ਚੋਣ ਮੈਦਾਨ ਭਖਣਾ ਸ਼ੁਰੂ - ਚੰਦ ਫਤਿਹਪੁਰੀ

ਪੰਜਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਮੈਦਾਨ ਭਖਣਾ ਸ਼ੁਰੂ ਹੋ ਗਿਆ ਹੈ । ਇਨ੍ਹਾਂ ਵਿੱਚੋਂ ਚਾਰ ਸੂਬਿਆਂ ਯੂ ਪੀ, ਉਤਰਾਖੰਡ, ਪੰਜਾਬ ਤੇ ਗੋਆ ਵਿੱਚ ਕਾਫ਼ੀ ਉਥਲ-ਪੁਥਲ ਵੇਖਣ ਨੂੰ ਮਿਲ ਰਹੀ ਹੈ । ਉਤਰ ਪ੍ਰਦੇਸ਼ ਵਿੱਚ ਤਾਂ ਪਿਛਲੇ 15 ਕੁ ਦਿਨਾਂ ਤੋਂ ਭਾਜਪਾ ਨੂੰ ਛੜ ਮਾਰ ਕੇ ਸਮਾਜਵਾਦੀ ਪਾਰਟੀ ਦੇ ਵਾੜੇ ਵਿੱਚ ਵੜਨ ਵਾਲੇ ਵਿਧਾਇਕਾਂ ਦਾ ਤਾਂਤਾ ਲੱਗਿਆ ਰਿਹਾ ਹੈ । ਹਾਲਾਤ ਇਹ ਬਣੇ ਕਿ ਆਖਰ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੂੰ ਇਹ ਕਹਿਣਾ ਪਿਆ ਕਿ ਬੱਸ ਬਈ ਹੁਣ ਹੋਰ ਨਹੀਂ ਲੈਣੇ ।
         ਭਾਜਪਾ ਦੀ ਹਾਲਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਦੇ ਉਮੀਦਵਾਰਾਂ ਨੂੰ ਲੋਕ ਪਿੰਡਾਂ ਵਿੱਚ ਵੀ ਵੜਨ ਨਹੀਂ ਦੇ ਰਹੇ । ਯੂ ਪੀ ਸਰਕਾਰ 'ਚ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰੀਆ ਜਦੋਂ ਆਪਣੇ ਹਲਕੇ ਸਿਰਾਥੂ ਵਿੱਚ ਗਏ ਤਾਂ ਲੋਕਾਂ ਨੇ ਚੋਰ-ਚੋਰ ਦੇ ਨਾਅਰੇ ਲਾ ਕੇ ਬੂਹੇ ਬੰਦ ਕਰ ਲਏ । ਮੌਰੀਆ ਉਥੇ ਆਪਣੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇ ਲਾਪਤਾ ਹੋਣ ਦਾ ਸੁਣ ਕੇ ਪਰਵਾਰ ਵਾਲਿਆਂ ਨੂੰ ਹੌਸਲਾ ਦੇਣ ਗਏ ਸਨ । ਲੋਕਾਂ ਦੇ ਰੋਹ ਨੂੰ ਦੇਖ ਕੇ ਉਨ੍ਹਾ ਨੂੰ ਉਲਟੇ ਪੈਰੀਂ ਵਾਪਸ ਮੁੜਨਾ ਪਿਆ । ਮੁਜ਼ੱਫਰਨਗਰ ਦੇ ਖਤੌਲੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਵਿਕਰਮ ਸੈਣੀ ਜਦੋਂ ਮਨਵਰਪੁਰ ਪਿੰਡ ਵਿੱਚ ਮੀਟਿੰਗ ਕਰ ਰਹੇ ਸਨ ਤਾਂ ਲੋਕਾਂ ਨੇ ਉਨ੍ਹਾ ਨੂੰ ਘੇਰ ਲਿਆ । ਉਨ੍ਹਾ ਨੂੰ ਮੀਟਿੰਗ ਵਿੱਚੇ ਛੱਡ ਕੇ ਭੱਜਣਾ ਪਿਆ । ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਹ ਹੱਥ ਜੋੜਦੇ ਆਪਣੀ ਗੱਡੀ ਵੱਲ ਭੱਜ ਰਹੇ ਹਨ ਤੇ ਭੀੜ ਉਨ੍ਹਾ ਦੇ ਪਿੱਛੇ-ਪਿੱਛੇ ਭੱਜ ਰਹੀ ਹੈ । ਇਹੋ ਕਾਰਨ ਹਨ ਕਿ ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ਨੂੰ ਮੂਰਾ ਜਾਂ ਕਾਸ਼ੀ ਤੋਂ ਲੜਨ ਦਾ ਖਿਆਲ ਛੱਡ ਕੇ ਆਪਣੀ ਸੁਰੱਖਿਅਤ ਸੀਟ ਗੋਰਖਪੁਰ ਆਉਣਾ ਪਿਆ ਹੈ ।
      ਇਸ ਸਮੇਂ ਸਮਾਜਵਾਦੀ ਪਾਰਟੀ ਦੀ ਅਗਵਾਈ ਵਾਲੇ ਮਹਾਂਗਠਜੋੜ ਦਾ ਹੱਥ ਉਪਰ ਹੈ । ਲੰਮੇ ਸਮੇਂ ਬਾਅਦ ਕਾਂਗਰਸ ਪਾਰਟੀ ਸਾਰੀਆਂ ਸੀਟਾਂ ਲੜ ਰਹੀ ਹੈ । ਕੁਝ ਸਿਆਸੀ ਟਿੱਪਣੀਕਾਰਾਂ ਦਾ ਖਿਆਲ ਹੈ ਕਿ ਕਾਂਗਰਸ ਪਾਰਟੀ ਤੇ ਮਹਾਂਗਠਜੋੜ ਵਿੱਚ ਪਰਦੇ ਪਿੱਛੇ ਸਹਿਮਤੀ ਬਣੀ ਹੋਈ ਹੈ । ਇਸੇ ਕਾਰਨ ਹੀ ਕਾਂਗਰਸ ਵੱਲੋਂ ਉਨਾਵ ਤੋਂ ਰੇਪ ਪੀੜਤਾ ਦੀ ਮਾਂ ਨੂੰ ਟਿਕਟ ਦੇਣ ਤੋਂ ਬਾਅਦ ਸਪਾ ਨੇ ਉਸ ਵਿਰੁੱਧ ਉਮੀਦਵਾਰ ਖੜ੍ਹਾ ਨਾ ਕਰਨ ਦਾ ਫ਼ੈਸਲਾ ਲਿਆ ਹੈ । ਅੰਦਰੂਨੀ ਸਹਿਮਤੀ ਅਨੁਸਾਰ ਕਾਂਗਰਸ ਪਾਰਟੀ ਆਪਣੀਆਂ ਕਮਜ਼ੋਰ ਸੀਟਾਂ ਉੱਤੇ ਅਜਿਹੇ ਉਮੀਦਵਾਰ ਖੜ੍ਹੇ ਕਰ ਰਹੀ ਹੈ, ਜਿਹੜੇ ਭਾਜਪਾ ਦੀਆਂ ਵੋਟਾਂ ਨੂੰ ਸੰਨ੍ਹ ਲਾ ਸਕਣ । ਮਾਇਆਵਤੀ ਬਾਰੇ ਹਾਲ ਦੀ ਘੜੀ ਕੁਝ ਨਹੀਂ ਕਿਹਾ ਜਾ ਸਕਦਾ ।
       ਉਤਰਾਖੰਡ ਵਿੱਚ ਵੀ ਭਾਜਪਾ ਗੰਭੀਰ ਅੰਦਰੂਨੀ ਸੰਕਟ ਦਾ ਸਾਹਮਣਾ ਕਰ ਰਹੀ ਹੈ । ਪਾਰਟੀ ਦਾ ਵੱਡੇ ਅਧਾਰ ਵਾਲਾ ਆਗੂ ਹਰਕ ਸਿੰਘ ਰਾਵਤ ਆਪਣੀ ਨੂੰਹ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਹੈ । ਇਸ ਦੇ ਬਾਵਜੂਦ ਭਾਜਪਾ ਤੇ ਕਾਂਗਰਸ ਵਿੱਚ ਫਸਵੇਂ ਮੁਕਾਬਲੇ ਹੋਣ ਦੇ ਅਸਾਰ ਹਨ । ਆਮ ਆਦਮੀ ਪਾਰਟੀ ਵੀ ਸਾਰੀਆਂ ਸੀਟਾਂ ਉੱਤੇ ਚੋਣ ਲੜ ਰਹੀ ਹੈ । ਇਸ ਦੇ ਬਾਵਜੂਦ 'ਆਪ' ਸਿਰਫ਼ ਵੋਟ-ਕਟੂਆ ਹੀ ਰਹਿਣ ਵਾਲੀ ਹੈ ।
ਗੋਆ ਵਿੱਚ ਹਾਲਾਤ ਉਤਰਾਖੰਡ ਵਾਲੇ ਹੀ ਹਨ । ਪਿਛਲੇ ਚਾਰ ਕੁ ਦਿਨਾਂ ਦੌਰਾਨ ਭਾਜਪਾ ਦੇ ਦੋ ਆਗੂਆਂ ਨੇ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ ਹੈ । ਸਾਬਕਾ ਮੁੱਖ ਮੰਤਰੀ ਮਨੋਹਰ ਪਰਿਕਰ ਦੇ ਬੇਟੇ ਉਤਪਲ ਪਰਿਕਰ ਅਤੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੀ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਲਕਸ਼ਮੀ ਪਾਰਸੇਕਰ ਨੇ ਪਾਰਟੀ ਤੋਂ ਅਸਤੀਫ਼ੇ ਦੇ ਕੇ ਅਜ਼ਾਦ ਉਮੀਦਵਾਰ ਵਜੋਂ ਲੜਨ ਦਾ ਐਲਾਨ ਕਰ ਦਿੱਤਾ ਹੈ । ਟੀ ਐੱਮ ਸੀ ਤੇ 'ਆਪ' ਵੀ ਸਾਰੀਆਂ ਸੀਟਾਂ ਲੜ ਰਹੀਆਂ ਹਨ । ਟੀ ਐੱਮ ਸੀ ਦਾ ਗਰਾਫ਼ ਸ਼ੁਰੂ ਨਾਲੋਂ ਥੱਲੇ ਗਿਆ ਹੈ ਤੇ ਇਸ ਦੇ ਕੁਝ ਅਹਿਮ ਆਗੂ ਕਾਂਗਰਸ ਵਿੱਚ ਸ਼ਾਮਲ ਹੋਏ ਹਨ । ਇਸ ਦੇ ਬਾਵਜੂਦ ਟੀ ਐੱਮ ਸੀ ਤੇ ਆਪ ਜਿੰਨੀਆਂ ਵੋਟਾਂ ਲਿਜਾਣਗੀਆਂ, ਉਸ ਦਾ ਨੁਕਸਾਨ ਕਾਂਗਰਸ ਨੂੰ ਹੋਵੇਗਾ । ਇੱਥੇ ਵੀ ਕਾਂਗਰਸ ਤੇ ਭਾਜਪਾ ਵਿੱਚ ਸਖ਼ਤ ਮੁਕਾਬਲਾ ਹੈ ।
       ਪੰਜਾਬ ਵਿੱਚ ਪੰਜ ਧਿਰਾਂ ਕਾਂਗਰਸ, ਆਪ, ਬਾਦਲ-ਬਸਪਾ ਗੱਠਜੋੜ, ਭਾਜਪਾ ਗਠਜੋੜ ਤੇ ਸੰਯੁਕਤ ਸਮਾਜ ਮੋਰਚਾ ਮੈਦਾਨ ਵਿੱਚ ਹਨ । ਕਾਂਗਰਸ ਪਾਰਟੀ ਨੇ ਹਾਲੇ 31 ਉਮੀਦਵਾਰਾਂ ਦਾ ਐਲਾਨ ਕਰਨਾ ਹੈ । ਆਮ ਆਦਮੀ ਪਾਰਟੀ ਤੇ ਬਾਦਲ ਦਲ ਨੇ ਆਪਣੇ ਸਾਰੇ ਉਮੀਦਵਾਰ ਐਲਾਨ ਦਿੱਤੇ ਹਨ । ਭਾਜਪਾ-ਕੈਪਟਨ ਵਾਲੇ ਗਠਜੋੜ ਵਿੱਚੋਂ ਭਾਜਪਾ ਨੇ ਅੱਧੇ ਕੁ ਤੇ ਢੀਂਡਸਾ ਦਲ ਨੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ । ਕੈਪਟਨ ਨੇ ਅੱਜ 22 ਉਮੀਦਵਾਰ ਐਲਾਨ ਦਿੱਤੇ ਹਨ ਬਾਕੀਆਂ ਬਾਰੇ ਹਾਲੇ ਵੀ ਝਾਕ ਲਾਈ ਬੈਠਾ ਹੈ ਕਿ ਕਾਂਗਰਸ ਆਪਣੇ ਸਾਰੇ ਉਮੀਦਵਾਰ ਐਲਾਨ ਦੇਵੇ, ਤਾਂ ਜੋ ਟਿਕਟੋਂ ਵਾਂਝੇ ਰਹਿ ਗਿਆਂ ਨੂੰ ਤਿਲਕ ਲਾਇਆ ਜਾ ਸਕੇ ।
       ਸੰਯੁਕਤ ਸਮਾਜ ਮੋਰਚੇ ਨੇ ਵੀ ਬਹੁਤੀਆਂ ਸੀਟਾਂ ਦੇ ਉਮੀਦਵਾਰ ਐਲਾਨ ਦਿੱਤੇ ਹਨ । ਕਾਂਗਰਸ ਦੇ ਕਪੂਰਥਲਾ ਤੋਂ ਉਮੀਦਵਾਰ ਰਾਣਾ ਗੁਰਜੀਤ ਸਿੰਘ ਨੇ ਸੁਲਤਾਨਪੁਰ ਲੋਧੀ ਤੋਂ ਆਪਣੇ ਬੇਟੇ ਨੂੰ ਅਜ਼ਾਦ ਖੜ੍ਹਾ ਕਰਕੇ ਕਾਂਗਰਸ ਲਈ ਮੁਸੀਬਤ ਖੜ੍ਹੀ ਕੀਤੀ ਹੋਈ ਹੈ । ਆਮ ਆਦਮੀ ਪਾਰਟੀ ਦਾ ਵੀ ਉਮੀਦਵਾਰਾਂ ਨੂੰ ਲੈ ਕੇ ਕਈ ਹਲਕਿਆਂ ਵਿੱਚ ਵਿਰੋਧ ਹੋ ਰਿਹਾ ਹੈ । ਸੰਯੁਕਤ ਸਮਾਜ ਮੋਰਚੇ ਵੱਲੋਂ ਐਲਾਨੇ ਕਈ ਉਮੀਦਵਾਰਾਂ ਬਾਰੇ ਵੀ ਇਤਰਾਜ਼ ਸਾਹਮਣੇ ਆਏ ਹਨ । ਹਾਲੇ ਤੱਕ ਪਾਰਟੀ ਨੂੰ ਮਾਨਤਾ ਵੀ ਨਹੀਂ ਮਿਲੀ । ਖੱਬੀਆਂ ਪਾਰਟੀਆਂ ਵਿੱਚੋਂ ਸੀ ਪੀ ਆਈ (ਐੱਮ) ਨੇ ਇਕੱਲੇ ਲੜਨ ਦਾ ਫੈਸਲਾ ਕੀਤਾ ਹੈ । ਪਾਸਲਾ ਗਰੁੱਪ ਪੂਰੀ ਤਰ੍ਹਾਂ ਸੰਯੁਕਤ ਸਮਾਜ ਮੋਰਚੇ ਨਾਲ ਹੈ । ਲਿਬਰੇਸ਼ਨ ਨੇ ਸਮਾਜ ਮੋਰਚੇ ਨਾਲੋਂ ਵੱਖ ਹੁੰਦਿਆਂ ਉਸ ਨੂੰ ਦਿੱਤੀ ਭਦੌੜ ਸੀਟ ਵਾਪਸ ਕਰ ਦਿੱਤੀ ਹੈ । ਸੀ ਪੀ ਆਈ ਹਾਲ ਦੀ ਘੜੀ ਸੰਯੁਕਤ ਸਮਾਜ ਮੋਰਚੇ ਨਾਲ ਹੈ । ਹੁਣ ਤੱਕ 6 ਕੁ ਸੀਟਾਂ ਸੀ ਪੀ ਆਈ ਦੇ ਹਿੱਸੇ ਆਈਆਂ ਹਨ, ਰਹਿੰਦੀਆਂ ਦਾ ਐਲਾਨ ਹੋਣ ਤੋਂ ਬਾਅਦ ਹੀ ਸੀ ਪੀ ਆਈ ਦੀ ਪ੍ਰਤੀਕ੍ਰਿਆ ਦਾ ਪਤਾ ਲੱਗ ਸਕੇਗਾ । ਹੁਣ ਤੱਕ ਸਾਰੀਆਂ ਪਾਰਟੀਆਂ ਦਾ ਚੋਣ ਪ੍ਰਚਾਰ ਸਿਰਫ਼ ਸੋਸ਼ਲ ਮੀਡੀਆ ਰਾਹੀਂ ਹੀ ਹੋ ਰਿਹਾ ਹੈ । ਕੋਰੋਨਾ ਪਾਬੰਦੀਆਂ ਕਾਰਨ ਰੈਲੀਆਂ, ਮੀਟਿੰਗਾਂ ਬੰਦ ਹਨ । ਵਿਰੋਧੀਆਂ ਨੂੰ ਰੋਕਣ ਲਈ ਆਪਣੇ ਵਰਕਰਾਂ ਨੂੰ ਕਿਸਾਨੀ ਝੰਡੇ ਫੜਾ ਕੇ ਹੁਲੜਬਾਜ਼ੀ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ, ਜੋ ਨਿੰਦਣਯੋਗ ਹਨ । ਕਿਸਾਨ ਜਥੇਬੰਦੀਆਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ।