ਕਵਿਤਾ : ਵੋਟਰ ਨੂੰ - ਮਹਿੰਦਰ ਸਿੰਘ ਮਾਨ

ਆਪਣੀ ਕੀਮਤ ਜਾਣ ਵੋਟਰਾ
ਆਪਣੀ ਕੀਮਤ ਜਾਣ।
ਸੋਚ ਜ਼ਰਾ, ਕਿਉਂ ਨੇਤਾ ਮੁੜ ਮੁੜ
ਤੇਰੇ ਘਰ ਦੇ ਗੇੜੇ ਲਾਣ।
ਦੇਖ ਦਫਤਰਾਂ 'ਚ ਕਿਵੇਂ
ਫੈਲਿਆ ਭ੍ਰਿਸ਼ਟਾਚਾਰ।
ਚਾਰ ਦਿਨ ਪਹਿਲਾਂ ਦਿੱਤੀ ਫਾਈਲ
ਦਫਤਰਾਂ ਵਿਚੋਂ ਜਾਏ ਗੁਆਚ।
'ਪਾਣੀ ਜੀਵਨ ਦਾ ਆਧਾਰ ਹੈ'
ਕਹਿੰਦੇ ਲੋਕ ਸਿਆਣੇ।
ਪਰ ਪਾਣੀ ਦੀ ਇਕ ਇਕ ਬੂੰਦ ਨੂੰ
ਤਰਸਣ ਗਰੀਬਾਂ ਦੇ ਨਿਆਣੇ।
ਦੇਖ ਕਿਸਾਨਾਂ ਦੀ ਫਸਲ
ਕਿਵੇਂ ਮੰਡੀ ਵਿੱਚ ਹੈ ਰੁਲਦੀ।
ਕੌਡੀਆਂ ਦੇ ਭਾਅ ਖਰੀਦਣ ਆੜ੍ਹਤੀ
ਫਸਲ ਮਹਿੰਗੇ ਮੁੱਲ ਦੀ।
ਰੋਜ਼ ਵਰਤੋਂ ਦੀਆਂ ਚੀਜ਼ਾਂ ਦੇ ਭਾਅ
ਅਸਮਾਨੀ ਜਾ ਚੜ੍ਹੇ।
ਦੁਕਾਨਦਾਰਾਂ ਤੋਂ ਉਨ੍ਹਾਂ ਦੇ ਭਾਅ ਸੁਣ ਕੇ
ਗਾਹਕ ਰਹਿ ਜਾਣ ਖੜ੍ਹੇ ਦੇ ਖੜ੍ਹੇ।
ਦੇਖ ਕਿਵੇਂ ਡਿਗਰੀਆਂ ਲੈ ਕੇ
ਵਿਹਲੇ ਫਿਰਦੇ ਨੌਜਵਾਨ।
ਨੌਕਰੀ ਨਾ ਮਿਲਣ ਦੇ ਗ਼ਮ 'ਚ
ਉਹ ਨਸ਼ੇ ਲੱਗ ਪਏ ਖਾਣ।
ਹੁਣ ਚੋਣ ਮੈਦਾਨ ਹੈ ਭਖਿਆ
ਤੇਰਾ ਵੱਧ ਗਿਆ ਹੈ ਮੁੱਲ।
ਸੌ,ਦੋ ਸੌ ਦੇ ਲਾਲਚ ਵਿੱਚ
ਨੇਤਾਵਾਂ ਦੇ ਕਾਰੇ ਜਾਈਂ ਨਾ ਭੁੱਲ।
ਜੋ ਤੇਰੀਆਂ ਸਮੱਸਿਆਵਾਂ ਨੂੰ
ਹੱਲ ਕਰਨ ਦੀ ਸਹੁੰ ਖਾਂਦੇ ਨੇ ਹੁਣ।
ਆਪਣੇ ਹੱਕ ਦੀ ਵਰਤੋਂ ਕਰਕੇ
ਤੂੰ ਉਨ੍ਹਾਂ ਨੂੰ ਲਈਂ ਚੁਣ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨੇੜੇ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554