ਵਿਰਸੇ ਦੀਆਂ ਬਾਤਾਂ - ਜਸਵੀਰ ਸ਼ਰਮਾ ਦੱਦਾਹੂਰ

ਟਾਵਾਂ ਟਾਵਾਂ ਬਣਾਉਂਦੈ ਕੋਈ ਅੱਜਕੱਲ੍ਹ ਤੂਤ ਦੀਆਂ ਛਟੀਆਂ ਦੇ ਟੋਕਰੇ

''ਅਜਕੱਲ੍ਹ ਦੀ ਧੀ ਭੈਣ ਕੋਈ, ਬਿਲਕੁਲ ਅੜੀ ਪੁਗਾਵੇ ਨਾ।
ਟੋਕਰੇ ਬੋਹੀਏ ਛਾਬੇ ਹੁਣ ਤਾਂ, ਪੇਕਿਓਂ ਸਹੁਰੀ ਲਿਜਾਵੇ ਨਾ॥

ਸਮੇਂ ਦੇ ਵਹਿਣ 'ਚ ਰੁੜ ਗਿਆ ਹੁਣ ਹਰ ਘਰ ਨੇ ਖ਼ੇਤਾਂ ਦੇ ਵਿੱਚ ਤੂਤ ਉਗਾਉਣੇ ਅਤੇ ਉਹਨਾਂ ਦੀਆਂ ਛਟੀਆਂ ਦੇ ਟੋਕਰੇ ਬਨਾਉਣੇ। ਕੋਈ ਸਮਾਂ ਸੀ ਕਿ ਪੰਜਾਬ ਵਿੱਚ ਹਰ ਖੇਤੀਬਾੜੀ ਕਰਨ ਵਾਲੇ ਦੇ ਖ਼ੇਤਾਂ ਵਿੱਚ ਤੂਤ ਜਰੂਰ ਲਾਇਆ ਜਾਂਦਾ ਸੀ 'ਤੇ ਉਸਦੀਆਂ ਛਟੀਆਂ ਵੱਢ ਕੇ ਟੋਕਰੇ ਬਣਾਏ ਜਾਂਦੇ ਸਨ। ਬੇਸ਼ੱਕ ਅੱਜ ਵੀ ਕਿਤੇ ਟਾਂਵੇਂ ਟਾਂਵੇਂ ਪਿੰਡ 'ਚ ਇਹ ਟੋਕਰੇ ਬਨਾਉਂਦੇ ਵੇਖੇ ਜਾ ਸਕਦੇ ਹਨ ਪਰੰਤੂ ਬਹੁਤ ਘੱਟ। ਖੁੱਲ੍ਹੇ ਘਰਾਂ ਵਿੱਚ ਟੋਕਰੇ ਬਨਾਉਣੇ ਵਾਲੇ ਬਿਠਾ ਕੇ ਵੱਡੇ ਟੋਕਰੇ, ਛੋਟੀਆਂ ਟੋਕਰੀ, ਛਾਬੇ ਟਾਈਪ ਛੋਟੇ ਬੋਹੀਏ (ਰੋਟੀਆਂ ਰੱਖਣ ਵਾਲੇ) ਛਿਟੀਆਂ ਦੇ ਹਿਸਾਬ ਨਾਲ ਬਨਾਉਣੇ, ਇਹ ਕਲਾ ਕਿਸੇ ਵਿਰਲਿਆਂ ਇਨਸਾਨਾਂ ਵਿੱਚ ਹੀ ਹੁੰਦੀ ਸੀ ਪਰ ਜਦੋਂ ਪੂਰੀ ਤਰ੍ਹਾਂ ਮੜ੍ਹ ਕੇ ਟੋਕਰੇ-ਟੋਕਰੀਆਂ ਤੇ ਛੋਟੇ ਛਾਬੇ ਬਨਾਉਣੇ ਤਾਂ ਵੇਖਣ ਵਾਲੇ ਉਹਨਾਂ ਦੀ ਕਲਾ ਦੀ ਦਾਤ ਦਿਆ ਕਰਦੇ ਸਨ। ਇਹਨਾਂ ਵਿੱਚੋਂ ਕਈ ਘਰੀਂ ਤਾਂ ਉਹਨਾਂ ਸਮਿਆਂ ਦੇ ਵਿੱਚ ਕੁੱਕੜ ਕੁਕੜੀਆਂ ਰੱਖਦਿਆਂ ਕਰਕੇ ਉਹਨਾਂ ਨੂੰ ਟੋਕਰੇ ਥੱਲੇ ਤਾੜਨ ਵਾਸਤੇ ਬਹੁਤ ਵੱਡੇ ਟੋਕਰੇ ਬਣਾਏ ਜਾਂਦੇ, ਉਸ ਤੋਂ ਛੋਟੇ ਸਾਇਜ਼ ਦੇ ਟੋਕਰੇ ਪਸ਼ੂਆਂ ਨੂੰ ਪੱਠੇ ਪਾਉਣ ਦੇ ਲਈ ਤੇ ਥੋੜੀਆਂ ਚਪੇਤਲੀਆਂ ਟੋਕਰੀਆਂ ਨਾਲ ਰੂੜੀ ਦੀ ਖ਼ਾਦ ਗੱਡਿਆਂ ਦੇ ਵਿੱਚ ਭਰਕੇ ਖ਼ੇਤੀ ਛੋਟੀਆਂ ਛੋਟੀਆਂ ਢੇਰੀਆਂ ਗੱਡਿਆਂ ਦੇ ਨਾਲ ਹੀ ਲਾਉਂਦੇ ਰਹੇ ਹਨ। ਉਸਤੋਂ ਛੋਟਾ ਸਾਇਜ਼ ਵੀ ਬਣਦਾ ਸੀ ਜਿਸਨੂੰ ਚੰਗੇਰ ਜਾਂ ਰੋਟੀਆਂ ਵਾਲਾ ਬੋਹੀਆ ਕਿਹਾ ਜਾਂਦਾ ਸੀ। ਬੇਸ਼ੱਕ ਇਲਾਕੇ ਦੇ ਹਿਸਾਬ ਨਾਲ ਨਾਵਾਂ 'ਚ ਫ਼ਰਕ ਹੋ ਸਕਦਾ ਹੈ ਪਰ ਸਾਡੇ ਮਾਲਵੇ ਖਿੱਤੇ ਵਿੱਚ ਛਾਬਾ ਜਾਂ ਬੋਹੀਆ ਹੀ ਕਿਹਾ ਜਾਂਦਾ ਸੀ। ਪੁਰਾਤਨ ਬੀਬੀਆਂ ਇਹਨਾਂ ਟੋਕਰਿਆਂ ਵਿੱਚ ਸੂਤ ਪੂਣੀਆਂ ਵੀ ਭਰ ਲਿਆ ਕਰਦੀਆਂ ਸਨ। ਵੱਡੇ ਟੋਕਰੇ ਦੇ ਹੇਠਾਂ ਕੋਈ ਛੋਟੀ ਜਿਹੀ ਸੋਟੀ ਨਾਲ ਰੱਸੀ ਬੰਨ੍ਹ ਕੇ ਲੰਬੀ ਕਰਕੇ ਦੂਰ ਤਾਕ ਲਾ ਕੇ ਬੈਠ ਜਾਣਾ ਤੇ ਟੋਕਰੇ ਦੇ ਥੱਲੇ ਰੋਟੀ ਦੇ ਟੁਕੜੇ, ਦਾਣੇ ਜਾਂ ਗੁੜ ਰੱਖ ਦੇਣਾ 'ਤੇ ਜਦ ਚਿੜੀ ਘੁੱਗੀ ਗਟਾਰ ਜਾਂ ਕਿਸੇ ਹੋਰ ਪੰਛੀ ਨੇ ਚੋਗਾ ਚੁਗਣ ਆਉਣਾ ਤਾਂ ਅਸੀ ਰੱਸੀ ਖਿੱਚ ਕੇ ਪੰਛੀਆਂ ਨੂੰ ਤਾੜ ਲੈਣਾ। ਇਹ ਖੇਡ ਬਹੁਤ ਪਿਆਰੀ ਲਗਦੀ ਸੀ। ਭਾਂਵੇ ਜਾਨਵਰਾਂ ਨੂੰ ਅਸੀ ਮਾਰਦੇ ਨਹੀਂ ਸਾਂ ਪਰ ਇਹ ਖੇਡ ਜਰੂਰ ਖੇਡਦੇ ਰਹੇ ਸਾਂ। ਕਹਿੰਦੇ ਨੇ ਕਿ ਬਚਪਨ ਬਾਦਸ਼ਾਹ ਹੁੰਦਾ ਹੈ। ਗੱਲ ਸਮੇਂ ਸਮੇਂ ਦੀ ਹੁੰਦੀ ਹੈ। ਬੇਸ਼ੱਕ ਅੱਜ ਸਾਨੂੰ ਖ਼ੁਦ ਵੀ ਐਸੀਆਂ ਖੇਡਾਂ ਤੇ ਹਾਸੀ ਆਉਂਦੀ ਹੈ।
ਪੁਰਾਤਨ ਸਮੇਂ ਵਿੱਚ ਵਿਆਹੀਆਂ ਕੁੜੀਆਂ ਆਪਣੇ ਪੇਕਿਆਂ ਤੋਂ ਸਹੁਰਿਆਂ ਨੂੰ ਟੋਕਰੇ, ਬੋਹੀਏ, ਛਾਬੇ ਆਦਿ ਅੜੀ ਕਰਕੇ ਵੀ ਮਾਪਿਆਂ ਤੋਂ ਲਿਜਾਇਆ ਕਰਦੀਆਂ ਸਨ। ਜਦੋਂ ਵੀ ਧੀਆਂ ਭੈਣਾ ਨੇ ਕਿਸੇ ਦਿਨ ਦਿਹਾਰ ਭਾਵ ਰੱਖੜੀ ਤੀਆਂ ਆਦਿ ਤੇ ਪੇਕੇ ਆਉਣਾ ਤਾਂ ਇਸ ਚੀਜ਼ ਦੀ ਮੰਗ ਕਰਦੀਆਂ ਰਹੀਆਂ ਹਨ ਤੇ ਲਿਜਾਂਦੀਆਂ ਵੀ ਰਹੀਆਂ ਹਨ। ਜਿੱਥੇ ਇਹ ਟੋਕਰੇ ਪਸ਼ੂਆਂ ਨੂੰ ਪੱਠੇ ਪਾਉਣ, ਰੂੜੀ ਦੀ ਖਾਦ ਲੱਦਣ ਲਈ ਹਰ ਘਰ ਵਿੱਚ ਜ਼ਰੂਰੀ ਸਨ ਉਥੇ ਕਣਕ ਛੋਲੇ ਤੇ ਮੱਕੀ ਦੀ ਫ਼ਸਲ ਸ਼ਹਿਰੀ ਮੰਡੀਆਂ 'ਚ ਲਿਜਾਣ ਸਮੇਂ ਵੀ ਇਹਨਾਂ ਟੋਕਰਿਆਂ ਨਾਲ ਹੀ ਲੱਦੀ ਜਾਂਦੀ ਰਹੀ ਹੈ। ਜੇਕਰ ਸਮੇਂ ਦੇ ਬਦਲਾਅ ਚ ਇਹਨਾਂ ਟੋਕਰਿਆਂ ਦੀ ਜਗ੍ਹਾ ਹੁਣ ਪਲਾਸਟਿਕ ਦੇ ਬਣੇ ਸਮਾਨ ਨੇ ਲੈ ਲਈ ਹੈ ਪਰ ਹਾਲੇ ਵੀ ਕਈਆਂ ਘਰਾਂ ਵਿੱਚ ਪੁਰਾਤਨ ਬਜ਼ੁਰਗਾਂ ਅਤੇ ਮਾਤਾਵਾਂ ਨੇ ਇਹਨਾਂ ਨੂੰ ਆਪਣੀ ਜਾਨ ਤੋਂ ਵੀ ਪਿਆਰਾ ਰੱਖਿਆ ਹੋਇਆ ਹੈ 'ਤੇ ਉਹਨਾਂ ਨੂੰ ਉਹ ਪੁਰਾਤਨ ਸਮੇਂ ਵੀ ਯਾਦ ਨੇ। ਅਜੋਕੇ ਮਹੌਲ ਦੇ ਵਿੱਚ ਬਹੁਤ ਪੁਰਾਣੀ ਉਮਰ ਦੇ ਵਿੱਚ ਜਿੰਨ੍ਹਾਂ ਦੇ ਖੇਤਾਂ ਜਾਂ ਹਵੇਲੀ ਵਿੱਚ ਤੂਤ ਦੇ ਦਰੱਖਤ ਬੜੇ ਪਿਆਰ ਨਾਲ ਰੱਖੇ ਨੇ ਉਹ ਹਾਲੇ ਵੀ ਉਹਨਾਂ ਦੀਆਂ ਸਮੇਂ ਮੁਤਾਬਕ ਛਟੀਆਂ ਵੱਢ ਕੇ ਟੋਕਰੀਆਂ ਬਨਾਉਂਦੇ ਹਨ ਅਤੇ ਆਪਣੇ ਵਿਰਸੇ ਨੂੰ ਅੱਜ ਵੀ ਜੀਅ ਜਾਨ ਨਾਲ ਯਾਦ ਕਰਦੇ ਹਨ।

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋਬਾਈਲ : 94176-22046

5 Jan. 2018