ਵਾਤਾਵਰਨ ਸੰਕਟ ਦੇ ਵਿਗਾੜ ਅਤੇ ਪੰਜਾਬੀ ਸਮਾਜ - ਗੁਰਚਰਨ ਸਿੰਘ ਨੂਰਪੁਰ

ਸਾਡਾ ਵਾਤਾਵਰਨ ਬਿਮਾਰ ਹੋ ਗਿਆ ਹੈ। ਬਿਮਾਰ ਵਾਤਾਵਰਨ ਵਿਚ ਤੰਦਰੁਸਤ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਸਾਡੀ ਸਰੀਰਕ ਸਿਹਤ ਹੋਵੇ ਜਾਂ ਮਾਨਸਿਕ ਸਿਹਤ, ਇਹ ਸਾਡੇ ਸਰੀਰ ਤੱਕ ਹੀ ਸੀਮਤ ਨਹੀਂ ਹੁੰਦੀ। ਮਨੁੱਖ ਸਮਾਜਿਕ ਪ੍ਰਾਣੀ ਹੈ, ਇਸ ਲਈ ਇਸ ਬਾਰੇ ਕਿਹਾ ਜਾ ਸਕਦਾ ਹੈ ਕਿ ਇਹਦੀ ਸਿਹਤ ਦਾ ਪਾਸਾਰ ਸਰੀਰਕ, ਮਾਨਸਿਕ ਸਿਹਤ ਤੋਂ ਅਗਾਂਹ ਵਾਤਾਵਰਨਕ ਸਿਹਤ ਅਤੇ ਸਮਾਜਿਕ ਸਿਹਤ ਤੱਕ ਵੀ ਹੈ।
        ਪੰਜਾਬੀ ਸਮਾਜ ਦਾ ਤਾਣਾਬਾਣਾ ਕਈ ਤਰ੍ਹਾਂ ਦੀਆਂ ਉਲਝਣਾਂ ਦਾ ਸ਼ਿਕਾਰ ਹੈ। ਬੇਢੰਗੇ ਵਿਕਾਸ ਅਤੇ ਭਵਿੱਖ ਦੇ ਪ੍ਰੋਗਰਾਮ ਤੋਂ ਸੱਖਣੀਆਂ ਸਰਕਾਰੀ ਨੀਤੀਆਂ ਨੇ ਸਮਾਜ ਅੱਗੇ ਕਈ ਤਰ੍ਹਾਂ ਦੇ ਮਸਲੇ ਖੜ੍ਹੇ ਕਰ ਦਿੱਤੇ ਹਨ। ਵੋਟ ਆਧਾਰਿਤ ਰਾਜਨੀਤੀ ਨੇ ਲੋਕਾਂ ਨੂੰ ਵਕਤੀ ਰਾਹਤਾਂ ਦੇ ਕੇ ਪੰਜਾਬ ਨੂੰ ਕਰਜ਼ਈ ਬਣਾਉਣ ਦੇ ਨਾਲ ਨਾਲ ਇਸ ਨੂੰ ਅਜਿਹੇ ਮੁਹਾਣ ਤੇ ਲਿਆ ਖੜ੍ਹਾ ਕੀਤਾ ਹੈ ਜਿੱਥੇ ਲੋਕਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆਉਣ ਲੱਗ ਪਿਆ ਹੈ। ਕਣਕ ਝੋਨੇ ਦਾ ਫਸਲੀ ਚੱਕਰ ਪੰਜਾਬ ਲਈ ਬੜਾ ਮਹਿੰਗਾ ਸਾਬਿਤ ਹੋਇਆ ਹੈ। ਇਸ ਨਾਲ ਜਿੱਥੇ ਪੰਜਾਬ ਦੇ ਵਾਤਾਵਰਨ ਵਿਚ ਵਿਗਾੜ ਸ਼ੁਰੂ ਹੋਏ, ਉੱਥੇ ਹਰ ਸਾਲ ਨਾੜ ਸਾੜਨ ਨਾਲ ਹਰ ਛੇ ਮਹੀਨੇ ਬਾਅਦ ਲੱਖਾਂ ਹੀ ਰੁੱਖਾਂ ਦੀ ਮੌਤ ਦਾ ਇਹ ਕਾਰਨ ਵੀ ਬਣਦੇ ਹਨ। ਰੁੱਖਾਂ ਦੀ ਤੇਜ਼ੀ ਨਾਲ ਘਟੀ ਗਿਣਤੀ ਕਰਕੇ ਕਈ ਤਰ੍ਹਾਂ ਦੇ ਵਿਗਾੜਾਂ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ। ਸ਼ਹਿਰਾਂ ਵਿਚ ਤੇਜ਼ੀ ਨਾਲ ਵਧ ਰਿਹਾ ਕੂੜਾ ਕਰਕਟ, ਕਾਰਖਾਨੇ ਫੈਕਟਰੀਆਂ ਚੋਂ ਨਿਕਲਦਾ ਗੰਦਾ ਮਾਦਾ ਧਰਤੀ ਹੇਠਲੇ ਪਾਣੀ ਨੂੰ ਪਲੀਤ ਕਰ ਰਿਹਾ ਹੈ ਪਰ ਇਸ ਵੱਲ ਕਿਸੇ ਦਾ ਕੋਈ ਧਿਆਨ ਨਹੀਂ। ਇਹ ਸਭ ਕੁਝ ਨੇ ਮਿਲ ਕੇ ਪੰਜਾਬ ਦੇ ਵਾਤਾਵਰਨ ਨੂੰ ਬੜੀ ਬੁਰੀ ਤਰ੍ਹਾਂ ਪਲੀਤ ਕਰ ਦਿੱਤਾ ਹੈ। ਪੰਜਾਬੀ ਸਮਾਜ ਦੀ ਤੰਦਰੁਸਤੀ ਗਵਾਚ ਰਹੀ ਹੈ। ਬਹੁਗਿਣਤੀ ਲੋਕ ਕੋਈ ਨਾ ਕੋਈ ਦਵਾਈ ਖਾ ਰਹੇ ਹਨ। ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀ ਪੰਜਾਬੀ ਸਮਾਜ ਨੂੰ ਆਪਣੀ ਗ੍ਰਿਫਤ ਵਿਚ ਲੈ ਰਹੀਆਂ ਹਨ। ਹਰ ਉਮਰ ਦੇ ਲੋਕ ਕੈਂਸਰ, ਐੱਚਆਈਵੀ, ਹੈਪੇਟਾਈਟਸ ਬੀ ਤੇ ਸੀ, ਦਿਲ ਦਾ ਦੌਰਾ ਅਤੇ ਬਲੱਡ ਸ਼ੂਗਰ ਵਰਗੀਆਂ ਬਿਮਾਰੀਆਂ ਦਾ ਸੰਤਾਪ ਭੋਗ ਰਹੇ ਹਨ। ਉਦਾਸੀ ਪ੍ਰੇਸ਼ਾਨੀ, ਮੂਡ ਡਿਸਆਰਡਰ, ਹਿਸਟੀਰੀਆ, ਫੋਬੀਆ, ਸਕਿਜ਼ੋਫਰੇਨੀਆ, ਡਿਪਰੈਸ਼ਨ ਵਰਗੀਆਂ ਮਾਨਸਿਕ ਬਿਮਾਰੀਆ ਦਾ ਸੰਤਾਪ ਵੀ ਵਧ ਰਿਹਾ ਹੈ।
       ਪੰਜਾਬੀ ਸਮਾਜ ਕਈ ਤਰ੍ਹਾਂ ਦੇ ਮਸਲੇ ਅਤੇ ਚੁਣੌਤੀਆਂ ਦੇ ਰੂ-ਬ-ਰੂ ਹੈ। ਅਜਿਹੀਆਂ ਚੁਣੌਤੀਆਂ ਪਹਿਲਾਂ ਕਦੇ ਇਸ ਖਿੱਤੇ ਦੇ ਲੋਕਾਂ ਦੇ ਹਿੱਸੇ ਸ਼ਾਇਦ ਹੀ ਆਈਆਂ ਹੋਣ। ਨਵੀਂ ਪੀੜ੍ਹੀ ਬੜੀ ਤੇਜੀ ਨਾਲ ਬਾਹਰਲੇ ਮੁਲਕਾਂ ਦਾ ਰੁਖ਼ ਕਰ ਰਹੀ ਹੈ। ਇਨ੍ਹਾਂ ਦੇ ਪਰਿਵਾਰ ਬੇਸ਼ੱਕ ਬੱਚਿਆਂ ਦੇ ਉਧਰ ਜਾਣ ਦੇ ਜਸ਼ਨਾਂ ਵਿਚ ਹਨ ਪਰ ਪਰਿਵਾਰਕ ਜੀਆਂ ਵਿਚਕਾਰ ਦੂਰੀਆਂ ਅਤੇ ਦੁਖ-ਸੁਖ ਵੇਲੇ ਆਪਣਿਆਂ ਦਾ ਸਿਰ ਤੇ ਖੜ੍ਹੇ ਨਾ ਹੋਣ ਦਾ ਝੋਰਾ ਵੱਢ ਵੱਢ ਖਾਂਦਾ ਹੈ। ਅਜਿਹੀ ਹਾਲਤ ਕਈ ਪਰਿਵਾਰਾਂ ਦੀ ਹੈ ਜਿਨ੍ਹਾਂ ਦੇ ਪਿੱਛੇ ਰਹਿ ਗਏ ਮਾਪੇ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗੇ ਹਨ। ਦੂਜੇ ਪਾਸੇ, ਉਧਰ ਗਏ ਬੱਚਿਆਂ ਨੂੰ ਜਦੋਂ ਠੀਕ ਕੰਮ, ਚੰਗੀਆਂ ਸਿਹਤ ਸਹੂਲਤਾਂ ਅਤੇ ਢੁਕਵੀਂ ਉਜਰਤ ਨਹੀਂ ਮਿਲਦੀ ਤਾਂ ਉਹ ਵੀ ਮਾਨਸਿਕ ਤਣਾਵਾਂ ਦੇ ਸ਼ਿਕਾਰ ਹੁੰਦੇ ਹਨ। ਛੋਟੇ ਵੱਡੇ ਕਿਸਾਨ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਵੱਟ ਕੇ ਬੱਚਿਆਂ ਨੂੰ ਦੂਜੇ ਮੁਲਕਾਂ ਵਿਚ ਭੇਜ ਰਹੇ ਹਨ। ਬੱਚਿਆਂ ਨੂੰ ਦੂਜੇ ਮੁਲਕਾਂ ਵਿਚ ਭਾਵੇਂ ਪੜ੍ਹਨ ਲਈ ਭੇਜਿਆ ਜਾਂਦਾ ਹੈ ਪਰ ਹਕੀਕਤ ਵਿਚ 98 ਪ੍ਰਤੀਸ਼ਤ ਬੱਚੇ ਪੜ੍ਹਾਈ ਦੇ ਬਹਾਨੇ ਉਧਰ ਪੈਸਾ ਕਮਾਉਣ ਅਤੇ ਉਨ੍ਹਾਂ ਮੁਲਕਾਂ ਵਿਚ ਪੱਕੇ ਵਸਣ ਲਈ ਜਾਂਦੇ ਹਨ।
      ਦੂਜੇ ਪਾਸੇ ਅਮਰੀਕਾ, ਕੈਨੇਡਾ ਅਤੇ ਆਸਟਰੇਲੀਆ ਵਰਗੇ ਦੇਸ਼ ਆਈਲੈੱਟਸ ਅਤੇ ਬੱਚਿਆਂ ਦੀਆਂ ਫੀਸਾਂ ਨਾਲ ਮਾਲਾ-ਮਾਲ ਹੋ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਸਤੇ ਨੌਜੁਆਨ ਕਾਮੇ ਮਿਲ ਰਹੇ ਹਨ। ਇਹ ਅਜਿਹੀ ਹਾਲਤ ਹੈ ਜਿਸ ਵਿਚ ਦੋਵੇਂ ਧਿਰਾਂ ਆਪੋ-ਆਪਣੇ ਢੰਗ ਨਾਲ ਇਸ ਵਰਤਾਰੇ ਦੇ ਜਸ਼ਨ ਮਨਾ ਰਹੀਆਂ ਹਨ। ਇਸ ਸਾਰੀ ਹਾਲਤ ਵਿਚ ਪੰਜਾਬ ਦੀ ਸਿਹਤ ਹੋਰ ਨਿਘਰਦੀ ਪ੍ਰਤੀਤ ਹੋ ਰਹੀ ਹੈ। ਨਸ਼ਿਆਂ ਦੀ ਮਹਾਮਾਰੀ ਇਸ ਕਦਰ ਫੈਲ ਗਈ ਹੈ ਕਿ ਘਰਾਂ ਦੇ ਘਰ ਤਬਾਹ ਹੋ ਗਏ ਹਨ ਅਤੇ ਹੋ ਰਹੇ ਹਨ। ਇਸ ਸਮੇਂ ਪੰਜਾਬੀ ਸਮਾਜ ਦੀ ਹਾਲਤ ਇਹ ਹੈ ਕਿ ਹਰ ਕੋਈ ਇੱਥੋਂ ਤੇਜ਼ੀ ਨਾਲ ਨਿਕਲਣ ਲਈ ਕਾਹਲਾ ਹੈ। ਪੰਜਾਬ ਦਾ ਖੇਤੀਬਾੜੀ ਸੰਕਟ ਦਿਨੋ-ਦਿਨ ਗੰਭੀਰ ਹੋ ਰਿਹਾ ਹੈ। ਖੇਤੀ ਜੋ ਪੰਜਾਬ ਅਤੇ ਪੰਜਾਬੀਆਂ ਦਾ ਖਾਸਾ ਸੀ, ਨਾਲੋਂ ਨੌਜੁਆਨ ਪੀੜ੍ਹੀ ਦੂਰ ਹੋ ਰਹੀ ਹੈ। ਪਰਵਾਸੀ ਹੋਏ ਪੰਜਾਬੀ ਪੰਜਾਬ ਤੋਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਪੰਜਾਬ ਨਾਲੋਂ ਸਦਾ ਲਈ ਨਾਤਾ ਤੋੜਨ ਵਿਚ ਆਪਣੀ ਭਲਾਈ ਸਮਝਣ ਲੱਗੇ ਹਨ। ਹੁਣ ਜੜ੍ਹਾਂ ਨਾਲ ਜੁੜੇ ਰਹਿਣ ਦੀ ਉਨ੍ਹਾਂ ਦੀ ਲਲਕ ਨਹੀਂ ਰਹੀ। ਉਹ ਦੂਜੇ ਮੁਲਕਾਂ ਵਿਚ ਆਪਣੇ ਕਾਰੋਬਾਰ ਸੈੱਟ ਕਰਕੇ ਪੱਕੇ ਤੌਰ ਤੇ ਉੱਥੇ ਰਹਿਣ ਅਤੇ ਪੰਜਾਬ ਨਾਲੋਂ ਹਰ ਤਰ੍ਹਾਂ ਦਾ ਵਾਹ ਵਾਸਤਾ ਛੱਡਣ ਵਿਚ ਹੀ ਆਪਣੀ ਭਲਾਈ ਸਮਝਣ ਲੱਗ ਪਏ ਹਨ। ਗੁਰੂਆਂ ਪੀਰਾਂ ਅਤੇ ਮਹਾਨ ਸ਼ਹੀਦਾਂ ਦੀ ਧਰਤੀ ਤੇ ਇਹ ਹਾਲਤ ਕਿਉਂ ਅਤੇ ਕਿਵੇਂ ਪੈਦਾ ਹੋਈ? ਹਕੀਕਤ ਇਹ ਹੈ ਕਿ ਅਜਿਹੇ ਸੰਕਟ ਪੈਦਾ ਕਰਨ ਲਈ ਇੱਥੋਂ ਦੀ ਰਾਜਨੀਤਕ ਵਿਵਸਥਾ ਨੇ ਵੱਡਾ ਰੋਲ ਨਿਭਾਇਆ ਹੈ। ਕਿਸਾਨਾਂ ਸਿਰ ਕਰਜ਼ੇ ਦੀਆਂ ਪੰਡਾਂ ਦਿਨੋ-ਦਿਨ ਭਾਰੀਆਂ ਹੋ ਰਹੀਆਂ ਹਨ। ਕਾਲਜ, ਯੂਨੀਵਰਸਿਟੀਆਂ ਖਾਲੀ ਹੋਣ ਲੱਗ ਪਏ ਹਨ। ਮੌਜੂਦਾ ਦੌਰ ਪੰਜਾਬ ਲਈ ‘ਬੌਧਿਕ ਕੰਗਾਲੀ ਦਾ ਦੌਰ’ ਹੈ। ਇਹ ਸਭ ਵਰਤਾਰੇ ਮਿਲ ਕੇ ਵੱਖਰੀ ਤਰ੍ਹਾਂ ਦੀ ਮਾਨਸਿਕ ਬੇਚੈਨੀ ਨੂੰ ਜਨਮ ਦੇ ਰਹੇ ਹਨ।
       ਹਰ ਖੇਤਰ ਵਿਚ ਲੋੜੋਂ ਵੱਧ ਹੋਏ ਮਸ਼ੀਨੀਕਰਨ ਨਾਲ ਸਰੀਰਕ ਕੰਮ ਘਟ ਗਏ ਹਨ। ਕਿਰਤ ਪੰਜਾਬੀ ਸਮਾਜ ਦਾ ਖਾਸਾ ਰਹੀ ਹੈ ਪਰ ਹੁਣ ਹਾਲਾਤ ਇਹ ਹਨ ਪੰਜਾਬੀ ਸਮਾਜ ਕਿਰਤ ਨਾਲੋਂ ਬੁਰੀ ਤਰ੍ਹਾਂ ਟੁੱਟ ਗਿਆ ਹੈ। ਰਲ ਮਿਲ ਕੇ ਕਿਰਤ ਕਰਨ ਦਾ ਸੰਕਲਪ ਤਿਆਗ ਦਿੱਤਾ ਹੈ। ਜੇ ਕੁਝ ਦਹਾਕੇ ਪੁਰਾਣੇ ਪੰਜਾਬੀ ਸਭਿਆਚਾਰ ਤੇ ਝਾਤ ਮਾਰੀਏ ਤਾਂ ਪਤਾ ਲੱਗੇਗਾ ਕਿ ਕੁਝ ਹੀ ਸਾਲਾਂ ਵਿਚ ਪੰਜਾਬੀ ਸਮਾਜ ਬੜੀ ਤੇਜ਼ੀ ਨਾਲ ਤਬਦੀਲ ਹੋਇਆ ਹੈ। ਪੰਜਾਬੀ ਸਮਾਜ ਦੀ ਇਹ ਖਾਸੀਅਤ ਰਹੀ ਹੈ ਕਿ ਇੱਥੇ ਖੁਸ਼ੀਆਂ ਗਮੀਆਂ ਸਾਂਝੀਆਂ ਹੁੰਦੀਆਂ ਸਨ। ਕਿਸੇ ਦੇ ਘਰ ਕੋਈ ਖੁਸ਼ੀ ਹੁੰਦੀ ਸੀ ਤਾਂ ਇਸ ਖੁਸ਼ੀ ਨੂੰ ਸਾਂਝਿਆਂ ਕਰਨ ਲਈ ਪਿੰਡ ਦੇ ਹਰ ਘਰ ਵਿਚ ਭਾਜੀ ਵੰਡਣ ਦਾ ਰਿਵਾਜ ਸੀ। ਇਹ ਕਾਰਜ ਪੰਦਰਾਂ ਵੀਹ ਔਰਤਾਂ ਇਕੱਠੀਆਂ ਹੋ ਕੇ ਕਰਦੀਆਂ ਸਨ। ਚਰਖੇ ਨਾਲ ਪੰਜਾਬੀ ਸਮਾਜ ਦੀ ਬੜੀ ਗੂੜ੍ਹੀ ਸਾਂਝ ਰਹੀ ਹੈ, ਔਰਤਾਂ ਇਕੱਠੀਆਂ ਹੋ ਕੇ ਚਰਖੇ ਕੱਤਦੀਆਂ। ਇਸੇ ਤਰ੍ਹਾਂ ਖੇਸ ਦਰੀਆਂ ਬੁਣਨ ਦਾ ਕੰਮ ਵੀ ਕਈ ਘਰਾਂ ਦੀਆਂ ਔਰਤਾਂ ਸਾਂਝੇ ਰੂਪ ਵਿਚ ਕਰਦੀਆਂ ਸਨ। ਅਜਿਹੀਆਂ ਸਾਂਝਾਂ ਹੁਣ ਪਿੰਡਾਂ ਵਿਚ ਨਹੀਂ ਰਹੀਆਂ। ਇਸੇ ਤਰ੍ਹਾਂ ਪੰਜਾਬੀ ਮਰਦ ਇਕੱਠੇ ਹੋ ਮੰਗ ਪਾ ਕੇ ਕਣਕਾਂ ਵੱਢਦੇ ਕੱਢਦੇ, ਕਣਕਾਂ ਗੁੱਡਦੇ ਵੱਢਦੇ ਅਤੇ ਕਣਕਾਂ ਕੱਢਦੇ ਸਨ। ਸਰਦੀਆਂ ਵਿਚ ਵਾਣ ਵੱਟਦੇ, ਸਣ ਕੱਢਦੇ ਸਨ। ਇਹ ਕੰਮ ਹੁਣ ਬੀਤੇ ਦੀ ਬਾਤ ਬਣ ਗਏ ਹਨ। ਤੇਜ਼ੀ ਨਾਲ ਹੋਏ ਮਸ਼ੀਨੀਕਰਨ ਨੇ ਹੱਥੀਂ ਕੰਮ ਕਰਨ ਦੀ ਲੋੜ ਘਟਾ ਦਿੱਤੀ ਹੈ। ਬਹੁਤ ਸਾਰੀਆਂ ਲੋੜਾਂ ਜੋ ਅਸੀਂ ਘਰਾਂ ਵਿਚ ਕੰਮ ਕਰਕੇ ਪੂਰੀਆਂ ਕਰ ਲੈਂਦੇ ਸੀ, ਉੱਤੇ ਹੁਣ ਬਾਜ਼ਾਰ ਕਾਬਜ ਹੋ ਗਿਆ ਹੈ। ਇਸ ਦਾ ਨੁਕਸਾਨ ਇਹ ਹੋਇਆ ਕਿ ਰਲ-ਮਿਲ ਕੇ ਕੰਮ ਕਰਨ ਨਾਲ ਜੋ ਆਪਸੀ ਸਾਂਝ ਬਣਦੀ ਸੀ, ਜਾਂ ਇੱਕ ਪੀੜ੍ਹੀ ਤੋਂ ਚੰਗੀਆਂ ਨਰੋਈਆਂ ਕਦਰਾਂ ਕੀਮਤਾਂ ਦਾ ਸੰਚਾਰ ਅਗਲੀ ਪੀੜ੍ਹੀ ਤੱਕ ਹੁੰਦਾ ਸੀ, ਉਹ ਹੁਣ ਨਹੀਂ ਹੁੰਦਾ। ਕੰਮ ਦੇ ਮਸ਼ੀਨੀਕਰਨ ਅਤੇ ਬਾਜ਼ਾਰ ਦੇ ਗਲਬੇ ਨਾਲ ਅਸੀਂ ਕਿਰਤ ਤੋਂ ਦੂਰ ਹੋ ਗਏ। ਕੋਝੀ ਰਾਜਨੀਤੀ ਨੇ ਪੰਜਾਬੀ ਸਮਾਜ ਨੂੰ ਅਜਿਹੀਆਂ ਲੀਹਾਂ ਤੇ ਪਾਇਆ ਜਿਸ ਨਾਲ ਪਿੰਡ ਪੱਧਰ ਦੀਆਂ ਭਾਈਚਾਰਕ ਸਾਂਝਾਂ, ਲੜਾਈਆਂ ਝਗੜਿਆਂ ਵਿਚ ਬਦਲ ਗਈਆਂ। ਛੋਟੇ ਵੱਡੇ ਨਗਰਾਂ ਵਿਚ ਰਾਜਸੀ ਨੇਤਾਵਾਂ ਦੀ ਤਰਜ਼ ਤੇ ਵਿਹਲੜਾਂ ਦੀ ਜਮਾਤ ਪੈਦਾ ਹੋ ਗਈ ਜੋ ਸਥਾਨਕ ਮਸਲਿਆਂ ਵਿਚ ਲੋਕਾਂ ਦੀ ਅਖੌਤੀ ਅਗਵਾਈ ਕਰਨ ਦਾ ਭਰਮ ਪਾਲਣ ਲੱਗੀ। ਕਿਰਤ ਤੋਂ ਤੋੜ ਵਿਛੋੜਾ, ਭਾਈਚਾਰਕ ਸਾਂਝਾਂ ਵਿਚ ਆਈਆਂ ਤਰੇੜਾਂ ਅਤੇ ਤੇਜ਼ੀ ਨਾਲ ਬਦਲੇ ਖਾਣ ਪੀਣ ਨੇ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਵਿਗਾੜਾਂ ਦਾ ਸ਼ਿਕਾਰ ਬਣਾ ਦਿੱਤਾ। ਇਸ ਦਾ ਨਤੀਜਾ ਇਹ ਹੋਇਆ ਕਿ ਨੌਜੁਆਨ ਪੀੜ੍ਹੀ ਵੱਡੇ ਪੱਧਰ ਤੇ ਨਸ਼ਿਆਂ ਦਾ ਸ਼ਿਕਾਰ ਹੋ ਗਈ। ਲੁੱਟਾਂ ਖੋਹਾਂ, ਮਾਰਧਾੜ, ਬੇਕਾਰੀ ਅਤੇ ਨਸ਼ਿਆਂ ਨੇ ਉਥਲ-ਪੁਥਲ ਅਤੇ ਬੇਚੈਨੀ ਦੇ ਮਾਹੌਲ ਨੂੰ ਜਨਮ ਦਿੱਤਾ।
       ਪੰਜਾਬੀ ਸਮਾਜ ਕਈ ਸੰਕਟਾਂ ਦਾ ਸੰਤਾਪ ਭੋਗ ਰਿਹਾ ਹੈ। ਗੁਰੂਆਂ ਪੀਰਾਂ ਅਤੇ ਮਹਾਂ ਨਾਇਕਾਂ ਦੀ ਇਸ ਧਰਤੀ ਜਿਸ ਉਤੇ ਪੰਜਾਬੀ ਮਾਣ ਕਰਦੇ ਥੱਕਦੇ ਨਹੀਂ ਸਨ, ਦੇ ਹਾਲਾਤ ਅੱਜ ਇਹ ਹਨ ਕਿ ਇੱਥੇ ਰਹਿਣ ਵਾਲਾ ਹਰ ਸ਼ਖ਼ਸ ਸੋਚਣ ਲੱਗ ਪਿਆ ਕਿ ਉਹਦੀ ਔਲਾਦ ਇਸ ਧਰਤੀ ਨੂੰ ਛੱਡ ਕੇ ਕਿਸੇ ਹੋਰ ਮੁਲਕ ਵਿਚ ਚਲੀ ਜਾਵੇ। ਉਂਝ, ਮਨੁੱਖ ਜਾਤੀ ਦਾ ਇਤਿਹਾਸ ਗਵਾਹ ਹੈ ਕਿ ਮਾੜੇ ਤੋਂ ਮਾੜੇ ਹਾਲਾਤ ਵਿਚੋਂ ਉਭਰਨ ਦੀ ਸੰਭਾਵਨਾ ਸਮੇਂ ਦੇ ਹਰ ਦੌਰ ਵਿਚ ਬਰਕਰਾਰ ਰਹਿੰਦੀ ਹੈ। ਪੰਜਾਬ ਨੂੰ ਕੁਦਰਤ ਨੇ ਬੜੀਆਂ ਨਿਹਮਤਾਂ ਬਖਸ਼ੀਆਂ ਹਨ। ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਵਾਤਾਵਰਨ ਦੇ ਸੰਕਟ ਬਾਰੇ ਸੁਚੇਤ ਹੋਣ ਦੀ ਲੋੜ ਹੈ। ਪੰਜਾਬੀਆਂ ਨੂੰ ਆਪਣੀ ਧਰਤੀ ਤੇ ਵਹਿੰਦੇ ਦਰਿਆਵਾਂ ਨੂੰ ਬਚਾਉਣ ਲਈ ਅੱਗੇ ਆਉਣ ਦੀ ਲੋੜ ਹੈ। ਧਰਤੀ ਹੇਠਲੇ ਪਾਣੀਆਂ ਦੀ ਸੰਕੋਚਵੀ ਵਰਤੋਂ ਦੀ ਲੋੜ ਹੈ। ਕੰਮ ਕਰਨ ਦੀ ਲੋੜ ਭਾਵੇਂ ਨਾ ਹੋਵੇ, ਇਸ ਦੇ ਬਾਵਜੂਦ ਬੱਚਿਆਂ ਨੂੰ ਕਿਰਤ ਨਾਲ ਜੋੜਨ ਅਤੇ ਇਸ ਦਾ ਮਹੱਤਵ ਦੱਸਣ ਦੀ ਲੋੜ ਹੈ।
        ਅੱਜ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਮਨੁੱਖ ਦੀ ਹਰ ਤਰ੍ਹਾਂ ਦੀ ਸਰਗਰਮੀ ਕੇਵਲ ਪੈਸੇ ਲਈ ਨਹੀਂ ਹੋਣੀ ਚਾਹੀਦੀ ਬਲਕਿ ਉਸ ਨੂੰ ਜ਼ਹਿਰ ਰਹਿਤ ਚੰਗਾ ਭੋਜਨ ਮਿਲੇ। ਇਸ ਸਮੇਂ ਲੋੜ ਹੈ ਕਿਸਾਨ ਜਥੇਬੰਦੀਆਂ ਸਮੇਤ ਸਾਰੀਆਂ ਉਹ ਧਿਰਾਂ ਜੋ ਵਾਤਾਵਰਨ ਬਾਰੇ ਫਿਕਰਮੰਦੀ ਨਾਲ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ, ਸਿਰ ਜੋੜ ਕੇ ਬੈਠਣ ਅਤੇ ਪੰਜਾਬ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਅਜਿਹੇ ਪ੍ਰੋਗਰਾਮ ਉਲੀਕਣ ਜਿਨ੍ਹਾਂ ਤੇ ਚਲਦਿਆਂ ਪਾਣੀਆਂ ਨੂੰ ਬਚਾਇਆ ਜਾ ਸਕੇ। ਇਸ ਬਾਰੇ ਦੇਸ਼ ਭਰ ਦੇ ਵਾਤਾਵਰਨ ਪ੍ਰੇਮੀਆਂ, ਮਾਹਿਰਾਂ ਦੀਆਂ ਸੇਵਾਵਾਂ ਲਈ ਜਾ ਸਕਦੀਆਂ ਹਨ। ਜਹਿਰ ਮੁਕਤ ਖੇਤੀ ਨੂੰ ਤਰਜੀਹ ਦਿੱਤੀ ਜਾਵੇ। ਪੰਜਾਬ ਨੂੰ ਇਸ ਸਮੇਂ ਅਜਿਹੀਆਂ ਤਰਜੀਹਾਂ ਦੀ ਲੋੜ ਹੈ ਜਿੱਥੇ ਲੋਕ ਕਿਰਤ ਨਾਲ ਜੁੜਨ, ਉਨ੍ਹਾਂ ਕੋਲ ਰੁਜ਼ਗਾਰ ਦੇ ਵਸੀਲੇ ਹੋਣ ਅਤੇ ਸਰਬੱਤ ਦੇ ਭਲੇ ਵਾਲਾ ਗੁਰੂਆਂ ਦਾ ਸੰਕਲਪ ਵੀ ਹੋਵੇ।
ਸੰਪਰਕ : 98550-51099