ਸਮਾਜਿਕ ਜੀਵਨ-ਸੰਗੀਤ - ਸਵਰਾਜਬੀਰ

ਹਰ ਵਿਚਾਰਧਾਰਾ ਦੇ ਪੈਰੋਕਾਰ ਇਹ ਸਮਝਦੇ ਹਨ ਕਿ ਸਿਰਫ਼ ਉਨ੍ਹਾਂ ਦੀ ਵਿਚਾਰਧਾਰਾ ਹੀ ਸਹੀ ਹੈ, ਜ਼ਿੰਦਗੀ ਅਤੇ ਦੁਨੀਆ ਦਾ ਆਖ਼ਰੀ ਸੱਚ ਉਨ੍ਹਾਂ ਕੋਲ ਹੈ, ਸਿਰਫ਼ ਉਹੀ ਆਪਣੀ ਵਿਚਾਰਧਾਰਾ ਅਨੁਸਾਰ ਦੁਨੀਆ ਨੂੰ ਸਹੀ ਤਰੀਕੇ ਨਾਲ ਸਮਝ ਅਤੇ ਸਮਾਜ ਨੂੰ ਸੇਧ ਦੇ ਸਕਦੇ ਹਨ। ਉਹ ਇਹ ਵੀ ਸਮਝਦੇ ਹਨ ਕਿ ਜੇ ਲੋਕ ਉਨ੍ਹਾਂ ਦੀ ਵਿਚਾਰਧਾਰਾ ਨੂੰ ਅਪਣਾ ਕੇ ਉਸ ਅਨੁਸਾਰ ਚੱਲਣ ਤਾਂ ਜਲਦੀ ਹੀ ਆਦਰਸ਼ਕ ਸਮਾਜ ਹੋਂਦ ਵਿਚ ਆ ਜਾਵੇਗਾ ਜਿਸ ਵਿਚ ਕੋਈ ਕਮੀ, ਘਾਟ ਜਾਂ ਤਰੁੱਟੀ ਨਹੀਂ ਹੋਵੇਗੀ, ਸਮਾਜ, ਅਰਥਚਾਰੇ, ਸੱਭਿਆਚਾਰ, ਧਰਮ ਅਤੇ ਜੀਵਨ-ਜਾਚ ਨਾਲ ਸਬੰਧਿਤ ਸਭ ਸਮੱਸਿਆਵਾਂ ਹੱਲ ਹੋ ਜਾਣਗੀਆਂ। ਉਨ੍ਹਾਂ ਦੇ ਮਨਾਂ ਵਿਚ ਇਹ ਧਾਰਨਾ ਵੀ ਹੁੰਦੀ ਹੈ ਕਿ ਬਾਕੀ ਵਿਚਾਰਧਾਰਾਵਾਂ, ਵਿਸ਼ਵਾਸ, ਅਕੀਦੇ ਆਦਿ ਝੂਠੇ ਜਾਂ ਗ਼ਲਤ ਹਨ ਅਤੇ ਉਨ੍ਹਾਂ (ਦੂਸਰੀਆਂ) ਵਿਚਾਰਧਾਰਾਵਾਂ ਦੇ ਸਿਧਾਂਤਕਾਰ ਦੁਨੀਆ ਨੂੰ ਸਹੀ ਤਰੀਕੇ ਨਾਲ ਸਮਝ ਨਹੀਂ ਸਕੇ, ਕੁਝ ਬਾਰੇ ਤਾਂ ਇਹ ਸਮਝਿਆ ਜਾਂਦਾ ਹੈ ਕਿ ਉਹ ਜਾਣ-ਬੁੱਝ ਕੇ ਲੋਕਾਂ ਨੂੰ ਗ਼ਲਤ ਰਾਹਾਂ ’ਤੇ ਲਿਜਾ ਰਹੇ ਹਨ ਅਤੇ ਆਪਣੀ ਤਾਕਤ, ਸੱਤਾ ਅਤੇ ਧਨ-ਸ਼ਕਤੀ ਵਧਾ ਰਹੇ ਹਨ ਜਦੋਂਕਿ ਹੋਰਨਾਂ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਉਹ ਆਪਣੀ ਬੇਸਮਝੀ ਅਤੇ ਤਰਕਹੀਣਤਾ ਕਾਰਨ ਜ਼ਿੰਦਗੀ ਦਾ ਸੱਚ ਸਮਝਣ ਤੋਂ ਖੁੰਝ ਗਏ ਹਨ।
    ਕਈ ਵਿਚਾਰਧਾਰਾਵਾਂ ਅਤੇ ਸੋਚ-ਪ੍ਰਬੰਧਾਂ ਨੂੰ ਸਮਾਜ ਵਿਚ ਵੱਡੀ ਪੱਧਰ ’ਤੇ ਸਵੀਕਾਰ ਕੀਤਾ ਜਾਂਦਾ ਹੈ, ਕਈ ਵਾਰ ਧਰਮ ਜਾਂ ਖੇਤਰ ਦੇ ਆਧਾਰ ’ਤੇ, ਕਈ ਵਾਰ ਸਮਾਜਿਕ ਜਾਂ ਆਰਥਿਕ ਸਿਧਾਂਤਾਂ ਦੇ ਆਧਾਰ ’ਤੇ ਅਤੇ ਕਈ ਵਾਰ ਕਿਸੇ ਸਿਧਾਂਤਕਾਰ ਦੇ ਸਮਾਜਿਕ ਜੀਵਨ ਨੂੰ ਪ੍ਰਭਾਵਿਤ ਕਰਨ ਦੇ ਆਧਾਰ ’ਤੇ। ਬਹੁਤ ਸਾਰੀਆਂ ਵਿਚਾਰਧਾਰਾਵਾਂ ਨੂੰ ਸਮਾਜ ਵਿਚ ਵੱਡੇ ਪੱਧਰ ’ਤੇ ਸਵੀਕਾਰ ਕੀਤੇ ਜਾਣ ਵਿਚ ਬਹੁਤ ਸਮਾਂ ਲੱਗਦਾ ਹੈ ਅਤੇ ਉਹ ਸਮਾਜਿਕ ਸੂਝ-ਸਮਝ ਦੇ ਹਾਸ਼ੀਏ ’ਤੇ ਵਿਚਰਦੀਆਂ ਰਹਿੰਦੀਆਂ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਇਹ ਨਹੀਂ ਕਿ ਉਨ੍ਹਾਂ ਵਿਚ ਕੁਝ ਸਾਕਾਰਾਤਮਕ ਨਹੀਂ ਹੁੰਦਾ ਜਾਂ ਉਨ੍ਹਾਂ ਨੂੰ ਸਮਝਣਾ ਮੁਸ਼ਕਲ ਹੁੰਦਾ ਹੈ ਸਗੋਂ ਹਾਸ਼ੀਏ ’ਤੇ ਵਿਚਰਦੀਆਂ ਵਿਚਾਰਧਾਰਾਵਾਂ ਕਈ ਵਾਰ ਬਹੁਤ ਸੂਝ ਵਾਲੀਆਂ ਅਤੇ ਪ੍ਰਗਤੀਵਾਦੀ ਹੁੰਦੀਆਂ ਹਨ ਪਰ ਸਮਾਜ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਦਾ। ਸਮਾਜ ਕਿਸੇ ਵਿਚਾਰਧਾਰਾ ਨੂੰ ਸਵੀਕਾਰ ਕਿਉਂ ਨਹੀਂ ਕਰਦਾ? ਇਸ ਸਵਾਲ ਦਾ ਸਿੱਧਾ ਜਵਾਬ ਤਾਂ ਇਹ ਹੈ ਕਿ ਸਮਾਜ ਵਿਚਲੇ ਸਮਾਜਿਕ ਅਤੇ ਆਰਥਿਕ ਰਿਸ਼ਤੇ ਉਸ ਵਿਚਾਰਧਾਰਾ ਨੂੰ ਸਵੀਕਾਰ ਕਰਨ ਦੇ ਪੱਖ ਵਿਚ ਨਹੀਂ ਹੁੰਦੇ, ਉਸ ਵਿਚਾਰਧਾਰਾ ਨੂੰ ਸਵੀਕਾਰ ਕੀਤੇ ਜਾਣ ਦੀ ਸਮਾਜਿਕ, ਆਰਥਿਕ ਅਤੇ ਬੌਧਿਕ ਜ਼ਮੀਨ ਅਜੇ ਬਣਨੀ ਹੁੰਦੀ ਹੈ।
      ਪੰਜਾਬ ਦੇ ਬੌਧਿਕ ਚਿਤਰ-ਪਟ ’ਤੇ ਵੀ ਅਜਿਹੀਆਂ ਕਈ ਵਿਚਾਰਧਾਰਾਵਾਂ ਵਿਚਰ ਰਹੀਆਂ ਹਨ ਜਿਹੜੀਆਂ ਆਪਣੇ ਆਪ ਨੂੰ ਪ੍ਰਗਤੀਸ਼ੀਲ, ਤਰਕਸ਼ੀਲ, ਅਗਾਂਹਵਧੂ, ਇਨਕਲਾਬੀ, ਜੁਝਾਰੂ-ਇਨਕਲਾਬੀ ਆਦਿ ਸਮਝਦੀਆਂ ਹਨ, ਇਨ੍ਹਾਂ ਦੇ ਸਿਧਾਂਤਕਾਰ ਸਮਝਦੇ ਹਨ ਕਿ ਜੇ ਲੋਕ ਉਨ੍ਹਾਂ ਦੇ ਸਿਧਾਂਤਾਂ ਅਤੇ ਵਿਚਾਰਾਂ ਨੂੰ ਅਪਣਾਉਣ ਤਾਂ ਪੰਜਾਬੀ ਸਮਾਜ ਵਿਚ ਬੁਨਿਆਦੀ ਤਬਦੀਲੀਆਂ ਆਉਣਗੀਆਂ, ਉਨ੍ਹਾਂ ਦੇ ਸਿਧਾਂਤ ਪੰਜਾਬ ਦੇ ਸਾਰੇ ਮਸਲੇ ਹੱਲ ਕਰਨ ਦੇ ਸਮਰੱਥ ਹਨ ਪਰ ਲੋਕ ਉਨ੍ਹਾਂ ਵਿਚਾਰਧਾਰਾਵਾਂ ਨੂੰ ਸਵੀਕਾਰ ਨਹੀਂ ਕਰ ਰਹੇ। ਸਵੀਕਾਰ ਨਾ ਕੀਤੇ ਜਾਣ ਦੇ ਵਰਤਾਰੇ ਨੂੰ ਕਈ ਸਿਧਾਂਤਕਾਰ ਤਾਂ ਉਪਰੋਕਤ ਦੱਸੇ ਅਨੁਸਾਰ ਸਮਾਜਿਕ ਅਤੇ ਆਰਥਿਕ ਹਾਲਾਤ ਦਾ ਅਨੁਕੂਲ ਨਾ ਹੋਣਾ ਸਮਝਦੇ ਹਨ, ਉਨ੍ਹਾਂ ਅਨੁਸਾਰ ਉਨ੍ਹਾਂ ਨੂੰ ਆਪਣੀ ਵਿਚਾਰਧਾਰਾ ਅਨੁਸਾਰ ਚੇਤਨਾ ਪੈਦਾ ਕਰਨ ਲਈ ਲੰਮਾ ਸਫ਼ਰ ਤੈਅ ਕਰਨਾ ਪਵੇਗਾ ਜਦੋਂਕਿ ਕਈ ਹੋਰ ਸਮਝਦੇ ਹਨ ਕਿ ਲੋਕ ਬੇਸਮਝ ਹਨ, ਵਹਿਮਾਂ-ਭਰਮਾਂ ਅਤੇ ਧਾਰਮਿਕ ਅਕੀਦਿਆਂ ਵਿਚ ਗ੍ਰਸੇ ਹੋਣ ਕਰਕੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਨਹੀਂ ਅਪਣਾ ਰਹੇ।
   ਇਹ ਜਾਣਨਾ ਮੁਸ਼ਕਲ ਹੈ ਕਿ ਇਹ ਸਿਧਾਂਤਕਾਰ ਆਪਣੀਆਂ ਵਿਚਾਰਧਾਰਾਵਾਂ ਨੂੰ ਸਵੀਕਾਰ ਨਾ ਕੀਤੇ ਜਾਣ ਦੇ ਇਨ੍ਹਾਂ ਪੱਖਾਂ ’ਤੇ ਵਿਚਾਰ ਕਰਦੇ ਹਨ ਜਾਂ ਨਹੀਂ : ਪਹਿਲਾ, ਇਹ ਸਵੀਕਾਰ ਕਰਨਾ ਕਿ ਸਾਡੀ ਵਿਚਾਰਧਾਰਾ ਸਮਾਜ ਦੇ ਬੌਧਿਕ ਅਤੇ ਵਿਚਾਰਧਾਰਕ ਹਾਸ਼ੀਏ ’ਤੇ ਵਿਚਰ ਰਹੀ ਹੈ, ਇਹ ਤੱਥ ਸਵੀਕਾਰ ਕੀਤਾ ਜਾਣਾ ਬਹੁਤ ਜ਼ਰੂਰੀ ਹੈ, ਦੂਸਰਾ,ਜੇ ਇਸ ਤੱਥ ਨੂੰ ਸਵੀਕਾਰ ਕਰ ਲਿਆ ਜਾਵੇ ਤਾਂ ਇਹ ਮੰਨਣਾ ਵੀ ਲਾਜ਼ਮੀ ਹੋ ਜਾਂਦਾ ਹੈ ਕਿ ਉਸ ਵਿਚਾਰਧਾਰਾ ਵਿਚੋਂ ਪੰਜਾਬੀ ਸਮਾਜ, ਸੱਭਿਆਚਾਰ ਅਤੇ ਵਿਰਸੇ ਦੇ ਕੁਝ ਜ਼ਰੂਰੀ ਤੱਤ ਵੱਡੀ ਪੱਧਰ ’ਤੇ ਗ਼ੈਰ-ਹਾਜ਼ਰ ਹਨ।
      ਹਾਸ਼ੀਆਗਤ ਵਿਚਾਰਧਾਰਾਵਾਂ ਦੇ ਸਿਧਾਂਤਕਾਰ ਉਪਰੋਕਤ ਤੱਥ ਇਸ ਲਈ ਸਵੀਕਾਰ ਨਹੀਂ ਕਰਦੇ ਕਿਉਂਕਿ ਉਹ ਹਮੇਸ਼ਾਂ ਇਹੀ ਸਮਝਦੇ ਰਹਿੰਦੇ ਹਨ ਕਿ ਉਨ੍ਹਾਂ ਦੀ ਵਿਚਾਰਧਾਰਾ ਇਕ ਸਮੱਗਰ ਅਤੇ ਸੰਪੂਰਨ ਵਿਚਾਰ-ਪ੍ਰਬੰਧ ਹੈ ਪਰ ਕੁਝ ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਇਤਿਹਾਸਕ ਕਾਰਨਾਂ ਜਾਂ ਲੋਕਾਂ ਦੀ ਬੇਸਮਝੀ ਕਾਰਨ ਸਵੀਕਾਰੀ ਨਹੀਂ ਜਾ ਰਹੀ। ਇਨ੍ਹਾਂ ਵਿਚਾਰਧਾਰਾਵਾਂ ’ਚੋਂ ਸਾਡਾ ਸਮਾਜ, ਇਤਿਹਾਸ, ਵਿਰਸਾ, ਰਹਿਤਲ ਅਤੇ ਸੱਭਿਆਚਾਰ ਇਸ ਲਈ ਗਾਇਬ ਹਨ ਕਿਉਂਕਿ ਵਿਚਾਰਧਾਰਾ ਸਿਧਾਂਤਕਾਰਾਂ ਅਤੇ ਪੈਰੋਕਾਰਾਂ ਦੇ ਮਨ ’ਤੇ ਗ਼ਲਬਾ ਪਾ ਕੇ ਉਨ੍ਹਾਂ ਲਈ ਇਹੋ ਜਿਹਾ ਮਾਨਸਿਕ ਸੰਸਾਰ ਬਣਾਉਂਦੀ ਹੈ ਜਿਸ ਵਿਚ ਵਿਚਾਰਧਾਰਕ ਸਰੋਕਾਰ ਉਨ੍ਹਾਂ ਨੂੰ ਸਮਾਜਿਕ, ਇਤਿਹਾਸਕ ਅਤੇ ਸੱਭਿਆਚਾਰਕ ਵਿਰਸੇ ’ਚੋਂ ਆਉਂਦੀਆਂ ਕਨਸੋਆਂ ਤੋਂ ਵਿਰਵਿਆਂ ਕਰ ਦਿੰਦੇ ਹਨ, ਜੇ ਉਹ ਅਜਿਹੀਆਂ ਕਨਸੋਆਂ ਸੁਣਦੇ ਵੀ ਹਨ ਤਾਂ ਬਹੁਤ ਵਾਰ ਉਹ ਵਿਚਾਰਧਾਰਾ ਅਨੁਸਾਰ ਚੁਣੀਆਂ ਹੋਈਆਂ ਅਤੇ ਇਕਪਾਸੜ ਹੁੰਦੀਆਂ ਹਨ, ਪੰਜਾਬੀ ਸਮਾਜ ਨੂੰ ਇਸ ਦਾ ਹੁਣ ਵਾਲਾ ਰੂਪ-ਸਰੂਪ ਤੇ ਸੰਰਚਨਾ ਦੇਣ ਵਾਲੀਆਂ ਕਨਸੋਆਂ ਨਹੀਂ। ਅਜਿਹੀਆਂ ਵਿਚਾਰਧਾਰਕ ਬਹਿਸਾਂ ਵਿਚ ਅਸੀਂ ਵਿਦੇਸ਼ੀ ਸਿਧਾਂਤਕਾਰਾਂ ਦੀਆਂ ਲੰਮੀਆਂ ਟੂਕਾਂ ਅਤੇ ਨੀਰਸ ਬਹਿਸਾਂ ਦੇਖਦੇ ਹਾਂ, ਆਪਣੇ ਵੱਲੋਂ ਜ਼ਿੰਦਗੀ ਦਾ ਸੱਚ ਦੱਸਣ ਦਾ ਦਾਅਵਾ ਕਰਦੀਆਂ ਇਹ ਬਹਿਸਾਂ ਉਸ ਵਿਚਾਰਧਾਰਾ ਦੇ ਵੱਖ ਵੱਖ ਸਿਧਾਂਤਕਾਰਾਂ ਵਿਚਕਾਰ ਹੋਈਆਂ ਬਹਿਸਾਂ ਦੀ ਤਸਵੀਰਕਸ਼ੀ ਕਰਦੀਆਂ ਹਨ ਜੋ ਉਨ੍ਹਾਂ ਨੇ ਆਪਣੇ ਸਮਿਆਂ ਅਤੇ ਆਪਣੇ ਸਮਾਜਾਂ ਦੀ ਹਕੀਕਤ ਅਨੁਸਾਰ ਕੀਤੀਆਂ ਹੁੰਦੀਆਂ ਹਨ, ਦੂਸਰੇ ਸਮਾਜਾਂ ਵਿਚੋਂ ਪੈਦਾ ਹੋਈ ਸਮਝ ਨੂੰ ਸਾਡੇ ਉੱਤੇ ਥੋਪਣ ਦਾ ਯਤਨ ਕੀਤਾ ਜਾਂਦਾ ਹੈ, ਆਪਣੇ ਸਮਾਜ ਤੇ ਲੋਕਾਂ ਨੂੰ ਸਮਝਣ ਦਾ ਯਤਨ ਵੱਡੀ ਪੱਧਰ ’ਤੇ ਗ਼ੈਰ-ਹਾਜ਼ਰ ਹੈ।
      ਹਾਸ਼ੀਏ ’ਤੇ ਵਿਚਰਦੀਆਂ ਇਨ੍ਹਾਂ ਵਿਚਾਰਧਾਰਾਵਾਂ ਵਿਚ ਲੋਕ ਕਲਪਿਤ ਹਨ, ਲੋਕ ਸੰਘਰਸ਼ ਕਰਦੇ ਹਨ, ਕੁਰਬਾਨੀਆਂ ਦਿੰਦੇ, ਯੁੱਗ ਪਲਟਾਉਂਦੇ ਅਤੇ ਇਨਕਲਾਬ ਕਰਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਲੋਕ ਸੰਘਰਸ਼ ਕਰਦੇ ਹਨ, ਜੀਵਨ ਦਾ ਬਹੁਤਾ ਹਿੱਸਾ ਸੰਘਰਸ਼ ਵਿਚ ਹੀ ਬੀਤਦਾ ਹੈ ਪਰ ਇਸ ਦੇ ਨਾਲ ਨਾਲ ਲੋਕ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਪ੍ਰਾਣੀ ਵੀ ਹਨ। ਉਹ ਸਮੇਂ ਦੀ ਪ੍ਰਵਾਨਿਤ ਲੋਕ-ਸੂਝ-ਸਮਝ ਅਨੁਸਾਰ ਜਿਊਂਦੇ ਹਨ। ਉਦਾਹਰਨ ਦੇ ਤੌਰ ’ਤੇ ਸਾਡੇ ਵੇਲਿਆਂ ਦਾ ਪੰਜਾਬੀ ਮਰਦ ਜਾਤੀਵਾਦੀ ਅਤੇ ਮਰਦ-ਪ੍ਰਧਾਨ ਸੋਚ ਅਨੁਸਾਰ ਜ਼ਿੰਦਗੀ ਜਿਊਣ ਵਾਲਾ ਵਿਅਕਤੀ ਹੈ, ਤੁਸੀਂ ਕਿਤੇ ਵੀ ਨਜ਼ਰ ਮਾਰ ਲਓ, ਉਹ ਇਸ ਤੋਂ ਮੁਕਤ ਨਹੀਂ ਹੈ। ਬਹੁਤ ਵਾਰ ਉਹ ਇਸ ਤੋਂ ਮੁਕਤ ਹੋਣਾ ਵੀ ਨਹੀਂ ਚਾਹੁੰਦਾ ਕਿਉਂਕਿ ਅਜਿਹੀ ਸੋਚ ਹੀ ਉਸ ਦੇ ਜੀਵਨ ਦਾ ਆਧਾਰ ਹੈ, ਏਹੀ ਉਸ ਦਾ ਜੀਵਨ ਹੈ ਅਤੇ ਉਹ ਇਸ ਨੂੰ ਜਿਊਂਦਾ ਹੈ, ਇਸੇ ਨੂੰ ਸੱਚ ਅਤੇ ਸਹੀ ਸਮਝਦਾ ਹੈ, ਸਮਾਜਿਕ ਸੱਚ ਨੂੰ ਸਵੀਕਾਰ ਕਰਦਾ ਹੋਇਆ ਉਹ ਸਮਾਜ ਦਾ ਹਿੱਸਾ ਬਣਦਾ ਹੈ।
       ਪ੍ਰਮੁੱਖ ਸਮੱਸਿਆ ਹਾਸ਼ੀਆਗਤ ਵਿਚਾਰਧਾਰਾਵਾਂ ਨੂੰ ਪ੍ਰਣਾਏ ਮਰਦਾਂ ਦੀ ਹੈ, ਉਹ ਜਾਤੀਵਾਦੀ ਅਤੇ ਮਰਦ-ਪ੍ਰਧਾਨ ਸੋਚ ਤੋਂ ਮੁਕਤ ਹੋਣ ਦੇ ਯਤਨ ਵਿਚ ਕੁਝ ਹੱਦ ਤਕ ਸਫ਼ਲ ਅਤੇ ਕੁਝ ਹੱਦ ਤਕ ਅਸਫ਼ਲ ਹੁੰਦੇ ਹਨ ਪਰ ਆਪਣੀ ਅਸਫ਼ਲਤਾ ਨੂੰ ਕਦੀ ਸਵੀਕਾਰ ਨਹੀਂ ਕਰਦੇ। ਅਸਫ਼ਲਤਾ ਨੂੰ ਵਿਚਾਰਧਾਰਾ ਦੇ ਪਰਦੇ ਪਿੱਛੇ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਤਰ੍ਹਾਂ ਇਹ ਸਮੱਸਿਆ ਬਹੁਤ ਹੱਦ ਤਕ ਨਿੱਜੀ ਇਮਾਨਦਾਰੀ ਦੀ ਹੈ। ਨਿੱਜੀ ਵਿਚਾਰਧਾਰਕ ਤੇ ਸਮਾਜਿਕ ਇਮਾਨਦਾਰੀ ਤੋਂ ਮੂੰਹ ਮੋੜਨ ਨਾਲ ਬੰਦਾ ਦੋਗਲੇਪਣ ਵੱਲ ਧੱਕਿਆ ਜਾਂਦਾ ਹੈ ਪਰ ਇਸ ਸਥਿਤੀ ਨੂੰ ਸਵੀਕਾਰ ਕਰਨ ਦੀ ਬਜਾਏ ਵਿਚਾਰਧਾਰਾਵਾਂ ਨੂੰ ਪ੍ਰਣਾਏ ਮਰਦ ਜ਼ਿਆਦਾ ਸੱਚੇ ਅਤੇ ਦੂਜਿਆਂ ਨਾਲੋਂ ਜ਼ਿਆਦਾ ਤਰੱਕੀ-ਪਸੰਦ, ਤਰਕਸ਼ੀਲ, ਇਨਕਲਾਬੀ, ਪ੍ਰਗਤੀਸ਼ੀਲ, ਜਨਵਾਦੀ, ਲੋਕ-ਹਿਤੈਸ਼ੀ ਆਦਿ ਹੋਣ ਦੇ ਗਰਮ ਦਾਅਵੇ ਕਰਦੇ ਹਨ। ਅਜਿਹੇ ਗਰਮ ਦਾਅਵੇ ਕਰਨ ਵਾਲੇ (ਜਿਨ੍ਹਾਂ ਵਿਚ ਸਾਡੇ ਵਿਚੋਂ ਬਹੁਤ ਸਾਰੇ ਸ਼ਾਮਲ ਹਨ) ਲੋਕਾਂ ਸਾਹਮਣੇ ਵਿਚਾਰਧਾਰਕ ਸ਼ਬਦਾਂ ਦੇ ਮਖੌਟੇ ਪਹਿਨ ਕੇ ਪੇਸ਼ ਹੁੰਦੇ ਹਨ ਜਦੋਂਕਿ ਉਨ੍ਹਾਂ ਦੀ ਜੀਵਨ-ਜਾਚ ਅਜਿਹੇ ਸ਼ਬਦਾਂ ਵਿਚ ਨਿਹਿਤ ਕਦਰਾਂ-ਕੀਮਤਾਂ ਤੋਂ ਸੱਖਣੀ ਹੁੰਦੀ ਹੈ।
     ਇਸ ਸਭ ਕੁਝ ਦੇ ਬਾਵਜੂਦ ਇਹ ਹਾਸ਼ੀਆਗਤ ਵਿਚਾਰਧਾਰਾਵਾਂ ਸਮਾਜ ਨੂੰ ਊਰਜਿਤ ਕਰਦੀਆਂ ਅਤੇ ਸਮਾਜਿਕ ਸਮਝ ਵਿਚ ਨਵੀਂ ਚੇਤਨਾ ਦੇ ਬੀਜ ਬੀਜਦੀਆਂ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦੀਆਂ ਹਨ ਕਿ ਸਮਾਜ ਵਿਚ, ਉਨ੍ਹਾਂ ਅਨੁਸਾਰ, ਕੀ ਸਹੀ ਅਤੇ ਕੀ ਗ਼ਲਤ ਹੈ ਅਤੇ ਬਹੁਤ ਵਾਰ ਅਜਿਹੀ ਪਛਾਣ (diagnosis) ਸਹੀ ਹੁੰਦੀ ਹੈ। ਪ੍ਰਸ਼ਨ ਇਹ ਹੈ ਕਿ ਕੀ ਅਜਿਹੀਆਂ ਵਿਚਾਰਧਾਰਾਵਾਂ ਸਮਾਜ ਦੀ ਵਿਚਾਰਕ ਸਫ਼ਬੰਦੀ ਦੇ ਕੇਂਦਰ ਵਿਚ ਆ ਸਕਦੀਆਂ ਹਨ। ਇਸ ਦਾ ਇਕ ਜਵਾਬ ਤਾਂ ਇਹੀ ਹੋ ਸਕਦਾ ਹੈ ਕਿ ਵਿਚਾਰਧਾਰਾਵਾਂ ਦੇ ਮੌਜੂਦਾ ਰੂਪ ਕਾਰਨ ਅਜਿਹਾ ਵਰਤਾਰਾ ਸਿਰਫ਼ ਖ਼ਾਸ ਤਰ੍ਹਾਂ ਦੇ ਆਰਥਿਕ ਜਾਂ ਸਮਾਜਿਕ ਸੰਕਟ ਦੌਰਾਨ ਹੀ ਵਾਪਰ ਸਕਦਾ ਹੈ, ਸਮਾਜ ਦੀ ਸਹਿਜ-ਭਾਵੀ ਤੋਰ ਵਿਚ ਅਜਿਹਾ ਹੋਣਾ ਮੁਸ਼ਕਲ ਲੱਗਦਾ ਹੈ। ਕਿਉਂ? ਸ਼ਾਇਦ ਇਸ ਲਈ ਕਿ ਜਦੋਂ ਅਸੀਂ ਕਿਸੇ ਖ਼ਿੱਤੇ ਦੇ ਸਮਾਜਿਕ ਜੀਵਨ ਨੂੰ ਸਿਰਫ਼ ਵਿਚਾਰਧਾਰਾ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਤਤਕਾਲੀਨ ਸਮਾਜਿਕ ਤਸਵੀਰ ਬੇਰਸ, ਸਪਾਟ, ਪਿਛਾਂਹ-ਖਿੱਚੂ ਅਤੇ ਕਲੇਸ਼ਮਈ ਪ੍ਰਤੀਤ ਹੁੰਦੀ ਹੈ। ਨਿਰੋਲ ਵਿਚਾਰਧਾਰਾ ’ਤੇ ਆਧਾਰਿਤ ਚਿੰਤਨ ਸਾਨੂੰ ਉਸ ਖ਼ਿੱਤੇ ਦੇ ਸਮਾਜਿਕ ਜੀਵਨ-ਸੰਗੀਤ ਤਕ ਨਹੀਂ ਪਹੁੰਚਣ ਦਿੰਦਾ। ਪੰਜਾਬ ਵਿਚ ਵੀ ਅਸੀਂ ਨਿਰੋਲ ਵਿਚਾਰਧਾਰਕ ਚਿੰਤਨ ਦੀ ਭੋਇੰ ’ਤੇ ਬਹਿ ਕੇ ਪੰਜਾਬ ਦੇ ਸਮਾਜਿਕ ਜੀਵਨ-ਸੰਗੀਤ ਨੂੰ ਸੁਣ ਤੇ ਸਮਝ ਨਹੀਂ ਸਕਦੇ। ਜਿਨ੍ਹਾਂ ਵਿਚਾਰਧਾਰਾਵਾਂ ’ਚੋਂ ਪੰਜਾਬ ਗ਼ੈਰ-ਹਾਜ਼ਰ ਹੈ, ਉਸ ਦੀਆਂ ਇਤਿਹਾਸਕ, ਸੱਭਿਆਚਾਰਕ ਤੇ ਧਾਰਮਿਕ ਧੁਨੀਆਂ ਗ਼ੈਰ-ਹਾਜ਼ਰ ਹਨ, ਉਹ ਪੰਜਾਬ ਦੀ ਆਤਮਾ ਦੀ ਆਵਾਜ਼ ਨਹੀਂ ਬਣ ਸਕਦੀਆਂ।
     ਇਨ੍ਹਾਂ ਵਿਚਾਰਧਾਰਾਵਾਂ ਦੇ ਸਿਧਾਂਤਕਾਰਾਂ ਦੀ ਅਸਫ਼ਲਤਾ ਕਾਰਨ ਪੰਜਾਬ ਨੂੰ ਵੱਡਾ ਨੁਕਸਾਨ ਸਹਿਣਾ ਪੈ ਰਿਹਾ ਹੈ, ਇਸ ਅਸਫ਼ਲਤਾ ਕਾਰਨ ਪੰਜਾਬ ਦਰਸ਼ਨ (ਫਿਲਾਸਫ਼ੀ) ਅਤੇ ਰਹਿਤਲ ਵਿਚਲੇ ਵਿਯੋਗ ਨੂੰ ਭੋਗ ਰਿਹਾ ਹੈ, ਆਪਣੇ ਆਪ ਨੂੰ ਘੁਣ ਵਾਂਗ ਲੱਗੀਆਂ ਸਮੱਸਿਆਵਾਂ (ਵਿੱਦਿਅਕ ਢਾਂਚੇ ਦਾ ਜਰਜਰਾ ਹੋਣਾ, ਵਾਤਾਵਰਨਕ ਤਬਾਹੀ, ਨਸ਼ਿਆਂ ਦਾ ਫੈਲਾਅ, ਬੇਰੁਜ਼ਗਾਰੀ, ਰਿਸ਼ਵਤਖੋਰੀ ਆਦਿ) ਦਾ ਹੱਲ ਨਹੀਂ ਲੱਭ ਪਾ ਰਿਹਾ। ਇਨ੍ਹਾਂ ਸਿਧਾਂਤਕਾਰਾਂ ਨੂੰ ਵਿਚਾਰਧਾਰਾ ਅਤੇ ਪੰਜਾਬ ਦੇ ਸਮਾਜਿਕ ਜੀਵਨ-ਸੰਗੀਤ ਨੂੰ ਆਪਸ ਵਿਚ ਜੋੜਦੇ ਹੋਏ ਪੁਲ ਬਣਾਉਣ-ਸਿਰਜਣ ਲਈ ਸਖ਼ਤ ਬੌਧਿਕ ਮੁਸ਼ੱਕਤ ਦੀ ਲੋੜ ਹੈ।