ਸੰਨਾਟਾ - ਰਮਿੰਦਰ ਫਰੀਦਕੋਟੀ

ਹਰਮੀਤ ਵੱਡੇ ਭਰਾ ਦਾ ਲਾਡਲਾ ਦੌੜਿਆ-ਦੌੜਿਆ ਆਇਆ ਤੇ ਕਹਿਣ ਲੱਗਾ, 'ਵੀਰ ਜੀ ਅੱਜ 31 ਦਸੰਬਰ ਹੈ ਤੇ ਨਵਾਂ ਸਾਲ ਚੜ੍ਹਨ ਵਾਲਾ ਹੈ। ਸਾਰੇ ਰਲਕੇ ਪਾਰਟੀ ਦਾ ਪ੍ਰਬੰਧ ਕਰਦੇ ਹਾਂ। ਵੱਡੇ ਭਰਾ ਨੇ ਸੋਚਿਆ ਪਾਰਟੀ ਨਾਲ ਕੁਝ ਸਕੂਨ ਮਿਲ ਜਾਊ ਇਸ ਦੌੜ ਭੱਜ ਵਾਲੀ ਜ਼ਿੰਦਗੀ ਵਿੱਚ। ਚਲੋ ਬੁਲਾਵਾ ਦੇ ਦਿੱਤਾ ਸਾਰੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ। ਸਾਰੇ ਨਵੇਂ ਸਾਲ ਦੀ ਪਾਰਟੀ ਵਿੱਚ ਮਗਨ ਸਨ। ਜਦੋਂ ਸਾਰੇ ਨੱਚ ਟੱਪ ਰਹੇ ਸਨ ਤਾਂ ਹਰਮੀਤ ਦਾ ਧਿਆਨ 80 ਸਾਲਾ ਦਾਦੀ ਜੀ ਤੇ ਪਿਆ। ਦਾਦੀ ਦੀਆਂ ਅੱਖਾਂ ਵਿੱਚ ਉਦਾਸੀ ਦੀ ਝਲਕ ਸੀ। ਝਟਪੱਟ ਦਾਦੀ ਜੀ ਕੋਲ ਉਦਾਸੀ ਦਾ ਕਾਰਨ ਲੱਭਣ ਵਾਸਤੇ ਪਹੁੰਚਿਆ। ਜਦੋਂ ਦਾਦੀ ਨੇ ਅੱਖਾਂ ਉਪਰ ਚੁੱਕੀਆਂ ਤਾਂ ਅੱਖਾਂ ਦੀ ਖਾਮੋਸ਼ੀ ਵਿੱਚੋਂ ਇੱਕ ਸੰਨਾਟਾ ਜਿਹਾ ਉਭਰਿਆ ਜੋ ਜ਼ਿੰਦਗੀ ਦੇ ਘਟੇ ਹੋਏ ਇਕ ਹੋਰ ਸਾਲ ਦੀ ਦੁਹਾਈ ਪਾ ਰਿਹਾ ਸੀ।

- ਰਮਿੰਦਰ ਫਰੀਦਕੋਟੀ
3 ਫਰੈਂਡਜ਼ ਐਵੀਨਿਊ,
ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋਬਾ : 98159-53929

2 Jan. 2018