ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

14.02.2022

ਚੰਨੀ ਨੇ ਘਨੌਰ ‘ਚ ਮਦਨ ਲਾਲ ਜਲਾਲਪੁਰ ਦੇ ਹੱਕ ‘ਚ ਕੀਤੀ ਚੋਣ ਰੈਲੀ- ਇਕ ਖ਼ਬਰ

ਉਹਦੀ ਦਾਰੂ ਦੀ ਫੈਕਟਰੀ ਦਾ ਉਦਘਾਟਨ ਵੀ ਨਾਲ ਹੀ ਕਰ ਆਉਂਦੇ !

ਪੰਜਾਬ ਦਾ ਕਰੋੜਾਂ ਦਾ ਜੀ.ਐਸ.ਟੀ. ਦਾ ਬਕਾਇਆ ਨਹੀਂ ਦੇ ਰਿਹਾ ਕੇਂਦਰ- ਚੰਨੀ

ਮੇਰਾ ਤੱਤੜੀ ਦਾ ਗਲ਼ ਖਾਲੀ, ਆਪ ਤੇ ਜਜ਼ੀਰੀ ਰੱਖਦਾ।

ਅਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲਣ ਨਾਲ਼ ਭਾਜਪਾ ਬੇਨਕਾਬ- ਕਿਸਾਨ ਮੋਰਚਾ

ਭਾਜਪਾ ਨੇ ਨਕਾਬ ਪਾਈ ਹੀ ਕਦੋਂ ਸੀ, ਤੁਸੀਂ ਹੀ ਭੁਲੇਖੇ ‘ਚ ਹੋ ਜਨਾਬ।

ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ- ਇਕ ਖ਼ਬਰ

ਜੇ ਤੰਦਰੁਸਤ ਹੋ ਬਾਬਿਓ ਤਾਂ ਹੁਸ਼ਿਆਰ ਪੁਰ ਦੀ ਅਦਾਲਤ ‘ਚ ਪੇਸ਼ ਕਿਉਂ ਨਹੀਂ ਹੁੰਦੇ?

ਐਨ.ਡੀ.ਏ. ਦੇ ਚੋਣ ਮਨੋਰਥ ਪੱਤਰ ਨਾਲ਼ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਆਸ ਬੱਝੀ- ਢੀਂਡਸਾ

ਨੀਂ ਉਹ ਲੰਬੜਾਂ ਦਾ ਮੁੰਡਾ ਬੋਲੀ ਹੋਰ ਬੋਲਦਾ

ਬਸਪਾ ਨਾਲ ਗੱਠਜੋੜ ਆਖ਼ਰੀ ਦਿਨਾਂ ਤੱਕ ਨਿਭਾਵਾਂਗੇ- ਸੁਖਬੀਰ ਬਾਦਲ

ਜਿਵੇਂ ਦਾ ਇਨ੍ਹਾਂ ਨਾਲ਼ 1996 ’ਚ ਨਿਭਾਇਆ ਸੀ?                                    

ਫਰਲੋ ਲੈਣਾ ਡੇਰਾ ਮੁਖੀ ਦਾ ਅਧਿਕਾਰ- ਅਜੈ ਚੌਟਾਲਾ

ਦੁੱਗਣੀਆਂ ਸਜ਼ਾਵਾਂ ਕੱਟ ਚੁੱਕਣ ਵਾਲਿਆਂ ਦੀ ਫਰਲੋ ਬਾਰੇ ਤੁਹਾਨੂੰ ਸੱਪ ਕਿਉਂ ਸੁੰਘ ਜਾਂਦੈ?

ਪੰਜਾਬ ਮਾਡਲ ਲਾਗੂ ਕਰਨ ਦੀ ਹੁਣ ਜ਼ਿੰਮੇਵਾਰੀ ਚੰਨੀ ਦੀ- ਸਿੱਧੂ

ਤੇਰੇ ਅੱਗੇ ਥਾਨ ਸੁੱਟਿਆ, ਚਾਹੇ ਸੁੱਥਣ ਸੰਵਾ ਲੈ ਚਾਹੇ ਲਹਿੰਗਾ।

ਸੁਨੀਲ ਜਾਖੜ ਨੇ ਸਰਗਰਮ ਸਿਆਸਤ ਤੋਂ ਕੀਤਾ ਕਿਨਾਰਾ- ਇਕ ਖ਼ਬਰ

ਹੱਥ ਪਕੜ ਜੁੱਤੀ ਮੋਢੇ ਮਾਰ ਬੁੱਕਲ, ਰਾਂਝਾ ਹੋ ਤੁਰਿਆ ਵਾਰਸ ਸ਼ਾਹ ਜੇਹਾ

ਅੰਬਿਕਾ ਸੋਨੀ ਨੇ ਪੰਜਾਬ ਦੀ ਪਿੱਠ ‘ਚ ਛੁਰਾ ਮਾਰਿਆ- ਜਾਖੜ

ਪਾਣੀ ਡੋਲ੍ਹ ਗਈ ਝਾਂਜਰਾਂ ਵਾਲ਼ੀ, ਕੈਂਠੇ ਵਾਲ਼ਾ ਤਿਲਕ ਪਿਆ।

ਸ਼ਾਹ ਵਲੋਂ ਜਥੇਦਾਰ ਹਰਪ੍ਰੀਤ ਸਿੰਘ ਨਾਲ਼ ਬੰਦ ਕਮਰਾ ਮੀਟਿੰਗ- ਇਕ ਖ਼ਬਰ

ਆ ਹੁਣ ਬਣ ਜਾਈਏ, ਮੈਂ ਤੇਰਾ ਤੂੰ ਮੇਰੀ।

ਅਖਿਲੇਸ਼ ਲਈ ਪ੍ਰਚਾਰ ਕਰਨ ਵਾਸਤੇ ਮਮਤਾ ਯੂ.ਪੀ. ਪੁੱਜੀ-ਇਕ ਖ਼ਬਰ

ਵੀਰਾ ਤੇਰੇ ਫੁਲਕੇ ਨੂੰ, ਮੈਂ ਖੰਡ ਦਾ ਪ੍ਰੇਥਣ ਲਾਵਾਂ।

ਡੇਰਾ ਮੁਖੀ ਦੀ ਰਿਹਾਈ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ- ਖੱਟਰ

ਤੂੰ ਮੰਨ ਜਾਂ ਨਾ ਮੰਨ ਮਿੱਤਰਾ, ਗੜਬੜ ਹੋ ਗਈ ਲਗਦੀ ਆ।

ਸੂਬੇ ਦੇ ਵਿਕਾਸ ਲਈ ਪੰਜਾਬੀ ਅਕਾਲੀ ਦਲ ਨੂੰ ਜਿਤਾਉਣਗੇ- ਸੁਖਬੀਰ ਬਾਦਲ

ਕੈਲੇਫੋਰਨੀਆਂ ਤਾਂ ਪਹਿਲਾਂ ਹੀ ਬਣਾ ਛੱਡਿਐ ਤੁਸੀਂ, ਹੋਰ ਵਿਕਾਸ ਕਿਹੜਾ ਰਹਿ ਗਿਆ ਬਈ?

ਆਮ ਆਦਮੀ ਪਾਰਟੀ ਲੋਟੂਆਂ ਦਾ ਟੋਲਾ- ਚੰਨੀ

ਡਰਿਓ ਲੋਕੋ ਡਰਿਓ ਵੇ, ਲੰਬੜਾਂ ਦੀ ਸੇਪ ਨਾ ਕਰਿਓ ਵੇ।