ਪਹਿਰਾਵੇ ਦੀ ਧਾਰਮਿਕ ਪਛਾਣ ਅਤੇ ਫ਼ਿਰਕੂ ਜ਼ਹਿਰ - ਅਵਿਜੀਤ ਪਾਠਕ

ਅਧਿਆਪਕ ਹੋਣ ਦੇ ਨਾਤੇ ਮੈਂ ਹਮੇਸ਼ਾ ਆਪਣੇ ਆਪ ਨੂੰ ਬਹੁ-ਸੱਭਿਆਚਾਰਕ ਜਮਾਤ (classroom) ਵਿਚ ਪਾਉਂਦਾ ਹਾਂ ਜਿਸ ਦੀ ਖ਼ਾਸੀਅਤ ਹੈ ਇਸ ਦੀ ਵੰਨ-ਸਵੰਨਤਾ, ਇਸ ਦੀ ਅਨੇਕਤਾ, ਫਿਰ ਵੀ ਇਸ ਵਿਚ ਆਪਸ ਵਿਚ ਜੁੜੇ ਰਹਿਣ ਦੀ ਲੈਅ ਬਰਕਰਾਰ ਰਹਿੰਦੀ ਹੈ। ਮੈਂ ਅਜਿਹੀਆਂ ਮੁਸਲਿਮ ਕੁੜੀਆਂ ਨੂੰ ਦੇਖਿਆ ਹੈ ਜੋ ਹਿਜਾਬ ਪਹਿਨ ਕੇ ਆਉਂਦੀਆਂ ਹਨ ਪਰ ਉਹ ਕਾਰਲ ਮਾਰਕਸ, ਮਿਸ਼ੇਲ ਫੂਕੋ ਆਦਿ ਬਾਰੇ ਉਮਦਾ ਸੋਚ ਦਾ ਮੁਜ਼ਾਹਰਾ ਕਰਦੀਆਂ ਹਨ। ਮੇਰੀ ਖ਼ੁਸ਼ਕਿਸਮਤੀ ਹੈ ਕਿ ਮੈਂ ਅਜਿਹੇ ਯੂਰੋਪੀਅਨ ਵਿਦਿਆਰਥੀਆਂ ਨੂੰ ਮਿਲ ਤੇ ਦੇਖ ਸਕਿਆ ਹਾਂ ਜਿਹੜੇ ਗਾਂਧੀ ਦੀ ਕਿਤਾਬ ‘ਐਕਸਪੈਰੀਮੈਂਟ ਵਿਦ ਟਰੁੱਥ’ ਵਿਚ ਡੂੰਘੀ ਦਿਲਚਸਪੀ ਰੱਖਦੇ ਹਨ। ਹਿੰਦੂ, ਮੁਸਲਿਮ, ਸਿੱਖ, ਈਸਾਈ ਵਿਦਿਆਰਥੀ ਜਾਂ ਹਿਜਾਬ, ਪੱਗ, ਕੁੜਤਾ, ਜੀਨਜ਼ ਆਦਿ ਪਹਿਨਣ ਵਾਲੇ ਵਿਦਿਆਰਥੀ ਭਾਵੇਂ ਇਕੋ ਥਾਂ ਹੁੰਦੇ ਹਨ ਪਰ ਮੈਨੂੰ ਇਸ ਵਿਚ ਕਦੇ ਕੋਈ ਸਮੱਸਿਆ ਮਹਿਸੂਸ ਨਹੀਂ ਹੋਈ ਸਗੋਂ ਇਹ ਜ਼ਾਹਿਰਾ ਅਨੇਕਤਾ ਜਾਨਦਾਰ/ਜੋਸ਼ੀਲੀ ਜਮਾਤ ਨੂੰ, ਇਕੋ ਜਿਹੀਆਂ ਵਰਦੀਆਂ ਪਹਿਨੀ ਦਿਖਾਈ ਦਿੰਦੀ ਫ਼ੌਜੀ ਜਵਾਨਾਂ ਦੀ ਟੁਕੜੀ ਦੀ ਬੇਜਾਨ ਇਕਰੂਪਤਾ ਤੋਂ ਵਖਰਿਆਉਂਦੀ ਹੈ। ਇਹੀ ਨਹੀਂ, ਇਸ ਤਰ੍ਹਾਂ ਦੀ ਜਮਾਤ ਵਿਚ ਵਿਚਾਰਾਂ ਦਾ ਵਟਾਂਦਰਾ ਉਹ ਕੁਝ ਹਾਸਲ ਕਰ ਲੈਂਦਾ ਹੈ ਜਿਸ ਲਈ ਸਾਨੂੰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ : ਭਾਵ ਹੋਰਾਂ ਨਾਲ ਰਹਿਣ ਤੇ ਹੋਰਾਂ ਤੋਂ ਸਿੱਖਣ ਦੀ ਸਮਰੱਥਾ, ਉਦੋਂ ਵੀ ਜਦੋਂ ਕੋਈ ਆਪਣੀ ਸੱਭਿਆਚਾਰਕ ਪਛਾਣ ਤੋਂ ਸ਼ਰਮਿੰਦਾ ਨਾ ਹੋਵੇ। ਇਹੋ ਉਹ ਚੀਜ਼ ਹੈ ਜਿਸ ਨੂੰ ਮੈਂ ਗੂੜ੍ਹੀ ਵਿਸ਼ਵਵਿਆਪਕਤਾ (cosmopolitanism) ਵਜੋਂ ਮੰਨਦਾ ਹਾਂ ਅਤੇ ਸਾਡੇ ਵਰਗੇ ਵੰਨ-ਸਵੰਨਤਾ ਭਰੇ ਸਮਾਜ ਨੂੰ ਇਸ ਦੀ ਲੋੜ ਹੈ।
        ਉਂਝ, ਨਾਲ ਹੀ ਇੰਝ ਵੀ ਜਾਪਦਾ ਹੈ ਜਿਵੇਂ ਅਸੀਂ ਅਜਿਹੇ ਬਿਮਾਰ ਸਮਾਜ ਵਿਚ ਰਹਿ ਰਹੇ ਹੋਈਏ ਕਿ ਬਹੁਗਿਣਤੀ ਆਧਾਰਿਤ ਹਿੰਸਾ, ਡੂੰਘੀ ਸੱਭਿਆਚਾਰਕ ਤੇ ਮਾਨਸਿਕ ਅਸੁਰੱਖਿਆ ਅਤੇ ਜਿਸ ਤਰੀਕੇ ਨਾਲ ਸੰਗਠਿਤ ਧਰਮਾਂ ਵੱਲੋਂ ਕਿਸੇ ਦੀ ਪਛਾਣ ਨੂੰ ਪਰਿਭਾਸ਼ਿਤ ਕੀਤਾ ਤੇ ਇਸ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ, ਉਸ ਮੁਤਾਬਕ ਕੰਮ ਕਰਦੀ ਸਨਕੀ ਸੋਚ ਜਿਸ ਦੀ ਖ਼ੂਬੀ ਹੈ। ਕਰਨਾਟਕ ਵਿਚ ਜਾਰੀ ਮੌਜੂਦਾ ਹਿਜਾਬ ਵਿਵਾਦ ਸਾਫ਼ ਇਸ਼ਾਰਾ ਕਰਦਾ ਹੈ ਕਿ ਹੁਣ ਤਾਂ ਸਾਡੇ ਵਿੱਦਿਅਕ ਅਦਾਰੇ ਤੱਕ ਵੀ ਜ਼ਹਿਰੀ, ਪਿਛਾਂਹਖਿਚੂ ਤੇ ਫੁੱਟ-ਪਾਊ ਬਣ ਰਹੇ ਹਨ। ਜ਼ਰਾ ਸੋਚੋ, ਕਾਲਜ ਵਿਦਿਆਰਥੀ ਅੱਜ ਸਾਇੰਸ, ਫਿਲਾਸਫੀ ਅਤੇ ਸਾਹਿਤ ਨਾਲ ਸੰਬੰਧਿਤ ਡੂੰਘੇ ਸਵਾਲਾਂ ਬਾਰੇ ਸੋਚ-ਵਿਚਾਰਾਂ ਕਰਨ ਦੀ ਥਾਂ ‘ਜੈ ਸ੍ਰੀ ਰਾਮ’ ਜਾਂ ‘ਅੱਲ੍ਹਾ ਹੂ ਅਕਬਰ’ ਦੇ ਨਾਅਰੇ ਲਾ ਰਹੇ ਹਨ। ਉਨ੍ਹਾਂ ਤੋਂ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਘੁਮੱਕੜ ਹੋਣ, ਮਿਲ ਕੇ ਕੰਮ ਕਰਨ ਅਤੇ ਮਹਾਨ ਕਿਤਾਬਾਂ ਤੇ ਵਿਚਾਰਾਂ ਉਤੇ ਜ਼ੋਰਦਾਰ ਬਹਿਸ ਕਰਦਿਆਂ ਆਪਣੀ ਜਮਾਤ ਨੂੰ ਮੋਹ ਲੈਣ ਪਰ ਇਥੇ ਹਿੰਦੂਤਵ ਦੇ ਕੱਟੜ-ਰਾਸ਼ਟਰਵਾਦੀ ਝੰਡਾਬਰਦਾਰ ਇੰਨੇ ਅਸੁਰੱਖਿਅਤ ਹਨ ਕਿ ਜਦੋਂ ਉਨ੍ਹਾਂ ਨੂੰ ਹਿਜਾਬ ਪਹਿਨ ਕੇ ਦੋਪਹੀਆ ਵਾਹਨ ਚਲਾਉਂਦੀ ਕੋਈ ਅਜਿਹੀ ਮੁਸਲਿਮ ਕੁੜੀ ਦਿਖਾਈ ਦਿੰਦੀ ਹੈ ਜਿਹੜੀ ਉਨ੍ਹਾਂ ਦੇ ਹਮਲਾਵਰ ਰੁਖ਼ ਅੱਗੇ ਖ਼ਾਮੋਸ਼ ਹੋਣ ਤੋਂ ਇਨਕਾਰੀ ਹੋ ਜਾਂਦੀ ਹੈ ਤਾਂ ਉਹ ਖ਼ਤਰਾ ਮਹਿਸੂਸ ਕਰਦੇ ਹਨ। ਤ੍ਰਾਸਦੀ ਇਹ ਹੈ ਕਿ ਸਾਡੇ ਅਕਾਦਮਿਕ ਅਫ਼ਸਰਸ਼ਾਹਾਂ ਨੇ ਸੰਵਾਦਮੁਖੀ, ਆਲੋਚਨਾਤਮਕ, ਚਿੰਤਨਸ਼ੀਲ ਸਿੱਖਿਆ ਸ਼ਾਸਤਰ ਦੇ ਲੋਕਾਚਾਰ ਨੂੰ ਤਾਂ ਕੀ ਹੁਲਾਰਾ ਦੇਣਾ ਸਗੋਂ ਉਹ ਪਹਿਰਾਵੇ ਦੇ ਮੁੱਦੇ ਉਤੇ ਹੀ ਉਲਝ ਜਾਂਦੇ ਹਨ। ਇਹ ਧਰਮ ਨਿਰਪੱਖਤਾ ਨਹੀਂ ਹੈ ਸਗੋਂ ਇਹ ਯਕੀਨਨ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਅਤੇ ਬੇਇੱਜ਼ਤ ਕਰਨ ਦੀ ਸਾਜਿ਼ਸ਼ ਹੈ।
      ਫ਼ਿਰਕੂ ਤੌਰ ਤੇ ਕਸ਼ੀਦਗੀ ਭਰੇ ਇਸ ਮਾਹੌਲ ਦੇ ਉਲਟ ਕਿਸੇ ਅਜਿਹੀ ਜਮਾਤ ਦਾ ਤਸੱਵੁਰ ਕਰੋ ਜਿਥੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਗੂੜ੍ਹ ਸਵਾਲ ਪੁੱਛਣ ਲਈ ਹੱਲਾਸ਼ੇਰੀ ਦਿੱਤੀ ਜਾਂਦੀ ਹੈ : ਕੀ ਇਹ ਆਖਿਆ ਜਾ ਸਕਦਾ ਹੈ ਕਿ ਕੋਈ ਇਨਸਾਨ ਜੋ ਵੀ ਪਹਿਰਾਵਾ ਪਹਿਨਦਾ ਹੈ, ਉਹ ਹਮੇਸ਼ਾ ਲਾਜ਼ਮੀ ਤੌਰ ਤੇ ਉਸ ਦੀ ਆਜ਼ਾਦ ਪਸੰਦ ਹੁੰਦਾ ਹੈ? ਇਥੇ ਕਿਸੇ ਅਜਿਹੀ ਹੁਸਨ ਦੀ ਮਲਿਕਾ ਬਾਰੇ ਸੋਚੋ ਜਿਸ ਨੇ ਫੈਂਸੀ ਪਹਿਰਾਵਾ ਪਹਿਨਿਆ ਹੋਵੇ, ਕੀ ਇਹ ਉਸ ਦੀ ਮਨਮਰਜ਼ੀ ਦੀ ਪਸੰਦ ਹੈ? ਜਾਂ ਫਿਰ ਇਹ ਕਿ ਬਾਜ਼ਾਰੀ ਪਹੁੰਚ ਵਾਲੀ ਸੁੰਦਰਤਾ ਸਨਅਤ ਅਤੇ ਇਸ ਨਾਲ ਜੁੜੀ ‘ਬਰਾਂਡ’ ਚੇਤਨਾ ਨੇ ਪਹਿਲਾਂ ਹੀ ਇਹ ਪਰਿਭਾਸ਼ਿਤ ਕਰ ਦਿੱਤਾ ਹੈ ਕਿ ਉਸ ਨੂੰ ਕੀ ਪਹਿਨਣਾ ਪਵੇਗਾ, ਭਾਵੇਂ ਉਹ ਅਜਿਹਾ ਸੋਚਦੀ ਹੋਵੇ ਕਿ ਉਹ ਬਹੁਤ ਆਧੁਨਿਕ ਹੈ ਅਤੇ ਉਹ ਸਭ ਤਰ੍ਹਾਂ ਦੀਆਂ ਪੁਰਾਣੀਆਂ ਰੀਤਾਂ ਤੋਂ ਉਪਰ ਉਠ ਚੁੱਕੀ ਹੈ? ਇਸੇ ਤਰ੍ਹਾਂ ਜਦੋਂ ਕੋਈ ਹਿੰਦੂ ਔਰਤ ਸਿੰਧੂਰ ਨੂੰ ਆਪਣੇ ਵਿਆਹੁਤਾ ਰੁਤਬੇ ਦੇ ਖ਼ਾਸ ਪ੍ਰਤੀਕ ਵਜੋਂ ਦੇਖਦੀ ਹੈ, ਕੀ ਉਹ ਸੱਚਮੁੱਚ ਆਜ਼ਾਦ ਹੈ? ਜਾਂ ਫਿਰ ਇਹ ਕਿ ਉਹ ਪਹਿਲਾਂ ਹੀ ਆਪਣੀਆਂ ਧਾਰਮਿਕ ਰਵਾਇਤਾਂ ਵਿਚ ਬੱਝੀ ਹੋਈ ਹੈ? ਸੰਭਵ ਹੈ ਕਿ ਇਸ ਦੇ ਸਮਾਜੀਕਰਨ ਅਤੇ ਫਿਰ ਸਿੱਟੇ ਵਜੋਂ ਉਸ ਦੇ ਇਸ ਵਿਚ ਰਚ-ਮਿਚ ਜਾਣ ਕਾਰਨ ਇਹ ਹਾਲਤ ਇੰਨੀ ਆਮ ਤੇ ਸੁਭਾਵਿਕ ਜਾਪਦੀ ਹੈ ਕਿ ਉਹ ਇਸ ਨੂੰ ਆਪਣੇ ਪਸੰਦੀਦਾ ਕੰਮ ਵਜੋਂ ਦੇਖਣਾ ਸ਼ੁਰੂ ਕਰ ਦਿੰਦੀ ਹੈ। ਇੰਝ ਹੀ, ਕੋਈ ਮੁਸਲਿਮ ਕੁੜੀ ਵੀ ਉਦੋਂ ਆਪਣੀ ਅਜਿਹੀ ਹੀ ਹਾਲਤ ਨੂੰ ਆਪਣੀ ਮਨਮਰਜ਼ੀ ਦਾ ਨਾਂ ਦੇ ਕੇ ਉਲਝਾ ਸਕਦੀ ਹੈ, ਜਦੋਂ ਉਹ ਆਖਦੀ ਹੈ ਕਿ ਉਸ ਨੇ ਆਪਣੇ ਆਪ ਨੂੰ ਪਰਦੇ ਵਿਚ ਰੱਖਣ ਦਾ ਫ਼ੈਸਲਾ ਆਪਣੀ ਮਰਜ਼ੀ ਨਾਲ ਕੀਤਾ ਹੈ। ਅਸੀਂ ਆਖ ਸਕਦੇ ਹਾਂ ਕਿ ਸੱਭਿਆਚਾਰਕ ਤੰਦਾਂ ਨਾਲ ਬੱਝੇ ਹੋਣ ਦੇ ਨਾਤੇ ਕਿਸੇ ਲਈ ਵੀ ਪੱਗ, ਸਿੰਧੂਰ, ਹਿਜਾਬ ਜਾਂ ਇਥੋਂ ਤੱਕ ਕਿ ਅਮਰੀਕੀ ਨੀਲੀਆਂ ਜੀਨਜ਼ ਵਰਗੇ ਪ੍ਰਤੀਕਾਂ ਤੋਂ ਪੂਰੀ ਤਰ੍ਹਾਂ ਬਾਹਰ ਨਿਕਲਣਾ ਨਾਮੁਮਕਿਨ ਹੁੰਦਾ ਹੈ। ਫਿਰ ਇਕ ਪਰਪੱਕ ਸਿੱਖਿਆਰਥੀ ਵਜੋਂ ਵਿਕਸਤ ਹੋਣਾ ਤੇ ਵੱਡੇ ਹੋਣਾ, ਅਸਲ ਵਿਚ ਇਸ ਦਵੰਦਵਾਦ ਬਾਰੇ ਜਾਣੂ ਹੋਣਾ ਹੀ ਹੈ। ਸਿਰਫ਼ ਉਦੋਂ ਹੀ ਗ੍ਰਹਿਣਸ਼ੀਲ ਹੋਣਾ, ਆਪਣੇ ਦਿਸਹੱਦਿਆਂ ਦਾ ਪਸਾਰ ਕਰਨਾ ਅਤੇ ਇਹ ਅਹਿਸਾਸ ਕਰਨਾ ਸੰਭਵ ਹੈ ਕਿ ਜ਼ਿੰਦਗੀ ਵਿਚ ਅਜਿਹਾ ਵੀ ਕੁਝ ਹੈ ਜੋ ਇਸ ਗੱਲ ਤੋਂ ਵੱਧ ਅਹਿਮ ਹੈ ਕਿ ਕੋਈ ਕੀ ਖਾਂਦਾ ਹੈ ਜਾਂ ਕੀ ਪਹਿਨਦਾ ਹੈ।
        ਦੁੱਖ ਦੀ ਗੱਲ ਇਹ ਹੈ ਕਿ ਪੂਰੀ ਤਰ੍ਹਾਂ ਸਰਵ-ਵਿਆਪੀ ਰਾਜਨੀਤੀ ਜਿਹੜੀ ਸਾਡੀਆਂ ਸੀਮਤ ਪਛਾਣਾਂ ਨੂੰ ਬਣਾਉਂਦੀ ਤੇ ਉਕਸਾਉਂਦੀ ਹੈ, ਉਹ ਸਾਡੀ ਚੇਤਨਾ ਨੂੰ ਘੇਰ ਲੈਂਦੀ ਹੈ ਤੇ ਅਲਹਿਦਗੀ ਦੀਆਂ ਕੰਧਾਂ ਖੜ੍ਹੀਆਂ ਕਰ ਦਿੰਦੀ ਹੈ। ਇਕ ਪਾਸੇ ਜਿਥੇ ਕੱਟੜ ਹਿੰਦੂ ਰਾਸ਼ਟਰਵਾਦੀ ਹਮਲਾਵਰ ਪ੍ਰਤੀਕਾਂ ਦਾ ਫੈਲਾਅ ਕਰਦੇ ਹਨ, ਉਥੇ ਮੁਸਲਿਮ ਮੌਲਾਣੇ ਵੀ ਔਰਤਾਂ ਦੀ ਆਜ਼ਾਦੀ ਨੂੰ ਸੀਮਤ ਕਰਨ ਲਈ ਦਮਨਕਾਰੀ/ਅੱਤਿਆਚਾਰੀ ਰੀਤੀ-ਰਿਵਾਜ਼ਾਂ ਦੀ ਹਮਾਇਤ ਜਾਰੀ ਰੱਖਦੇ ਹਨ। ਇਸ ਦੌਰਾਨ ਬਹੁਗਿਣਤੀ ਫ਼ਿਰਕਾਪ੍ਰਸਤੀ ਬਨਾਮ ਘੱਟਗਿਣਤੀ ਫਿ਼ਰਕਾਪ੍ਰਸਤੀ ਦੇ ਇਸ ਦੁਸ਼ਟ-ਚੱਕਰ ਦੇ ਦੌਰਾਨ ਸਾਡੀਆਂ ‘ਧਰਮ ਨਿਰਪੱਖ’ ਸਿਆਸੀ ਪਾਰਟੀਆਂ ਤੱਕ ਵੀ ਬਹੁਸੱਭਿਆਚਾਰਵਾਦ ਜਾਂ ਵਿਸ਼ਵਵਿਆਪਕਤਾ ਦੀ ਦੁਹਾਈ ਦੇਣ ਦੀ ਥਾਂ ਕੂਟਨੀਤੀ ਵਰਤਦੀਆਂ ਹਨ। ਇਹ ਬਹੁਤ ਅਫ਼ਸੋਸਨਾਕ ਹੈ ਕਿ ਅਸੀਂ ਆਪਣੇ ਆਪ ਨੂੰ ਮੁਸਲਿਮ, ਹਿੰਦੂ, ਜਾਟ, ਦਲਿਤ ਆਦਿ ਵੋਟ ਬੈਂਕ ਦੇ ਹਿੱਸੇ ਵਜੋਂ ਦੇਖਣਾ ਪਸੰਦ ਕਰਦੇ ਹਾਂ। ਇਸ ਗੱਲ ਦੇ ਕੋਈ ਆਸਾਰ ਨਹੀਂ ਕਿ ਮੌਜੂਦਾ ਪ੍ਰਚਲਿਤ ਸਿਆਸੀ ਸੱਭਿਆਚਾਰ ਸਾਡੀ ਚੇਤਨਾ ਨੂੰ ਮੁਕਤ ਕਰ ਸਕਦਾ ਹੈ। ਇਸ ਲਈ ਸਿਆਸੀ ਜਮਾਤ ਵੱਲੋਂ ਹਿਜਾਬ ਵਿਵਾਦ ਤੇ ਜਾਰੀ ਰੇੜਕੇ ਦਾ ਆਪਣੇ ਉਪਯੋਗੀ ਹਿੱਤਾਂ ਲਈ ਲਾਹਾ ਲਿਆ ਜਾ ਰਿਹਾ ਹੈ।
       ਮੈਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਕਿ ਅਸੀਂ ਸਿਰਫ਼ ਰਚਨਾਤਮਕ ਤੌਰ ਤੇ ਆਲੋਚਨਾਤਮਕ ਸਿੱਖਿਆ ਸ਼ਾਸਤਰ ਰਾਹੀਂ ਹੀ ਅਜਿਹੇ ਸਮਾਜ ਦੀ ਸਿਰਜਣਾ ਵੱਲ ਵਧ ਸਕਦੇ ਹਾਂ ਜਿਹੜਾ ਆਪਣੇ ਆਪ ਨੂੰ ਪਛਾਣ ਦੀ ਸਿਆਸਤ ਤੋਂ ਨਿਰਲੇਪ ਕਰ ਸਕੇ। ਇਸੇ ਪ੍ਰਸੰਗ ਵਿਚ ਕਿਹਾ ਜਾ ਸਕਦਾ ਹੈ ਕਿ ਸਾਨੂੰ ਵੰਨ-ਸਵੰਨਤਾ ਤੇ ਸੱਭਿਆਚਾਰਕ ਬਹੁਲਤਾਵਾਦ ਨਾਲ ਜਿਊਣ ਦੀ ਕਲਾ ਨੂੰ ਸਮਝਣ ਦੀ ਲੋੜ ਹੈ। ਮੈਂ ਹਿੰਦੂ ਪਰਿਵਾਰ ਵਿਚ ਜਨਮਿਆ ਹਾਂ ਪਰ ਇਹ ਗੱਲ ਮੈਨੂੰ ਜ਼ੇਨ ਬੁੱਧ ਮਤ (ਬੁੱਧ ਧਰਮ ਦਾ ਚੀਨੀ-ਜਪਾਨੀ ਰੂਪ) ਜਾਂ ਸੂਫ਼ੀਵਾਦ ਦੇ ਵਿਸਮਾਦ ਤੋਂ ਕਿਉਂ ਮਹਿਰੂਮ ਰੱਖੇ? ਜਾਂ ਤੁਸੀਂ ਆਪਣੇ ਹਿਜਾਬ ਨੂੰ ਪਿਆਰ ਕਰਦੇ ਹੋ ਸਕਦੇ ਹੋ ਪਰ ਇਹ ਗੱਲ ਤੁਹਾਡੇ ਲਈ ਈਸਾ ਮਸੀਹ ਦੇ ਉਪਦੇਸ਼ਾਂ ਨੂੰ ਸੁਣਨਾ ਕਿਉਂ ਅਸੰਭਵ ਬਣਾਵੇ? ਜਾਂ ਫਿਰ ਆਪਣੀ ਕਿਤਾਬਾਂ ਦੀ ਸ਼ੈਲਫ਼ ਉਤੇ ਕਾਰਲ ਮਾਰਕਸ ਦੇ ‘ਕਮਿਊਨਿਸਟ ਮੈਨੀਫੈਸਟੋ’ ਦੇ ਨਾਲ ਹੀ ਵੀਅਤਨਾਮੀ ਬੋਧੀ ਭਿਖਸ਼ੂ ਤਿਕ ਨਿਉਤ ਹਾਨ੍ਹ ਦੀ ‘ਲਿਵਿੰਗ ਬੁੱਧਾ’ ਜਾਂ ‘ਲਿਵਿੰਗ ਕ੍ਰਾਈਸਟ’ ਰੱਖਣਾ ਤੁਹਾਡੇ ਲਈ ਨਾਮੁਮਕਿਨ ਕਿਉਂ ਹੋਵੇ? ਜਾਨਦਾਰ ਜੋਸ਼ੀਲੀ ਜਮਾਤ ਜਿਹੜੀ ਚੇਤਨਾ ਦੀਆਂ ਖਿੜਕੀਆਂ ਖੋਲ੍ਹਦੀ ਹੈ, ਉਹ ਸਾਨੂੰ ਬਹੁਸੱਭਿਆਚਾਰਕਵਾਦ ਦੀ ਸੱਚੀ ਭਾਵਨਾ ਵੱਲ ਲਿਜਾ ਸਕਦੀ ਹੈ।
      ਆਪਣੀ ਪਛਾਣ ਦੇ ਚਿੰਨ੍ਹਾਂ ਨੂੰ ਲੈ ਕੇ ਬਹੁਤੇ ਹੀ ਫ਼ਿਕਰਮੰਦ ਇਨ੍ਹਾਂ ਰੋਹ ਭਰਪੂਰ ਹਿੰਦੂ/ਮੁਸਲਮਾਨ ਵਿਦਿਆਰਥੀਆਂ ਨੂੰ ਅਧਿਆਪਕ ਹੋਣ ਦੇ ਨਾਤੇ ਇਹੋ ਅਪੀਲ ਕਰਨੀ ਚਾਹੁੰਦਾ ਹਾਂ ਕਿ ਜ਼ਰਾ ਰੁਕੋ, ਇਕ ਵਾਰ ਗਾਂਧੀ, ਟੈਗੋਰ ਆਦਿ ਬਾਰੇ ਸੋਚੋ। ਗਾਂਧੀ ਦੇ ‘ਸਨਾਤਨੀ ਹਿੰਦੂਵਾਦ’ ਨੂੰ ਤਾਲਸਤਾਏ ਜਾਂ ਰਸਕਿਨ ਦੀ ਛੋਹ ਅਤੇ ਅੰਤਰ-ਧਾਰਮਿਕ ਵਿਚਾਰ-ਵਟਾਂਦਰਿਆਂ ਤੋਂ ਵੱਖ ਨਹੀਂ ਸੀ ਕੀਤਾ ਜਾ ਸਕਦਾ। ਇਸੇ ਤਰ੍ਹਾਂ ਟੈਗੋਰ ਦੀਆਂ ਉਪਨਿਸ਼ਦਾਂ ਤੇ ਆਧਾਰਿਤ ਪ੍ਰਾਰਥਨਾਵਾਂ ਨੇ ਉਨ੍ਹਾਂ ਨੂੰ ਸਾਰੀ ਦੁਨੀਆ ਨੂੰ ਆਪਣੇ ਕਲਾਵੇ ਵਿਚ ਲੈਣ ਅਤੇ ਫ਼ੌਜੀ ਰਾਸ਼ਟਰਵਾਦ ਦੀ ਵਿਚਾਰਧਾਰਾ ਨੂੰ ਸਵਾਲ ਕਰਨ ਦੇ ਸਮਰੱਥ ਬਣਾਇਆ। ਉਹ ਵਿਸ਼ਵਵਿਆਪੀਵਾਦ ਦੀਆਂ ਜਿਊਂਦੀਆਂ ਜਾਗਦੀਆਂ ਮਿਸਾਲਾਂ ਸਨ। ਕੀ ਇਹ ਵਿਦਿਆਰਥੀ ਅਜਿਹਾ ਸਿੱਖਣ ਦੀ ਜੁਰਅਤ ਕਰਨਗੇ?
* ਲੇਖਕ ਸਮਾਜ ਸ਼ਾਸਤਰੀ ਹੈ।