ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

16 ਜਨਵਰੀ 2022

ਕੈਪਟਨ ਨੇ ਤੁਹਾਡੀ ਹੀ ਨਹੀਂ ਮੇਰੀ ਵੀ ਰੋਜ਼ੀ-ਰੋਟੀ ਖੋਹੀ ਸੀ-ਬੀਬੀ ਭੱਠਲ

ਤੇ ਬੀਬੀ ਜੀ ਜਿਹੜਾ ਕੈਪਟਨ ਨੇ ਤੁਹਾਡਾ 80 ਲੱਖ ਮਾਫ਼ ਕੀਤਾ ਸੀ, ਭੁੱਲ ਗਏ।

ਚੋਣਾਂ ਦਾ ਐਲਾਨ ਹੁੰਦਿਆਂ ਸਾਰ ਹੀ ਸਿਆਸੀ ਆਗੂ ਡੇਰਾ ਸਿਰਸਾ ਵਲ ਦੌੜੇ-ਇਕ ਖ਼ਬਰ

ਅਸੀਂ ਮੰਗਤੇ ਤੇਰੇ ਦਰ ਦੇ, ਵੋਟਾਂ ਦੀ ਖੈਰ ਪਾ ਦੇ ਬਾਬਿਆ।

ਯੂ.ਪੀ: ਤਿੰਨ ਦਿਨਾਂ ਵਿਚ ਤੀਜੇ ਮੰਤਰੀ ਦਾ ਅਸਤੀਫ਼ਾ- ਇਕ ਖ਼ਬਰ

ਚੁੱਕ ਚਾਦਰਾ ਚਰ੍ਹੀ ਵਿਚ ਚਲੀਏ, ਮੱਕੀ ਵਿਚ ਪੱਛ ਲੜਦੇ।

ਜਾਂ ਤਾਂ ਇਹ ਸਿਸਟਮ ਰਹੇਗਾ ਜਾਂ ਨਵਜੋਤ ਸਿੱਧੂ- ਸਿੱਧੂ

ਜਾਂ ਰਹੂ ਟਾਂਡਿਆਂ ਵਾਲ਼ੀ, ਜਾਂ ਰਹੂ ਭਾਂਡਿਆਂ ਵਾਲ਼ੀ।

ਸਪਾ ਉਮੀਦਵਾਰਾਂ ਦੀ ਸੂਚੀ ਵਿਚ ਅਪਰਾਧੀਆਂ ਦੇ ਨਾਮ ਵੀ ਸ਼ਾਮਲ- ਯੋਗੀ ਅਦਿਤਿਆਨਾਥ

ਇਹ ਤਾਂ ਅਜੇ ਉਮੀਦਵਾਰ ਹੀ ਨੇ ਤੁਹਾਡੀ ਤਾਂ ਪਾਰਲੀਮੈਂਟ ਵੀ ਭਰੀ ਪਈ ਐ।

ਚੋਣਾਂ ਲੜ ਰਹੀਆਂ ਜਥੇਬੰਦੀਆਂ ਹੁਣ ਸਾਡਾ ਹਿੱਸਾ ਨਹੀਂ- ਸੰਯੁਕਤ ਕਿਸਾਨ ਮੋਰਚਾ

ਚੰਦ ਕੌਰ ਚੱਕਮਾਂ ਚੁੱਲ੍ਹਾ, ਕਿਤੇ ਯਾਰਾਂ ਨੂੰ ਭਿੜਾ ਕੇ ਮਾਰੂ।

ਕੈਪਟਨ ਨੇ ਪਟਿਆਲੇ ਦੀਆਂ ਅੱਠਾਂ ‘ਚੋਂ ਛੇ ਸੀਟਾਂ ‘ਤੇ ਜਤਾਈ ਦਾਅਵੇਦਾਰੀ- ਇਕ ਖ਼ਬਰ

ਸਉਣ ਦਾ ਮਹੀਨਾ ਵੇ ਤੂੰ ਆ ਗਿਉਂ ਗੱਡੀ ਜੋੜ ਕੇ।

ਚੋਣ ਭਾਸ਼ਣਾਂ ‘ਚੋਂ ਗ਼ਾਇਬ ਹਨ ਪੰਜਾਬ ਦੀਆਂ ਪੰਜ ਵੱਡੀਆਂ ਚੁਣੌਤੀਆਂ-ਮਨੀਸ਼ ਤਿਵਾੜੀ

ਭਿੱਜ ਗਈਆਂ ਨਣਾਨੇ ਪੂਣੀਆਂ, ਰੰਗਲੇ ਭਿੱਜ ਗਏ ਚਰਖ਼ੇ।

ਭਾਜਪਾ ਤੇ ਅਮਰਿੰਦਰ ਵਿਚਕਾਰ ਸੀਟਾਂ ਬਾਰੇ ਪੇਚ ਫ਼ਸਿਆ- ਇਕ ਖ਼ਬਰ

ਸੁਫ਼ਨੇ ‘ਚ ਪੈਣ ਜੱਫੀਆਂ, ਅੱਖ ਖੁੱਲ੍ਹੀ ਤੋਂ ਨਜ਼ਰ ਨਾ ਆਵੇ।

ਕਾਂਗਰਸ ਨੇ ਵੋਟ ਬੈਂਕ ਲਈ ਚੰਨੀ ਦਾ ਇਸਤੇਮਾਲ ਕੀਤਾ- ਰਾਘਵ ਚੱਢਾ

ਨਿੰਮ ਨਾਲ਼ ਝੂਟਦੀਏ, ਤੋਤਾ ਪੀ ਗਿਆ ਗੁਲਾਬੀ ਰੰਗ ਤੇਰਾ।

ਮਜੀਠੀਆ ਨੇ ਭਾਜਪਾ ਦੀ ਬੋਲੀ ਬੋਲ ਕੇ ਅਕਾਲੀ ਭਾਜਪਾ ਦੀ ਸਾਂਝ ਜੱਗ ਜ਼ਾਹਰ ਕੀਤੀ- ਰੰਧਾਵਾ

ਲੁਕ ਲੁਕ ਲਾਈਆਂ ਪ੍ਰਗਟ ਹੋਈਆਂ, ਵੱਜ ਗਏ ਢੋਲ ਨਗਾਰੇ।

ਪੰਜਾਬ ਦੀ ਸਿਆਸਤ ਵਿਚ ਬਾਹੂਬਲੀ ਤੇ ਧਨ-ਕੁਬੇਰਾਂ ਦਾ ਬੋਲਬਾਲਾ- ਇਕ ਖ਼ਬਰ

ਰਾਤੀਂ ਧਾੜ ਪਈ, ਲੁੱਟਿਆ ਤਖ਼ਤ ਹਜ਼ਾਰਾ।

‘ਆਪ’ ਪਾਰਟੀ ਲੋਹੜੀ ਦੇ ਨੇੜੇ ਮੁੱਖ ਮੰਤਰੀ ਦਾ ਚੇਹਰਾ ਐਲਾਨੇਗੀ-ਇਕ ਖਬਰ

ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਹੋ, ਕਿ ਦੁੱਲਾ ਦਿੱਲੀ ਵਾਲ਼ਾ ਹੋ?

ਮਾਇਆਵਤੀ ਨਹੀਂ ਲੜੇਗੀ ਉੱਤਰ ਪ੍ਰਦੇਸ਼ ਦੀ ਅਗਲੀ ਵਿਧਾਨ ਸਭਾ ਚੋਣ- ਇਕ ਖ਼ਬਰ

ਪੈਰੀਂ ਝਾਂਜਰਾਂ ਗਲ਼ੀ ਦੇ ਵਿਚ ਗਾਰਾ, ਘਰ ਤੇਰਾ ਦੂਰ ਮਿੱਤਰਾ।

 ਲੋਕਾਂ ਦੀ ਤਕਦੀਰ ਬਦਲਣ ਦੇ ਦਾਅਵੇਦਾਰ ਚੋਣਾਂ ਸਾਹਮਣੇ ਦੇਖ ਕੇ ਬਣੇ ਮੌਕਾਪ੍ਰਸਤ- ਇਕ ਖ਼ਬਰ

ਹੁਣ ਅੱਕਾਂ ਤੋਂ ਭਾਲ਼ਦੀ ਡੇਲੇ, ਜੱਟਾਂ ਨੇ ਕਰੀਰ ਪੁੱਟ ਲਏ।