ਮੌਤ ਦਾ ਸੌਦਾਗਰ - ਰਮਿੰਦਰ ਫਰੀਦਕੋਟੀ

ਬਲਦੇਵ ਤੇ ਨੱਥਾ ਦੋਵੇਂ ਗੂੜੇ ਮਿੱਤਰ ਸਨ ਅਤੇ ਇਕ ਦੂਜੇ ਦੀਆਂ ਸਾਹਾਂ ਵਿੱਚ ਸਾਹ ਭਰਦੇ ਸਨ। ਨੱਥਾ ਉਮਰ ਵਿੱਚ ਵਡੇਰਾ ਸੀ ਅਤੇ ਹਰ ਗੱਲ ਬੜੀ ਸਿਆਣਪ ਨਾਲ ਕਰਦਾ ਸੀ। ਬਲਦੇਵ ਬੜਾ ਹੀ ਮਜ਼ਾਕੀਆ ਕਿਸਮ ਦਾ ਵਿਅਕਤੀ ਸੀ। ਇਕ ਦਿਨ ਬਲਦੇਵ ਦੁਪਹਿਰ ਸਮੇਂ ਨੱਥੇ ਦੇ ਘਰ ਆਇਆ ਤੇ ਕਹਿਣ ਲੱਗਾ ਘਰੇ ਐਂ ਬਾਈ ਨੱਥਿਆ। ਅੱਗੋਂ ਭਰਜਾਈ ਬੋਲੀ ਉਹੀ ਤਾਂ ਖੇਤ ਜ਼ਮੀਨ ਵਾਹੁਣ ਗਿਆ ਹੈ ਵਿਹਲੜਾ। ਏਨੇ ਨੂੰ ਨੱਥਾ ਨਹਾ ਕੇ ਗੁਸਲਖਾਨੇ ਵਿੱਚੋਂ ਬਾਹਰ ਨਿਕਲਿਆ। ਨੱਥੇ ਨੂੰ ਜਾਣੀ ਚਾਅ ਜਿਹਾ ਚੜ੍ਹ ਗਿਆ ਪੁਰਾਣੇ ਮਿੱਤਰ ਨੂੰ ਦੇਖ ਕੇ। ਬਲਦੇਵ ਨੇ ਹਾਸੇ ਨਾਲ ਕਿਹਾ ਮੈਂ ਤਾਂ ਸੋਚਿਆ ਸੀ ਤੂੰ ਕਿਤੇ ਰੱਬ ਨੂੰ ਪਿਆਰਾ ਹੋ ਗਿਆ ਹੋਵੇਂਗਾ ਹੁਣ ਤੱਕ। ਬਥੇਰੀ ਉਮਰ ਭੋਗ ਲਈ ਹੁਣ ਤਾਂ। ਬਸ ਗੱਲ ਹਾਸੇ ਠੱਠੇ ਵਿੱਚ ਪੈ ਗਈ। ਹੁਣ ਭਰਜਾਈ ਨੇ ਵੀ ਸੇਵਾ ਸ਼ੁਰੂ ਕਰ ਦਿੱਤੀ ਮਖੌਲੀਏ ਦਿਓਰ ਦੀ। ਅਗਲੀ ਸੁਭਾ ਸਵੇਰੇ ਮਨ ਨੂੰ ਝੰਜੋੜਨ ਵਾਲੀ ਖ਼ਬਰ ਸੀ ਬਲਦੇਵ ਦੀ ਮੌਤ ਦੀ। ਨੱਥੇ ਨੇ ਠੰਢਾ ਸਾਹ ਭਰਿਆ ਤੇ ਸੋਚਣ ਲੱਗਾ ਵਾਹ ਓਏ ਜਿਗਰੀ ਯਾਰਾ ਤੂੰ ਤਾਂ ਮੇਰੀ ਵਾਰੀ ਲੈ ਗਿਐਂ ਮੌਤ ਦਿਆ ਸੌਦਾਗਰਾ।

- ਰਮਿੰਦਰ ਫਰੀਦਕੋਟੀ
3 ਫਰੈਂਡਜ਼ ਐਵੀਨਿਊ,
ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋਬਾਈਲ : 98159-53929

5 Jan 2018