵੀ ਇਸ ਦਹਿਸ਼ਤੀ ਰਣਨੀਤੀ ਦੀ ਖੁੱਲ੍ਹ ਕੇ ਵਰਤੋਂ ਕੀਤੀ। ਯੂਪੀ ਦੇ ਅਨੇਕਾਂ ਸ਼ਹਿਰਾਂ ਤੇ ਕਸਬਿਆਂ- ਫਿਰੋਜ਼ਾਬਾਦ, ਸੰਭਲ, ਬਿਜਨੌਰ, ਮੁਰਾਦਾਬਾਦ, ਮੁਜ਼ੱਫਰਨਗਰ, ਅਲੀਗੜ੍ਹ, ਕਾਨਪੁਰ ਆਦਿ ਵਿੱਚ ਪੁਲੀਸ ਵੱਲੋਂ ਮੁਸਲਮਾਨ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਸਾਰੀਆਂ ਘਟਨਾਵਾਂ ਜਮਹੂਰੀ ਜਥੇਬੰਦੀਆਂ ਦੀ ਅਗਵਾਈ ਥੱਲੇ ਹੋਈਆਂ ਤੱਥ ਖੋਜ ਰਿਪੋਰਟਾਂ ਵਿੱਚ ਦਰਜ ਹਨ। (ਤੱਥ ਖੋਜ ਰਿਪੋਰਟ ਪੜ੍ਹਨ ਲਈ: http://karwanemohabbat.in/wp-content/uploads/2020/06/A-State-at-War-With-Its-People-KeM-Feb2020.pdf). ਪਰ ਇਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਹੋਈ। ਜਮਹੂਰੀ ਜਥੇਬੰਦੀਆਂ ਨੇ ਉਦੋਂ ਵੀ ਮੰਗ ਕੀਤੀ ਸੀ ਕਿ ਸੂਬਾ ਸਰਕਾਰ ਵਿਰੁੱਧ ਅਪਰਾਧਿਕ ਜਾਂਚ ਹੋਵੇ, ਮੁੱਖ ਮੰਤਰੀ ਅਸਤੀਫ਼ਾ ਦੇਵੇ ਤੇ ਰਾਜ ਦੀ ਪੁਲੀਸ ਨੂੰ ਭੰਗ ਕੀਤਾ ਜਾਏ ਕਿਉਂਕਿ ਯੂਪੀ ਪੁਲੀਸ ਤੋਂ ਨਾਗਰਿਕਾਂ ਦੀ ਜਾਨ ਤੇ ਮਾਲ ਨੂੰ ਖ਼ਤਰਾ ਹੈ। ਅਸੀਂ ਜਾਣਦੇ ਹਾਂ ਕਿ ਐਸਾ ਕੁਝ ਵੀ ਨਹੀਂ ਹੋਇਆ। ਸਰਕਾਰ ਉਸੇ ਤਰ੍ਹਾਂ ਬਰਕਰਾਰ ਹੈ, ਸਿਰਫ਼ ਲੋਕ-ਸੰਘਰਸ਼ਾਂ ਨੂੰ ਠੇਸ ਲੱਗੀ ਤੇ ਲੋਕਾਂ ਦਾ ਬੋਲਣ ਦਾ ਹੱਕ ਬੇਹੱਦ ਕਮਜ਼ੋਰ ਪਿਆ। ਸੱਤਾਧਾਰੀਆਂ ਨੇ ਇਸ ਮੌਕੇ ਨੂੰ ਲੋਕਾਂ ਵਿੱਚ ਫ਼ਿਰਕੂ ਪਾੜਾ ਪਾ ਕੇ ਉਨ੍ਹਾਂ ਨੂੰ ਵੰਡਣ ਲਈ ਵਰਤਿਆ। ਆਮ ਲੋਕਾਂ ਦੀ ਸਾਂਝ ਟੁੱਟੀ ਤੇ ਉਹ ਪੂਰੀ ਤਰ੍ਹਾਂ ਫ਼ਿਰਕੂ ਲੀਹਾਂ ’ਤੇ ਵੰਡੇ ਗਏ। ਦਹਿਸ਼ਤ ਅਤੇ ਫ਼ਿਰਕੂ ਪਾੜੇ ਦੇ ਚਲਦਿਆਂ ਰੁਜ਼ਗਾਰ ਦੇ ਮੁੱਦੇ, ਰੋਜ਼ੀ-ਰੋਟੀ ਦੀ ਘਾਟ, ਔਰਤਾਂ ਦੀ ਜਿਨਸੀ ਸੁਰੱਖਿਆ, ਖੇਤੀ ਸੰਕਟ ਆਦਿ ਸਭ ਕੁਝ ਲੋਕ ਬਿਰਤਾਂਤ ਤੋਂ ਪੂਰੀ ਤਰ੍ਹਾਂ ਗਾਇਬ ਹੋ ਗਿਆ।
        ਯੋਗੀ ਰਾਜ ਵਿੱਚ ਹਜੂਮੀ ਹਿੰਸਾ ਕਰਨ ਵਾਲੀਆਂ ਭੀੜਾਂ ਨੂੰ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ਨੇ ਗਊ ਰੱਖਿਆ ਦੇ ਨਾਂ ’ਤੇ ਜੋ ਕੀਤਾ ਸਭ ਦੇ ਸਾਹਮਣੇ ਹੈ। ਹਿੰਸਕ ਸਮੂਹਾਂ ਨੇ ਹਜੂਮੀ ਹਿੰਸਾ ਦੀਆਂ ਕਾਰਵਾਈਆਂ ਦੀ ਅਗਵਾਈ ਕੀਤੀ, ਧਰਮ ਪਰਿਵਰਤਨ ਦੇ ਵਿਰੋਧ ਦੇ ਨਾਂ ਥੱਲੇ ਮੁਸਲਮਾਨਾਂ ਨੂੰ ਮਾਰਿਆ, ਗਿਰਜਿਆਂ ਨੂੰ ਅੱਗਾਂ ਲਾਈਆਂ ਅਤੇ ਪ੍ਰੇਮ ਵਿਆਹਾਂ ਨੂੰ ‘ਲਵ ਜਹਾਦ’ ਦਾ ਨਾਂ ਦੇ ਕੇ ਇਨ੍ਹਾਂ ਨੂੰ ਅਪਰਾਧ ਦੇ ਘੇਰੇ ਵਿਚ ਲੈ ਆਂਦਾ। ਇਨ੍ਹਾਂ ਸਾਰੀਆਂ ਕਾਰਗੁਜ਼ਾਰੀਆਂ ਵਿੱਚ ਪੁਲੀਸ ਨੇ ਉਨ੍ਹਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕੀਤੀ। ਅਪਰਾਧੀਆਂ ਨੂੰ ਕਾਨੂੰਨ ਅਤੇ ਸਜ਼ਾ ਤੋਂ ਬਚ ਜਾਣ (impunity) ਵਿੱਚ ਹੈਰਾਨ ਕਰ ਦੇਣ ਵਾਲਾ ਭਰੋਸਾ ਹੈ। ਤਿੰਨ ਅਕਤੂਬਰ ਨੂੰ ਆਸ਼ੀਸ਼ ਮਿਸ਼ਰਾ ਮੋਨੂੰ ਨੇ ਪੂਰੇ ਹੋਸ਼ੋ ਹਵਾਸ ਵਿੱਚ, ਬੇਖ਼ੌਫ਼ ਹੋ ਕੇ ਕਿਸਾਨਾਂ ਉੱਪਰ ਗੱਡੀਆਂ ਚਾੜ੍ਹੀਆਂ ਤਾਂ ਉਸ ਨੂੰ ਕਾਨੂੰਨ ਅਤੇ ਸਜ਼ਾ ਤੋਂ ਬਚ ਜਾਣ ਦਾ ਭਰੋਸਾ ਸੀ।
       ਕਿਸਾਨ ਅੰਦੋਲਨ ਸ਼ੁਰੂ ਹੋਣ ਨਾਲ ਕੇਂਦਰੀ ਤਾਨਾਸ਼ਾਹੀ ਹਕੂਮਤ ਨੂੰ ਚੁਣੌਤੀ ਮਿਲੀ। ਕਿਸਾਨ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨਾਲ ਉੱਠ ਖਲੋਤੇ ਜੋ ਭਾਰਤੀ ਸੰਸਦ ਵਿੱਚ ਗ਼ੈਰ-ਜਮਹੂਰੀ ਢੰਗ ਨਾਲ ਪਾਸ ਹੋਏ ਸਨ। ਤੰਗੀਆਂ ਮਾਰੇ ਯੂਪੀ ਦੇ ਕਿਸਾਨ ਵੀ ਇਸ ਦਾ ਹਿੱਸਾ ਬਣ ਗਏ ਤੇ ਅੰਦੋਲਨ ਤੋਂ ਨਵੀਂ ਊਰਜਾ ਲੈ ਕੇ ਕਿਸਾਨੀ ਸੰਘਰਸ਼ ਯੂਪੀ ਵਿੱਚ ਵੀ ਮੌਲਿਆ। ਇਸ ਅੰਦੋਲਨ ਨੇ ਲੋਕਾਂ ਦੇ ਵਿਰੋਧ ਕਰਨ ਦੇ ਮੌਲਿਕ ਅਧਿਕਾਰ ਨੂੰ ਬਹਾਲ ਕਰਨ ਦੀ ਸ਼ੁਰੂਆਤ ਕੀਤੀ। ਲੋਕ ਨਵੇਂ ਹੌਂਸਲੇ ਨਾਲ ਭਰ ਗਏ। ਉਹ ਕਾਫ਼ਲੇ ਬੰਨ੍ਹ ਕੇ ਸੜਕਾਂ ’ਤੇ ਉਤਰ ਆਏ। ਜਿਸ ਖੀਰੀ ਦੇ ਇਲਾਕੇ ਨੇ ਦਹਾਕਿਆਂ ਤੋਂ ਅੰਦੋਲਨ ਨਹੀਂ ਸਨ ਵੇਖੇ, ਉੱਥੇ ਥਾਂ ਥਾਂ ਕਿਸਾਨੀ ਝੰਡੇ ਲਹਿਰਾਉਣ ਲੱਗੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਸੜਕਾਂ ’ਤੇ ਆ ਗਏ। ਸਰਕਾਰ ਨੇ ਇੱਕ ਵਾਰ ਫੇਰ ਦਹਿਸ਼ਤ ਨਾਲ ਇਸ ਅੰਦੋਲਨ ਨੂੰ ਨਜਿੱਠਣਾ ਚਾਹਿਆ। ਅੰਦੋਲਨਕਾਰੀ ਕਿਸਾਨਾਂ ’ਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲੱਗੇ, ਉਨ੍ਹਾਂ ਉੱਤੇ ‘ਗੁੰਡਾ ਐਕਟ’ ਵਰਗੀਆਂ ਧਾਰਾਵਾਂ ਮੜ੍ਹੀਆਂ ਗਈਆਂ, ਡਰਾਇਆ ਗਿਆ ਤੇ ਦਿੱਲੀ ਬਾਰਡਰਾਂ ’ਤੇ ਜਾਣ ਤੋਂ ਰੋਕਿਆ ਗਿਆ। ਮੰਤਰੀ ਅਜੈ ਮਿਸ਼ਰਾ ਨੇ ਫ਼ਿਰਕੂ ਸਿਆਸਤ ਵਰਤੀ। ਇਸ ਵਾਰ ਨਿਸ਼ਾਨੇ ’ਤੇ ਮੁਸਲਮਾਨ ਨਹੀਂ, ਸਿੱਖ ਕਿਸਾਨ ਸਨ। ਦਹਾਕਿਆਂ ਤੋਂ ਇਲਾਕੇ ਵਿੱਚ ਵਸਦੇ ਸਿੱਖ ਕਿਸਾਨਾਂ ਨੂੰ ਬਾਹਰੀ, ਖਾਲਿਸਤਾਨੀ, ਅਤਿਵਾਦੀ ਆਦਿ ਗਰਦਾਨ ਕੇ ਉਨ੍ਹਾਂ ਖਿਲਾਫ਼ ਨਫ਼ਰਤ ਪੈਦਾ ਕੀਤੀ ਗਈ। ਇਲਾਕੇ ਦੇ ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਜ਼ਮੀਨ ਦਾ ਝਾਂਸਾ ਦੇ ਕੇ ਸਿੱਖ ਕਿਸਾਨਾਂ ਵਿਰੁੱਧ ਉਕਸਾਇਆ ਗਿਆ।
       ਲਖੀਮਪੁਰ ਦਾ ਕਤਲੇਆਮ ਕਿਸਾਨੀ ਘੋਲ ਦੇ ਪਿੰਡੇ ’ਤੇ ਰਿਸਦਾ ਜ਼ਖ਼ਮ ਹੈ। ਲਖੀਮਪੁਰ ਹਿੰਸਾ ਲਈ ਇਨਸਾਫ਼ ਦਾ ਕੀ ਮਤਲਬ ਹੈ? ਕੀ ਇਸ ਕਤਲੇਆਮ ਖਿਲਾਫ਼ ਇਨਸਾਫ਼ ਲਈ ਲੜਨਾ ਖੇਤੀ ਸੰਕਟ ਗ੍ਰਸਤ ਪਰਿਵਾਰਾਂ ਦੀ ਜ਼ਿੰਮੇਵਾਰੀ ਹੈ? ਉਹ ਕਿਸਾਨ ਪਰਿਵਾਰ ਤਾਂ ਪਹਿਲਾਂ ਹੀ ਤੰਗੀਆਂ ਦੇ ਸ਼ਿਕਾਰ ਹਨ ਤੇ ਹੁਣ ਆਪਣਿਆਂ ਦੇ ਵਿਛੜਨ ਦੇ ਦੁੱਖ ਅਤੇ ਅਤੇ ਫ਼ਿਰਕੂ ਸਿਆਸਤ ਦਾ ਖਮਿਆਜ਼ਾ ਭੁਗਤ ਰਹੇ ਹਨ। ਲਖੀਮਪੁਰ ਕਤਲੇਆਮ ਵਿਰੁੱਧ ਲੜਾਈ ਸਮੂਹਿਕ ਲੜਾਈ ਦਾ ਹਿੱਸਾ ਹੈ। ਪ੍ਰਧਾਨ ਮੰਤਰੀ ਦਾ ਅਜੈ ਮਿਸ਼ਰਾ ਨੂੰ ਮੰਤਰੀ ਮੰਡਲ ਤੋਂ ਨਾ ਹਟਾਉਣਾ ਉਸ ਸਿਆਸਤ ਦੀ ਸਰਪ੍ਰਸਤੀ ਹੈ ਜਿਸ ਨਾਲ ਉਹ ਇਸ ਦੇਸ਼ ਦੀ ਸੱਤਾ ’ਤੇ ਕਾਬਜ਼ ਹੈ। ਕਿਸਾਨ ਅੰਦੋਲਨ ਨੂੰ ਕੁਚਲਣ ਲਈ ਸਟੇਟ/ਰਾਜ ਨੇ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਹਰ ਕੋਸ਼ਿਸ਼ ਕੀਤੀ। ਲਖੀਮਪੁਰ ਵਿੱਚ ਅਜੈ ਮਿਸ਼ਰਾ ਨੇ ਸਥਾਨਕ ਪੁਲੀਸ ਦੇ ਸਰਗਰਮ ਸਹਿਯੋਗ ਨਾਲ ਕਿਸਾਨਾਂ ਦੇ ਕਤਲੇਆਮ ਦੀ ਸਾਜ਼ਿਸ਼ ਰਚੀ ਜਿਸ ਨੂੰ ਉਸ ਦੇ ਪੁੱਤਰ ਅਤੇ ਉਸ ਦੇ ਸਾਥੀਆਂ ਨੇ ਸਿਆਸੀ ਸਰਪ੍ਰਸਤੀ ਹੇਠ ਅੰਜਾਮ ਦਿੱਤਾ।
        ਲਖੀਮਪੁਰ ਦੀ ਘਟਨਾ ਲਈ ਇਨਸਾਫ਼ ਦਾ ਮਤਲਬ ਹੈ ਲੋਕਾਂ ਦੇ ਵਿਰੋਧ ਕਰਨ ਦੇ ਜਮਹੂਰੀ ਹੱਕ ਦੀ ਰਾਖੀ ਕਰਨੀ ਅਤੇ ਲੋਕਾਂ ਦੇ ਏਕੇ ਨੂੰ ਮਜ਼ਬੂਤ ਕਰਨਾ। ਇਹ ਲੜਾਈ ਕਿਸਾਨਾਂ ਦੀ ਵੀ ਹੈ ਅਤੇ ਹਰ ਜਮਹੂਰੀਅਤ ਪਸੰਦ ਵਿਅਕਤੀ ਦੀ ਵੀ ਅਤੇ ਜਥੇਬੰਦੀਆਂ ਦੀ ਵੀ।
ਈ-ਮੇਲ : navsharan@gmail.com