ਲਾਵਾਰਿਸ ਕੌਣ? - ਨਿਰਮਲ ਸਿੰਘ ਕੰਧਾਲਵੀ

ਪਿੰਡ ਤੋਂ ਸ਼ਹਿਰ ਨੂੰ ਜਾਂਦਿਆਂ ਰਾਹ ਵਿਚ ਇਕ ਪਿੰਡ ਦੇ ਕੋਲ਼ ਲਾਰੀ ਦਾ ਐਕਸੀਡੈਂਟ ਦੇਖ ਕੇ ਮੈਂ ਡਰਾਈਵਰ ਨੂੰ ਕਾਰ ਰੋਕਣ ਲਈ ਕਿਹਾ ਤਾਂ ਉਹ ਕਹਿਣ ਲੱਗਾ, “ ਭਾਅ ਜੀ, ਇਸ ਐਕਸੀਡੈਂਟ ਹੋਏ ਨੂੰ ਤਾਂ ਦੋ ਹਫ਼ਤੇ ਹੋ ਚੱਲੇ ਆ, ਇਹਦਾ ਕੀ ਦੇਖਣਾ।”
ਇਸ ਐਕਸੀਡੈਂਟ ਦੀ ਖ਼ਬਰ ਅਖ਼ਬਾਰਾਂ ਵਿਚ ਵੀ ਆ ਚੁੱਕੀ ਸੀ।  
ਮੇਰੇ ਦੁਬਾਰਾ ਕਹਿਣ ‘ਤੇ ਉਹਨੇ ਕਾਰ ਰੋਕ ਲਈ। ਬੜਾ ਭਿਆਨਕ ਦ੍ਰਿਸ਼ ਸੀ। ਲਾਰੀ ਏਨੀ ਜ਼ੋਰ ਨਾਲ ਟਾਹਲੀ ‘ਚ ਵੱਜੀ ਹੋਈ ਸੀ ਕਿ ਟਾਹਲੀ ਦਾ ਤਣਾ ਤਕਰੀਬਨ ਚਾਰ ਫੁੱਟ ਲਾਰੀ ਦੇ ਅੰਦਰ ਧਸਿਆ ਹੋਇਆ ਸੀ ਅਤੇ ਇਸ ਨੇ ਸੜਕ ਦਾ ਕਾਫੀ ਸਾਰਾ ਹਿੱਸਾ ਰੋਕਿਆ ਹੋਇਆ ਸੀ। ਲੋਕਾਂ ਨੂੰ ਖ਼ਤਰੇ ਦੀ ਸੂਚਨਾ ਦੇਣ ਲਈ ਲਾਰੀ ਦੇ ਆਲੇ ਦੁਆਲੇ ਕੁਝ ਕੁ ਇੱਟਾਂ ਤੇ ਕੁਝ ਟਾਹਣੀਆਂ ਰੱਖੀਆਂ ਹੋਈਆਂ ਸਨ। ਹਨ੍ਹੇਰੇ ‘ਚ ਲੋਕਾਂ ਨੂੰ ਖ਼ਬਰਦਾਰ ਕਰਨ ਲਈ ਕੋਈ ਇੰਤਜ਼ਾਮ ਨਹੀਂ ਸੀ।
ਲੋਕਾਂ ਨੇ ਆਪਣੇ ਵਾਹਨ ਲੰਘਾਉਣ ਲਈ ਖ਼ਤਾਨਾਂ ਵਿਚੀਂ ਰਾਹ ਬਣਾ ਲਿਆ ਹੋਇਆ ਸੀ।
ਮੈਨੂੰ ਲਾਰੀ ਦੇ ਆਲੇ ਦੁਆਲੇ ਘੁੰਮਦਿਆਂ ਦੇਖ ਕੇ ਕੁਝ ਲੋਕ ਆ ਇਕੱਠੇ ਹੋਏ। ਉਨ੍ਹਾਂ ਨੇ ਸ਼ਾਇਦ ਸਮਝਿਆ ਕਿ ਮੈਂ ਲਾਰੀ ਦਾ ਮਾਲਕ ਸਾਂ ਜਾਂ ਐਕਸੀਡੈਂਟ ਦੀ ਪੜਤਾਲ ਕਰਨ ਵਾਲਾ ਕੋਈ ਅਫ਼ਸਰ। ਮੇਰੇ ਪੁੱਛਣ ‘ਤੇ ਇਕ ਵਿਅਕਤੀ ਨੇ ਮੈਨੂੰ ਦੱਸਿਆ ਕਿ ਇਸ ਐਕਸੀਡੈਂਟ ਵਿਚ ਡਰਾਈਵਰ ਸਣੇ ਛੇ ਸਵਾਰੀਆਂ ਤਾਂ ਥਾਂ ‘ਤੇ ਹੀ ਦਮ ਤੋੜ ਗਈਆਂ ਸਨ, ਦੋ ਹਸਪਤਾਲ ਜਾ ਕੇ ਅਤੇ ਹੋਰ ਕਈਆਂ ਦੇ ਗੰਭੀਰ ਸੱਟਾਂ ਲੱਗੀਆਂ ਸਨ। ਮੈਂ ਜਦੋਂ ਉਸ ਵਿਅਕਤੀ ਨੂੰ ਪੁੱਛਿਆ ਕਿ ਕੀ ਲਾਰੀ ਇਸ ਕਰਕੇ ਇਥੋਂ ਹਟਾਈ ਨਹੀਂ ਜਾ ਰਹੀ ਕਿ ਇੰਸ਼ੋਰੈਂਸ ਵਾਲੇ ਜਾਂ ਪੁਲਿਸ ਦਾ ਮਹਿਕਮਾ ਐਕਸੀਡੈਂਟ ਦੀ ਪੜਤਾਲ ਕਰ ਰਿਹਾ ਹੋਵੇਗਾ।
ਮੇਰੀ ਗੱਲ ਸੁਣ ਕੇ ਉਸ ਵਿਅਕਤੀ ਨੇ ਬੜੇ ਅਚੰਭੇ ਨਾਲ ਮੇਰੇ ਵਲ ਦੇਖਿਆ ਅਤੇ ਬੋਲਿਆ, “  ਸਰਦਾਰ ਜੀ, ਭੋਲ਼ੀਆਂ ਗੱਲਾਂ ਕਰਦੇ ਹੋ, ਪੁਲਿਸ ਵਾਲੇ ਤਾਂ ਐਕਸੀਡੈਂਟ ਵਾਲੇ ਦਿਨ ਹੀ ਆਏ ਸਨ ਤੇ ਲਾਸ਼ਾਂ ਅਤੇ ਜ਼ਖ਼ਮੀਆਂ ਨੂੰ  ਹਸਪਤਾਲ ਪਹੁੰਚਾ ਕੇ ਮੁੜ ਨਹੀਂ ਬਹੁੜੇ। ਪਿੰਡ ਦੀ ਪੰਚਾਇਤ ਕਈ ਵਾਰੀ ਥਾਣੇ ਜਾ ਕੇ  ਬੇਨਤੀ ਕਰ ਚੁੱਕੀ ਹੈ ਕਿ ਲਾਰੀ ਸੜਕ ‘ਚੋਂ ਪਾਸੇ ਕਰਵਾਈ ਜਾਵੇ ਪਰ ਪੁਲਿਸ ਵਾਲੇ ਕਹਿੰਦੇ ਹਨ ਕਿ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਨਹੀਂ।”
“ਪਰ ਆਖਰ ਲਾਰੀ ਦਾ ਕੋਈ ਤਾਂ ਮਾਲਕ ਹੋਵੇਗਾ ਹੀ,” ਮੈਂ ਹੈਰਾਨੀ ਜ਼ਾਹਰ ਕਰਦਿਆਂ ਉਸ ਵਿਅਕਤੀ ਨੂੰ ਕਿਹਾ। ਪੱਛਮੀ ਦੇਸ਼ਾਂ ਦਾ ਪ੍ਰਬੰਧ ਵਾਰ ਵਾਰ ਮੇਰੀਆਂ ਅੱਖਾਂ ਅੱਗੇ ਆ ਰਿਹਾ ਸੀ ਜਿੱਥੇ ਹਾਦਸਾ ਹੋਣ ਵੇਲੇ ਸਭ ਤੋਂ ਪਹਿਲਾਂ ਜ਼ਖ਼ਮੀਆਂ ਦੀ ਸੰਭਾਲ ਕੀਤੀ ਜਾਂਦੀ ਹੈ ਤੇ ਨਾਲ਼ ਨਾਲ਼ ਸੜਕ ਦੀ ਆਵਾਜਾਈ ਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਂਦਾ ਹੈ।
 ਉਹ ਥੋੜ੍ਹਾ ਜਿਹਾ ਮੁਸਕਰਾ ਕੇ ਕਹਿਣ ਲੱਗਾ, “ ਤੁਹਾਨੂੰ ਲਾਰੀ ਦੇ ਆਲੇ ਦੁਆਲੇ ਘੁੰਮਦਿਆਂ ਦੇਖ ਕੇ ਅਸੀਂ ਤਾਂ ਸਮਝਿਆ ਸੀ ਕਿ ਸ਼ਾਇਦ ਲਾਰੀ ਦੇ ਮਾਲਕ ਆ ਗਏ ਹਨ। ਪੁਲਿਸ ਵਾਲੇ ਕਹਿੰਦੇ ਆ ਜੀ ਕਿ ਇਹ ਲਾਵਾਰਿਸ ਲਾਰੀ ਹੈ ਇਸ ਦਾ ਕੋਈ ਮਾਲਕ ਨਹੀਂ।”
ਮੈਂ ਕਿਹਾ, “ ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਤਾਂ ਕਈ ਵਾਰੀ ਸੁਣੀਂਦਾ ਸੀ ਕਿ ਲਾਵਾਰਿਸ ਲਾਸ਼ ਦਾ ਮਿਉਂਸੀਪਲ ਕਮੇਟੀ ਵਾਲਿਆਂ ਨੇ ਸਸਕਾਰ ਕੀਤਾ ਜਾਂ ਲਾਵਾਰਿਸ ਸਾਮਾਨ ਬਾਰੇ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਤੇ ਹਵਾਈ ਅੱਡਿਆਂ ਆਦਿ ‘ਤੇ ਮੁਸਾਫ਼ਰਾਂ ਨੂੰ ਖ਼ਬਰਦਾਰ ਕੀਤਾ ਜਾਂਦਾ ਹੈ ਪਰ ਕਦੀ ਲਾਵਾਰਿਸ ਲਾਰੀ ਬਾਰੇ ਨਹੀਂ ਸੀ ਸੁਣਿਆਂ।”
ਮੈਂ ਮਰਨ ਵਾਲਿਆਂ ਦੀ ਰੂਹ ਦੀ ਸ਼ਾਂਤੀ ਲਈ ਮਨ ਵਿਚ ਅਰਦਾਸ ਕੀਤੀ ਅਤੇ ਕਾਰ ਵਿਚ ਆ ਬੈਠਾ। ਡਰਾਈਵਰ ਕਹਿਣ ਲੱਗਾ, “ ਭਾਅ ਜੀ, ਇਥੇ ਸੈਂਕੜੇ ਹਜ਼ਾਰਾਂ ਪ੍ਰਾਈਵੇਟ ਲਾਰੀਆਂ ਬਿਨਾਂ ਕਾਗਜ਼ਾਂ-ਪੱਤਰਾਂ ਦੇ ਚਲਦੀਆਂ ਹਨ, ਨਾ ਪਰਮਿਟ ਹਨ ਨਾ ਇੰਸ਼ੋਰੈਂਸ ਅਤੇ ਬਹੁਤੀਆਂ ਤਾਂ ਸੜਕ ‘ਤੇ ਲਿਆਉਣ ਦੇ ਯੋਗ ਵੀ ਨਹੀਂ ਹੁੰਦੀਆਂ।”
“ਪਰ ਇਹ ਕਿਨ੍ਹਾਂ ਲੋਕਾਂ ਦੀਆਂ ਹਨ?” ਮੈਂ ਉਹਨੂੰ ਪੁੱਛਿਆ।
“ਸਿਆਸੀ ਪਹੁੰਚ ਵਾਲੇ ਲੋਕਾਂ ਦੀਆਂ, ਹੋਰ ਕੇਹਦੀਆਂ ਹੋਣੀਆਂ ਜੀ, ਹੋਰ ਹਮਾਤ੍ਹੜਾਂ ਨੇ ਥੋੜ੍ਹੀ ਚਲਾ ਲੈਣੀਆਂ। ਅਸੀਂ ਤਾਂ ਆਹ ਟੈਕਸੀ ਦੇ ਸਾਰੇ ਕਾਗਜ਼- ਪੱਤਰ ਅੱਪ-ਟੂ-ਡੇਟ ਰੱਖੀਦੇ ਆ ਜੀ ਫੇਰ ਵੀ ਪੁਲਿਸ ਵਾਲੇ ਬਿਨਾਂ ਗੱਲੋਂ ਹੀ ਕਈ ਵਾਰੀ ਸਾਨੂੰ ਮੁੱਛ ਲੈਂਦੇ ਆ,” ਡਰਾਈਵਰ ਦੇ ਅੰਦਰਲਾ ਦਰਦ ਬੋਲ ਰਿਹਾ ਸੀ।
 ਮੈਨੂੰ ਲੰਡਨ ਰਹਿੰਦੇ ਆਪਣੇ ਦੋਸਤ ਦੀ ਦੱਸੀ ਹੋਈ ਗੱਲ ਚੇਤੇ ਆਈ ਕਿ ਕਿਵੇਂ ਇਕ ਵਾਰੀ ਜਦੋਂ ਉਹਨੇ ਪੰਜਾਬ ਤੋਂ ਦਿੱਲੀ ਨੂੰ ਜਾਣਾ ਸੀ ਤਾਂ ਉਹਦੇ ਭਰਾ ਨੇ ਉਸ ਨੂੰ ਰਾਤ ਵੇਲੇ ਚੱਲਣ ਵਾਲ਼ੀ ਇਕ ਪ੍ਰਾਈਵੇਟ ‘ਡੀਲਕਸ’ ਲਾਰੀ ‘ਚ ਬਿਠਾ ਦਿੱਤਾ ਸੀ। ਤੜਕੇ ਜਦੋਂ ਅਜੇ ਕਾਫੀ ਹਨ੍ਹੇਰਾ ਸੀ ਤਾਂ ਲਾਰੀ ਦਿੱਲੀ ਪਹੁੰਚੀ। ਅੱਡੇ ‘ਤੇ ਜਾਣ ਦੀ ਬਜਾਇ ਡਰਾਈਵਰ ਤੇ ਕੰਡਕਟਰ ਲਾਰੀ ਨੂੰ ਖਜੂਰਾਂ ਦੇ ਰੁੱਖਾਂ ਦੇ ਝੁੰਡ ਵਿਚਕਾਰ ਉਜਾੜ ਜਿਹੀ ਥਾਂ ‘ਤੇ ਖੜ੍ਹੀ ਕਰ ਕੇ ਆਪ ਭੱਜ ਗਏ ਸਨ। ਸਾਰੀਆਂ ਸਵਾਰੀਆਂ ਤ੍ਰਾਹ ਤ੍ਰਾਹ ਕਰ ਰਹੀਆਂ ਸਨ। ਚੀਕ-ਚਿਹਾੜਾ ਮਚ ਗਿਆ ਕਿ ਸ਼ਾਇਦ ਲੁਟੇਰਿਆਂ ਨੇ ਲਾਰੀ ਹਾਈਜੈਕ ਕਰ ਲਈ ਹੈ। ਏਨੀ ਦੇਰ ਨੂੰ ਥ੍ਰੀ ਵੀਲ੍ਹਰਾਂ ਵਾਲੇ ਸਵਾਰੀਆਂ ਦੀ ਭਾਲ਼ ‘ਚ ਉੱਥੇ ਆ ਗਏ ਜਿਨ੍ਹਾਂ ਨੇ ਦੱਸਿਆ ਕਿ ਇਹ ਲਾਰੀਆਂ ਬਿਨਾਂ ਪਰਮਿਟ ਅਤੇ ਇੰਸ਼ੋਰੈਂਸ ਦੇ ਚਲਦੀਆਂ ਹੋਣ ਕਰਕੇ ਫੜ ਹੋਣ ਦੇ ਡਰੋਂ ਅੱਡੇ ‘ਤੇ ਨਹੀਂ ਜਾਂਦੀਆਂ। ਅਸਲੀਅਤ ਸੁਣ ਕੇ ਸਵਾਰੀਆਂ ਦੀ ਜਾਨ ‘ਚ ਜਾਨ ਆਈ।
ਹੁਣ ਲਾਵਾਰਿਸ ਸ਼ਬਦ ਮੇਰੇ ਜ਼ਿਹਨ ਚੋਂ ਨਹੀਂ ਸੀ ਨਿੱਕਲ ਰਿਹਾ ਅਤੇ ਮੈਂ ਸੋਚ ਰਿਹਾ ਸਾਂ ਕਿ ਜੇ ਮਰਨ ਵਾਲਿਆਂ ਦੇ ਪਰਵਾਰਾਂ ਚੋਂ ਇਕੋ ਇਕ ਕਮਾਊ ਬੰਦਾ ਤੁਰ ਗਿਆ ਹੋਇਆ ਤਾਂ ਸਹੀ ਤੌਰ ‘ਤੇ ਤਾਂ ਉਹ ਵਿਚਾਰੇ ਪਰਵਾਰ ਹੀ ਲਾਵਾਰਿਸ ਹੋਏ।