ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

21.02.2022
ਪ੍ਰਧਾਨ ਮੰਤਰੀ ਮੋਦੀ ਨਾਲ ਮੇਰਾ ਬਹੁਤ ਪਿਆਰ- ਕੈਪਟਨ
ਨਾ ਜੀਵਾਂ ਮਹਾਰਾਜ, ਮੈਂ ਤੇਰੇ ਬਿਨ ਨਾ ਜੀਵਾਂ।
ਭਾਜਪਾ ਨੇ ਗੁਜਰਾਤ ਮਾਡਲ ਦਾ ਪ੍ਰਚਾਰ ਕਰ ਕੇ ਦੇਸ਼ ਨੂੰ ਲੁੱਟਿਆ- ਹਾਰਦਿਕ ਪਟੇਲ
ਹੋਕਾ ਵੰਙਾਂ ਦਾ, ਕੱਢ ਦਿਖਾਇਆ ਚੱਕੀਰਾਹਾ।
‘ਆਪ’ ਨੂੰ ਵੋਟ ਨਾ ਪਾਇਉ, ਭਾਵੇਂ ਕਾਂਗਰਸ ਨੂੰ ਪਾ ਦਿਉ- ਪੰਜਾਬ ਭਾਜਪਾ ਪ੍ਰਧਾਨ
ਅਸਾਂ ਜੇਠ ਨੂੰ ਲੱਸੀ ਨਹੀਂ ਦੇਣੀ, ਦਿਉਰ ਭਾਵੇਂ ਦੁੱਧ ਪੀ ਲਵੇ।
ਨਰੋਏ ਪੰਜਾਬ ਦੀ ਸਿਰਜਣਾ ਹੀ ਭਾਜਪਾ ਦਾ ਮੁੱਖ ਟੀਚਾ- ਰਾਜਨਾਥ ਸਿੰਘ
ਹੁਣ ਵੋਟਾਂ ਵੇਲੇ ਆਏ ਸੱਜਣ ਜੀ, ਤੁਸੀਂ ਪਹਿਲਾਂ ਕਿਉਂ ਨਹੀਂ ਆਏ।
ਚੀਨ ਨਾਲ਼ ਭਾਰਤ ਦੇ ਰਿਸ਼ਤੇ ‘ਬੇਹੱਦ ਮੁਸ਼ਕਲ ਦੌਰ ਵਿਚ’- ਜੈਸ਼ੰਕਰ
ਛੜੇ ਬੈਠ ਕੇ ਸਲਾਹਾਂ ਕਰਦੇ, ਰੱਬਾ ਹੁਣ ਕੀ ਕਰੀਏ।
ਚੋਣਾਂ ‘ਚ ਕਿਸੇ ਵੀ ਪਾਰਟੀ ਦੀ ਹਮਾਇਤ ਨਹੀਂ ਕੀਤੀ- ਉਗਰਾਹਾਂ
ਨਾ ਕਾਹੂੰ ਸੇ ਦੋਸਤੀ, ਨਾ ਕਾਹੂੰ ਸੇ ਬੈਰ।
ਉਮੀਦਵਾਰਾਂ ਨੂੰ ਐਤਕੀਂ ਰਹੀ ਚੋਣ ਫੰਡਾਂ ਵਾਲੇ ਲਿਫ਼ਾਫ਼ਿਆਂ ਦੀ ਤੋਟ- ਇਕ ਖ਼ਬਰ
ਹੁਣ ਅੱਕਾਂ ਤੋਂ ਭਾਲ਼ਦੀ ਡੇਲੇ, ਜੱਟਾਂ ਨੇ ਕਰੀਰ ਪੁੱਟ ਲਏ।  
ਰਵਾਇਤੀ ਸਿਆਸੀ ਪਾਰਟੀਆਂ ਕਾਰਪੋਰੇਟ ਘਰਾਣਿਆਂ ਦੀਆਂ ਕਠਪੁਤਲੀਆਂ- ਚੜੂਨੀ
ਜਿਸ ਦਾ ਖਾਈਏ ਅੰਨ, ਉਸ ਦੀ ਲਈਏ ਮੰਨ।
ਪਟਿਆਲਾ ਸੀਟ ਜਿੱਤਣ ਲਈ ਕੈਪਟਨ ਵਲੋਂ ਕਾਲ਼ਾ ਕੱਟਾ ਦਾਨ- ਇਕ ਖ਼ਬਰ
ਪੌੜੀ ਪੌੜੀ ਚੜ੍ਹਦਾ ਜਾਹ, ਜੈ ਕੱਟੇ ਦੀ ਕਰਦਾ ਜਾਹ।
ਕੇਜਰੀਵਾਲ ਨੂੰ ਕਿਸੇ ਦੀ ਕਦਰ ਨਹੀਂ- ਜੱਸੀ ਜਸਰਾਜ
ਛੱਡ ਦੇ ਲੜ ਪ੍ਰਦੇਸੀ ਦਾ, ਤੈਨੂੰ ਨਿੱਤ ਦਾ ਰੋਣਾ ਪੈ ਜੂਗਾ।
ਮੋਦੀ ਤੇ ਕੇਜਰੀਵਾਲ ਦੋਵੇਂ ਆਰ.ਐੱਸ.ਐੱਸ. ਦੀ ਪੈਦਾਵਾਰ ਹਨ- ਪ੍ਰਿਅੰਕਾ ਗਾਂਧੀ
ਨੱਥਾ ਸਿੰਘ ਪ੍ਰੇਮ ਸਿੰਘ, ਵੰਨ ਐਂਡ ਦੀ ਸੇਮ ਥਿੰਗ।
ਦੇਸ਼ ਦੀ ਏਕਤਾ ਅਤੇ ਆਖੰਡਤਾ ‘ਚ ਸਿੱਖ ਸਮਾਜ ਦਾ ਵੱਡਾ ਯੋਗਦਾਨ- ਰਾਜਨਾਥ
ਜਿਨ ਮਨਿ ਹੋਰ ਮੁਖਿ ਹੋਰੁ ਸਿ ਕਾਂਢੇ ਕਚਿਆ।
ਵੋਟਰਾਂ ਦੀ ਚੁੱਪੀ ਕਾਰਨ ਸਿਆਸੀ ਧਿਰਾਂ ਦੇ ‘ਚੌਧਰੀ’ ਹੋਏ ਪ੍ਰੇਸ਼ਾਨ-ਇਕ ਖ਼ਬਰ
ਕੁਝ ਬੋਲ ਵੇ ਮਿੱਟੀ ਦਿਆ ਬਾਵਿਆ, ਤੇਰੀ ਚੁੱਪ ਨੇ ਸਾਨੂੰ ਖਾ ਲਿਆ।
ਸਰਕਾਰ ਬਣਨ ਦੇ ਅਗਲੇ ਦਿਨ ਬਲਬੀਰ ਸਿੱਧੂ ਨੂੰ ਡੱਕਾਂਗੇ ਜੇਲ੍ਹ ਅੰਦਰ- ਸੁਖਬੀਰ
ਕੈਪਟਨ ਵੀ ਇੰਜ ਹੀ ਕਹਿੰਦਾ ਹੁੰਦਾ ਸੀ ‘ਸਭ ਤੋਂ ਪਹਿਲਾਂ ਬਾਦਲਾਂ ਨੂੰ ਤੁੰਨੂੰ ਅੰਦਰ’
ਕੇਜਰੀਵਾਲ ਨੂੰ ਭਾਜਪਾ ਨੇ ਹੀ ਪੈਦਾ ਕੀਤਾ- ਅਜੈ ਮਾਕਨ   
ਇਹਨੂੰ ਸਮਝੋ ਨਾ ਕੋਈ ਹੋਰ ਨੀ, ਇਹ ਮੋਰਾਂ ਦਾ ਹੀ ਛੋਹਰ ਨੀ।
ਚੰਨੀ ਵਰਗੇ ਕੰਮ ਕੋਈ ਮੁੱਖ ਮੰਤਰੀ ਨਹੀਂ ਕਰ ਸਕਿਆ-ਰਾਜੀਵ ਸ਼ੁਕਲਾ
ਤੇਗ਼ਾਂ ਮਾਰਦਾ ਦਲਾਂ ਨੂੰ ਜਾਵੇ ਚੀਰਦਾ, ਗੋਰਿਆਂ ਦੇ ਘਾਣ ਲੱਥ ਗਏ।
ਕੇਜਰੀਵਾਲ ਨੇ ਪੰਜਾਬ ਹਿਤੈਸ਼ੀਆਂ ਨੂੰ ਬਾਹਰ ਦਾ ਰਾਹ ਵਿਖਾਇਆ- ਡਾ. ਗਾਂਧੀ
ਲਾਲ ਸਿੰਘ ਤੇਜ ਸਿੰਘ ਜੀ, ਕਰ ਗਏ ਨੇ ਗ਼ਦਾਰੀ ਭਾਰੀ।