ਕਹਾਣੀ - ਮਾਂ ਦਾ ਵਿਆਹ - ਗੁਰਸ਼ਰਨ ਸਿੰਘ ਕੁਮਾਰ

"ਹੈਲੋ"
"ਹੈਲੋ"
"ਹਾਂ ਭਈ ਕੀ ਹਾਲ ਹੈ?"
"ਠੀਕ ਹਾਂ, ਕੱਟ ਰਹੀ ਹੈ ਜ਼ਿੰਦਗੀ"
"ਇਕ ਮਹੀਨੇ ਤੋਂ ਫੋਨ ਕਿਉਂ ਨਹੀਂ ਕੀਤਾ?"
"ਕੀ ਦੱਸਾਂ ਯਾਰ ਤਬੀਅਤ ਹੀ ਠੀਕ ਨਹੀਂ ਸੀ। ਕਿਸੇ ਨਾਲ ਗੱਲ ਕਰਨ ਨੂੰ ਜੀਅ ਹੀ ਨਹੀਂ ਸੀ ਕਰਦਾ।" ਅਨਿਲ ਨੇ ਉੱਤਰ ਦਿੱਤਾ।
"ਮੈਨੂੰ ਲੱਗਦਾ ਹੈ ਤੂੰ ਇਕ ਦਿਨ ਇਸੇ ਤਰ੍ਹਾਂ ਹੀ ਮਰ ਜਾਣਾ ਹੈ। ਗਵਾਂਢੀਆਂ ਨੂੰ ਵੀ ਉਦੋਂ ਹੀ ਪਤਾ ਲੱਗਣਾ ਹੈ ਜਦੋਂ ਤੇਰੇ ਕਮਰੇ ਵਿਚੋਂ ਉਨ੍ਹਾਂ ਨੂੰ ਬੋਅ ਆਉਣ ਲੱਗ ਪਵੇਗੀ।" ਦਲਜੀਤ ਨੇ ਗੁੱਸੇ ਵਿਚ ਕਿਹਾ।
"ਤੂੰ ਹੀ ਦੱਸ ਯਾਰ ਮੈਂ ਕੀ ਕਰਾਂ। ਮੇਰੇ ਕੁਝ ਆਪਣੇ ਵੱਸ ਥੋੜ੍ਹਾ ਹੈ।"
"ਹੈ ਕਿਉਂ ਨਹੀਂ?"
"ਉਹ ਕਿਵੇਂ?"
"ਤੈਨੂੰ ਯਾਦ ਹੈ ਅੱਜ ਤੋਂ 44 ਸਾਲ ਪਹਿਲਾਂ ਜਦ ਅਸੀਂ ਐੈੈੈੈੈਮ. ਏ. ਦਾ ਇਮਤਿਹਾਨ ਦੇ ਕੇ ਵਿੱਛੜਣ ਲੱਗੇ ਸੀ ਤਾਂ ਕੀ ਵਾਅਦਾ ਕੀਤਾ ਸੀ?"
"ਕੀ ਵਾਅਦਾ ਕੀਤਾ ਸੀ?"
"ਅਸੀ ਵਾਅਦਾ ਕੀਤਾ ਸੀ ਕਿ ਅਸੀਂ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਾਂਗੇ ਅਤੇ ਘੱਟੋ ਘੱਟ ਸੌ ਸਾਲ ਜੀਵਾਂਗੇ।"
"ਉਹ ਤਾਂ ਠੀਕ ਹੈ ਪਰ ਅਸੀ ਹਾਲੀ ਜੀਅ ਹੀ ਤਾਂ ਰਹੇ ਹਾਂ"
"ਪਰ ਇਸ ਨੂੰ ਜੀਣਾ ਥੋੜ੍ਹੀ ਕਹਿੰਦੇ ਹਨ। ਉਹ ਕਿਵੇਂ? ਅੱਛਾ ਤੂੰ ਇਹ ਦੱਸ ਜੋਤੀ ਭਰਜਾਈ ਨੂੰ ਪੂਰਾ ਹੋਏ ਕਿੰਨੇ ਸਾਲ ਹੋਏ ਹਨ?"
"ਦੋ ਸਾਲ"
"ਤੇ ਤੇਰਾ ਉਸ ਨਾਲ ਕਿੰਨੇ ਸਾਲ ਦਾ ਸਾਥ ਰਿਹਾ ਹੈ?"
"ਇਹ ਹੀ ਕੋਈ 38 ਕੁ ਸਾਲ ਦਾ"
"ਤੇਰੀ ਉਮਰ ਇਸ ਸਮੇਂ ਹੈ 66 ਸਾਲ। ਜੇ ਤੂੰ 100 ਸਾਲ ਜਿਉਣਾ ਹੈ ਤਾਂ ਇਸ ਦਾ ਮਤਲਬ ਹੈ ਕਿ ਅਗਲੇ 34 ਸਾਲ ਤੂੰ ਇਸੇ ਤਰ੍ਹਾਂ ਇਕੱਲ੍ਹੇ ਹੀ ਕੱਟਣ ਦਾ ਇਰਾਦਾ ਰੱਖਦਾ ਹੈ? ਅਸਲ ਵਿਚ ਤੂੰ ਜ਼ਿੰਦਗੀ ਜੀਅ ਨਹੀਂ ਰਿਹਾ। ਜ਼ਿੰਦਗੀ ਕੱਟ ਰਿਹਾ ਹੈਂ। ਇਹ ਇਕ ਧੀਮੀ ਗਤੀ ਦੀ ਖ਼ੁਦਕੁਸ਼ੀ ਹੈ।"
"ਕੀ ਦੱਸਾਂ ਯਾਰ ਜੋਤੀ ਦੇ ਜਾਣ ਤੋਂ ਬਾਅਦ ਮੈਂ ਕਿਸੇ ਹੋਰ ਔਰਤ ਦਾ ਆਪਣੀ ਜ਼ਿੰਦਗੀ ਵਿਚ ਪ੍ਰਵੇਸ਼ ਸੋਚ ਵੀ ਨਹੀਂ ਸਕਦਾ। ਨਾਲੇ ਮੈਂ ਜਬਰਦਸਤੀ ਥੋੜ੍ਹਾ ਕਿਸੇ ਨੂੰ ਚੁੱਕ ਕੇ ਲੈ ਆਉਣਾ ਹੈ?"
"ਇਹ ਗੱਲ ਹੈ ਤਾਂ ਫਿਰ ਮੈਨੂੰ ਹੀ ਕੁਝ ਕਰਨਾ ਪਵੇਗਾ।" ਇਹ ਕਹਿ ਕੇ ਦਲਜੀਤ ਨੇ ਫੋਨ ਕੱਟ ਦਿੱਤਾ। ਅਨਿਲ ਅਤੇ ਦਲਜੀਤ ਸਕੂਲ ਸਮੇਂ ਤੋਂ ਹੀ ਪੱਕੇ ਦੋਸਤ ਸਨ ਪਰ ਵਿਆਹ ਤੋਂ ਬਾਅਦ ਅਨਿਲ ਦੇ ਘਰ ਕੋਈ ਬੱਚਾ ਨਾ ਹੋਇਆ ਅਤੇ ਉਸ ਦੀ ਪਤਨੀ ਜੋਤੀ ਵੀ ਸਮੇਂ ਤੋਂ ਪਹਿਲਾਂ ਹੀ ਕੈਂਸਰ ਨਾਲ ਗੁਜ਼ਰ ਗਈ। ਅਨਿਲ ਨੇ ਇਕ ਅਨਾਥ ਆਰਮ ਵਿਚ ਸੇਵਾ ਸੰਭਾਲ ਕੇ ਆਪਣਾ ਧਿਆਨ ਹੋਰ ਪਾਸੇ ਲਾਣਾ ਸ਼ੁਰੂ ਕੀਤਾ। ਦਲਜੀਤ ਚਾਹੁੰਦਾ ਸੀ ਕਿ ਅਨਿਲ ਆਪਣੇ ਗਮ ਵਿਚੋਂ ਬਾਹਰ ਨਿਕਲੇ ਅਤੇ ਫਿਰ ਤੋਂ ਨਾਰਮਲ ਜ਼ਿੰਦਗੀ ਸ਼ੁਰੂ ਕਰੇ। ਇਸ ਤੋਂ ਬਾਅਦ ਦਲਜੀਤ ਨੇ ਉਸ ਦੇ ਹਾਣ ਦੀਆਂ ਕਈ ਅੋਰਤਾਂ ਦੇ ਮੈਟਰੀਮੋਨੀਅਲ ਅਨਿਲ ਨੂੰ ਭੇਜੇ ਪਰ ਅਨਿਲ ਨੇ ਕਿਸੇ ਬਾਰੇ ਹਾਂ ਨਾ ਕੀਤੀ। ਆਖਿਰ ਦਲਜੀਤ ਨੇ ਇਕ ਨਵੀਂ ਤਰ੍ਹਾਂ ਦਾ ਮੈਟਰੀਮੋਨੀਅਲ ਉਸ ਨੂੰ ਭੇਜਿਆ ਜੋ ਇਸ ਪ੍ਰਕਾਰ ਸੀ-'ਖ਼ੂਬਸੂਰਤ ਜਵਾਨ ਵਿਧਵਾ ਔਰਤ (ਇਕ ਬੱਚੇ ਦੀ ਮਾਂ) ਉਮਰ 60 ਸਾਲ ਲਈ ਵਰ ਚਾਹੀਦਾ ਹੈ। ਸੰਪਰਕ ਮੌਬਾਇਲ 9877766666 ।
ਉਪਰੋਕਤ ਇਸ਼ਤਿਹਾਰ ਪੜ੍ਹ ਕੇ ਅਨਿਲ ਨੂੰ ਬਹੁਤ ਹੈਰਾਨੀ ਹੋਈ। ਇਕ ਲਾਇਨ ਦੇ ਇਸ਼ਤਿਹਾਰ ਵਿਚ ਕਈ ਗੱਲਾਂ ਹੈਰਾਨ ਕਰਨ ਵਾਲੀਆਂ ਸਨ।ਪਹਿਲੀ ਗੱਲ ਖ਼ੂਬਸੂਰਤ ਜਵਾਨ ਵਿਧਵਾ ਦੁਜੀ ਗੱਲ ਉਮਰ 60 ਸਾਲ ਤੀਜੀ ਗੱਲ ਇਕ ਬੱਚੇ ਦੀ ਮਾਂ।  ਫਿਰ 60 ਸਾਲ ਦੀ ਵਿਧਵਾ ਵਿਚ ਇਹ ਤਾਂ ਹੋ ਸਕਦਾ ਹੈ ਕਿ ਖ਼ੂਬਸੂਰਤੀ ਦਾ ਕੁਝ ਅੰਸ਼ ਬਚਿਆ ਰਹਿ ਗਿਆ ਹੋਵੇ ਪਰ 60 ਸਾਲ ਦੀ ਵਿਧਵਾ ਨੂੰ ਜਵਾਨ ਤਾਂ ਨਹੀਂ ਕਿਹਾ ਜਾ ਸਕਦਾ ਨਾ। ਜੇ ਔਰਤ ਦੀ ਉਮਰ 60 ਸਾਲ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਦਾ ਬੱਚਾ ਵੀ ਘਟੋ ਘੱਟ 30/35 ਸਾਲ ਦਾ ਤਾਂ ਹੋਵੇਗਾ ਹੀ। 30/35 ਸਾਲ ਦੇ ਮਰਦ ਨੂੰ ਬੱਚਾ ਤਾਂ ਨਹੀਂ ਕਿਹਾ ਜਾ ਸਕਦਾ। ਇਸ ਹਿਸਾਬ ਸਿਰ 30/35 ਸਾਲ ਬੱਚਾ ਵੀ ਵਿਆਹਿਆ ਹੋਇਆ ਹੀ ਹੋਵੇਗਾ। ਖ਼ੈਰ ਸੋਚਿਆ ਜਾਵੇ ਤਾਂ ਮਾਂ ਲਈ ਤਾਂ ਬੱਚਾ, ਬੱਚਾ ਹੀ ਹੈ ਭਾਵੇਂ ਉਹ ਕਿੱਡਾ ਵੀ ਵੱਡਾ ਕਿਉਂ ਨਾ ਹੋ ਜਾਵੇ। ਗੱਲ ਤਾਂ ਇਹ ਹੈ ਕਿ 30/35 ਸਾਲ ਦੇ ਜਵਾਨ ਬੱਚੇ ਦੇ ਹੁੰਦਿਆਂ ਕਿਸੇ ਅੋਰਤ ਨੂੰ ਵਿਆਹ ਕਰਾਉਣ ਦੀ ਕੀ ਲੋੜ ਹੈ?
ਅਨਿਲ ਕਈ ਅਣਸੁਲਝੇ ਸੁਆਲਾਂ ਦਾ ਜਵਾਬ ਲੈਣ ਲਈ ਗਰੈਂਡ ਹੋਟਲ ਦੇ ਕਮਰਾ ਨੰਬਰ 8 ਵਿਚ ਦਾਖਲ ਹੋਇਆ। ਅੱਗੇ ਇਕ 30/35 ਸਾਲ ਦਾ ਸੁੰਦਰ ਨੌਜਵਾਨ ਸੋਫੇ ਤੇ ਬੈਠਾ ਹੋਇਆ ਸੀ। ਅਨਿਲ ਨੂੰ ਦੇਖਦੇ ਹੀ ਉਹ ਹੱਥ ਜੋੜ ਕੇ ਉੱਠ ਖੜ੍ਹਾ ਹੋਇਆ-'ਜੀ ਨਮਸਤੇ'
'ਨਮਸਤੇ'
'ਜੀ ਮੇਰਾ ਨਾਮ ਰਾਜੇਸ਼ ਹੈ'
'ਮੇਰਾ ਨਾਮ ਅਨਿਲ ਹੈ' ਮੈਂ ਇਕ ਇਸ਼ਤਿਹਾਰ ਦੇ ਸਬੰਧ ਵਿਚ ਗੱਲ ਕਰਨ ਆਇਆ ਹਾਂ'
'ਹਾਂ....ਹਾਂ ਠੀਕ ਹੈ। ਤੁਸੀਂ ਅਰਾਾਮ ਨਾਲ ਬੈਠੋ। ਫਿਰ ਗੱਲ ਕਰਦੇ ਹਾਂ'
ਦੋਵੇਂ ਜਣੇ ਸੋਫੇ ਤੇ ਇਕ ਦੂਜੇ ਦੇ ਸਾਹਮਣੇ ਬੈਠ ਗਏ। ਅਨਿਲ ਇਕ ਟੱਕ ਰਾਜੇਸ਼ ਵੱਲ ਦੇਖ ਰਿਹਾ ਸੀ। ਉਸ ਦੇ ਮਨ ਤੇ ਰਾਜੇਸ਼ ਦੀ ਸ਼ਾਲੀਨਤਾ ਦਾ ਬਹੁਤ ਸੁਖਾਵਾਂ ਪ੍ਰਭਾਵ ਪੈ ਰਿਹਾ ਸੀ। ਪਰ ਉਸ ਦੇ ਅੰਦਰ ਹਾਲੀ ਵੀ ਕਈ ਸੁਆਲ ਖੌਰੂ ਪਾ ਰਹੇ ਸਨ। ਰਾਜੇਸ਼ ਨੇ ਘੰਟੀ ਵਜਾਈ ਅਤੇ ਬੈਰੇ ਨੂੰ ਦੋ ਕੱਪ ਕੌਫੀ ਦਾ ਆਡਰ ਦਿੱਤਾ। ਫਿਰ ਅਨਿਲ ਨੂੰ ਮੁਖਾਤਿਬ ਹੁੰਦੇ ਹੋਏ ਕਿਹਾ-"ਕੀ ਮੈਂ ਤੁਹਾਨੂੰ ਅੰਕਲ ਕਹਿ ਸਕਦਾ ਹਾਂ?"
" ਹਾਂ ਕਿਉਂ ਨਹੀਂ ਤੁਸੀਂ ਮੇਰੇ ਬੱਚਿਆਂ ਦੀ ਤਰ੍ਹਾਂ ਹੀ ਹੋ। ਮੈਂ ਤੁਹਾਨੂੰ ਆਪਣੇ ਬਾਰੇ ਤਾਂ ਫੋਨ ਤੇ ਸਭ ਕੁਝ ਦੱਸ ਹੀ ਦਿੱਤਾ ਸੀ ਪਰ ਤੁਸੀ ਆਪਣੇ ਬਾਰੇ ਕੁਝ ਨਹੀਂ ਦੱਸਿਆ।"
"ਠੀਕ ਹੈ ਅੰਕਲ ਜੀ, ਗੱਲ ਇਸ ਤਰ੍ਹਾਂ ਹੈ ਕਿ ਇਸ ਇਸ਼ਤਿਹਾਰ ਬਾਰੇ ਗੱਲ ਅੱਗੇ ਤੋਰਨ ਤੋਂ ਪਹਿਲਾਂ ਮੈਂ ਆਪਣੇ ਬਾਰੇ ਕੁਝ ਦੱਸਣਾ ਚਾਹੁੰਦਾ ਹਾਂ। ਇਸ ਤੋਂ ਬਾਅਦ ਹੀ ਤੁਸੀਂ ਇਸ ਇਸ਼ਹਿਤਰ ਦੀ ਗੱਲ ਸਮਝ ਸਕੋਗੇ।"
"ਠੀਕ ਹੈ।" ਅਨਿਲ ਦੀ ਉਤਸਕਤਾ ਹੋਰ ਵਧ ਗਈ।
"ਅੰਕਲ ਜੀ, ਮੈਂ ਆਪਣੇ ਮਾਂ ਪਿਉ ਦੀ ਇਕਲੋਤੀ ਔਲਾਦ ਹਾਂ। ਉਨ੍ਹਾਂ ਨੇ ਮੈਨੂੰ ਬਹੁਤ ਲਾਡ ਪਿਆਰ ਨਾਲ ਪਾਲਿਆ ਅਤੇ ਉੱਚ ਸਿਖਿਆ ਦੁਵਾਈ। ਜਿਸ ਦਾ ਸਦਕਾ ਮੇਰੀ ਕੈਨੇਡਾ ਵਿਚ ਅਸਾਨੀ ਨਾਲ ਪੱਕੀ ਰਿਹਾਇਸ਼ ਹੋ ਗਈ ਅਤੇ ਨਾਲ ਹੀ ਉੱਥੇ ਇਕ ਚੰਗਾ ਰੁਜ਼ਗਾਰ ਵੀ ਮਿਲ ਗਿਆ ਅਤੇ ਉੇਥੋਂ ਦੀ ਇਕ ਸੁੰਦਰ ਲੜਕੀ ਗੀਤਾ ਨਾਲ ਮੇਰੀ ਸ਼ਾਦੀ ਹੋ ਗਈ। ਮੈਂ ਮਾਤਾ ਪਿਤਾ ਨੂੰ ਵੀ ਉੱਤੇ ਹੀ ਸ਼ਿਫਟ ਕਰ ਕੇ ਆਪਣੇ ਨਾਲ ਰੱਖਣਾ ਚਾਹੁੰਦਾ ਸਾਂ ਪਰ ਉਨ੍ਹਾਂ ਦਾ ਆਪਣੀ ਜਨਮ ਭੁਮੀ ਨਾਲ ਬਹੁਤ ਮੋਹ ਸੀ। ਇਸ ਲਈ ਉਹ ਆਪਣਾ ਮੁਲਕ ਛੱਡਣ ਲਈ ਤਿਆਰ ਨਾ ਹੋਏ। ਉਨ੍ਹਾਂ ਸਾਫ ਕਹਿ ਦਿੱਤਾ-"ਤੁਸੀਂ ਆਪਣਾ ਭੱਵਿਖ ਸਵਾਰੋ। ਜਿੰਨੀਆਂ ਮਰਜ਼ੀ ਉੱਚੀਆਂ ਉਡਾਰੀਆਂ ਮਾਰੋ। ਸਾਨੂੰ ਖ਼ੁਸ਼ੀ ਹੈ। ਅਸੀਂ ਦੋਵੇਂ ਇੱਥੇ ਹੀ ਠੀਕ ਹਾਂ। ਸਾਨੂੰ ਇੱਥੇ ਕੋਈ ਦਿੱਕਤ ਨਹੀਂ। ਖੈਰ ਇੱਥੋਂ ਤੱਕ ਤਾਂ ਠੀਕ ਹੀ ਚੱਲਦਾ ਰਿਹਾ। ਪਰ ਦਿੱਕਤ ਪੰਜ ਸਾਲ ਪਹਿਲਾਂ ਹੋਈ ਜਦ ਮੇਰੇ ਪਿਤਾ ਰਾਮ ਨਾਥ ਜੀ ਨੂੰ ਅਚਾਨਕ ਹਾਰਟ ਅਟੈਕ ਆਇਆ ਅਤੇ ਉਹ ਸਾਨੂੰ ਰੌਂਦੇ ਕਲਪਦੇ ਛੱਡ ਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਮੰਮੀ ਦੇ ਸਿਰ ਤੇ ਤਾਂ ਦੁੱਖਾਂ ਦਾ ਪਹਾੜ ਆਣ ਪਿਆ। ਉਹ ਬਿਲਕੁਲ ਇਕੱਲ੍ਹੇ ਹੋ ਗਏ। ਅਸੀਂ ਮੰਮੀ ਨੂੰ ਆਪਣੇ ਨਾਲ ਕੈਨੇਡਾ ਚੱਲਣ ਲਈ ਬਹੁਤ ਜੋਰ ਦਿੱਤਾ ਪਰ ਮੰਮੀ ਨਾ ਮੰਨੇ। ਮੰਮੀ ਦਾ ਇਕੋ ਜੁਵਾਬ ਸੀ ਕਿ ਤੇਰੇ ਡੈਡੀ ਮੇਰੇ ਲਈ ਇਹ ਮਕਾਨ ਇਕ ਮੰਦਰ ਬਣਾ ਗਏ ਹਨ। ਮੈਂ ਇੱਥੇ ਹੀ ਰਹਾਂਗੀ। ਮੈਂ ਗੀਤਾ ਨੂੰ ਭਾਰਤ ਵਿਚ ਮੰਮੀ ਕੋਲ ਸੈਟਲ ਹੋਣ ਲਈ ਕਿਹਾ ਪਰ ਉਹ ਨਾ ਮੰਨੀ ਕਿਉਂਕਿ ਉਸ ਦਾ ਸਾਰਾ ਪਿਛੋਕੜ ਕੈਨੇਡਾ ਦਾ ਸੀ। ਉਸ ਨੂੰ ਭਾਰਤ ਨਾਲ ਕੋਈ ਲਗਾਵ ਨਹੀਂ ਸੀ। ਹੁਣ ਮੇਰਾ ਦੋ ਬੇੜੀਆਂ ਵਿਚ ਪੈਰ ਸੀ। ਇਕ ਪਾਸੇ ਮੰਮੀ ਸੀ ਅਤੇ ਦੂਜੇ ਪਾਸੇ ਮੇਰਾ ਆਪਣਾ ਪਰਿਵਾਰ। ਮੈਂ ਦੋਹਾਂ ਵਿਚੋਂ ਕਿਸੇ ਇਕ ਨੂੰ ਵੀ ਨਹੀਂ ਸੀ ਛੱਡ ਸਕਦਾ ਅਤੇ ਨਾ ਹੀ ਇਕੋ ਸਮੇਂ ਦੋਹਾਂ ਨਾਲ ਰਹਿ ਸਕਦਾ ਹਾਂ। ਮਜ਼ਬੂਰਨ ਸਾਨੂੰ ਮੰਮੀ ਨੂੰ ਇੱਥੇ ਇੱਕਲ੍ਹਾ ਛੱਡਣਾ ਪਿਆ। ਮੰਮੀ ਇਕੱਲ੍ਹੇ ਬਹੁਤ ਉਦਾਸ ਰਹਿਣ ਲੱਗ ਪਏ। ਪਿਛਲੇ ਪੰਜ ਸਾਲ ਵਿਚ ਇਕੱਲ੍ਹੇ ਰਹਿਣ ਕਰ ਕੇ ਗਮ ਨਾਲ ਮੇਰੀ ਮੰਮੀ ਦਾ ਚਿਹਰਾ ਮੁਰਝਾ ਗਿਆ ਹੈ। ਮੈਂ ਉਨ੍ਹਾਂ ਨੂੰ ਤਿਲ ਤਿਲ ਕਰ ਕੇ ਮਰਦੇ ਹੋਏ ਨਹੀਂ ਦੇਖ ਸਕਦਾ। ਉਨ੍ਹਾਂ ਦੇ ਸੁੰਦਰ ਚਿਹਰੇ ਤੇ ਕੋਈ ਮਿੱਤਰ ਹੀ ਦੁਬਾਰਾ ਰੌਣਕ ਲਿਆ ਸਕਦਾ ਹੈ। ਉਹ ਮਿੱਤਰ ਜੋ ਮੇਰੀ ਮੰਮੀ ਦਾ ਉਮਰ ਭਰ ਦਾ ਸਾਥੀ ਬਣੇ ਅਤੇ ਇਕ ਦੋਸਤ ਦੀ ਤਰ੍ਹਾਂ ਵਿਉਹਾਰ ਕਰੇ।"  ਅਨਿਲ ਰਾਜੇਸ਼ ਦੀ ਗੱਲ ਬੜੇ ਧਿਆਨ ਨਾਲ ਸੁਣ ਰਿਹਾ ਸੀ। ਉਸ ਨੂੰ ਆਪਣੇ ਸਵਾਲਾਂ ਦਾ ਜੁਵਾਬ ਮਿਲਦਾ ਜਾ ਰਿਹਾ ਸੀ। ਰਾਜੇਸ਼ ਨੇ ਗੱਲ ਨੂੰ ਅੱਗੇ ਤੋਰਦੇ ਹੋਏ ਕਿਹਾ-"ਤੁਸੀਂ ਸਮਝ ਰਹੇ ਹੋ ਨਾ ਮੇਰੀ ਗੱਲ। ਇਸ ਉਮਰ ਵਿਚ ਇਕ ਦੂਜੇ ਤੋਂ ਕੋਈ ਬਹੁਤੀਆਂ ਉਮੀਦਾਂ ਨਹੀਂ ਰੱਖੀਆਂ ਜਾਂਦੀਆਂ। ਸਿਰਫ ਸੁਹਿਰਦਤਾ ਨਾਲ ਇਕ ਦੂਜੇ ਦਾ ਸਹਿਯੋਗ ਕੀਤਾ ਜਾਂਦਾ ਹੈ ਅਤੇ ਸਾਥ ਮਾਣਿਆ ਜਾਂਦਾ ਹੈ। ਦੂਜੇ ਦੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਇਨ੍ਹਾਂ ਸੁਨਿਹਰੀ ਪਲਾਂ ਦਾ ਅਨੰਦ ਮਾਣਿਆ ਜਾਂਦਾ ਹੈ।
ਅੰਕਲ ਜੀ ਮੈਂ ਬਹੁਤ ਸੋਚ ਸਮਝ ਕੇ ਅਤੇ ਵੱਡਾ ਦਿਲ ਰੱਖ ਕੇ ਇਹ ਇਸ਼ਤਿਹਾਰ ਦਿੱਤਾ ਹੈ। ਹੁਣ ਜੇ ਤੁਸੀਂ ਠੀਕ ਸਮਝੋ ਤਾਂ ਅਸੀਂ ਇਸ ਮਾਮਲੇ ਵਿਚ ਅੱਗੇ ਵਧ ਸਕਦੇ ਹਾਂ।"
"ਉਹ ਤਾਂ ਠੀਕ ਹੈ ਪਰ ਕੀ ਤੁਹਾਡੇ ਮੰਮੀ ਇਸ ਗੱਲ ਲਈ ਰਾਜ਼ੀ ਹੋ ਜਾਣਗੇ?"
"ਮੰਮੀ ਨੂੰ ਇਸ ਗੱਲ ਲਈ ਮਨਾਉਣਾ ਬਹੁਤ ਕਠਿਨ ਸੀ। ਖੈਰ ਮੈਂ ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਇਸ ਪਾਸੇ ਤੋਰਿਆ ਹੈ। ਮੈਂ ਉਨ੍ਹਾਂ ਨੂੰ ਸਮਝਾਇਆ ਹੈ ਕਿ ਵਿਧਵਾ ਨੂੰ ਵੀ ਆਪਣੇ ਹਿਸਾਬ ਸਿਰ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ। ਤਿਲ ਤਿਲ ਕਰ ਕੇ ਮਰਨ ਨਾਲੋਂ ਤਾਂ ਕਿਸੇ ਹਮਦਰਦ ਦੋਸਤ ਦੇ ਸਾਥ ਵਿਚ ਜ਼ਿੰਦਗੀ ਜਿਉਣਾ ਚੰਗਾ ਹੈ।"
ਅਨਿਲ ਬੋਲਿਆ-"ਬੇਟਾ ਰਾਜੇਸ਼ ਮੈਂ ਤੇਰੀ ਸਾਰੀ ਗੱਲ ਸਮਝ ਗਿਆ ਹਾਂ। ਦੇਖਦੇ ਹਾਂ ਅੱਗੇ ਕੀ ਬਣਦਾ ਹੈ।"
"ਫੇਰ ਠੀਕ ਹੈ, ਕੱਲ੍ਹ ਮੈਂ ਮੰਮੀ ਨੂੰ ਲੈ ਕੇ ਇਸੇ ਸਮੇਂ ਇਸੇ ਕਮਰੇ ਵਿਚ ਤੁਹਾਨੂੰ ਮਿਲਾਂਗਾ। ਤੁਹਾਡੀ ਇਕ ਦੂਜੇ ਨਾਲ ਮੁਲਾਕਾਤ ਅਤੇ ਪਛਾਣ ਹੋ ਜਾਵੇਗੀ।"
"ਓ ਕੇ"
"ਅੰਕਲ ਜੀ, ਇਸ ਤੋਂ ਪਹਿਲਾਂ ਕਿ ਅਸੀਂ ਇਸ ਮਾਮਲੇ ਵਿਚ ਅੱਗੇ ਵਧੀਏ, ਮੇਰੇ ਕੁਝ ਸੁਝਾਅ ਹਨ।"
"ਦਸੋ"
"ਅਗਲੇ ਪੰਦਰਾਂ ਦਿਨ ਤੁਸੀਂ ਇਸੇ ਹੋਟਲ ਵਿਚ ਰੋਜ਼ ਮੰਮੀ ਨਾਲ ਸ਼ਾਮ ਨੂੰ ਇਕੱਠੇ ਕੌਫੀ ਪੀਵੋਗੇ ਅਤੇ ਉਸ ਤੋਂ ਬਾਅਦ ਇਕ ਘੰਟਾ ਇਕੱਠੇ ਪਾਰਕ ਵਿਚ ਘੁੰਮਣ ਜਾਵੋਗੇ। ਫਿਰ ਜੇ ਤੁਹਾਨੂੰ ਦੋਹਾਂ ਨੂੰ ਠੀਕ ਲੱਗਾ ਤਾਂ ਕੋਰਟ ਮੈਰਿਜ ਕਰਾ ਲਵੋਗੇ।
ਸ਼ਾਦੀ ਤੋਂ ਬਾਅਦ ਤੁਹਾਨੂੰ ਮੰਮੀ ਦੇ ਮਕਾਨ ਵਿਚ ਮੰਮੀ ਨਾਲ ਰਹਿਣਾ ਹੋਵੇਗਾ। ਵੈਸੇ ਮੰਮੀ ਕੋਲ ਆਪਣਾ ਚੰਗਾ ਬੈਂਕ ਬੈਲੇਂਸ ਹੈ ਪਰ ਘਰ ਦਾ ਖਰਚਾ ਜੇ ਤੁਸੀਂ ਚੁੱਕੋ ਤਾਂ ਮੰਮੀ ਦੇ ਦਿਲ ਵਿਚ ਤੁਹਾਡੀ ਇੱਜ਼ਤ ਵਧੇਗੀ। ਹਾਂ ਮੰਮੀ ਆਪਣੇ ਨਿੱਜੀ ਖਰਚੇ ਖੁਦ ਚੁੱਕੇਗੀ।
ਤੁਸੀਂ ਇਕ ਦੂਜੇ ਤੋਂ ਬਹੁਤੀਆਂ ਉਮੀਦਾਂ ਨਹੀਂ ਰੱਖੋਗੇ ਤਾਂ ਸੋਹਣੀ ਨਿਭੇਗੀ।
ਤੁਸੀਂ ਮੰਮੀ ਦਾ ਦਿਲ ਲਾ ਕੇ ਰੱਖੋਗੇ ਅਤੇ ਉਸ ਨੂੰ ਹਮੇਸ਼ਾਂ ਖ਼ੁਸ਼ ਰੱਖਣ ਦੀ ਕੋਸ਼ਿਸ਼ ਕਰੋਗੇ ਤ੍ਰਾਂ ਹੀ ਤੁਹਾਡਾ ਅਗਲਾ ਜੀਵਨ ਸਫ਼ਲ ਹੋਵੇਗਾ।"  ਅਨਿਲ ਰਾਜੇਸ਼ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਿਹਾ ਸੀ। ਉਸ ਨੂੰ ਲੱਗ ਰਿਹਾ ਸੀ ਜਿਵੇਂ ਕੋਈ ਬਜ਼ੁਰਗ ਉਸ ਨੂੰ ਨਸੀਹਤਾਂ ਦੇ ਰਿਹਾ ਹੋਵੇ।

ਅਗਲੇ ਦਿਨ ਅਨਿਲ ਠੀਕ ਸਮੇਂ ਗ੍ਰੈਂਡ ਹੋਟਲ ਪਹੁੰਚ ਗਿਆ। ਕਮਰੇ ਵਿਚ ਰਾਜੇਸ਼ ਨਾਲ ਉਸ ਦੀ ਮੰਮੀ ਬੈਠੀ ਹੋਈ ਸੀ। ਉਸ ਨੂੰ ਦੇਖਦੇ ਹੀ ਅਨਿਲ ਦੇ ਦਿਲ ਵਿਚ ਇਕ ਮਿੱਠੀ ਜਿਹੀ ਲਹਿਰ ਦੌੜ ਗਈ। ਇਸ਼ਤਿਹਾਰ ਵਿਚ ਠੀਕ ਹੀ ਲਿਖਿਆ ਗਿਆ ਸੀ। ਏਨੀ ਸੋਹਣੀ ਔਰਤ ਦੀ ਤਾਂ ਅਨਿਲ ਨੇ ਕਲਪਨਾ ਵੀ ਨਹੀਂ ਸੀ ਕੀਤੀ। ਗੋਰਾ ਚਿੱਟਾ ਰੰਗ, ਤਿੱਖੇ ਨੈਨ ਨਕਸ਼ ਅਤੇ ਗੋਰੀਆਂ ਗੱਲਾਂ ਤੇ ਸੋਹਣੇ ਜਿਹੇ ਖੱਡੇ ਪੈ ਰਹੇ ਸਨ। ਹੋਰ ਤਾਂ ਹੋਰ ਉਸ ਦੇ ਵਾਲ ਹਾਲੀ ਵੀ ਸਾਰੇ ਕਾਲੇ ਸਨ। ਉਮਰ ਤੋਂ ਉਹ ਚਾਲੀ ਸਾਲ ਤੋਂ ਵੱਧ ਨਹੀਂ ਸੀ ਲੱਗਦੀ। ਹਾਂ ਉਸ ਦੇ ਚਿਹਰੇ ਤੇ ਉਦਾਸੀ ਦੀ ਕੁਝ ਬਦਲੀ ਜਿਹੀ ਛਾਈ ਹੋਈ ਸੀ ਜੋ ਉਸ ਦੀ ਗੰਭੀਰਤਾ ਨੂੰ ਪ੍ਰਗਟ ਕਰਦੀ ਸੀ। ਅਨਿਲ ਉਸ ਦੇ ਹੁਸਨ ਨਾਲ ਕੀਲਿਆ ਗਿਆ।
ਅਨਿਲ ਨੂੰ ਦੇਖਦਿਆਂ ਉਨ੍ਹਾਂ ਦੋਹਾਂ ਨੇ ਖੜ੍ਹੇ ਹੋ ਕੇ ਜੀ ਆਇਆਂ ਕਿਹਾ। ਰਾਜੇਸ਼ ਨੇ ਉਨ੍ਹਾਂ ਦੀ ਜਾਣ ਪਛਾਣ ਕਰਾਉਂਦੇ ਹੋਏ ਕਿਹ-"ਮੰਮੀ, ਇਹ ਅਨਿਲ ਅੰਕਲ ਹਨ ਅਤੇ ਅੰਕਲ ਇਹ ਮੇਰੇ ਮੰਮੀ ਅੰਜਲੀ ਦੇਵੀ ਹਨ।"
ਅਨਿਲ ਨੇ ਵੀ ਹੱਥ ਜੋੜਦੇ ਹੋਏ ਸਿਰ ਨੂੰ ਥੋੜ੍ਹਾ ਝੁਕਾ ਕੇ ਉਨ੍ਹਾਂ ਨੂੰ ਵਿਸ਼ ਕੀਤਾ। ਰਾਜੇਸ਼ ਨੇ ਫਿਰ ਪੁੱਛਿਆ-"ਕੀ ਲਉਗੇ ਅੰਕਲ? ਕੌਫੀ ਜਾਂ ਕੋਲਡ?"
"ਕਿਸੇ ਚੀਜ਼ ਦੀ ਜ਼ਰੂਰਤ ਨਹੀਂ"
ਫਿਰ ਵੀ ਰਾਜੇਸ਼ ਨੇ ਬੈਰੇ ਨੂੰ ਬੈੱਲ ਦੇ ਕੇ ਤਿੰਨ ਕੌਫੀ ਅਤੇ ਸਨੈਕਸ ਦਾ ਆਰਡਰ ਦਿੱਤਾ ਅਤੇ ਨਾਲ ਹੀ ਨਾਲ ਗੱਲ ਸ਼ੁਰੂ ਕੀਤੀ-"ਮੰਮੀ ਅਨਿਲ ਅੰਕਲ ਬਾਰੇ ਤਾਂ ਮੈਂ ਤੁਹਾਨੂੰ ਸਭ ਕੁਝ ਦੱਸ ਹੀ ਦਿੱਤਾ ਸੀ ਹੁਣ ਤੁਸੀਂ ਜੋ ਪੁੱਛਣਾ ਹੈ ਆਪ ਹੀ ਪੁੱਛ ਲਉ।" ਅੰਜਲੀ ਨੇ ਨਾਂਹ ਵਿਚ ਸਿਰ ਹਿਲਾ ਦਿੱਤਾ। ਉਹ ਵੀ ਅਨਿਲ ਦੀ ਖ਼ੂਬਸੂਰਤੀ ਅਤੇ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਈ। ਫਿਰ ਰਾਜੇਸ਼ ਨੇ ਅਨਿਲ ਨੂੰ ਕਿਹਾ-"ਅੰਕਲ ਤੁਸੀਂ ਮੰਮੀ ਤੋਂ ਕੁਝ ਪੁੱਛਣਾ ਹੈ ਤਾਂ ਪੁੱਛ ਸਕਦੇ ਹੋ। ਅਨਿਲ ਨੇ ਵੀ ਨਾਂਹ ਵਿਚ ਸਿਰ ਹਿਲਾ ਦਿੱਤਾ। ਉਸ ਦਿਨ ਰਾਜੇਸ਼ ਪੁੱਲ ਬਣ ਕੇ ਦੋਹਾਂ ਵਿਚਕਾਰ ਛੋਟੀ ਮੋਟੀ ਗੱਲ ਕਰਦਾ ਰਿਹਾ। ਅਨਿਲ ਅਤੇ ਅੰਜਲੀ ਆਪਸ ਵਿਚ ਕੁਝ ਜ਼ਿਆਦਾ ਨਾ ਖੁੱਲ੍ਹ ਸਕੇ।
ਕੌਫੀ ਖਤਮ ਹੋਣ ਤੋਂ ਬਾਅਦ ਰਾਜੇਸ਼ ਨੇ ਕਿਹਾ-"ਅੱਛਾ ਅੰਕਲ, ਅੱਜ ਦੀ ਮੁਲਾਕਾਤ ਏਨੀ ਹੀ ਕਾਫੀ ਹੈ। ਤੁਸੀਂ ਕੱਲ੍ਹ ਤੋਂ ਇਸੇ ਸਮੇਂ ਇੱਥੇ ਆ ਜਾਇਆ ਕਰੋ। ਮੰਮੀ ਤੁਹਾਨੂੰ ਇੱਥੇ ਹੀ ਮਿਲਿਆ ਕਰੇਗੀ।"
ਅਗਲੇ ਪੰਦਰਾਂ ਇਨ ਕਾਫੀ ਖ਼ੁਸ਼ਗਵਾਰ ਨਿਕਲੇ। ਅਨਿਲ ਅਤੇ ਅੰਜਲੀ ਇਕ ਦੂਜੇ ਦੇ ਕਾਫੀ ਨੇੜੇ ਆ ਗਏ। ਆਪਸੀ ਝਾਕਾ ਖੁੱਲ੍ਹ ਗਿਆ। ਅੰਤ ਕੁਝ ਦਿਨ ਬਾਅਦ ਉਹ ਵਿਆਹ ਦੇ ਪਵਿਤਰ ਬੰਧਨ ਵਿਚ ਬੱਝ ਗਏ। ਰਾਜੇਸ਼ ਵੀ ਆਪਣੀ ਮੰਮੀ ਦਾ ਦੂਜਾ ਵਿਆਹ ਕਰ ਕੇ ਬੇਫਿਕਰ ਹੋ ਗਿਆ ਅਤੇ ਆਪਣੀ ਪਰਿਵਾਰਿਕ ਜ਼ਿੰਦਗੀ ਵੱਲ ਪੂਰੀ ਤਰ੍ਹਾਂ ਧਿਆਨ ਦੇਣ ਲੱਗਾ। ਅਨਿਲ ਅਤੇ ਅੰਜਲੀ ਨੂੰ ਵੀ ਜੀਣ ਦਾ ਸਹਾਰਾ ਮਿਲ ਗਿਆ। ਉਨ੍ਹਾਂ ਦੇ ਚਿਹਰੇ ਦੀ ਰੌਣਕ ਪਰਤ ਆਈ। ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਹ ਇਕ ਦੂਜੇ ਦੀ ਜ਼ਰੂਰਤ ਸਨ।ਇਸ ਤਰ੍ਹਾਂ ਉਹ ਆਪਣੀ ਆਪਣੀ ਉਮਰ ਦੇ 100 ਸਾਲ ਭਰਪੂਰ ਖ਼ੁਸ਼ੀ ਨਾਲ ਜੀਵੇ ਅਤੇ ਦੁਨੀਆਂ ਲਈੇ ਪਿਆਰ ਅਤੇ ਸਹਿਯੋਗ ਦੀ ਇਕ ਮਿਸਾਲ ਕਾਇਮ ਕੀਤੀ।
*****
ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861
                            email:  gursharan1183@yahoo.in