ਹੋ ਨਹੀਂ ਸਕਦੇ - ਰਵਿੰਦਰ ਸਿੰਘ ਕੁੰਦਰਾ

ਠੂਠੇ ਫੜ ਕੇ ਭਟਕਣ ਵਾਲੇ, ਕਦੀ ਵੀ ਦਾਤੇ ਬਣ ਨਹੀਂ ਸਕਦੇ,
ਅਣਖ ਗਵਾ ਕੇ ਜੀਵਣ ਵਾਲੇ, ਜ਼ੁਲਮ ਦੇ ਅੱਗੇ ਤਣ ਨਹੀਂ ਸਕਦੇ।

ਵਿਹਲੇ ਬਹਿ ਕੇ ਖਾਵਣ ਵਾਲੇ, ਮੁਸ਼ੱਕਤੀ ਚੱਕੀ ਝੋ ਨਹੀਂ ਸਕਦੇ,
ਖੋਟੀ ਨੀਤ 'ਤੇ ਨੀਤੀ ਵਾਲੇ, ਈਮਾਨਦਾਰ ਕਦੀ ਹੋ ਨਹੀਂ ਸਕਦੇ।

ਫੋਕੀਆਂ ਗੱਪਾਂ ਚਲਾਵਣ ਵਾਲੇ, ਹਕੀਕਤ ਨੇੜੇ ਪੋਹ ਨਹੀਂ ਸਕਦੇ,
ਲਾਈ ਲੱਗ ਜਿਹੇ ਬੂਝੜ ਊਂਧੇ, ਗਿਆਨਵਾਨ ਕਦੀ ਹੋ ਨਹੀਂ ਸਕਦੇ।

ਫੋਕੇ ਫਾਇਰ ਚਲਾਉਣੇ ਵਾਲੇ, ਨਿਸ਼ਾਨੇਬਾਜ਼ ਕਦੀ ਹੋ ਨਹੀਂ ਸਕਦੇ,
ਕਮਾਨ 'ਤੇ ਤੁੱਕੇ ਚਾੜ੍ਹਨ ਵਾਲੇ, ਜਿੱਤ ਦੀ ਬਾਜ਼ੀ ਖੋਹ ਨਹੀਂ ਸਕਦੇ।

ਆਪਣੇ ਮੂੰਹ ਮੀਆਂ ਮਿੱਠੂ ਬਣਦੇ, ਸਿਫਤਯੋਗ ਕਦੀ ਹੋ ਨਹੀਂ ਸਕਦੇ,
ਮੀਣੀ ਜ਼ਿਹਨੀਅਤ ਦੇ ਮਾਲਕ, ਸਿਰ ਚੁੱਕ ਕਦੀ ਖੜੋ ਨਹੀਂ ਸਕਦੇ।

ਲਹਿਰਾਂ ਦੇਖ ਕੇ ਕੰਬਣ ਵਾਲੇ, ਸਰ ਦੇ ਤਾਰੂ ਹੋ ਨਹੀਂ ਸਕਦੇ,
ਚੜ੍ਹਦੇ ਪਾਣੀ ਜਾਵਣ ਵਾਲੇ, ਸਿੱਧੇ ਰਸਤੇ ਤੁਰ ਨਹੀਂ ਸਕਦੇ।

ਚੁਗਲੀ ਕਰਕੇ ਹੱਸਣ ਵਾਲੇ, ਖ਼ੈਰ ਖ਼ੁਆਹ ਕਦੀ ਹੋ ਨਹੀਂ ਸਕਦੇ,
ਰਾਹ ਵਿੱਚ ਧੋਖਾ ਦੇਵਣ ਵਾਲੇ, ਹਮਰਾਹੀ ਕਦੀ ਵੀ ਹੋ ਨਹੀਂ ਸਕਦੇ।

ਬੋਲ ਜ਼ੁਬਾਨੋ, ਤੀਰ ਕਮਾਨੋ, ਨਿਕਲੇ ਕਦੀ ਫਿਰ ਮੁੜ ਨਹੀਂ ਸਕਦੇ,
ਅਸੂਲੋਂ ਟੁੱਟੇ ਇਨਸਾਨ ਕਦੀ ਵੀ, ਖ਼ੁਦਾਈ ਨਾਲ ਫਿਰ ਜੁੜ ਨਹੀਂ ਸਕਦੇ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ