ਸਿਆਸੀ ਭਾਸ਼ਾ - ਸਵਰਾਜਬੀਰ

ਦੇਸ਼ ਦੇ ਪੰਜ ਸੂਬਿਆਂ ’ਚ ਵਿਧਾਨ ਸਭਾਵਾਂ ਦੀਆਂ ਚੋਣਾਂ ਹੋ ਰਹੀਆਂ ਹਨ। ਹਰ ਸਿਆਸੀ ਸ਼ਖ਼ਸ ਸਿਆਸਤ ਕਰਨ ਵਿਚ ਰੁੱਝਿਆ ਹੋਇਆ ਹੈ, ਹਰ ਪਾਰਟੀ ਅਤੇ ਉਮੀਦਵਾਰ ਜਿੱਤਣਾ ਚਾਹੁੰਦੇ ਹਨ। ਜਿੱਤ-ਹਾਰ ਦੀ ਇਸ ਦੌੜ ਨੇ ਲੋਕਾਂ ਦੇ ਮਨਾਂ ਵਿਚ ਭੂਚਾਲ ਲਿਆਂਦਾ ਹੋਇਆ ਹੈ। ਇਸ ਅਫ਼ਰਾ-ਤਫ਼ਰੀ ਵਿਚ ਦੇਸ਼ ਦੇ ਕੁਝ ਜ਼ਿੰਮੇਵਾਰ ਵਿਅਕਤੀਆਂ ਨੂੰ ਇਹ ਫ਼ਿਕਰ ਹੈ ਕਿ ਲੋਕ ਸਿਆਸਤ ਵਿਚ ਉਲਝ ਕੇ ਧਰਮ ਅਤੇ ਧਾਰਮਿਕ ਭਾਵਨਾਵਾਂ ਤੋਂ ਦੂਰ ਨਾ ਚਲੇ ਜਾਣ। ਇਸੇ ਫ਼ਿਕਰ ਕਾਰਨ 2 ਫਰਵਰੀ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਗੋਆ ਦੇ ਦਾਬੋਲਿਮ ਵਿਧਾਨ ਸਭਾ ਹਲਕੇ ਵਿਚ ਭਾਸ਼ਣ ਦਿੰਦੇ ਹੋਏ ਧਰਮ ਅਤੇ ਧਾਰਮਿਕ ਭਾਵਨਾਵਾਂ ਨੂੰ ਲੋਕਾਂ ਦੇ ਧਿਆਨ ਦੇ ਕੇਂਦਰ ਵਿਚ ਲੈ ਆਂਦਾ ਹੈ। ਉਸ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚ ਈਸ਼ਵਰ ਦੇ ਅੰਸ਼/ਨਿਸ਼ਾਨ ਵੇਖਦੇ ਹਨ। ਚੌਹਾਨ ਅਨੁਸਾਰ ਮਹਾਰਿਸ਼ੀ ਅਰਵਿੰਦ (ਅਰਬਿੰਦੋ ਘੋਸ਼) ਨੇ ਜੋ ਕਲਪਨਾ ਕੀਤੀ ਸੀ ਕਿ ਵਿਅਕਤੀ ਸੁਪਰ ਹਿਊਮਨ (super human) ਬਣ ਸਕਦਾ ਹੈ, ਮੋਦੀ ਸੁਪਰ ਹਿਊਮਨ ਹਨ, ਉਹ ਅਨੰਤ ਸ਼ਕਤੀਆਂ ਦਾ ਭੰਡਾਰ ਹਨ। ਲੋਕਾਂ ਦਾ ਸਰਕਾਰ ਅਤੇ ਧਰਮ ਵਿਚ ਵਿਸ਼ਵਾਸ ਪੈਦਾ ਕਰਨ ਵਾਲਾ ਕੋਈ ਹੋਰ ਬਿਆਨ ਸ਼ਾਇਦ ਹੀ ਇਸ ਬਿਆਨ ਤੋਂ ਵਧੀਆ ਹੋ ਸਕੇ।
        ਇਹ ਬਿਆਨ ਭਾਰਤੀ ਜਨਤਾ ਪਾਰਟੀ ਦਾ ਕੋਈ ਸਾਧਾਰਨ ਕਾਰਕੁਨ ਨਹੀਂ ਦੇ ਰਿਹਾ, ਸ਼ਿਵਰਾਜ ਸਿੰਘ ਚੌਹਾਨ ਚੌਥੀ ਵਾਰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਿਆ ਹੈ, ਉਹ 14 ਸਾਲ ਲੋਕ ਸਭਾ ਦਾ ਮੈਂਬਰ ਰਿਹਾ ਹੈ, ਪਾਰਟੀ ਦਾ ਕੌਮੀ ਮੀਤ-ਪ੍ਰਧਾਨ ਹੈ। ਸਾਡੇ ਕੋਲ ਕੋਈ ਕਾਰਨ ਨਹੀਂ ਕਿ ਅਸੀਂ ਉਸ ਦੇ ਕਹੇ ’ਤੇ ਵਿਸ਼ਵਾਸ ਨਾ ਕਰੀਏ। ਜਿਹੜਾ ਵਿਅਕਤੀ 15 ਸਾਲਾਂ ਤੋਂ 7 ਕਰੋੜ ਤੋਂ ਵੱਧ ਦੇਸ਼ ਵਾਸੀਆਂ (ਮੱਧ ਪ੍ਰਦੇਸ਼ ਦੀ ਵਸੋਂ) ਦੀ ਅਗਵਾਈ ਕਰ ਰਿਹਾ ਹੈ, ਉਸ ’ਤੇ ਭਰੋਸਾ ਨਾ ਕਰਨਾ ਨਾ ਸਿਰਫ਼ ਨਾਦਾਨੀ ਹੋਵੇਗੀ ਸਗੋਂ ਅਜਿਹਾ ਕਰਕੇ ਅਸੀਂ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਣ ਦੇ ਦੋਸ਼ੀ ਬਣ ਸਕਦੇ ਹਾਂ।
      ਚੌਹਾਨ ਪ੍ਰਧਾਨ ਮੰਤਰੀ ਨੂੰ ਦੈਵੀ ਦੱਸਣ ਵਾਲਾ ਪਹਿਲਾ ਵਿਅਕਤੀ ਨਹੀਂ, ਇਹ ਰੁਝਾਨ ਕਾਫ਼ੀ ਦੇਰ ਤੋਂ ਮੌਜੂਦ ਹੈ। ਅਕਤੂਬਰ 2018 ਵਿਚ ਮਹਾਰਾਸ਼ਟਰ ਦੇ ਭਾਜਪਾ ਆਗੂ ਅਵਧੂਤ ਵਾਘ ਨੇ ਮੋਦੀ ਨੂੰ ਵਿਸ਼ਨੂੰ ਦਾ 11ਵਾਂ ਅਵਤਾਰ ਦੱਸਿਆ। ਅਗਸਤ 2020 ਵਿਚ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਪ੍ਰਧਾਨ ਮੰਤਰੀ ਨੂੰ ‘ਇਨਸਾਨ ਦੇ ਰੂਪ ਵਿਚ ਭਗਵਾਨ’ ਕਿਹਾ। ਮਾਰਚ 2021 ਵਿਚ ਅਰੁਣਾਚਲ ਪ੍ਰਦੇਸ਼ ਤੋਂ ਭਾਜਪਾ ਦੇ ਐੱਮਪੀ ਤਾਪੀਰ ਗਾਓ ਨੇ ਲੋਕ ਸਭਾ ਵਿਚ ਮੋਦੀ ਨੂੰ ਭਗਵਾਨ ਦਾ ਅਵਤਾਰ ਦੱਸਿਆ। ਜਨਵਰੀ 2022 ਵਿਚ ਮੱਧ ਪ੍ਰਦੇਸ਼ ਦੇ ਖੇਤੀ ਮੰਤਰੀ ਕਮਲ ਪਟੇਲ ਨੇ ਕਿਹਾ ਕਿ ਮੋਦੀ ‘ਅਵਤਾਰੀ ਪੁਰਸ਼’ ਅਤੇ ‘ਈਸ਼ਵਰ ਦਾ ਅਵਤਾਰ’ ਹੈ।
         ਸ਼ਾਸਕਾਂ ਨੂੰ ਦੈਵੀ ਦੱਸਣ ਦੀ ਪਰੰਪਰਾ ਬਹੁਤ ਪੁਰਾਤਨ ਹੈ। ਮਿਸਰ ਦੇ ਲੋਕ ਆਪਣੇ ਰਾਜਿਆਂ ਨੂੰ ਅਕਾਸ਼ ਅਤੇ ਸੂਰਜ ਦੇ ਦੇਵਤੇ ਸਮਝਦੇ ਸਨ, ਮੈਸੋਪੋਟੇਮੀਆ ਦੇ ਲੋਕ ਝੱਖੜਾਂ ਅਤੇ ਮੌਸਮਾਂ ਦੇ ਦੇਵਤੇ, ਇਰਾਨੀ ਰਾਜੇ ਨੂੰ ਸੂਰਜ ਦਾ ਅਵਤਾਰ ਮੰਨਦੇ ਸਨ। ਅਫ਼ਰੀਕਾ ਤੋਂ ਲੈ ਕੇ ਜਪਾਨ ਤਕ ਅਜਿਹੀਆਂ ਧਾਰਨਾਵਾਂ ਪ੍ਰਚਲਿਤ ਰਹੀਆਂ ਹਨ ਜਿਨ੍ਹਾਂ ਵਿਚ ਰਾਜਿਆਂ ਨੂੰ ਦੇਵਤੇ ਜਾਂ ਅਵਤਾਰ ਮੰਨਿਆ ਜਾਂਦਾ ਸੀ। ਸਿਕੰਦਰ ਦੇ ਪਿਤਾ ਫਿਲਿਪ (ਦੂਸਰਾ) ਨੇ ਇਕ ਮੰਦਰ ਵਿਚ ਆਪਣੀ ਮੂਰਤੀ ਯੂਨਾਨੀ ਦੇਵਤਿਆਂ ਦੇ ਨਾਲ ਰਖਵਾਈ ਅਤੇ ਸਿਕੰਦਰ ਖ਼ੁਦ ਇਹ ਦਾਅਵਾ ਕਰਦਾ ਸੀ ਕਿ ਪੁਰਾਤਨ ਯੂਨਾਨੀ ਮਹਾਂਦੇਵ ਜ਼ੀਉਸ (Zeus) ਉਸ ਦਾ ਅਸਲੀ ਪਿਤਾ ਸੀ। ਹਜ਼ਾਰਾਂ ਸਾਲਾਂ ਤੋਂ ਰਾਜੇ-ਮਹਾਰਾਜੇ ਆਪਣੇ ਦੈਵੀ ਹੋਣ ਦੀ ਦਲੀਲ ਇਹ ਪ੍ਰਭਾਵ ਪਾਉਣ ਲਈ ਵਰਤਦੇ ਰਹੇ ਹਨ ਕਿ ਉਹ ਭਗਵਾਨ ਨੂੰ ਜਵਾਬਦੇਹ ਹਨ, ਲੋਕਾਂ ਨੂੰ ਨਹੀਂ। ਧਾਰਮਿਕ ਗ੍ਰੰਥਾਂ ਵਿਚ ਵੀ ਭਗਵਾਨ ਅਤੇ ਸਮਰਾਟਾਂ ਵਿਚਲੇ ਸਬੰਧਾਂ ਨੂੰ ਦੈਵੀ ਦੱਸਿਆ ਗਿਆ ਹੈ। 16ਵੀਂ ਸਦੀ ਤੋਂ ਬਾਅਦ ਅਜਿਹੇ ਵਿਸ਼ਵਾਸਾਂ ਨੂੰ ਵੱਡੇ ਪੱਧਰ ’ਤੇ ਵੰਗਾਰਿਆ ਗਿਆ ਅਤੇ ਸਮਾਜਿਕ ਇਕਰਾਰਨਾਮੇ (Social Contract) ਦੇ ਸਿਧਾਂਤਕਾਰਾਂ ਰੂਸੋ, ਹਾਬਜ਼ ਅਤੇ ਲਾਕ (Locke) ਨੇ ਵਿਚਾਰਧਾਰਕ ਪੱਧਰ ’ਤੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਸ਼ਾਸਕ ਅਤੇ ਸਮਾਜ ਵਿਚਲਾ ਰਿਸ਼ਤਾ ਇਕ ਤਰ੍ਹਾਂ ਦਾ ਇਕਰਾਰਨਾਮਾ (Contract) ਹੈ, ਇਨ੍ਹਾਂ ਵਿਚਾਰਧਾਰਾਵਾਂ ਵਿਚ ਇਹ ਨਿਹਿਤ ਸੀ ਕਿ ਸ਼ਾਸਕ ਦੈਵੀ ਨਹੀਂ ਹਨ।
     ਮਿਥਿਹਾਸਕ, ਧਾਰਮਿਕ ਅਤੇ ਅਧਿਆਤਮਕ ਦਲੀਲਾਂ ਦੇ ਕਈ ਕਾਰਜ ਹੁੰਦੇ ਹਨ, ਉਨ੍ਹਾਂ ਦੀ ਆਪਣੀ ਸਮਾਜਿਕਤਾ ਹੁੰਦੀ ਹੈ। ਜਦ ਸਾਡੇ ਅਧਿਆਤਮਕ ਰਹਿਬਰ, ਸੰਤ ਜਾਂ ਸੂਫ਼ੀ ਇਹ ਦਲੀਲ ਦਿੰਦੇ ਹਨ ਕਿ ਉਨ੍ਹਾਂ ਅਨੁਸਾਰ ਹਰ ਮਨੁੱਖ ਵਿਚ ਭਗਵਾਨ ਜਾਂ ਭਗਵਾਨ ਦਾ ਅੰਸ਼ ਹੈ ਤਾਂ ਉਸ ਦਲੀਲ ਦਾ ਮੰਤਵ ਇਨਸਾਨੀ ਬਰਾਬਰੀ ਦੇ ਸਿਧਾਂਤ ਨੂੰ ਸਥਾਪਿਤ ਕਰਨਾ ਹੈ। ਜਦ ਇਕ ਹੰਢਿਆ ਸਿਆਸਤਦਾਨ ਇਹ ਕਹਿੰਦਾ ਹੈ ਕਿ ਉਸ ਨੂੰ ਕਿਸੇ ਸਿਆਸਤਦਾਨ ਵਿਚ ਭਗਵਾਨ ਦਾ ਅੰਸ਼ ਦਿਖਾਈ ਦਿੰਦਾ ਹੈ ਤਾਂ ਉਸ ਦੇ ਮੰਤਵ ਕੁਝ ਇਸ ਤਰ੍ਹਾਂ ਦੇ ਹੋਣਗੇ : ਲੋਕਾਂ ਦੇ ਮਨਾਂ ਵਿਚ ਉਸ ਸਿਆਸਤਦਾਨ ਦਾ ਦੈਵੀ ਅਕਸ ਬਣਾਉਣਾ, ਸ਼ਖ਼ਸੀ ਪੂਜਾ (Personality cult) ਵੱਲ ਵਧਣਾ; ਸਬੰਧਿਤ ਸਿਆਸਤਦਾਨ ਨੂੰ ਅਜਿਹੀ ਧਾਰਮਿਕ ਸ਼ਖ਼ਸੀਅਤ ਬਣਾ ਕੇ ਪੇਸ਼ ਕਰਨਾ ਜਿਹੜੀ ਸਮਾਜਿਕ ਧਰਾਤਲ ਤੋਂ ਏਨੀ ਉੱਚੀ ਹੋਵੇ ਕਿ ਲੋਕ ਉਸ ’ਤੇ ਕੋਈ ਸਵਾਲ ਨਾ ਕਰਨ। ਇਹ ਦਲੀਲ ਵੀ ਦਿੱਤੀ ਜਾ ਸਕਦੀ ਹੈ ਕਿ ਚੌਹਾਨ ਅਜਿਹਾ ਕੁਝ ਨਾ ਚਾਹ ਕੇ ਸਿਰਫ਼ ਪ੍ਰਧਾਨ ਮੰਤਰੀ ਦੀ ਖੁਸ਼ਾਮਦ ਕਰ ਰਿਹਾ ਹੈ ਪਰ ਪ੍ਰਮੁੱਖ ਪ੍ਰਸ਼ਨ ਇਹ ਹੈ ਕਿ ਭਾਜਪਾ ਚੌਹਾਨ ਦੇ ਅਜਿਹੇ ਬਿਆਨ ’ਤੇ ਕਿੰਤੂ ਕਿਉਂ ਨਹੀਂ ਕਰਦੀ, ਉਸ ਨੂੰ ਇਹ ਕਿਉਂ ਨਹੀਂ ਪੁੱਛਿਆ ਜਾਂਦਾ ਕਿ ਉਹ ਲੋਕਾਂ ਨੂੰ ਭੰਬਲਭੂਸਿਆਂ ਵਿਚ ਪਾ ਕੇ ਉਨ੍ਹਾਂ ਨੂੰ ਤਰਕਹੀਣਤਾ ਵੱਲ ਕਿਉਂ ਲਿਜਾ ਰਿਹਾ ਹੈ। ਭਾਜਪਾ ਅਜਿਹਾ ਕੁਝ ਨਹੀਂ ਕਰੇਗੀ ਕਿਉਂਕਿ ਅਜਿਹੀ ਸ਼ਰਧਾਮਈ ਭਾਸ਼ਾ ਦੀ ਵਰਤੋਂ ਉਸ ਦੇ ਹਿੱਤ ਵਿਚ ਹੈ। ਭਾਰਤ ਵਿਚ ਬਹੁਗਿਣਤੀ ਲੋਕ ਪਰਮਾਤਮਾ ਵਿਚ ਵਿਸ਼ਵਾਸ ਕਰਦੇ ਹਨ। ਸਵਾਲ ਇਹ ਹੈ ਕਿ ਉਨ੍ਹਾਂ ਦੇ ਵਿਸ਼ਵਾਸ ਦਾ ਗ਼ਲਤ ਫ਼ਾਇਦਾ ਕਿਉਂ ਉਠਾਇਆ ਜਾਂਦਾ ਹੈ।
      ਬੁੱਧਵਾਰ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ‘‘ਦੇਵੀ ਲਕਸ਼ਮੀ (ਧਨ ਦੀ ਦੇਵੀ) ਪਿਛਲੇ ਦੋ ਵਰ੍ਹਿਆਂ ਵਿਚ ਕੋਵਿਡ ਦੇ ਦੌਰਾਨ ਕਮਲ ’ਤੇ ਬੈਠ ਕੇ ਹਰ ਘਰ ’ਚ ਪਹੁੰਚੀ। ਇਹ ਪੀਐੱਮ ਮੋਦੀ ਦੀ ਵਜ੍ਹਾ ਨਾਲ ਹੀ ਸੰਭਵ ਹੋਇਆ।’’ ਦਲੀਲ ਦਿੱਤੀ ਜਾ ਸਕਦੀ ਹੈ ਕਿ ਗ੍ਰਹਿ ਮੰਤਰੀ ਸਿਰਫ਼ ਏਨਾ ਕਹਿਣਾ ਚਾਹੁੰਦਾ ਹੈ ਕਿ ਪ੍ਰਧਾਨ ਮੰਤਰੀ ਕਰਕੇ ਹੀ ਦੇਸ਼ ਦੇ ਹਰ ਘਰ ਨੂੰ ਸਰਕਾਰੀ ਸਕੀਮਾਂ ਤਹਿਤ ਮਾਇਕ ਸਹਾਇਤਾ ਮਿਲੀ ਅਤੇ ਹਰ ਘਰ-ਪਰਿਵਾਰ ਨੇ ਆਰਥਿਕ ਤੌਰ ’ਤੇ ਤਰੱਕੀ ਕੀਤੀ। ਇਹ ਸਵਾਲ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਗ੍ਰਹਿ ਮੰਤਰੀ ਇਸ ਨੂੰ ਸਰਲ ਸ਼ਬਦਾਂ ਵਿਚ ਨਾ ਕਹਿ ਕੇ ਧਾਰਮਿਕ ਭਾਸ਼ਾ ਵਿਚ ਕਿਉਂ ਕਹਿ ਰਿਹਾ ਹੈ। ਇਸ ਦਾ ਜਵਾਬ ਇਹ ਹੈ ਕਿ ਜੇ ਇਹ ਗੱਲ ਸਰਲ ਭਾਸ਼ਾ ਵਿਚ ਕਹੀ ਜਾਵੇ ਤਾਂ ਹਰ ਘਰ-ਪਰਿਵਾਰ ਸਵਾਲ ਉਠਾਏਗਾ, ਦੱਸੇਗਾ ਕਿਵੇਂ ਰੁਜ਼ਗਾਰ ਖ਼ਤਮ ਹੋਏ ਹਨ, ਆਮਦਨ ਘਟੀ ਹੈ, ਪੂਰੀ ਉਜਰਤ ਨਹੀਂ ਮਿਲਦੀ, ਕਾਰੋਬਾਰ ਘਟਿਆ ਹੈ, ਦੁਕਾਨਾਂ ’ਤੇ ਗਾਹਕ ਨਹੀਂ ਆਉਂਦੇ, ਉਨ੍ਹਾਂ ਕੋਲ ਜ਼ਰੂਰੀ ਵਸਤਾਂ ਖ਼ਰੀਦਣ ਲਈ ਪੈਸੇ ਨਹੀਂ ਹਨ, ਮਹਿੰਗਾਈ ਵਧੀ ਹੈ, ਦਿਹਾੜੀਦਾਰਾਂ ਨੂੰ ਅਗਲੇ ਦਿਨ ਦੇ ਰੁਜ਼ਗਾਰ ਦੀ ਚਿੰਤਾ ਹੈ ਆਦਿ। ਸਵਾਲ-ਦਰ-ਸਵਾਲ ਪੈਦਾ ਹੋਣਗੇ ਅਤੇ ਪੁੱਛੇ ਜਾਣਗੇ ਪਰ ਜੇ ਤੁਸੀਂ ਸਾਧਾਰਨ ਭਾਰਤੀ ਨੂੰ ਇਹ ਪੁੱਛੋ ਕਿ ਧਨ ਦੀ ਦੇਵੀ ਲੱਛਮੀ ਨੇ ਉਸ ਦੇ ਘਰ ਪੈਰ ਪਾਏ ਜਾਂ ਨਹੀਂ ਤਾਂ ਉਹ ਸ਼ਸ਼ੋਪੰਜ ਵਿਚ ਪੈ ਜਾਵੇਗਾ, ਉਹ ਭਾਵੇਂ ਨਿਰਧਨਤਾ ਤੋਂ ਨਿਰਧਨਤਾ ਵੱਲ ਵਧ ਰਿਹਾ ਹੋਵੇ, ਭਾਵੇਂ ਘਰ ਅਗਲੇ ਡੰਗ ਖਾਣ ਲਈ ਭੋਜਨ ਨਾ ਹੋਵੇ ਤਾਂ ਵੀ ਉਹ ਇਹ ਨਹੀਂ ਕਹਿਣਾ ਚਾਹੇਗਾ ਕਿ ਦੇਵੀ ਲੱਛਮੀ ਦੀ ਕ੍ਰਿਪਾ-ਦ੍ਰਿਸ਼ਟੀ ਉਸ ’ਤੇ ਨਹੀਂ ਹੈ, ਉਹ ਅਜਿਹਾ ਕਹਿਣ ਦੀ ਹਿੰਮਤ ਨਹੀਂ ਕਰ ਸਕਦਾ ਅਤੇ ਇਸ ਤਰ੍ਹਾਂ ਸਿਆਸਤਦਾਨ ਅਮਿਤ ਸ਼ਾਹ ਨੂੰ ਸਵਾਲ ਵੀ ਨਹੀਂ ਪੁੱਛ ਸਕਦਾ। ਧਾਰਮਿਕ ਭਾਸ਼ਾ ਸਿਆਸਤਦਾਨ ਦਾ ਕਾਰਜ ਸੁਆਰ ਰਹੀ ਹੈ, ਨਾਗਰਿਕਾਂ ਨੂੰ ਸ਼ਸ਼ੋਪੰਜ ਵਿਚ ਪਾ ਰਹੀ ਹੈ।
      ਅਧਿਆਤਮਕ ਅਤੇ ਧਾਰਮਿਕ ਹੋਣਾ ਸਭ ਦਾ ਅਧਿਕਾਰ ਹੈ ਪਰ ਕੀ ਧਾਰਮਿਕ ਵਿਸ਼ਵਾਸਾਂ ਕਾਰਨ ਲੋਕਾਂ ਨੂੰ ਧੋਖਾ ਦਿੱਤਾ ਜਾ ਸਕਦਾ ਹੈ? ਆਗੂਆਂ ਨੇ ਲੋਕਾਂ ਨੂੰ ਧਾਰਮਿਕ ਧੁੰਦਲਕੇ ਵਿਚ ਰੱਖਣ ਨੂੰ ਸਿਆਸੀ ਕਾਰੋਬਾਰ ਬਣਾ ਲਿਆ ਹੈ। ਧਾਰਮਿਕ ਭਾਸ਼ਾ ਵਿਚ ਲੋਕਾਂ ਨਾਲ ਸੰਵਾਦ ਕਰਨ ਦਾ ਵੀ ਸਭ ਨੂੰ ਹੱਕ ਹੈ ਪਰ ਕੀ ਧਾਰਮਿਕ ਭਾਸ਼ਾ ਵਰਤ ਕੇ ਲੋਕਾਂ ਨੂੰ ਵਰਗਲਾਉਣ ਦਾ ਅਧਿਕਾਰ ਕਿਸੇ ਨੂੰ ਹੈ?
       ਅੰਗਰੇਜ਼ੀ ਦੇ ਉੱਘੇ ਨਾਵਲਕਾਰ ਜਾਰਜ ਓਰਵੈੱਲ ਨੇ 1946-47 ਵਿਚ ਆਪਣੇ ਲੇਖ ‘ਸਿਆਸਤ ਅਤੇ ਅੰਗਰੇਜ਼ੀ ਭਾਸ਼ਾ (Politics and The English Language)’ ਵਿਚ ਕਿਹਾ ਸੀ, ‘‘ਸਿਆਸੀ ਭਾਸ਼ਾ ਇਸ ਤਰ੍ਹਾਂ ਬਣਾਈ ਜਾਂਦੀ ਹੈ ਕਿ ਇਹ ਝੂਠ ਨੂੰ ਸੱਚ, ਕਤਲ ਨੂੰ ਸਨਮਾਨਯੋਗ ਅਤੇ ਹਵਾਈ ਕਿਲ੍ਹਿਆਂ ਨੂੰ ਠੋਸ ਹਕੀਕਤਾਂ ਬਣਾ ਕੇ ਪੇਸ਼ ਕਰੇ।’’ ਇਸ ਲੇਖ ਵਿਚ ਉਸ ਨੇ ਮੰਨਿਆ ਕਿ ਭਾਸ਼ਾ ਦੇ ਪਤਨ ਦੇ ਸਿਆਸੀ ਅਤੇ ਆਰਥਿਕ ਕਾਰਨ ਹੁੰਦੇ ਹਨ ਪਰ ਨਾਲ ਇਹ ਚਿਤਾਵਨੀ ਵੀ ਦਿੱਤੀ ਕਿ ਭਾਸ਼ਾ ਵਿਚ ਹੋ ਰਹੀ ਅਧੋਗਤੀ ਵੀ ਸਿਆਸੀ ਪਤਨ ਵਿਚ ਹਿੱਸਾ ਪਾਉਂਦੀ ਹੈ। ਓਰਵੈੱਲ ਅਨੁਸਾਰ ਸਿਆਸੀ ਪੁਨਰ-ਜਾਗਰਣ ਲਈ ਜ਼ਰੂਰੀ ਹੈ ਕਿ ਅਸੀਂ ਅਰਥਾਂ ਨੂੰ ਧੁੰਦਲੇ ਕਰਨ ਵਾਲੀ ਭਾਸ਼ਾ ਤੋਂ ਮੁਕਤ ਹੋਈਏ। ਓਰਵੈੱਲ ਨੇ ਕਿਹਾ ਕਿ ਜੇ ਤੁਸੀਂ ਆਪਣੀ ਭਾਸ਼ਾ ਨੂੰ ਸਰਲ ਕਰ ਲਵੋ ਤਾਂ ‘‘ਤੁਹਾਨੂੰ ਕੱਟੜਤਾ ਦੀਆਂ ਸਭ ਤੋਂ ਭਿਆਨਕ ਮੂਰਖਤਾਈਆਂ/ਬੇਵਕੂਫ਼ੀਆਂ ਤੋਂ ਮੁਕਤੀ ਮਿਲ ਸਕਦੀ ਹੈ।’’ ਸਾਡੇ ਆਗੂਆਂ ਦੀ ਸਮੱਸਿਆ ਇਹ ਹੈ ਕਿ ਉਹ ਕੱਟੜਪੰਥੀ ਸੋਚ ਨੂੰ ਵਧਾਉਣ ਅਤੇ ਲੋਕਾਂ ਦੇ ਪ੍ਰਸ਼ਨਾਂ ਤੋਂ ਬਚਣ ਲਈ ਧੁੰਦਲੀ, ਅਸਪੱਸ਼ਟ ਅਤੇ ਭੜਕਾਊ ਭਾਸ਼ਾ ਵਰਤਦੇ ਹਨ। ਓਰਵੈੱਲ ਦੀ ਧਾਰਨਾ ਸੀ ਕਿ ਅਸੀਂ ਘੱਟੋ ਘੱਟ ਇਹ ਤਾਂ ਕਰ ਹੀ ਸਕਦੇ ਹਾਂ ਕਿ ਆਪਣੇ ਵਿਚਾਰਾਂ ਨੂੰ ਸਪੱਸ਼ਟ ਭਾਸ਼ਾ ਵਿਚ ਕਹਿਣਾ/ਲਿਖਣਾ ਸ਼ੁਰੂ ਕਰੀਏ। ਸਿਆਸੀ, ਸਮਾਜਿਕ ਅਤੇ ਸੱਭਿਆਚਾਰਕ ਮੋਰਚਿਆਂ ’ਤੇ ਲੜ ਰਹੇ ਚਿੰਤਕਾਂ, ਵਿਦਵਾਨਾਂ, ਸਮਾਜਿਕ ਕਾਰਕੁਨਾਂ ਅਤੇ ਜਮਹੂਰੀ ਸ਼ਕਤੀਆਂ ਨੂੰ ਭਾਸ਼ਾ ਦੇ ਮੋਰਚੇ ’ਤੇ ਵੀ ਲੜਨਾ ਪੈਣਾ ਹੈ, ਆਪਣੀਆਂ ਦਲੀਲਾਂ ਨੂੰ ਲੋਕਾਂ ਤਕ ਸਪੱਸ਼ਟ ਭਾਸ਼ਾ ਵਿਚ ਪਹੁੰਚਾਉਣਾ ਅਤੇ ਸਿਆਸੀ ਆਗੂਆਂ ਨੂੰ ਫੋਕੇ ਦਾਅਵਿਆਂ ਦੀ ਭਾਸ਼ਾ ਬੋਲਣ ਤੋਂ ਰੋਕਣਾ ਵੱਡੀਆਂ ਚੁਣੌਤੀਆਂ ਹਨ।