ਚੁੰਝਾਂ-ਪ੍ਹੌਂਚੇ - - ਨਿਰਮਲ ਸਿੰਘ ਕੰਧਾਲਵੀ

 28.02.2022

ਘੱਟ ਵੋਟ ਫ਼ੀਸਦੀ ਕਰ ਕੇ ਸਰਕਾਰੀ ਹਲਕਿਆਂ ਵਿਚ ਘਬਰਾਹਟ- ਇਕ ਖ਼ਬਰ

ਆਂਙਣ ਦਿਸੇ ਨਾ ਖੇਡਦਾ ਬਾਲ ਮੈਨੂੰ, ਸੁੰਞੇ ਪਏ ਨੇ ਮਹਿਲ ਵੀਰਾਨ ਮੇਰੇ।                                                                                  

ਬੀ.ਬੀ.ਐਮ.ਬੀ. ਦਾ ਮਸਲਾ ਪ੍ਰਧਾਨ ਮੰਤਰੀ ਕੋਲ ਲਿਜਾਵਾਂਗੇ- ਭਗਵੰਤ ਮਾਨ

ਖੇਤ ਤਾਂ ਆਪਣਾ ਡਬਰਿਆਂ ਖਾ ਲਿਆ, ਮੇਰਾ ਕਾਲਜਾ ਧੜਕੇ।

ਵਿਵਾਦ ਸੁਲਝਾਉਣ ਲਈ ਮੋਦੀ ਨਾਲ ਟੀ.ਵੀ. ‘ਤੇ ਬਹਿਸ ਕਰਨੀ ਚਾਹਾਂਗਾ- ਇਮਰਾਨ ਖ਼ਾਨ

ਚੰਨਣ ਦੇਹੀ ਆਪ ਗਵਾ ਲਈ, ਬਾਂਸਾਂ ਵਾਂਗੂੰ ਖਹਿ ਕੇ।

ਸਾਧ ਗੁਰਮੀਤ ਰਾਮ ਰਹੀਮ ਨੂੰ ਮਿਲੀ ਜ਼ੈੱਡ ਸੁਰੱਖਿਆ- ਇਕ ਖ਼ਬਰ

ਕੈਦ ਕਰਾ ਦਊਂਗੀ, ਮੈਂ ਡਿਪਟੀ ਦੀ ਸਾਲ਼ੀ।

ਪੰਜ ਸਾਲ ਸੱਤਾ ‘ਚ ਰਹਿ ਕੇ ਕਾਂਗਰਸ ਨੂੰ ਹੁਣ ਨਸ਼ਾ ਮਾਫ਼ੀਆ ਦੀ ਹੋਈ ਚਿੰਤਾ-ਭਗਵੰਤ ਮਾਨ

ਨੌ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ।

ਹਰਿਆਣਾ ਸਰਕਾਰ ਦਾ ਵਿਤ ਪ੍ਰਬੰਧਨ ਸਭ ਸੂਬਿਆਂ ਤੋਂ ਅੱਵਲ- ਮਨੋਹਰ ਲਾਲ

ਘਰ ਦੀ ਬਿੱਲੀ, ਘਰੇ ਮਿਆਊਂ।

ਅਮਰੀਕਾ ਅਤੇ ਭਾਈਵਾਲ ਪੂਤਿਨ ਨੂੰ ਮੂੰਹ-ਤੋੜ ਜਵਾਬ ਦੇਣਗੇ-ਬਾਇਡਨ

ਅੱਗ ਲਾ ਕੇ ਆਪ ਡੱਬੂ ਕੰਧ ‘ਤੇ।

ਨਸ਼ਾ ਤਸਕਰੀ ਮਾਮਲੇ ‘ਚ ਬਿਕਰਮ ਮਜੀਠੀਆ ਨੂੰ ਨਿਆਇਕ ਹਿਰਾਸਤ ‘ਚ ਭੇਜਿਆ- ਇਕ ਖ਼ਬਰ

ਬੱਕਰੇ ਦੀ ਮਾਂ ਕਿੰਨਾ ਕੁ ਚਿਰ ਖ਼ੈਰ ਮਨਾਏਗੀ।

ਅਸੀਂ ਪਰਵਾਰ ਵਾਲੇ ਨਹੀਂ ਪਰ ਪਰਵਾਰਾਂ ਦਾ ਦਰਦ ਸਮਝਦੇ ਹਾਂ- ਮੋਦੀ

733 ਕਿਸਾਨਾਂ ਦੀਆਂ ਲਾਸ਼ਾਂ ਵੇਲੇ ਮੋਦੀ ਸਾਹਿਬ ਇਹ ਦਰਦ ਕਿੱਥੇ ਸੀ?

ਕੇਂਦਰ ਵਲੋਂ ਪੰਜਾਬ ਭਾਜਪਾ ਦੇ ਨੇਤਾਵਾਂ ਨੂੰ ਥੋਕ ਵਿਚ ਸੁਰੱਖਿਆ ਪ੍ਰਦਾਨ- ਇਕ ਖ਼ਬਰ

ਉੱਤੇ ਪਾ ਦੇ ਫੁੱਲ ਕਲੀਆਂ, ਮੰਜਾ ਬੁਣ ਦੇ ਜੁਗਿੰਦਰਾ ਯਾਰਾ।

ਭਾਰਤ ਵਿਚ 75% ਔਰਤਾਂ ਅਨੀਮੀਆ ਅਤੇ 85% ਕੁਪੋਸ਼ਣ ਦਾ ਸ਼ਿਕਾਰ ਹਨ- ਇਕ ਖ਼ਬਰ

ਡਿਜੀਟਲ ਇੰਡੀਆ ਦੇ, ਦੂਰੋਂ ਪੈਣ ਲਿਸ਼ਕਾਰੇ।

ਦੇਸ਼ ਅੰਦਰ ਆਪਣੇ ਹੀ ਲੋਕਾਂ ਨਾਲ਼ ਹੋ ਰਿਹੈ ਧੱਕਾ- ਜਾਖੜ

ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦੇ ਹੱਕ ਮਾਰ ਕੇ।

ਕੰਙਣਾਂ ਰਣੌਤ ਨੂੰ ਬਠਿੰਡਾ ਅਦਾਲਤ ਵਲੋਂ ਮੁੜ ਸੰਮਨ ਜਾਰੀ- ਇਕ ਖ਼ਬਰ

ਕਾਲ਼ੀ ਤਿੱਤਰੀ ਕਮਾਦੋਂ ਨਿਕਲੀ, ਉਡਦੀ ਨੂੰ ਬਾਜ਼ ਪੈ ਗਿਆ।

ਅਕਾਲੀ ਦਲ ਤੇ ਭਾਜਪਾ ਦਰਮਿਆਨ ਮੁੜ ਗੱਠਜੋੜ ਹੋਣ ਦੇ ਆਸਾਰ-ਇਕ ਖ਼ਬਰ

ਰੁੱਤ ਯਾਰੀਆਂ ਲਾਉਣ ਦੀ ਆਈ, ਬੇਰੀਆਂ ਦੇ ਬੇਰ ਪੱਕ ਗਏ।

ਰਾਮ ਰਹੀਮ ਨੂੰ ਖ਼ਤਰੇ ਦੇ ਮੱਦੇ ਨਜ਼ਰ ਸੁਰੱਖਿਆ ਛੱਤਰੀ ਦਿਤੀ- ਖੱਟਰ

ਨੀਂ ਮੈਂ ਤਲ਼ੀਆਂ ‘ਤੇ ਚੋਗ ਚੁਗਾਵਾਂ, ਮਿੱਤਰਾਂ ਦੇ ਤਿੱਤਰਾਂ ਨੂੰ।

ਵੋਟਾਂ ਪੈਂਦਿਆਂ ਸਾਰ ਆਪਣਿਆਂ ਨੇ ਹੀ ਸਿੱਧੂ ਖ਼ਿਲਾਫ਼ ਚੁੱਪ ਤੋੜੀ- ਇਕ ਖ਼ਬਰ                     

ਅੱਗੇ ਬੀਬੀ ਟੱਪਣੀ, ਪਿੱਛੇ ਢੋਲਾਂ ਦੀ ਘੜਮੱਸ।

ਬਾਦਲਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਦੀ ਅਪੀਲ- ਸ਼੍ਰੋਮਣੀ ਅਕਾਲੀ ਦਲ (ਸੰਯੁਕਤ)

ਕਾਂ ਬਾਗ਼ ਦੇ ਵਿਚ ਕਲੋਲ ਕਰਦੇ, ਕੂੜਾ ਫੋਲਣੇ ਦੇ ਉੱਤੇ ਮੋਰ ਕੀਤੇ।