ਕਿੱਥੇ ਗਿਆ ਮਹਾਨ ਮੁਲਕ ਵਾਲਾ ਖ਼ੁਆਬ ? - ਅਵਿਜੀਤ ਪਾਠਕ

ਜਾਪਦਾ ਹੈ ਸਾਡੀ ਇਖ਼ਲਾਕੀ, ਸੱਭਿਆਚਾਰਕ ਅਤੇ ਸਿਆਸੀ ਗਿਰਾਵਟ ਦਾ ਕੋਈ ਅੰਤ ਨਹੀਂ ਹੈ। ਮੁਲਕ ਵਿਚ ਅੱਜ ਕੱਲ੍ਹ ਜਿਸ ਤਰ੍ਹਾਂ ਹਿੰਸਾ ਨੂੰ ਧਰਮ ਦੇ ਨਾਂ ਤੇ ਪਵਿੱਤਰਤਾ ਦਾ ਦਰਜਾ ਦਿੱਤਾ ਜਾ ਰਿਹਾ ਹੈ, ਉਸ ਤੋਂ ਅਖੌਤੀ ਸਾਧੂਆਂ ਅਤੇ ਗੁੰਡਿਆਂ ਵਿਚ ਫ਼ਰਕ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ, ਅੱਜ ਮਾਨਸਿਕ ਜ਼ਹਿਰ ਫੈਲਾਉਣ ਲਈ ਤਕਨਾਲੋਜੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਤੇ ਔਰਤਾਂ ਨੂੰ ਮਹਿਜ਼ ਵਾਸਨਾ ਪੂਰਤੀ ਦੀ ਵਸਤੂ ਵਜੋਂ ਦੇਖਿਆ ਜਾ ਰਿਹਾ ਹੈ। ਇਸ ਤਰ੍ਹਾਂ ਜੇ ਅਜਿਹੀਆਂ ਸਾਰੀਆਂ ਹਿੰਸਕ ਬਿਆਨਬਾਜ਼ੀਆਂ ਦੌਰਾਨ ਵੀ ਮੁਲਕ ਦਾ ‘ਮਸੀਹਾ’ ਸਾਨੂੰ ਇਹ ਆਖ ਕੇ ਤਸੱਲੀ ਦੇਣਾ ਚਾਹੁੰਦਾ ਹੈ ਕਿ ਭਾਰਤ ‘ਵਿਸ਼ਵ ਗੁਰੂ’ ਹੈ ਤਾਂ ਅਸਲ ਵਿਚ ਸਾਡਾ ਸਮਾਜ ਗਰਕ ਹੋ ਰਿਹਾ ਸਮਾਜ ਹੈ। ਜਿਵੇਂ ਹਰਿਦੁਆਰ ਵਿਚ ਧਰਮ ਸੰਸਦ ਦੌਰਾਨ ਨਫ਼ਰਤ ਭਰੀਆਂ ਤਕਰੀਰਾਂ ਤੋਂ ਇਸ਼ਾਰਾ ਮਿਲਦਾ ਹੈ, ਅੱਜ ਮੁਲਕ ਵਿਚ ਕਤਲੇਆਮ ਦੇ ਸੱਦੇ ਦੇਣੇ ਆਮ ਵਰਤਾਰਾ ਹੋ ਗਿਆ ਹੈ ਅਤੇ ਹਿੰਦੂਆਂ ਨੂੰ ‘ਸਫਾਈ ਮੁਹਿੰਮ’ ਦੇ ਨਾਂ ਉਤੇ ਘੱਟਗਿਣਤੀਆਂ ਨਾਲ ਸੰਬੰਧਿਤ ਲੋਕਾਂ ਨੂੰ ਮਾਰ ਮੁਕਾਉਣ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਉਤੇ ਹਮਲੇ ਕਰਨ ਲਈ ਉਕਸਾਇਆ ਜਾ ਰਿਹਾ ਹੈ। ‘ਸੁੱਲੀ ਡੀਲਜ਼’, ‘ਬੁਲੀ ਬਾਈ’ ਐਪਸ ਆਦਿ ਦੇ ਫੈਲ ਰਹੇ ਸੁਨੇਹਿਆਂ ਤੋਂ ਇਹੋ ਸੰਕੇਤ ਮਿਲਦਾ ਹੈ ਕਿ ਇਹ ਤਸੱਵੁਰ ਕਰਨਾ ਮੁਮਕਿਨ ਹੈ ਕਿ ਮੁਸਲਮਾਨ ਔਰਤਾਂ ਬੋਲੀ ਲਗਾ ਕੇ ਵੇਚਣਯੋਗ ਵਸਤਾਂ ਹਨ। ਧਾਰਮਿਕ ਕੱਟੜਤਾ ਦੀ ਕਾਮੁਕਤਾ ਵਾਲੀ ਅਜਿਹੀ ਸਿਆਸਤ ਅਜੋਕਾ ਨਵਾਂ ਆਮ ਵਰਤਾਰਾ ਹੈ।
        ਕੀ ਇਸ ਸਭ ਕਾਸੇ ਤੋਂ ਸਾਨੂੰ ਝਟਕਾ ਮਹਿਸੂਸ ਹੁੰਦਾ ਹੈ? ਕੀ ਕਾਬਜ਼ ਸਿਆਸੀ ਜਮਾਤ ਜਾਂ ਨਿਜ਼ਾਮ ਨੂੰ ਇਸ ਗਲ਼-ਸੜ ਰਹੇ ਹਾਲਾਤ ਉਤੇ ਕੋਈ ਸ਼ਰਮ ਮਹਿਸੂਸ ਹੁੰਦੀ ਹੈ? ਕੀ ਤੁਹਾਡੇ ਅਤੇ ਮੇਰੇ ਅੰਦਰ ਇੰਨੀ ਹਿੰਮਤ ਹੈ ਕਿ ਅਸੀਂ ਆਖ ਸਕੀਏ- ਬੱਸ ਹੁਣ ਬਹੁਤ ਹੋ ਗਿਆ, ਸਾਨੂੰ ਆਪਣੇ ਸੱਭਿਆਚਾਰ ਤੇ ਸਮਾਜ ਨੂੰ ਹੋਰ ਗੰਦਗੀ ਵਿਚ ਗਰਕ ਨਹੀਂ ਹੋਣ ਦੇਣਾ ਚਾਹੀਦਾ ਜਿਸ ਵਿਚ ਭੱਦੀ ਸਿਆਸਤ, ਭੱਦੇ ਨਿਸ਼ਾਨ, ਭੱਦੇ ਭਾਸ਼ਣ, ਭੱਦੇ ਟੈਲੀਵਿਜ਼ਨ ਚੈਨਲ ਅਤੇ ਭੱਦੇ ਗੁੰਡੇ ਹਨ ਜਿਹੜੇ ਸਾਧਾਂ ਵਰਗੇ ਕੱਪੜੇ ਪਹਿਨਦੇ ਹਨ। ਖ਼ੈਰ, ਅਸੀਂ ਇਸ ਬਾਰੇ ਖਾਸ ਨੌਕਰਸ਼ਾਹਾਨਾ ਹੁੰਗਾਰੇ ਅਤੇ ਇਸ ਦੇ ਠੰਢੇਪਣ ਤੋਂ ਜਾਣੂ ਹੀ ਹਾਂ ਜੋ ਬੱਸ ਇਹੋ ਕਹਿਣਗੇ: ‘ਕਾਨੂੰਨ ਆਪਣਾ ਕੰਮ ਕਰੇਗਾ।’ ਸਾਡੇ ਵਿਚੋਂ ਕੁਝ ਚੀਕ ਚੀਕ ਕੇ ਪੁੱਛ ਸਕਦੇ ਹਨ: ਆਖ਼ਿਰ ਅਦਾਲਤਾਂ ਕੀ ਕਰ ਰਹੀਆਂ ਹਨ? ਉਂਝ, ਸਾਨੂੰ ਆਪਣੇ ਜ਼ਿੰਦਾ ਹੋਣ ਦਾ ਸਬੂਤ ਦੇਣ ਲਈ ਅਤੇ ਕੁਝ ਸਾਰਥਕ ਕਰਨ ਲਈ ਸਭ ਤੋਂ ਪਹਿਲਾਂ ਆਪਾ-ਪੜਚੋਲ ਕਰਨੀ ਹੋਵੇਗੀ ਅਤੇ ਸਾਨੂੰ ਸਿਆਸੀ/ਸੱਭਿਆਚਾਰਕ/ਮਾਨਸਿਕ ਸਫਾਈ ਦੇ ਅਮਲ ਵਿਚੋਂ ਲੰਘਣਾ ਪਵੇਗਾ।
        ਆਓ ਅਸੀਂ ਮੰਨ ਲਈਏ ਕਿ ਅਸੀਂ ਆਪਣਾ ਮਹਾਨ ਸੁਪਨਾ ਗੁਆ ਲਿਆ ਹੈ- ਨਵੇਂ ਭਾਰਤ ਦਾ ਸੁਪਨਾ: ਪੂਰਨ ਆਜ਼ਾਦੀ ਵਾਲੇ, ਉਦਾਰ, ਬਹੁਲਤਾਵਾਦੀ ਅਤੇ ਵਿਤਕਰੇ ਰਹਿਤ ਸਮਤਾਵਾਦੀ ਭਾਰਤ ਦਾ ਸੁਪਨਾ। ਆਜ਼ਾਦੀ ਸੰਘਰਸ਼ ਦੇ ਸਿਧਾਂਤਾਂ ਅਤੇ ਇਸ ਸਭ ਕਾਸੇ ਤੋਂ ਵਧ ਕੇ ਮੁਲਕ ਦੀ ਵੰਡ ਦੇ ਲੱਗੇ ਸਦਮੇ ਤੋਂ ਉਭਰਨ ਅਤੇ ਨਾਲ ਹੀ ਸੱਭਿਆਚਾਰਕ/ਧਾਰਮਿਕ ਵੰਨ-ਸਵੰਨਤਾ ਤੇ ਅਨੇਕਤਾਵਾਦ ਵਾਲੀ ਨਵੀਂ ਸ਼ੁਰੂਆਤ ਕਰਨ ਦੀ ਮਹਾਨ ਖ਼ਾਹਿਸ਼ ਨੇ ਸਾਨੂੰ ਨਵੇਂ ਸਫ਼ਰ ਦਾ ਆਗਾਜ਼ ਕਰਨ ਲਈ ਪ੍ਰੇਰਿਆ। ਅਸੀਂ ਗ਼ਰੀਬ ਜ਼ਰੂਰ ਸਾਂ ਪਰ ਇਸ ਦੇ ਬਾਵਜੂਦ ਅਸੀਂ ਆਪਣੇ ਸੁਪਨਿਆਂ ਨੂੰ ਸੰਭਾਲ ਕੇ ਰੱਖਿਆ। ਸੰਭਵ ਤੌਰ ਤੇ ਸਾਡੇ ਵਿਚੋਂ ਬਹੁਤੇ ਉਦੋਂ ਵੀ ਜਦੋਂ ਅਸੀਂ ਉਸ ਸਭ ਕਾਸੇ ਨਾਲ ਸਹਿਮਤ ਵੀ ਨਹੀਂ ਸਾਂ, ਜਿਸ ਵਿਚ ਮਹਾਤਮਾ ਗਾਂਧੀ ਵਿਸ਼ਵਾਸ ਕਰਦੇ ਸਨ, ਤਾਂ ਵੀ ਅਸੀਂ ਕਦੇ ਨੱਥੂਰਾਮ ਗੌਡਸੇ ਦੀ ਪੂਜਾ ਕਰਨ ਦੇ ਚਾਹਵਾਨ ਨਹੀਂ ਸਾਂ। ਨਾਲ ਹੀ ਗਾਂਧੀ ਦੇ ਮੌਲਾਨਾ ਆਜ਼ਾਦ ਅਤੇ ਜ਼ਾਕਿਰ ਹੁਸੈਨ ਵਰਗੇ ਪੈਰੋਕਾਰਾਂ ਨੇ ਸਦਭਾਵਨਾ ਦੀ ਜਿਸ ਰਵਾਇਤ ਨੂੰ ਸਾਕਾਰ ਰੂਪ ਦਿੱਤਾ, ਉਹ ਸਾਡੇ ਵਿਚੋਂ ਬਹੁਤਿਆਂ ਲਈ ਪ੍ਰੇਰਨਾ ਸਰੋਤ ਸੀ। ਅਸੀਂ ਬਹੁਤ ਸਾਰੇ ਮੁਸਲਮਾਨ ਦੋਸਤਾਂ ਤੇ ਗੁਆਂਢੀਆਂ ਨਾਲ ਰਹਿੰਦਿਆਂ ਵੱਡੇ ਹੋਏ, ਅਸੀਂ ਬਹੁਤ ਸਾਰੇ ਈਸਾਈ ਮਿਸ਼ਨਰੀਆਂ ਅਤੇ ਗ਼ਰੀਬਾਂ ਤੇ ਹਾਸ਼ੀਆਗਤ ਲੋਕਾਂ ਲਈ ਉਨ੍ਹਾਂ ਦੀ ਸਮਰਪਣ ਭਾਵਨਾ ਨੂੰ ਪਿਆਰ ਕਰਦੇ ਸਾਂ, ਮਦਰ ਟੈਰੇਸਾ ਸਾਡੇ ਦਿਲਾਂ ਦੇ ਬਹੁਤ ਕਰੀਬ ਸੀ ਪਰ ਇਸ ਮੁਲਕ ਵਿਚ ਬਸਤੀਵਾਦ ਤੋਂ ਬਾਅਦ ਦੇ ਦੌਰ ਦੌਰਾਨ ਅਸੀਂ ਉਲਝਵੀਂ ਪ੍ਰਕਿਰਿਆ ਵਿਚੋਂ ਗੁਜ਼ਰਦਿਆਂ ਇਨ੍ਹੀਂ ਦਿਨੀਂ ਆਪਣੇ ਮਹਾਨ ਸੁਪਨੇ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਹੈ। ਗੌਡਸੇ ਸਾਡਾ ਨਵਾਂ ਨਾਇਕ ਹੈ, ਵੀਰ ਸਾਵਰਕਰ ਨੇ ਹੁਣ ਨਹਿਰੂ ਨੂੰ ਪਛਾੜ ਦਿੱਤਾ ਹੈ, ਹੁਣ ਅਸੀਂ ਗਾਂਧੀਵਾਦੀ ਸਮਾਜਵਾਦ, ਨਹਿਰੂਵਾਦੀ ਧਰਮ ਨਿਰਪੱਖਤਾ ਅਤੇ ਟੈਗੋਰ ਦੀ ਭਾਰਤ ਨੂੰ ਸਮੁੰਦਰ ਵਰਗੀ ਤਹਿਜ਼ੀਬ ਵਾਂਗ ਦੇਖਣ ਦੀ ਸੋਚ ਨੂੰ ਠਿੱਠ ਕਰਦੇ ਹਾਂ। ਇਸ ਦੀ ਥਾਂ ਅਸੀਂ ਚਮਕੀਲੇ ਵਿਕਾਸਵਾਦੀ ਤੇ ਖ਼ਪਤਕਾਰੀ ਦੌਰ ਵਿਚ ਵੀ ਲੜਾਕੇ ਰਾਸ਼ਟਰਵਾਦ, ਜ਼ੋਰ-ਜਬਰ ਵਾਲੇ ਹਿੰਦੂਤਵ ਅਤੇ ਇਸ ਦੇ ਬਦਲਾਖੋਰੀ ਵਾਲੇ ਮਨੋਵਿਗਿਆਨ ਦੇ ਜਸ਼ਨ ਮਨਾ ਰਹੇ ਹਾਂ।
       ਦੂਜਾ, ਹਿੰਦੂ ਧਰਮ ਦੇ ਵਿਆਪਕ ਸੱਭਿਆਚਾਰ ਵਾਲੇ ਸੁਭਾਅ ਨੂੰ ਦੇਖਣਾ ਜ਼ਰੂਰੀ ਹੈ, ਜਿਵੇਂ ਲਗਾਤਾਰ ਸਿਰਜੇ ਅਤੇ ਜ਼ਹਿਰੀਲੇ ਸੋਸ਼ਲ ਮੀਡੀਆ ਰਾਹੀਂ ਫੈਲਾਏ ਜਾ ਰਹੇ ‘ਜੈ ਸ਼੍ਰੀ ਰਾਮ’ ਦੇ ਸ਼ੋਰ ਵਰਗੇ ਇਸ਼ਾਰੇ, ਨਾਲ ਹੀ ਮਥੁਰਾ, ਕਾਸ਼ੀ ਤੇ ਅਯੁੱਧਿਆ ਉਤੇ ਕੇਂਦਰਿਤ ਸਥੂਲ ਭਾਵਨਾਵਾਂ ਅਤੇ ‘ਦੇਸ਼ ਕੇ ਗ਼ੱਦਾਰੋਂ ਕੋ ਗੋਲੀ ਮਾਰੋ...’ ਵਰਗੇ ਨਾਅਰਿਆਂ ਨੂੰ ਮਕਬੂਲ ਬਣਾਇਆ ਜਾਣਾ ਆਦਿ। ਹਿੰਦੂ ਧਰਮ ਦਾ ਇਹ ਜਨ ਸੱਭਿਆਚਾਰ ਧਿਆਨ ਤੇ ਅਧਿਆਤਮਕਤਾ ਦੇ ਮਾਮੂਲੀ ਜਿਹੇ ਮੰਥਨ ਤੋਂ ਵੀ ਵਿਰਵਾ ਹੈ ਜਿਵੇਂ ਉਪਨਿਸ਼ਦ ਅਲੌਕਿਕਤਾ ਤੇ ਅਨੰਤਤਾ ਦੀ ਖੋਜ ਉਤੇ ਧਿਆਨ ਧਰਦੇ ਹਨ,  ਜਾਂ ਨਰਾਇਣ ਗੁਰੂ ਅਤੇ ਕਬੀਰ ਸਾਨੂੰ ਖੋਖਲੇ ਕਰਮ-ਕਾਂਡਾਂ ਅਤੇ ਪੁਰੋਹਿਤਾਂ ਦੇ ਜ਼ੁਲਮਾਂ ਤੋਂ ਪਰੇ ਲੈ ਜਾਣਾ ਚਾਹੁੰਦੇ ਹਨ। ਇਸ ਦੀ ਥਾਂ ਦਿਖਾਵਟੀ ਕਰਮ-ਕਾਂਡਾਂ, ਸ਼ਾਨਦਾਰ ਮੰਦਰਾਂ ਦੀ ਉਸਾਰੀ, ਸਥਾਪਤੀ ਹਮਾਇਤੀ ਨਵੇਂ ਦੌਰ ਦੇ ਬਾਬਿਆਂ ਦਾ ਖੁੰਬਾਂ ਵਾਂਗ ਪੈਦਾ ਹੋਣਾ ਅਤੇ ਇਸ ਸਭ ਕਾਸੇ ਤੋਂ ਉਤਾਂਹ ਮੁਸਲਮਾਨਾਂ ਅਤੇ ਹੋਰਨਾਂ ਘੱਟਗਿਣਤੀਆਂ ਨੂੰ ਬਹੁਤ ਹੀ ਖ਼ਤਰਨਾਕ ਬਣਾ ਕੇ ਪੇਸ਼ ਕਰਨਾ, ਇਸ ਸੱਭਿਆਚਾਰਕ ਸਿਆਸਤ ਦੀ ਖੂਬੀ ਬਿਆਨਦੇ ਹਨ। ਇਹ ਕਿਸੇ ਵੀ ਤਰ੍ਹਾਂ ਮਜ਼ਹਬੀ ਕੱਟੜਤਾ ਦੇ ਕਿਸੇ ਹੋਰ ਰੂਪ ਤੋਂ ਵੱਖ ਨਹੀਂ। ਇਹ ਘਟੀਆ, ਕਾਮੁਕ, ਸੌਂਦਰਯ ਪੱਖੋਂ ਨੀਰਸ ਅਤੇ ਅਧਿਆਤਮਕ ਤੌਰ ਤੇ ਬਿਲਕੁਲ ਬੇਜਾਨ ਹੈ। ਜਿਉਂ ਜਿਉਂ ਅਸੀਂ ਇਸ ਸੱਭਿਆਚਾਰ ਵਿਚ ਸਾਹ ਲੈਂਦੇ ਹਾਂ, ਇਸ ਨੂੰ ਆਮ ਵਰਤਾਰਾ ਬਣਾਉਂਦੇ ਹਾਂ ਤਾਂ ਸਭ ਕੁਝ ਸੰਭਵ ਹੁੰਦਾ ਜਾਂਦਾ ਹੈ- ਗਊ ਰੱਖਿਆ ਚੌਕਸੀ, ਹਜੂਮੀ ਕਤਲ, ਨਫ਼ਰਤੀ ਤਕਰੀਰਾਂ ਤੇ ਔਰਤਾਂ ਦੀ ਬੇਇਜ਼ਤੀ।
       ਤੀਜਾ, ਕੋਈ ਵੀ ਸਮਝਦਾਰ ਦਰਸ਼ਕ ਇਹੋ ਕਹੇਗਾ ਕਿ ਇਸ ਸੱਭਿਆਚਾਰ ਨੂੰ ਭਾਰੂ ਸਿਆਸੀ ਜਮਾਤ ਹੁਲਾਰਾ ਦੇ ਰਹੀ ਹੈ ਤੇ ਪਿਆਰਿਆ-ਦੁਲਾਰਿਆ ਜਾ ਰਿਹਾ ਹੈ, ਚੁੱਪ-ਚਾਪ ਵੀ ਤੇ ਜ਼ਾਹਰਾ ਤੌਰ ਤੇ ਵੀ, ਜਿਵੇਂ ਹਿੰਦੂਤਵ ਜੋ ਲੜਾਕੇ ਰਾਸ਼ਟਰਵਾਦ ਦਾ ਤਾਨਾਸ਼ਾਹੀ ਵਿਖਿਆਨ ਹੈ, ਜ਼ੋਰ-ਜਬਰ ਵਾਲਾ ਬਣਨ ਵੱਲ ਰੁਚਿਤ ਹੁੰਦਾ ਹੈ, ਇਥੋਂ ਤੱਕ ਕਿ ਵਿਰੋਧੀ ਪਾਰਟੀਆਂ ਵੀ, ਕੁਝ ਅਪਵਾਦਾਂ ਨੂੰ ਛੱਡ ਕੇ, ਇਸ ਸੱਭਿਆਚਾਰਕ ਅਤੇ ਮਨੋਵਿਗਿਆਨਕ ਪਤਨ ਖ਼ਿਲਾਫ਼ ਕੋਈ ਤਿੱਖੀ ਅਤੇ ਪ੍ਰਮਾਣਿਕ ਆਲੋਚਨਾ ਸਿਰਜਣ ਵਿਚ ਨਾਕਾਮ ਰਹਿੰਦੀਆਂ ਹਨ। ਜੋ ਲੋਕ ਅਜੇ ਵੀ ਸੱਭਿਆਚਾਰਕ ਤਾਲਮੇਲ, ਧਰਮ ਨਿਰਪੱਖ ਤੇ ਜੀਵੰਤ ਸੱਭਿਅਕ ਸਮਾਜ, ਆਲੋਚਨਾਤਮਕ ਤੇ ਉਦਾਰ ਸਿੱਖਿਆ ਸ਼ਾਸਤਰ ਅਤੇ ਮਨੁੱਖੀ ਚੇਤਨਾ ਦੇ ਖੁੱਲ੍ਹੇਪਣ ਦਾ ਸੁਪਨਾ ਦੇਖਦੇ ਤੇ ਇਸ ਲਈ ਜੂਝਦੇ ਹਨ, ਉਨ੍ਹਾਂ ਨੂੰ ਆਦਰਸ਼ਵਾਦੀ ਕਰਾਰ ਦੇ ਕੇ ਹਾਸ਼ੀਏ ਉਤੇ ਧੱਕ ਦਿੱਤਾ ਜਾਂਦਾ ਹੈ, ਬੇਇਜ਼ਤ ਕੀਤਾ ਜਾਂਦਾ ਹੈ, ਮਜ਼ਾਕ ਉਡਾਇਆ ਜਾਂਦਾ ਹੈ ਜਾਂ ਫਿਰ ਉਨ੍ਹਾਂ ਨੂੰ ਦੇਸ਼ ਵਿਰੋਧੀ ਸਾਜਿਸ਼ਕਾਰਾਂ ਦੇ ਰੂਪ ਵਿਚ ਨਿੰਦਿਆ ਜਾਂਦਾ ਹੈ। ਇਹ ਜ਼ਹਿਰੀਲਾ ਸੱਭਿਆਚਾਰ ਕੈਂਸਰ ਰੂਪੀ ਹੈ, ਦਰਅਸਲ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਸ ਨੇ ਕੁੱਲ ਮਿਲਾ ਕੇ ਹਰ ਅਦਾਰੇ ਵਿਚ ਜ਼ਹਿਰ ਘੋਲ ਦਿੱਤਾ ਹੈ। ਇਹ ਸਾਡਾ ‘ਵਾਜਬੀਅਤ ਸੰਕਟ’ ਦਾ ਨਮੂਨੇ ਦਾ ਮਾਮਲਾ ਹੈ।
       ਇਸ ਜ਼ਹਿਰੀਲੇਪਣ ਦਾ ਟਾਕਰਾ ਭੱਦੇਪਣ ਨਾਲ ਕਰਨਾ ਸੌਖਾ ਨਹੀਂ ਹੈ। ਇਹ ਸੋਚਣਾ ਫ਼ਜ਼ੂਲ ਹੈ ਕਿ ਕੁਝ ਕੁ ਸੰਕੇਤਕ ਐਫ਼ਆਈਆਰਜ਼ ਜਾਂ ਗ੍ਰਿਫ਼ਤਾਰੀਆਂ ਜਾਂ ਕੁਝ ਚੋਣਵੇਂ ਬੁੱਧੀਜੀਵੀਆਂ ਦੀ ਆਲੋਚਨਾ-ਨਿਖੇਧੀ ਨਾਲ ਸਾਡੇ ਵਿਚੋਂ ਬਹੁਤੇ ਲੋਕਾਂ ਦੇ ਵਰਤਾਓ ਜਾਂ ਇਸ ਸੰਸਾਰ ਨੂੰ ਦੇਖਣ ਦੇ ਤੌਰ-ਤਰੀਕਿਆਂ ਵਿਚ ਕੋਈ ਬੁਨਿਆਦੀ ਤਬਦੀਲੀ ਆਵੇਗੀ। ਸਾਨੂੰ ਇਕ ਹੋਰ ਮੁੜ-ਜਾਗ੍ਰਿਤੀ ਦੀ ਲੋੜ ਹੈ। ਸੰਸਾਰ, ਸਿਆਸਤ, ਧਾਰਮਿਕਤਾ, ਸਿੱਖਿਆ ਅਤੇ ਸੱਭਿਆਚਾਰਕ ਪ੍ਰਥਾਵਾਂ ਨੂੰ ਦੇਖਣ ਦੇ ਨਵੇਂ ਤਰੀਕੇ ਦਰਕਾਰ ਹਨ, ਤੇ ਇਸ ਲਈ ਸਿੱਖਿਆ ਸ਼ਾਸਤਰੀਆਂ, ਸੱਭਿਆਚਾਰਕ ਕਾਰਕੁਨਾਂ, ਵਾਤਾਵਰਨ ਪੱਖੀ ਕਾਰਕੁਨਾਂ, ਸਾਇੰਸਦਾਨਾਂ ਅਤੇ ਅਧਿਆਤਮਕ ਖੋਜੀਆਂ ਦੀ ਸ਼ਮੂਲੀਅਤ ਵਾਲੀਆਂ ਸਾਂਝੀਆਂ ਕੋਸ਼ਿਸ਼ਾਂ ਤੇ ਸੰਘਰਸ਼ ਦੀ ਲੋੜ ਹੈ : ਸਭ ਰੰਗਾਂ ਦਾ ਸਾਂਝਾ ਮੰਚ ਜਿਹੜਾ ਹਰ ਗਲੀ-ਮੁਹੱਲੇ ਵਿਚ ਪੁੱਜਦਾ ਹੈ, ਲੋਕਾਂ ਨਾਲ ਧੀਰਜ ਤੇ ਉਮੀਦ ਭਰਿਆ ਸੰਵਾਦ ਰਚਾਉਂਦਾ ਹੈ, ਤਰਕ ਤੇ ਪਿਆਰ ਦਾ ਚਾਨਣ ਫੈਲਾਉਂਦਾ ਹੈ ਅਤੇ ਉਸ ਸਮਰੱਥਾ ਨੂੰ ਚਾਲੂ ਕਰਦਾ ਹੈ ਜੋ ਆਪਣੇ ਆਪ ਨੂੰ ਸੀਮਤ ਤੇ ਖਾਸ ਪਛਾਣਾਂ ਤੋਂ ਪਾਰ ਦੇਖਣ ਅਤੇ ਆਪਣੇ ਅੰਦਰ ਸਮੁੰਦਰ ਵਰਗੀ ਵਿਸ਼ਾਲਤਾ ਦਾ ਅਹਿਸਾਸ ਕਰ ਲੈਣ ਦੀ ਸਮਰੱਥਾ ਹੈ। ਇਸ ਸਮਰੱਥਾ ਨੂੰ ਅਕਸਰ ਪ੍ਰਚਾਰ, ਹਿੰਸਾ, ਖਾਸ ਸਿਆਸਤ ਅਤੇ ਨਫ਼ਰਤ ਰਾਹੀਂ ਦਬਾ ਦਿੱਤਾ ਜਾਂਦਾ ਹੈ।
        ਕੀ ਇਹ ਨਵਾਂ ਪਹੁ-ਫੁਟਾਲਾ ਦੇਖਣਾ ਕਦੇ ਸੰਭਵ ਹੋ ਸਕੇਗਾ? ਜਾਂ ਫਿਰ ਹਾਲਾਤ ਬਦ ਤੋਂ ਬਦਤਰ ਹੋਣਗੇ? ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਆਸਾਨ ਨਹੀਂ।
* ਲੇਖਕ ਸਮਾਜ ਸ਼ਾਸਤਰੀ ਹੈ।