ਅਸਹਿਣਸ਼ੀਲਤਾ ਦਾ ਮਾਹੌਲ - ਸਵਰਾਜਬੀਰ

ਭਾਰਤ ਦੇ ਸਾਬਕਾ ਉੱਪ-ਰਾਸ਼ਟਰਪਤੀ ਹਾਮਿਦ ਅੰਸਾਰੀ ਨੇ 26 ਜਨਵਰੀ ਨੂੰ ਅਮਰੀਕਾ ਵਿਚ ਕੁਝ ਜਥੇਬੰਦੀਆਂ ਵੱਲੋਂ ਕਰਾਈ ਗਈ ਇਕ ਮੀਟਿੰਗ, ਜਿਸ ਦਾ ਵਿਸ਼ਾ ‘ਭਾਰਤ ਦੇ ਬਹੁ-ਤੱਤਵਾਦੀ ਸੰਵਿਧਾਨ ਦੀ ਰਾਖੀ ਕਰਦਿਆਂ (Protecting Pluralist Indian Constitution)’ ਸੀ, ਦੌਰਾਨ ਇਕ ਅਜਿਹਾ ਬਿਆਨ ਦਿੱਤਾ ਹੈ ਜਿਸ ਕਾਰਨ ਕੇਂਦਰੀ ਮੰਤਰੀਆਂ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਉਸ ’ਤੇ ਹਮਲਾ ਬੋਲਿਆ ਹੋਇਆ ਹੈ। ਭਾਜਪਾ ਦੇ ਆਗੂ ਸ਼ਾਹਨਵਾਜ਼ ਹੁਸੈਨ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਹੈ ਕਿ ‘‘ਦੇਸ਼ ਉਨ੍ਹਾਂ ਨੂੰ ਮੁਆਫ਼ ਨਹੀਂ ਕਰ ਸਕਦਾ।’’
        ਹਾਮਿਦ ਅੰਸਾਰੀ ਨੇ ਕੀ ਕਿਹਾ ਹੈ ਜਿਸ ਕਾਰਨ ਦੇਸ਼ ਉਨ੍ਹਾਂ ਨੂੰ ਮੁਆਫ਼ ਨਹੀਂ ਕਰ ਸਕਦਾ? ਉਸ ਦੇ ਸ਼ਬਦ ਇਹ ਹਨ, ‘‘ਅੱਜ ਸਾਡਾ ਗਣਤੰਤਰ ਦਿਵਸ ਹੈ। ... ਗਣਤੰਤਰ ਦਿਵਸ ਦਾ ਮਹੱਤਵ ਇਹ ਹੈ ਕਿ ਇਹ ਉਹ ਦਿਨ ਹੈ ਜਿਸ ਦਿਨ ਸਾਡਾ ਸੰਵਿਧਾਨ ਰਸਮੀ ਤੌਰ ’ਤੇ ਲਾਗੂ ਕੀਤਾ ਗਿਆ। ਇਹ ਦਸਤਾਵੇਜ਼ ਸਭ ਨੂੰ ਵੋਟ ਪਾਉਣ ਦਾ ਅਧਿਕਾਰ ਦਿੰਦਾ ਹੈ ਅਤੇ ਇਸ ਵਿਚ ਅਧਿਕਾਰਾਂ ਅਤੇ ਫ਼ਰਜ਼ਾਂ ਦੀ ਵਿਆਪਕ ਸਨਦ ਹੈ ਜਿਸ ਵਿਚ ਸਾਡੇ ਸੱਭਿਆਚਾਰ ਦੀ ਵਿਰਾਸਤ ਦੀ ਰਾਖੀ ਕਰਨ ਅਤੇ ਸਾਂਝੀਵਾਲਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਫ਼ਰਜ਼ ਵੀ ਸ਼ਾਮਲ ਹਨ। ਸੱਤ ਦਹਾਕੇ ਅਤੇ 17 ਆਮ ਚੋਣਾਂ ਵਿਚ ਇਸ ਨੇ ਸਾਡੀ ਜਮਹੂਰੀਅਤ ਦੀ ਪਰਵਰਿਸ਼ ਅਤੇ ਬਚਾਅ ਕੀਤਾ ਹੈ। ਅੱਜ ਸਾਨੂੰ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਮੰਨਿਆ ਜਾਂਦਾ ਹੈ ਅਤੇ ਅਸੀਂ ਹਾਂ (ਭਾਵ ਅਸੀਂ ਸਭ ਤੋਂ ਵੱਡੀ ਜਮਹੂਰੀਅਤ ਹਾਂ) ਅਤੇ ਸਾਨੂੰ ਇਸ ’ਤੇ ਮਾਣ ਹੈ। ਇਹ ਇਕ ਵਿਸ਼ਾਲ ਅਤੇ ਵੰਨ-ਸੁਵੰਨਤਾ ਵਾਲੀ ਭੂਮੀ ਹੈ, ਇੱਥੇ ਵੱਖ ਵੱਖ ਪਿਛੋਕੜਾਂ, ਵੱਖ ਵੱਖ ਬੋਲੀਆਂ ਬੋਲਣ ਅਤੇ ਵੱਖ ਵੱਖ ਅਕੀਦਿਆਂ ਵਿਚ ਵਿਸ਼ਵਾਸ ਰੱਖਣ ਵਾਲੇ ਲੋਕ ਰਹਿੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਸਾਨੂੰ ਅਜਿਹੇ ਰੁਝਾਨਾਂ ਅਤੇ ਦਸਤੂਰਾਂ ਦੇ ਉੱਭਰਨ ਦਾ ਅਨੁਭਵ/ਤਜਰਬਾ ਹੋ ਰਿਹਾ ਹੈ ਜਿਹੜੇ ਪਹਿਲਾਂ ਤੋਂ ਸਥਾਪਿਤ ਨਾਗਰਿਕ ਰਾਸ਼ਟਰਵਾਦ (Civic Nationalism) ਦੇ ਜਾਣੇ-ਪਛਾਣੇ ਜਾਂਦੇ ਸਿਧਾਂਤਾਂ ’ਤੇ ਪ੍ਰਸ਼ਨ-ਚਿੰਨ੍ਹ ਲਗਾਉਂਦੇ ਅਤੇ ਸੱਭਿਆਚਾਰਕ ਰਾਸ਼ਟਰਵਾਦ (Cultural Nationalism) ਦੇ ਇਕ ਨਵੇਂ ਅਤੇ ਕਾਲਪਨਿਕ ਦਸਤੂਰ ਨੂੰ ਉਤਸ਼ਾਹਿਤ ਕਰਦੇ ਹਨ। ... ਇਹ ਦਸਤੂਰ (ਸੱਭਿਆਚਾਰਕ ਰਾਸ਼ਟਰਵਾਦ) ਧਰਮ ਦੇ ਆਧਾਰ ’ਤੇ ਨਾਗਰਿਕਾਂ ਵਿਚ ਫ਼ਰਕ ਕਰਨਾ ਚਾਹੁੰਦਾ ਹੈ, ਅਸਹਿਣਸ਼ੀਲਤਾ ਨੂੰ ਵਧਾਉਣਾ, ਲੁਕਵੇਂ ਢੰਗ ਨਾਲ ਪਰਾਏਪਣ (Otherness- ਕੁਝ ਲੋਕਾਂ ਦੇ ਇਸ ਦੇਸ਼ ਤੋਂ ਪਰਾਏ/ਬਾਹਰਲੇ ਹੋਣ ਦੀ ਭਾਵਨਾ), ਬੇਚੈਨੀ ਤੇ ਅਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ।’’
       ਹਾਮਿਦ ਅੰਸਾਰੀ ਦੇ ਉਪਰੋਕਤ ਵਿਚਾਰ ਪਿਛਲੇ ਕੁਝ ਵਰ੍ਹਿਆਂ ਤੋਂ ਉੱਭਰ ਰਹੀ ਸਿਆਸਤ ਦਾ ਵਿਸ਼ਲੇਸ਼ਣ ਹਨ। ਇਸ ਵਿਸ਼ਲੇਸ਼ਣ ਨਾਲ ਸਹਿਮਤ ਜਾਂ ਅਸਹਿਮਤ ਹੁੰਦਿਆਂ ਨਿਮਰਤਾ, ਸਾਊਪੁਣੇ, ਸਿਆਣਪ, ਲੋਕਾਚਾਰ, ਸਹਿਣਸ਼ੀਲਤਾ ਅਤੇ ਸਾਧਾਰਨ ਪੱਧਰ ਦੀ ਮਨੁੱਖੀ ਸਮਝ ਦਾ ਪੱਲਾ ਨਹੀਂ ਛੱਡਿਆ ਜਾਣਾ ਚਾਹੀਦਾ। ਹਾਮਿਦ ਅੰਸਾਰੀ ’ਤੇ ਨਿਸ਼ਾਨਾ ਸਾਧਦਿਆਂ ਭਾਜਪਾ ਦੇ ਆਗੂਆਂ ਨੇ ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਹੈ, ਉਸ ਦੀਆਂ ਕੁਝ ਮਿਸਾਲਾਂ ਦੇਖਣ ਵਾਲੀਆਂ ਹਨ : ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰ ਨੇ ਅੰਸਾਰੀ ਨੂੰ ‘ਟੁਕੜੇ ਟੁਕੜੇ ਗੈਂਗ ਦਾ ਹਮਾਇਤੀ’ ਦੱਸਦਿਆਂ ਕਿਹਾ ਕਿ ‘‘ਆਨਲਾਈਨ ਕੌਮਾਂਤਰੀ ਮੰਚ ’ਤੇ ਰਾਸ਼ਟਰ-ਵਿਰੋਧੀ ਗੱਲਾਂ ਕਰਕੇ ਉਸ (ਅੰਸਾਰੀ) ਨੇ ਸੰਕੀਰਨ/ਸੌੜੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ।’’ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ, ‘‘ਏਦਾਂ ਮਹਿਸੂਸ ਹੋ ਰਿਹਾ ਹੈ ਕਿ ਕੁਝ ਲੋਕ ਭਾਰਤ ਦੇ ਸੰਸਕਾਰ, ਸੰਕਲਪ, ਸੰਸਕ੍ਰਿਤੀ, ਸੰਵਿਧਾਨ ਦੀ ਸੰਪਰਦਾਇਕ (ਫ਼ਿਰਕਾਪ੍ਰਸਤ/ਫ਼ਿਰਕੇਦਾਰਾਨਾ) ਲਿੰਚਿੰਗ ਦੀ ‘ਸੁਪਾਰੀ’ ਲੈ ਕੇ ਕੰਮ ਕਰ ਰਹੇ ਹਨ। ਭਾਰਤ ਦੇ ਵਿਰੁੱਧ ਕੁਪ੍ਰਚਾਰ ਗਰੋਹ (ਸਿੰਡੀਕੇਟ) ਦੀ ‘ਮੋਦੀ ਬੈਸ਼ਿੰਗ’ ਸਨਕ (ਹਰ ਹੀਲੇ ਮੋਦੀ ਦਾ ਵਿਰੋਧ ਕਰਨ ਦਾ ਯਤਨ) ‘ਭਾਰਤ ਬੈਸ਼ਿੰਗ (ਭਾਰਤ ਦਾ ਵਿਰੋਧ ਕਰਨ ਦੀ) ਸਾਜ਼ਿਸ਼’ ਬਣਦੀ ਜਾ ਰਹੀ ਹੈ।’’ ਕਈ ਹੋਰ ਭਾਜਪਾ ਆਗੂ ਵੀ ਅਜਿਹੇ ਯਤਨਾਂ ਵਿਚ ਸ਼ਾਮਲ ਹਨ। ਇਹ ਬਿਮਾਰ ਮਾਨਸਿਕਤਾ ਦੀਆਂ ਅਲਾਮਤਾਂ/ਨਿਸ਼ਾਨੀਆਂ ਹਨ। ਵਿਦੇਸ਼ ਮੰਤਰਾਲੇ ਨੇ ਸਰਕਾਰੀ ਤੌਰ ’ਤੇ ਸਾਬਕਾ ਉੱਪ-ਰਾਸ਼ਟਰਪਤੀ ਅਤੇ ਉਸ ਦੇ ਨਾਲ ਦੇ ਬੁਲਾਰਿਆਂ ਦੇ ਬਿਆਨਾਂ ਦਾ ਨੋਟਿਸ ਲੈਂਦਿਆਂ ਕਿਹਾ ਕਿ ਭਾਰਤ ਇਕ ਰੌਸ਼ਨ ਲੋਕਤੰਤਰ ਹੈ ਜਿਸ ਨੂੰ ਕਿਸੇ ਹੋਰ ਤੋਂ ਮਾਨਤਾ ਲੈਣ ਦੀ ਜ਼ਰੂਰਤ ਨਹੀਂ।
       ਬਹੁਤ ਸਾਰੇ ਚਿੰਤਕਾਂ ਅਤੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ’ਤੇ ਇਕ ਅਜਿਹੀ ਵਿਚਾਰਧਾਰਾ ਥੋਪੀ ਜਾ ਰਹੀ ਹੈ ਜਿਸ ਅਨੁਸਾਰ ਧਰਮ ਨਿਰਪੱਖ ਸਿਆਸਤ ਗ਼ਲਤ ਹੈ, ਜਮਹੂਰੀ ਹੱਕਾਂ ਅਤੇ ਸਮਾਜਿਕ ਖੇਤਰ ਵਿਚ ਕੰਮ ਕਰਨ ਵਾਲੇ ਕਾਰਕੁਨਾਂ ਨੂੰ ‘ਟੁਕੜੇ ਟੁਕੜੇ ਗੈਂਗ’, ‘ਦੇਸ਼ ਧ੍ਰੋਹੀ’, ‘ਸ਼ਹਿਰੀ ਨਕਸਲੀ’, ‘ਅੰਦੋਲਨਜੀਵੀ’ ਆਦਿ ਗਰਦਾਨਿਆ ਗਿਆ ਹੈ, ਉਨ੍ਹਾਂ ’ਤੇ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ ਤਹਿਤ ਕੇਸ ਬਣਾਏ ਗਏ ਹਨ, ਦੇਸ਼ ਵਿਚ ਹਜੂਮੀ ਹਿੰਸਾ ਦੀਆਂ ਘਟਨਾਵਾਂ ਵਧੀਆਂ ਹਨ ਅਤੇ ਸੱਤਾਧਾਰੀ ਧਿਰ ਦੇ ਕੁਝ ਤੱਤਾਂ ਨੇ ਅਜਿਹਾ ਕਰਨ ਵਾਲਿਆਂ ਦਾ ਜਨਤਕ ਪੱਧਰ ’ਤੇ ਮਾਣ-ਸਨਮਾਨ ਕੀਤਾ ਹੈ, ਨਾਗਰਿਕਤਾ ਸੋਧ ਕਾਨੂੰਨ ਅਤੇ ਅਜਿਹੀਆਂ ਹੋਰ ਪਹਿਲਕਦਮੀਆਂ ਕਾਰਨ ਮੁਸਲਮਾਨ ਭਾਈਚਾਰੇ ਵਿਚ ਅਸੁਰੱਖਿਆ ਤੇ ਬੇਗਾਨਗੀ ਦੀਆਂ ਭਾਵਨਾਵਾਂ ਪੈਦਾ ਹੋਈਆਂ ਹਨ। ਭਾਜਪਾ ਆਗੂਆਂ ਨੇ ‘ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ ... ਕੋ’ ਜਿਹੇ ਨਾਅਰੇ ਲਗਾ ਕੇ ਨਫ਼ਰਤ ਅਤੇ ਹਿੰਸਾ ਫੈਲਾਉਣ ਵਾਲਾ ਮਾਹੌਲ ਪੈਦਾ ਕੀਤਾ ਹੈ। ਪੱਤਰਕਾਰਾਂ, ਵਪਾਰੀਆਂ, ਸਿਆਸਤਦਾਨਾਂ ਅਤੇ ਸਮਾਜਿਕ ਕਾਰਕੁਨਾਂ ਦੇ ਟੈਲੀਫੋਨਾਂ ਅਤੇ ਲੈਪਟਾਪਾਂ ’ਤੇ ਇਸਰਾਇਲੀ ਕੰਪਨੀ ਐੱਨਐੱਸਓ ਦਾ ਬਣਾਇਆ ਸਾਫਟਵੇਅਰ ਪੈਗਾਸਸ ਵਰਤ ਕੇ ਨਿਗਾਹਬਾਨੀ ਕੀਤੀ ਗਈ ਹੈ, ਸਮਾਜ ’ਤੇ ਵੱਡੇ ਪ੍ਰਭਾਵ ਪਾਉਣ ਵਾਲੇ ਕਾਨੂੰਨ ਬਿਨਾਂ ਵਿਚਾਰ-ਵਟਾਂਦਰੇ ਦੇ ਪਾਸ ਕੀਤੇ ਗਏ ਹਨ। ਕੀ ਦੇਸ਼ ਅਤੇ ਸੰਵਿਧਾਨ ਨਾਲ ਪਿਆਰ ਕਰਨ ਵਾਲੇ ਜ਼ਿੰਮੇਵਾਰ ਵਿਅਕਤੀ ਅਜਿਹੀ ਸਥਿਤੀ ਬਾਰੇ ਵਿਚਾਰ ਪ੍ਰਗਟ ਕਰਨਾ ਨਹੀਂ ਚਾਹੁਣਗੇ ਅਤੇ ਜਦੋਂ ਉਹ ਵਿਚਾਰ ਪ੍ਰਗਟ ਕਰਨਗੇ ਤਾਂ ਉਹ ਹਾਮਿਦ ਅੰਸਾਰੀ ਦੇ ਵਿਚਾਰਾਂ ਦੇ ਨੇੜੇ-ਤੇੜੇ ਹੀ ਹੋਣਗੇ।
       2018 ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਡੋਨਲਡ ਟਰੰਪ ਦੇ ਰਾਜ ਦੀ ਸਥਿਤੀ ਬਿਆਨ ਕਰਦਿਆਂ ਕਿਹਾ ਸੀ, ‘‘ਇਕ ਵਰਗ ਨੂੰ ਦੂਸਰੇ ਵਿਰੁੱਧ ਖੜ੍ਹਾ ਕਰਨਾ, ਲੋਕਾਂ ਨੂੰ ਇਹ ਦੱਸਣਾ ਕਿ ਸੱਤਾ ਸਾਡੇ ਵਰਗੇ ਦਿਸਣ ਅਤੇ ਸਾਡੇ ਵਰਗਾ ਸੋਚਣ-ਬੋਲਣ ਵਾਲਿਆਂ ਕੋਲ ਹੋਣ ਨਾਲ ਹੀ (ਦੇਸ਼ ਵਿਚ) ਅਮਨ-ਕਾਨੂੰਨ ਅਤੇ ਸੁਰੱਖਿਆ ਬਹਾਲ ਹੋ ਸਕਦੇ ਹਨ, ਪੁਰਾਣੀ ਖੇਡ ਹੈ। ਇਹ ਮੁੱਢ-ਕਦੀਮ ਤੋਂ ਖੇਡੀ ਜਾ ਰਹੀ ਹੈ... ਉਹ (ਭਾਵ ਟਰੰਪ ਦੇ ਹਮਾਇਤੀ) ਆਮ ਆਦਮੀ ਲਈ ਲੜਨ ਦਾ ਵਾਅਦਾ ਕਰਦੇ ਹਨ ਪਰ ਸਭ ਤੋਂ ਅਮੀਰ ਅਤੇ ਸਭ ਤੋਂ ਤਾਕਤਵਰ ਵਿਅਕਤੀਆਂ ਦੇ ਹਿੱਤਾਂ ਦੀ ਰਾਖੀ ਕਰਦੇ ਹਨ। ਉਹ ਜਵਾਬਦੇਹੀ ਤੈਅ ਕਰਨ ਦੇ ਸਭ ਮਾਪਦੰਡਾਂ ਨੂੰ ਤਬਾਹ ਕਰ ਰਹੇ ਹਨ ਅਤੇ ਉਹ ਨਸਲੀ ਰਾਸ਼ਟਰਵਾਦ ਦਾ ਸਹਾਰਾ ਲੈਂਦੇ ਹਨ, ਅਜਿਹਾ ਨਸਲੀ ਰਾਸ਼ਟਰਵਾਦ, ਜਿਸ ਵਿਚ ਕੋਈ ਲੁਕ-ਲੁਕਾਅ ਵੀ ਨਹੀਂ। ... ਅਜਿਹੀ ਸਰਕਾਰ, ਜਿਹੜੀ ਭਿਅੰਕਰ ਡਰ (ਭਾਵ ਲੋਕਾਂ ਨੂੰ ਡਰਾਉਣ) ਦੇ ਸਹਾਰੇ ਚੱਲਦੀ ਤੇ ਵੰਡੀਆਂ ਪਾਉਂਦੀ ਹੈ, ਦਾ ਸਾਹਮਣਾ ਕਰਨ ਲਈ ਸੰਗਠਿਤ ਅਤੇ ਊਰਜਾਵਾਨ ਲੋਕਾਂ ਦੀ ਜ਼ਰੂਰਤ ਹੈ।’’ ਓਬਾਮਾ ਦੱਸ ਰਿਹਾ ਸੀ ਕਿ ਅਮਰੀਕਾ ਵਿਚ ਨਸਲਵਾਦ ਦਾ ਬੋਲਬਾਲਾ ਹੋ ਰਿਹਾ ਹੈ, ਲੋਕਾਂ ਨੂੰ ਵੰਡਿਆ ਅਤੇ ਡਰਾਇਆ ਜਾ ਰਿਹਾ ਹੈ, ਜਵਾਬਦੇਹੀ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਕਰਕੇ ਉਹ ਕੋਈ ਅਮਰੀਕਾ-ਵਿਰੋਧੀ ਕਾਰਵਾਈ ਨਹੀਂ ਸੀ ਕਰ ਰਿਹਾ ਸਗੋਂ ਆਪਣਾ ਕੌਮੀ ਫ਼ਰਜ਼ ਨਿਭਾ ਰਿਹਾ ਸੀ ਕਿ ਦੇਸ਼ ਨੂੰ ਅਜਿਹੇ ਰੁਝਾਨਾਂ ਤੋਂ ਖ਼ਤਰਾ ਹੈ। ਹਾਮਿਦ ਅੰਸਾਰੀ ਵੀ ਆਪਣਾ ਕੌਮੀ ਫ਼ਰਜ਼ ਨਿਭਾ ਰਿਹਾ ਹੈ, ਉਹ ਦੇਸ਼ ਵਿਚ ਸੌੜੀ ਅਤੇ ਵੰਡੀਆਂ ਪਾਉਣ ਵਾਲੀ ਸਿਆਸਤ ਦਾ ਬੋਲਬਾਲਾ ਹੋਣ ਦੀ ਨਿਸ਼ਾਨਦੇਹੀ ਕਰ ਕੇ ਲੋਕਾਂ ਨੂੰ ਦੇਸ਼ ਨੂੰ ਦਰਪੇਸ਼ ਖ਼ਤਰਿਆਂ ਬਾਰੇ ਆਗਾਹ ਕਰ ਰਿਹਾ ਹੈ।
       ਹਾਮਿਦ ਅੰਸਾਰੀ ’ਤੇ ਹਮਲਾ ਕਰਨ ਵਾਲਿਆਂ ਵਿਚ ਭਾਜਪਾ ਆਗੂ ਇਕੱਲੇ ਨਹੀਂ ਹਨ, ਮੀਡੀਆ ਦਾ ਵੱਡਾ ਹਿੱਸਾ ਇਸ ਵਿਚ ਵਧ-ਚੜ੍ਹ ਕੇ ਹਿੱਸਾ ਲੈ ਰਿਹਾ ਹੈ, ਇਕ ਮੀਡੀਆ ਚੈਨਲ ਦੇ ਪੋਰਟ ’ਤੇ ਹਾਮਿਦ ਅੰਸਾਰੀ ਦੇ ਬਿਆਨ ਨੂੰ ਦੇਸ਼ ਨਾਲ ਵਿਸ਼ਵਾਸਘਾਤ ਦੱਸਿਆ ਗਿਆ ਹੈ। ਪ੍ਰਮੁੱਖ ਪ੍ਰਸ਼ਨ ਇਹ ਹੈ ਕਿ ਹਾਮਿਦ ਅੰਸਾਰੀ ਦੀ ਕਿਰਦਾਰਕੁਸ਼ੀ ਕਿਉਂ ਕੀਤੀ ਜਾ ਰਹੀ ਹੈ? ਇਸ ਦੇਸ਼ ਦੇ ਸਿਆਸਤਦਾਨਾਂ, ਚਿੰਤਕਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਇਹ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਹੈ ਕਿ ਸੱਤਾਧਾਰੀ ਪਾਰਟੀ ਵਿਰੁੱਧ ਕੁਝ ਵੀ ਬੋਲੇ ਜਾਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਸੱਤਾਧਾਰੀ ਪਾਰਟੀ ਜੋ ਕੁਝ ਵੀ ਕਰ ਰਹੀ ਹੈ, ਉਹ ਸਹੀ ਹੈ। ਸਾਬਕਾ ਉੱਪ-ਰਾਸ਼ਟਰਪਤੀ ਦੇ ਬਿਆਨ ਪ੍ਰਤੀ ਦਿਖਾਈ ਜਾ ਰਹੀ ਅਸਹਿਣਸ਼ੀਲਤਾ ਤੋਂ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਕੀ ਦੇਸ਼ ਦੇ ਕਿਸੇ ਨਾਗਰਿਕ ਨੂੰ ਕਿਸੇ ਕੌਮਾਂਤਰੀ ਮੰਚ ’ਤੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਨਹੀਂ ਹੈ।
        ਕਿਸੇ ਵੀ ਦੇਸ਼ ਦੀ ਸਿਆਸਤ ਵਿਚ ਉੱਭਰ ਰਹੇ ਰੁਝਾਨਾਂ ਅਤੇ ਉਨ੍ਹਾਂ ਤੋਂ ਪੈਦਾ ਹੋਣ ਵਾਲੀਆਂ ਆਸਾਂ-ਉਮੀਦਾਂ, ਸੰਭਾਵਨਾਵਾਂ, ਪਰੇਸ਼ਾਨੀਆਂ ਅਤੇ ਖ਼ਤਰਿਆਂ ਬਾਰੇ ਵਿਚਾਰ-ਵਟਾਂਦਰਾ ਕਰਨਾ ਜ਼ਰੂਰੀ ਹੈ। ਇਸ ਬਾਰੇ ਸਿਆਸਤਦਾਨਾਂ, ਚਿੰਤਕਾਂ, ਸਿਆਸੀ ਮਾਹਿਰਾਂ, ਸਮਾਜ-ਸ਼ਾਸਤਰੀਆਂ ਅਤੇ ਹੋਰ ਖੇਤਰਾਂ ਦੇ ਵਿਦਵਾਨਾਂ ਦੇ ਵਿਚਾਰ ਵੱਖੋ-ਵੱਖਰੇ ਹੋ ਸਕਦੇ ਹਨ ਪਰ ਅਜਿਹਾ ਵਿਚਾਰ-ਵਟਾਂਦਰਾ ਜਮਹੂਰੀਅਤ ਦੀ ਬੁਨਿਆਦੀ ਸ਼ਰਤ ਹੈ। ਜਮਹੂਰੀਅਤ ਦੀ ਭਾਵਨਾ ਵਿਚ ਇਹ ਵੀ ਨਿਹਿਤ ਹੈ ਕਿ ਅਸੀਂ ਉਨ੍ਹਾਂ ਵਿਅਕਤੀਆਂ ਦੀਆਂ ਭਾਵਨਾਵਾਂ ਦੀ ਕਦਰ ਕਰੀਏ ਜੋ ਬਹੁਗਿਣਤੀ ਦੇ ਵਿਚਾਰਾਂ ਨਾਲ ਸਹਿਮਤ ਨਹੀਂ।
        ਦੇਸ਼ ਦੀਆਂ ਜਮਹੂਰੀ ਤਾਕਤਾਂ ਜਾਣਦੀਆਂ ਹਨ ਕਿ ਸਾਨੂੰ ਅਤੇ ਸਾਡੇ ਸਮਾਜ ਨੂੰ ਧਾਰਮਿਕ ਅਤੇ ਸਮਾਜਿਕ ਅਸਹਿਣਸ਼ੀਲਤਾ ਦੀ ਘੁੰਮਣਘੇਰੀ ਵਿਚ ਸੁੱਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਜਿਹੀਆਂ ਕੋਸ਼ਿਸ਼ਾਂ ਦੀ ਪਛਾਣ ਅਤੇ ਵਿਰੋਧ ਕਰਨਾ ਹੀ ਦੇਸ਼ ਭਗਤੀ ਹੈ। ਦੇਸ਼ ਭਗਤੀ ਕਿਸੇ ਇਕ ਧਰਮ ਦੀ ਸਰਵ-ਸ੍ਰੇਸ਼ਟਤਾ ਦੀ ਵਿਚਾਰਧਾਰਾ ਨੂੰ ਸਵੀਕਾਰ ਕਰਨ ਵਿਚ ਨਹੀਂ ਹੈ ਸਗੋਂ ਸਭ ਧਰਮਾਂ, ਵਰਗਾਂ ਅਤੇ ਸ਼੍ਰੇਣੀਆਂ ਦੀ ਬਰਾਬਰੀ ਨੂੰ ਯਕੀਨੀ ਬਣਾਉਣ ਵਿਚ ਹੈ, ਵਿਤਕਰਿਆਂ ਵਿਰੁੱਧ ਅੱਖਾਂ ਮੀਟਣ ਵਿਚ ਨਹੀਂ ਸਗੋਂ ਵਿਤਕਰਿਆਂ ਵਿਰੁੱਧ ਸੰਘਰਸ਼ ਕਰਨ ਵਿਚ ਹੈ। ਹਾਮਿਦ ਅੰਸਾਰੀ ਦਾ ਬਿਆਨ ਇਕ ਦੇਸ਼ ਭਗਤ ਦਾ ਬਿਆਨ ਹੈ, ਦੇਸ਼ ਨੂੰ ਵੰਡਪਾਊ ਰੁਝਾਨਾਂ ਤੋਂ ਬਚਾਉਣ ਦੀ ਚਾਹਤ ਰੱਖਣ ਅਤੇ ਅਜਿਹੇ ਰੁਝਾਨਾਂ ਵਿਰੁੱਧ ਲੜਨ ਵਾਲੇ ਜ਼ਿੰਮੇਵਾਰ ਨਾਗਰਿਕ ਦਾ ਬਿਆਨ ਹੈ। ਦੇਸ਼ ਦੀਆਂ ਜਮਹੂਰੀ ਤਾਕਤਾਂ ਨੂੰ ਹਾਮਿਦ ਅੰਸਾਰੀ ਦਾ ਸਾਥ ਦਿੰਦਿਆਂ ਸੌੜੀ ਵਿਚਾਰਧਾਰਾ ਦੀ ਸਿਆਸਤ ਵਿਰੁੱਧ ਲੜਾਈ ਤੇਜ਼ ਕਰਨੀ ਚਾਹੀਦੀ ਹੈ। ਜਮਹੂਰੀਅਤ ਨੂੰ ਬਚਾਉਣ ਦਾ ਸਾਡੇ ਕੋਲ ਇਸ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ।