ਬਜ਼ਾਰ ਗਰਮ ਹੈ - ਰਵਿੰਦਰ ਸਿੰਘ ਕੁੰਦਰਾ

ਬਜ਼ਾਰ ਗਰਮ ਹੈ ਵੋਟ ਦਾ,
ਹਰੇ, ਗੁਲਾਬੀ ਨੋਟ ਦਾ,
ਪਾਟੋ  ਧਾੜੀ  ਸੋਚ  ਦਾ,
ਅਸੂਲੋਂ ਥਿੜਕੇ ਲੋਕ ਦਾ,
ਕਿੱਥੋਂ ਲਿਆਵਾਂ ਲੱਭ ਕੇ,
ਜੋ ਭਲਾ ਗ਼ਰੀਬ ਦਾ ਲੋਚਦਾ।

ਬਜ਼ਾਰ ਗਰਮ ਹੈ ਲੁੱਟ ਦਾ,
ਈਮਾਨ ਜਾਵੇ ਨਿੱਤ ਖੁੱਸਦਾ,
ਅਹਿਸਾਸ ਦਾ ਦਮ ਹੈ ਘੁੱਟਦਾ
ਕੂੜ ਨਾ ਅੱਜ ਨਿਖੁੱਟਦਾ,
ਕਿੱਥੋਂ ਲਿਆਵਾਂ ਲੱਭ ਕੇ,
ਮੈਂ ਦਰਦੀ ਆਪਣੇ ਦੁੱਖ ਦਾ।

ਬਜ਼ਾਰ ਗਰਮ ਹੈ ਭੇਖ ਦਾ,
ਸਾਧ ਚੋਰ ਇੱਕ ਵੇਸ ਦਾ,
ਸ਼ੈਤਾਨ ਮੁਸਕੜੀ ਦੇਖਦਾ,
ਅੱਜ ਅੰਨ੍ਹਾ ਮੋਹਰੀ ਦੇਸ ਦਾ,
ਕਿੱਥੋਂ ਲਿਆਵਾਂ ਲੱਭ ਕੇ,
ਜੋ ਕੁ-ਕਰਮ ਦੀ ਪੱਟੀ ਮੇਸਦਾ।

ਬਜ਼ਾਰ ਗਰਮ ਹੈ ਭਰਮ ਦਾ,
ਗਿਆਨ ਵਿਹੂਣੇ ਕਰਮ ਦਾ,
ਲਹਿ ਗਿਆ ਹੈ ਪਰਦਾ ਸ਼ਰਮ ਦਾ,
ਨੰਗੇਜ ਹੈ ਗਲੀਏ ਦਨਦਦਾ,
ਕਿੱਥੋਂ ਲਿਆਵਾਂ ਲੱਭ ਕੇ,
ਨਾਸ਼ਵਾਨ ਚੀਰ ਹਰਨ ਦਾ।

ਬਜ਼ਾਰ ਗਰਮ ਹੈ ਝੂਠ ਦਾ,
ਅੱਜ ਸੱਚ ਹੈ ਫਾਂਸੀ ਝੂਟਦਾ,
ਸ਼ਰੀਫ਼ ਡਰਦਾ ਨਹੀਂ ਚੂਕਦਾ,
ਇਨਸਾਫ ਹੈ ਪਿੱਟਦਾ ਹੂਕਦਾ,
ਕਿੱਥੋਂ ਲਿਆਵਾਂ ਲੱਭ ਕੇ,
ਜੋ ਮਨੁੱਖਤਾ ਲਈ ਹੈ ਕੂਕਦਾ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ