ਚੋਰ ਚੋਰ - ਨਿਰਮਲ ਸਿੰਘ ਕੰਧਾਲਵੀ

ਪੰਜਾਬ ਨੂੰ ਖਾ ਗਏ ਚੋਰ ਚੋਰ
ਕੋਈ ਛੋਟਾ ਚੋਰ ਕੋਈ ਬੜਾ ਚੋਰ
ਸਭ ਪਾਸੇ ਫਿਰਦੇ ਚੋਰ ਚੋਰ..................

ਕੋਈ ਚੋਰੀ ਕਰਦਾ ਰੇਤਾ ਦੀ
ਕੋਈ ਚੋਰੀ ਕਰਦਾ ਬਜਰੀ ਦੀ
ਕੋਈ ਮੱਝਾਂ ਚੋਰੀ ਕਰਦਾ ਏ
ਕੋਈ ਚੋਰੀ ਕਰਦਾ ਬੱਕਰੀ ਦੀ
ਨਹੀਂ ਖ਼ਾਕੀ ਦਾ ਇਤਬਾਰ ਰਿਹਾ
ਹਰ ਪਾਸੇ ਮੱਚਿਆ ਸ਼ੋਰ ਸ਼ੋਰ
ਕੋਈ ਛੋਟਾ ਚੋਰ ਕੋਈ ਬੜਾ ਚੋਰ..............

ਕੋਈ ਬਿਜਲੀ ਚੋਰੀ ਕਰਦਾ ਏ
ਨਾ ਕਰੰਟ ਲੱਗਣ ਤੋਂ ਡਰਦਾ ਏ
ਕੋਈ ਤਾਂਬਾ ਲਾਹੁੰਦਾ ਖੰਭਿਆਂ ਤੋਂ
ਕੋਈ ਤੇਲ ਨਾ' ਪੀਪਾ ਭਰਦਾ ਏ
ਕੋਈ ਤਾਰ ਈ 'ਕੱਠੀ ਕਰ ਲੈਂਦਾ
ਜੇ ਮਿਲਦਾ ਨਹੀਂ ਕੁਝ ਹੋਰ ਹੋਰ
ਕੋਈ ਛੋਟਾ ਚੋਰ ਕੋਈ ਬੜਾ ਚੋਰ..........

ਹੱਥਾਂ 'ਚੋਂ ਫੋਨ ਉਡਾ ਲੈਂਦੇ
ਜਾਂ ਬਟੂਆ ਹੀ ਖਿਸਕਾ ਲੈਂਦੇ
ਧੂਹ ਲੈਂਦੇ ਵਾਲ਼ੀ ਕੰਨ ਵਿਚੋਂ
ਵੀਣੀ 'ਚੋਂ ਵੰਙਾਂ ਲਾਹ ਲੈਂਦੇ
ਪੰਜਾਬ ਸਿਆਂ ਤੇਰੀ ਵਿਗੜ ਗਈ
ਤੇਰੀ ਵਿਗੜ ਗਈ ਹੁਣ ਤੋਰ ਤੋਰ
ਕੋੋਈ ਛੋਟਾ ਚੋਰ ਕਈ ਬੜਾ ਚੋਰ........................

ਮਿੰਟਾਂ ਵਿਚ ਕਾਰ ਉਡਾ ਲੈਂਦੇ
ਬਾਈਕਾਂ ਨੂੰ ਹਵਾ ਬਣਾ ਲੈਂਦੇ
ਭੰਨ ਲੈਂਦੇ ਗੋਲਕ ਬਾਬੇ ਦੀ
ਜਦ ਨਸ਼ੇ ਦੀ ਟੁੱਟਦੀ ਲੋਰ ਲੋਰ
ਸਭ ਪਾਸੇ ਫਿਰਦੇ ਚੋਰ ਚੋਰ
ਕੋਈ ਛੋਟਾ ਚੋਰ ਕੋਈ ਬੜਾ ਚੋਰ.........

ਕੋਈ ਟੈਕਸ ਦੀ ਚੋਰੀ ਕਰਦਾ ਏ
ਘਰ ਆਪਣਾ ਮਾਲ ਨਾ' ਭਰਦਾ ਏ
ਨਾਲ਼ ਵੱਡਿਆਂ ਇਹਦੀ ਯਾਰੀ ਏ
ਨਾ ਤਾਹੀਂ ਕਿਸੇ ਤੋਂ ਡਰਦਾ ਏ
ਸਭ ਚੋਰ ਇਕੱਠੇ ਹੋ ਗਏ ਨੇ
ਸਿਸਟਮ ਨੂੰ ਖਾਂਦੇ ਭੋਰ ਭੋਰ
ਕੋਈ ਛੋਟਾ ਚੋਰ ਕੋਈ ਬੜਾ ਚੋਰ....................

ਨਿਰਮਲ ਸਿੰਘ ਕੰਧਾਲਵੀ
08 July 2018