ਡਾਢਿਆਂ ਦੇ ਭਰਮ ਭੁਲੇਖੇ - ਰਾਮਚੰਦਰ ਗੁਹਾ

ਯੂਕਰੇਨ ’ਤੇ ਹੋਏ ਰੂਸੀ ਹਮਲੇ ਨਾਲ ਮੈਨੂੰ ਵਡਿੱਕੇ ਅਤੇ ਫ਼ੌਜੀ ਤੌਰ ’ਤੇ ਤਾਕਤਵਰ ਦੇਸ਼ਾਂ ਵੱਲੋਂ ਆਪਣੀ ਧੌਂਸ ਜਮਾਉਣ ਦੇ ਚੱਕਰ ਵਿਚ ਬੀਤੇ ਸਮਿਆਂ ਵਿਚ ਕੀਤੀਆਂ ਗਈਆਂ ਕਈ ਦੁਸਾਹਸੀ ਕਾਰਵਾਈਆਂ ਦਾ ਚੇਤਾ ਆਇਆ। ਜੇ ਮੈਂ ਇਹ ਗੱਲ ਆਪਣੀ ਹੁਣ ਤੱਕ ਦੀ ਜ਼ਿੰਦਗੀ ਤੱਕ ਸੀਮਤ ਰੱਖਾਂ ਤਾਂ ਇਹ ਵੀਅਤਨਾਮ ਤੇ ਇਰਾਕ ਵਿਚ ਅਮਰੀਕੀ ਹਮਲਿਆਂ ਅਤੇ ਅਫ਼ਗਾਨਿਸਤਾਨ ਵਿਚ ਸੋਵੀਅਤ ਹਮਲੇ ਤੋਂ ਬਾਅਦ ਚੌਥਾ ਅਜਿਹਾ ਹਮਲਾ ਹੈ। ਬੀਤੇ ਸਮਿਆਂ ਵਿਚ ਹੋਈਆਂ ਫ਼ੌਜੀ ਕਾਰਵਾਈਆਂ ਦਾ ਹਸ਼ਰ ਬੁਰਾ ਹੋਇਆ ਸੀ ਜਿਨ੍ਹਾਂ ਨਾਲ ਨਾ ਕੇਵਲ ਹਮਲੇ ਦਾ ਸ਼ਿਕਾਰ ਬਣੇ ਮੁਲ਼ਕਾਂ ਨੂੰ ਸੰਤਾਪ ਹੰਢਾਉਣਾ ਪਿਆ ਸਗੋਂ ਹਮਲਾਵਰਾਂ ਨੂੰ ਵੀ ਭਾਰੀ ਕੀਮਤ ਅਦਾ ਕਰਨੀ ਪਈ ਤੇ ਨਾਲ ਹੀ ਦੁਨੀਆਂ ਭਰ ਵਿਚ ਇਸ ਦੇ ਨਾਂਹਮੁਖੀ ਝਟਕੇ ਮਹਿਸੂਸ ਹੋਏ।
        ਸੰਨ 1965 ਵਿਚ ਮੈਂ ਅਜੇ ਲੜਕਪਣ ਵਿਚ ਹੀ ਸਾਂ ਜਦੋਂ ਰਾਸ਼ਟਰਪਤੀ ਜੌਹਨਸਨ ਨੇ ਵੀਅਤਨਾਮ ’ਤੇ ਅਮਰੀਕੀ ਫ਼ੌਜ ਚਾੜ੍ਹ ਦਿੱਤੀ ਸੀ। ਉਸ ਜੰਗ ਦੇ ਬਿਓਰਿਆਂ ਦਾ ਮੈਨੂੰ ਬਹੁਤਾ ਚੇਤਾ ਨਹੀਂ, ਪਰ ਜਦੋਂ ਉਹ ਖ਼ਤਮ ਹੋਈ ਤਾਂ ਉਸ ਬਾਰੇ ਕਾਫ਼ੀ ਕੁਝ ਯਾਦ ਹੈ। ਅਪਰੈਲ 1975 ਵਿਚ ਮੈਂ ਦਿੱਲੀ ਦੇ ਇਕ ਕਾਲਜ ਆਪਣੇ ਕੁਝ ਦੋਸਤਾਂ ਨਾਲ ਬੀਬੀਸੀ ਵੱਲੋਂ ਸਾਇਗਾੱਨ ਤੋਂ ਰਵਾਨਾ ਹੋਣ ਵਾਲੇ ਆਖ਼ਰੀ ਅਮਰੀਕੀ ਫ਼ੌਜੀਆਂ ਦਾ ਅੱਖੀਂ ਡਿੱਠਾ ਹਾਲ ਸੁਣ ਰਿਹਾ ਸਾਂ। ਜਿਵੇਂ ਅਮਰੀਕੀ ਫ਼ੌਜ ਨੂੰ ਵਾਪਸ ਆਉਣਾ ਪਿਆ ਸੀ ਤਾਂ ਅਸੀਂ ਉਸ ਨੂੰ ਉਨ੍ਹਾਂ ਦੀ ਬੇਇੱਜ਼ਤੀ ਦੇ ਰੂਪ ਵਿਚ ਵੇਖਦੇ ਸਾਂ ਜਿਸ ਦਾ ਇਕ ਕਾਰਨ ਏਸ਼ਿਆਈ ਮੁਲ਼ਕਾਂ ਵੱਲੋਂ ਦਿਖਾਈ ਇਕਜੁੱਟਤਾ ਸੀ ਅਤੇ ਦੂਜਾ, ਬੰਗਲਾਦੇਸ਼ ਦੇ ਸੰਕਟ ਵੇਲੇ ਅਮਰੀਕਾ ਵੱਲੋਂ ਦਿਖਾਇਆ ਗਿਆ ਦੋਗਲਾਪਣ ਸੀ ਜਿਸ ਨੇ ਪਾਕਿਸਤਾਨ ਹਕੂਮਤ ਵੱਲੋਂ ਅਪਣਾਏ ਗਏ ਘਾਤਕ ਅਤੇ ਨਸਲਘਾਤ ਜਿਹੇ ਹਥਕੰਡਿਆਂ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ।
       ਦਸੰਬਰ 1979 ਵਿਚ ਸੋਵੀਅਤ ਫ਼ੌਜ ਨੇ ਅਫ਼ਗਾਨਿਸਤਾਨ ’ਤੇ ਧਾਵਾ ਬੋਲ ਦਿੱਤਾ। ਉਸ ਸਮੇਂ ਨਵੀਂ ਦਿੱਲੀ ਵਿਚ ਚੌਧਰੀ ਚਰਨ ਸਿੰਘ ਦੀ ਅਗਵਾਈ ਹੇਠ ਕਾਇਮ-ਮੁਕਾਮ ਸਰਕਾਰ ਚੱਲ ਰਹੀ ਸੀ ਜਿਸ ਨੇ ਬਸਤੀਵਾਦ ਵਿਰੋਧੀ ਭਾਰਤ ਦੀਆਂ ਬਿਹਤਰੀਨ ਰਵਾਇਤਾਂ ’ਤੇ ਪਹਿਰਾ ਦਿੰਦਿਆਂ ਇਕ ਅਜਿਹੇ ਦੇਸ਼ ਦੀ ਪ੍ਰਭੂਸੱਤਾ ’ਤੇ ਹਮਲਾ ਕਰਨ ਬਦਲੇ ਸੋਵੀਅਤ ਸੰਘ ਦੀ ਨਿੰਦਾ ਕੀਤੀ ਜਿਸ ਨਾਲ ਸਾਡੇ ਬਹੁਤ ਪੁਰਾਣੇ ਤੇ ਗੂੜ੍ਹੇ ਸੰਬੰਧ ਰਹੇ ਹਨ। ਜਨਵਰੀ 1980 ਵਿਚ ਜਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣ ਕੇ ਮੁੜ ਸੱਤਾ ਵਿਚ ਆ ਗਏ ਤਾਂ ਉਨ੍ਹਾਂ ਸੋਵੀਅਤ ਹਮਲੇ ਦੀ ਪ੍ਰੋੜਤਾ ਕਰ ਦਿੱਤੀ। ਨਵੀਂ ਦਿੱਲੀ ’ਚ ਉਸ ਵੇਲੇ ਮੌਜੂਦ ਕਈ ਸੋਵੀਅਤ ਪੱਖੀ ਪੱਤਰਕਾਰਾਂ ਨੇ ਇੰਦਰਾ ਗਾਂਧੀ ਦਾ ਬਚਾਓ ਕੀਤਾ। ਹਮਲਾਵਰ ਸੋਵੀਅਤ ਸੰਘ ਦੇ ਇਸ਼ਾਰੇ ’ਤੇ ਇੰਦਰਾ ਗਾਂਧੀ ਨੇ ਕਾਬੁਲ ਦਾ ਦੌਰਾ ਵੀ ਕੀਤਾ ਸੀ ਅਤੇ ਉਨ੍ਹਾਂ ਦੀ ਵਾਪਸੀ ’ਤੇ ਕਈ ਰਿਪੋਰਟਾਂ ਛਪੀਆਂ ਸਨ ਕਿ ਕਿਵੇਂ ਉੱਥੇ ਜਾਗੀਰਦਾਰੀ ਦਾ ਅੰਤ ਕਰ ਦਿੱਤਾ ਗਿਆ ਅਤੇ ਦਮਨ ਦੀ ਥਾਂ ਸਮਾਜਵਾਦ ਅਤੇ ਆਜ਼ਾਦੀ ਦਾ ਰਾਹ ਖੁੱਲ੍ਹ ਗਿਆ ਹੈ।
     1986 ਵਿਚ ਮੈਂ ਕਲਕੱਤਾ ਵਿਚਲੇ ਅਮਰੀਕੀ ਕੌਂਸਲਖ਼ਾਨੇ ਤੋਂ ਵੀਜ਼ਾ ਲੈ ਕੇ ਪਹਿਲੀ ਵਾਰ ਅਮਰੀਕਾ ਗਿਆ ਸਾਂ। ਇਹ ਕੌਂਸਲਖ਼ਾਨਾ ਕਿਸੇ ਵੇਲੇ ਹੈਰਿੰਗਟਨ ਸਟਰੀਟ ’ਤੇ ਮੌਜੂਦ ਸੀ ਜਿਸ ਦਾ ਨਾਂ 1967 ਵਿਚ ਖੱਬੇ ਮੋਰਚੇ ਦੀ ਸਰਕਾਰ ਵੱਲੋਂ ‘ਹੋ ਚੀ ਮਿਨ੍ਹ ਸਰਾਨੀ’ ਕਰ ਦਿੱਤਾ ਗਿਆ ਸੀ। ਉਦੋਂ ਕਲਕੱਤੇ ਦੀਆਂ ਗਲੀਆਂ ਵਿਚ ਨਾਅਰਾ ਲੱਗਿਆ ਕਰਦਾ ਸੀ ‘ਅਮਾਰ ਨਾਮ, ਤੁਮਾਰ ਨਾਮ, ਵੀਅਤਨਾਮ’। ਜਿਹੜੀ ਅਮਰੀਕੀ ਯੂਨੀਵਰਸਿਟੀ ਵਿਚ ਮੈਂ ਪੜ੍ਹਾਉਂਦਾ ਸੀ, ਉੱਥੇ ਜਲਾਵਤਨ ਅਫ਼ਗਾਨ ਜੰਗਜੂਆਂ ਵੱਲੋਂ ਇਕ ਮੀਟਿੰਗ ਨੂੰ ਮੁਖ਼ਾਤਬ ਕੀਤਾ ਗਿਆ ਜਿਸ ਵਿਚ ਮੈਂ ਵੀ ਹਾਜ਼ਰ ਸਾਂ। ਉੱਥੇ ਬੇਮਿਸਾਲ ਤਾਜਿਕ ਲੜਾਕੂ ਅਹਿਮਦ ਸ਼ਾਹ ਮਸੂਦ ਅਤੇ ਕੁਝ ਹੋਰ ਲੜਾਕੇ ਮੌਜੂਦ ਸਨ ਜੋ ਪੁੱਜ ਕੇ ਦੇਸ਼ਭਗਤ ਅਤੇ ਧੁਰ ਅੰਦਰੋਂ ਧਰਮ ਨਿਰਪੱਖ ਸਨ। ਇਸ ਮੀਟਿੰਗ ਵਿਚ ਮੈਂ ਇਕੋ ਇਕ ਭਾਰਤੀ ਸਾਂ ਤੇ ਇਕ ਅਫ਼ਗਾਨ ਨੌਜਵਾਨ ਨੇ ਮੈਨੂੰ ਆਖਿਆ ‘‘ਇੰਦਰਾ ਗਾਂਧੀ ਨੇ ਸਾਡਾ ਭਾਰਤ ’ਤੇ ਮਾਣ ਤੋੜ ਦਿੱਤਾ ਹੈ। ਉਹ ਸਾਡੇ ਮੁਲ਼ਕ ’ਤੇ ਸੋਵੀਅਤ ਸੰਘ ਦੇ ਹਮਲੇ ਦੀ ਹਮਾਇਤ ਕਿਵੇਂ ਕਰ ਸਕਦੀ ਹੈ? ਭਾਰਤ ਸਰਕਾਰ ਇਹ ਕਿਵੇਂ ਕਰ ਸਕਦੀ ਹੈ?’’ ਮੇਰੇ ਕੋਲ ਉਸ ਦਾ ਕੋਈ ਜਵਾਬ ਨਹੀਂ ਸੀ।
       ਅਫ਼ਗਾਨ ਜੰਗਜੂ ਲੰਬੀ ਤੇ ਮਜ਼ਬੂਤ ਕੱਦ ਕਾਠੀ ਵਾਲਾ ਸੀ। ਉਸ ਨੇ ਪੱਗ ਬੰਨ੍ਹੀ ਹੋਈ ਸੀ। ਮੈਂ ਉਸ ਦਾ ਚਿਹਰਾ ਦੇਖ ਸਕਦਾ ਸਾਂ ਅਤੇ ਉਸ ਦੇ ਸ਼ਬਦ ਸੁਣ ਸਕਦਾ ਸਾਂ। ਉਹ ਠੀਕ ਕਹਿੰਦਾ ਸੀ ਕਿ ਇੰਦਰਾ ਗਾਂਧੀ ਦੀ ਅਗਵਾਈ ਹੇਠ ਭਾਰਤ ਨੇ ਸੋਵੀਅਤ ਸੰਘ ਦੀ ਹਮਾਇਤ ਕਰ ਕੇ ਬਹੁਤ ਭਾਰੀ ਗ਼ਲਤੀ ਕੀਤੀ ਹੈ। ਸਗੋਂ ਸਾਡੀ ਸਰਕਾਰ ਨੂੰ ਇਹ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਸਨ ਕਿ ਸੋਵੀਅਤ ਸੰਘ ਦਾ ਕਬਜ਼ਾ ਛੇਤੀ ਖ਼ਤਮ ਹੋਵੇ। ਅਖੀਰ ਨੂੰ ਭਾਰਤ ਅਤੇ ਕੁਝ ਹੋਰਨਾਂ ਭਿਆਲ ਮੁਲਕਾਂ ਦੀ ਹਮਾਇਤ ਹਾਸਲ ਕਰ ਕੇ ਸੋਵੀਅਤ ਸੰਘ ਦਾ ਹੌਸਲਾ ਹੋਰ ਵਧ ਗਿਆ ਤੇ ਉਹ ਦਹਾਕਾ ਭਰ ਅਫ਼ਗਾਨਿਸਤਾਨ ਵਿਚ ਟਿਕਿਆ ਰਿਹਾ ਤੇ ਹੌਲੀ ਹੌਲੀ ਉਸ ਦਾ ਵਿਰੋਧ ਧਾਰਮਿਕ ਅਤੇ ਕਾਫ਼ੀ ਹੱਦ ਤੱਕ ਕੱਟੜਪੁਣੇ ਦੀ ਰੰਗਤ ਲੈਂਦਾ ਚਲਿਆ ਗਿਆ ਤੇ ਇਸ ਤਰ੍ਹਾਂ ਲੰਬਾ ਸਮਾਂ ਖ਼ਾਨਾਜੰਗੀ ਚੱਲਣ ਕਾਰਨ ਉਹ ਦੇਸ਼ ਬਰਬਾਦ ਹੋ ਗਿਆ ਤੇ ਇੰਝ ਉੱਥੇ ਤਾਲਿਬਾਨ ਦੇ ਉਭਾਰ ਲਈ ਰਾਹ ਸਾਫ਼ ਹੋ ਗਿਆ ਜਿਨ੍ਹਾਂ ਨੇ ਹਮਲਾਵਰਾਂ ਨੂੰ ਉਸੇ ਤਰ੍ਹਾਂ ਬੇਪੱਤ ਕਰ ਕੇ ਖਦੇੜ ਦਿੱਤਾ ਜਿਵੇਂ ਅਮਰੀਕੀਆਂ ਨੂੰ ਵੀਅਤਨਾਮ ਛੱਡ ਕੇ ਦੌੜਨਾ ਪਿਆ ਸੀ।
      2001 ਵਿਚ ਇਹ ਅਮਰੀਕੀ ਸਨ ਜਿਨ੍ਹਾਂ ਨੇ ਪਹਿਲਾਂ ਅਫ਼ਗਾਨਿਸਤਾਨ ’ਤੇ ਬੰਬਾਰੀ ਕੀਤੀ ਤੇ ਫਿਰ ਉੱਥੇ ਫ਼ੌਜਾਂ ਚਾੜ੍ਹ ਦਿੱਤੀਆਂ। ਹਾਲਾਂਕਿ ਉਨ੍ਹਾਂ ਦੀ ਇਹ ਕਾਰਵਾਈ ਸੋਵੀਅਤ ਰੂਸ ਦੇ ਮੁਕਾਬਲੇ ਇਸ ਬਿਨਾਅ ’ਤੇ ਥੋੜ੍ਹੀ ਜਿਹੀ ਵਾਜਬ ਠਹਿਰਾਈ ਜਾਂਦੀ ਰਹੀ ਹੈ ਕਿ 11 ਸਤੰਬਰ ਦਾ ਸਾਕਾ ਅਲ ਕਾਇਦਾ ਨਾਂ ਦੇ ਇਕ ਅਜਿਹੇ ਗਰੁੱਪ ਵੱਲੋਂ ਅੰਜਾਮ ਦਿੱਤਾ ਗਿਆ ਸੀ ਜਿਸ ਨੂੰ ਅਫ਼ਗਾਨਿਸਤਾਨ ਦੀ ਤਾਲਿਬਾਨ ਹਕੂਮਤ ਵੱਲੋਂ ਸ਼ਹਿ ਦਿੱਤੀ ਜਾਂਦੀ ਸੀ।     2002 ਦੇ ਅਖੀਰਲੇ ਮਹੀਨਿਆਂ ਵਿਚ ‘ਨਿਊ ਯੌਰਕ ਟਾਈਮਜ਼’ ਦਾ ਪੱਤਰਕਾਰ ਥਾਮਸ ਫ੍ਰਾਇਡਮੈਨ ਬੰਗਲੌਰ ਆਇਆ ਸੀ। ਕਿਸੇ ਸਾਂਝੇ ਜਾਣੂੰ ਦੇ ਘਰ ਮੇਰੀ ਉਸ ਨਾਲ ਮੁਲਾਕਾਤ ਹੋਈ ਜਿੱਥੇ ਉਸ ਨੇ ਇਸ ਗੱਲ ਨੂੰ ਜਾਇਜ਼ ਠਹਿਰਾਉਣ ਲਈ ਹਰ ਕਿਸਮ ਦੇ ਕੂੜ ਪ੍ਰਚਾਰ ਦੀ ਵਰਤੋਂ ਕੀਤੀ ਕਿ ਅਫ਼ਗਾਨਿਸਤਾਨ ’ਤੇ ਹਮਲਾ ਕਰਨ ਤੋਂ ਬਾਅਦ ਹੁਣ ਅਮਰੀਕਾ ਨੂੰ ਇਰਾਕ ’ਤੇ ਚੜ੍ਹਾਈ ਕਰ ਦੇਣੀ ਚਾਹੀਦੀ ਹੈ। ਮੈਂ ਉਸ ਦੀ ਧਾਰਨਾ ਦੀ ਕਾਟ ਲਈ ਆਪਣੀ ਪੂਰੀ ਵਾਹ ਲਾਈ। ਮੈਂ ਉਸ ਨੂੰ ਆਖਿਆ ਕਿ 9/11 ਦੇ ਹਮਲੇ ਵਿਚ ਇਰਾਕ ਦਾ ਕੋਈ ਹੱਥ ਨਹੀਂ ਹੈ ਤੇ ਇਹ ਵੀ ਦੱਸਿਆ ਕਿ ਇਰਾਕ ਅਮਰੀਕਾ ਤੋਂ ਬਹੁਤ ਦੂਰ ਪੈਂਦਾ ਹੈ ਜਿਸ ਕਰਕੇ ਉੱਥੋਂ ਦੀ ਹਕੂਮਤ ਤੋਂ ਉਨ੍ਹਾਂ ਨੂੰ ਬਿਲਕੁਲ ਵੀ ਖ਼ਤਰਾ ਨਹੀਂ ਹੈ। ਮੈਂ ਉਸ ਨੂੰ ਚੇਤਾ ਕਰਾਇਆ ਕਿ ਵੀਅਤਨਾਮ ’ਚ ਅਮਰੀਕੀਆਂ ਨਾਲ ਕੀ ਹੋਇਆ ਸੀ ਪਰ ਮੇਰੇ ਤਰਕ ਜਾਂ ਕਿਸੇ ਵੀ ਇਤਿਹਾਸਕ ਸਬੂਤ ਦਾ ਉਸ ’ਤੇ ਕੋਈ ਅਸਰ ਨਹੀਂ ਹੋਇਆ ਤੇ ਅਖ਼ੀਰ ਉਹ ਜੰਗ ਦਾ ਬੜਾ ਵੱਡਾ ‘ਚੀਅਰਲੀਡਰ’ (ਨਚਾਰ) ਬਣ ਕੇ ਨਿੱਤਰਿਆ।
       ਅਮਰੀਕੀਆਂ ਨੇ ਆਪਣੇ ਗ਼ੈਰਕਾਨੂੰਨੀ ਅਤੇ ਅਨੈਤਿਕ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ਇਹ ਮਨਘੜਤ ਕਹਾਣੀ ਘੜੀ ਕਿ ਇਰਾਕ ਕੋਲ ਪਰਮਾਣੂ ਹਥਿਆਰ ਹਨ। ਸੱਚਾਈ ਇਹ ਸੀ ਕਿ ਇਹ ਇਕ ਮਹਾਸ਼ਕਤੀ ਦਾ ਘੁਮੰਡ ਬੋਲ ਰਿਹਾ ਸੀ ਜਿਸ ਦੇ ਉਹ ਘਾਤਕ ਨਤੀਜੇ ਨਿਕਲੇ ਜਿਨ੍ਹਾਂ ਨੂੰ ਅਜੇ ਤੱਕ ਵੀ ਅਸੀਂ ਭੁਗਤ ਰਹੇ ਹਾਂ। ਥਾਮਸ ਫ੍ਰਾਇਡਮੈਨ ਅਤੇ ‘ਨਿਊ ਯੌਰਕਰ’ ਦੇ ਡੇਵਿਡ ਰੈਮਨਿਕ ਜਾਂ ਬਰਤਾਨਵੀ ਪ੍ਰਧਾਨ ਮੰਤਰੀ ਟੋਨੀ ਬਲੇਅਰ ਵਰਗੇ ਉਹ ਲੋਕ ਸਨ ਜਿਨ੍ਹਾਂ ਕਰਕੇ ਇਰਾਕ ਨੂੰ ਹਮਲੇ ਦਾ ਸੰਤਾਪ ਝੱਲਣਾ ਪਿਆ ਤੇ ਬਾਅਦ ਵਿਚ ਮੱਧ ਪੂਰਬ ਵਿਚ ਲੰਬਾ ਸਮਾਂ ਖ਼ਾਨਾਜੰਗੀ ਦਾ ਦੌਰ ਸ਼ੁਰੂ ਹੋਇਆ। ਇਨ੍ਹਾਂ ਵਾਂਗ ਹੀ ਜੌਨ੍ਹ ਲੂਇਸ ਗੈਡਿਸ ਅਤੇ ਨਾਇਲ ਫਰਗੂਸਨ ਜਿਹੇ ਇਤਿਹਾਸਕਾਰ ਵੀ ਸਨ ਜਿਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੌਰਜ ਡਬਲਯੂ. ਬੁਸ਼ ਦੀ ਇਹ ਯਕੀਨਦਹਾਨੀ ਕਰਵਾਈ ਸੀ ਕਿ ਇਹ ਹਮਲਾ ਉਸ ਲਈ, ਉਸ ਦੇ ਦੇਸ਼ ਤੇ ਬਾਕੀ ਦੁਨੀਆਂ ਲਈ ਬਹੁਤ ਵਧੀਆ ਸਾਬਿਤ ਹੋਵੇਗਾ।
       ਅਮਰੀਕੀ 1975 ਵਿਚ ਵੀਅਤਨਾਮ ’ਚੋਂ ਨਿਕਲੇ ਸਨ। ਇਸ ਤੋਂ ਅਠਾਈ ਸਾਲਾਂ ਬਾਅਦ ਉਨ੍ਹਾਂ ਇਰਾਕ ’ਤੇ ਹਮਲਾ ਕਰ ਦਿੱਤਾ। ਸੋਵੀਅਤ ਸੰਘ ਦੀ ਫ਼ੌਜ 1989 ਵਿਚ ਅਫ਼ਗਾਨਿਸਤਾਨ ’ਚੋਂ ਚਲੀ ਗਈ ਸੀ। ਤੇਤੀ ਸਾਲਾਂ ਬਾਅਦ 2022 ਵਿਚ ਰੂਸੀਆਂ ਨੇ ਯੂਕਰੇਨ ’ਤੇ ਧਾਵਾ ਬੋਲ ਦਿੱਤਾ। ਦੋਵੇਂ ਮਾਮਲਿਆਂ ਵਿਚ ਲੋਕਾਂ ਤੇ ਆਗੂਆਂ ਨੂੰ ਆਪਣੇ ਪਿਛਲੇ ਕਾਰਿਆਂ ਦੇ ਘਾਤਕ ਸਿੱਟਿਆਂ ਨੂੰ ਭੁੱਲ-ਭੁਲਾ ਜਾਣ ਲਈ ਚੋਖਾ ਸਮਾਂ ਮਿਲ ਗਿਆ ਤੇ ਇਸ ਅਰਸੇ ਦੌਰਾਨ ਨਵੀਂ ਪੀੜ੍ਹੀ ਨੂੰ ਨਵੀਂ ਜੰਗ ਲਈ ਤਿਆਰ ਕਰਨ ਵਾਸਤੇ ਇਹ ਜਚਾ ਦਿੱਤਾ ਗਿਆ ਕਿ ਉਹ ਹਮਲੇ ਉਨ੍ਹਾਂ ਦੇ ਕੌਮੀ ਹਿੱਤ ਵਿਚ ਸਨ।
       ਯਕੀਨਨ ਮੱਤਭੇਦ (ਦੇਸ਼ਾਂ ਦਰਮਿਆਨ) ਹੁੰਦੇ ਹਨ। ਵੀਅਤਨਾਮ ਅਤੇ ਯੂਕਰੇਨ ਭੂਗੋਲਿਕ ਤੌਰ ’ਤੇ ਅਮਰੀਕਾ ਤੋਂ ਬਹੁਤ ਦੂਰ ਪੈਂਦੇ ਹਨ। ਦੂਜੇ ਪਾਸੇ, ਅਫ਼ਗਾਨਿਸਤਾਨ ਦੀ ਸੋਵੀਅਤ ਸੰਘ ਨਾਲ ਸਰਹੱਦ ਲੱਗਦੀ ਸੀ ਅਤੇ ਯੂਕਰੇਨ ਦੀ ਰੂਸੀ ਸੰਘ ਨਾਲ ਸਰਹੱਦ ਸਾਂਝੀ ਹੈ। ਇਰਾਕ ’ਤੇ ਹਮਲਾ ਇਸ ਗੁਮਾਨ ’ਚੋਂ ਉਪਜਿਆ ਸੀ ਕਿ ਅਮਰੀਕਾ ਦੁਨੀਆਂ ਦੀ ਇਕਲੌਤੀ ਮਹਾਸ਼ਕਤੀ ਹੈ ਜੋ ਕਿਸੇ ਵੀ ਖਿੱਤੇ ਅੰਦਰ ਤੇ ਹਮੇਸ਼ਾਂ ਲਈ ਆਪਣਾ ਮਰਜ਼ੀ ਚਲਾਉਣ ਦਾ ਹੱਕ ਰੱਖਦੀ ਹੈ। ਯੂਕਰੇਨ ’ਤੇ ਹੋਇਆ ਹਮਲਾ ਇਸ ਡਰ ’ਚੋਂ ਪੈਦਾ ਹੋਇਆ ਕਿ ਦੁਨੀਆਂ ਹੁਣ ਰੂਸ ਦਾ ਸਤਿਕਾਰ ਨਹੀਂ ਕਰਦੀ ਜਿਸ ਕਰਕੇ ਇਸ ਨੂੰ ਆਪਣੀ ਪਹਿਲਾਂ ਵਾਲੀ ਧਾਂਕ ਜਮਾਉਣ ਵਾਸਤੇ ਫ਼ੈਸਲਾਕੁਨ ਕਾਰਵਾਈ ਕਰਨ ਦੀ ਲੋੜ ਹੈ।
        ਬਹਰਹਾਲ, ਮੱਤਭੇਦਾਂ ਦੇ ਮੁਕਾਬਲੇ ਸਹਿਮਤੀਆਂ ਦਾ ਪੱਲੜਾ ਭਾਰੂ ਹੈ। ਕਿਸੇ ਦੂਜੇ ਪ੍ਰਭੂਸੱਤਾ ਸੰਪੰਨ ਮੁਲ਼ਕ ਉਪਰ ਬਿਨਾਂ ਕਿਸੇ ਭੜਕਾਹਟ ਤੋਂ ਹਮਲੇ ਦੀਆਂ ਇਨ੍ਹਾਂ ਚਾਰੋਂ ਦੁਸਾਹਸੀ ਕਾਰਵਾਈਆਂ ਵਿਚ ਕਿਹੜੀ ਚੀਜ਼ ਸਾਂਝੀ ਹੈ। ਅਮਰੀਕਾ ਦਾ ਵੀਅਤਨਾਮ ਵਿਚ ਜਾਂ ਉਸ ਤੋਂ ਬਾਅਦ ਇਰਾਕ ਵਿਚ ਕੋਈ ਕੰਮ ਨਹੀਂ ਸੀ। ਇਸੇ ਤਰ੍ਹਾਂ ਸੋਵੀਅਤ ਸੰਘ ਦਾ 1979 ਵਿਚ ਅਫ਼ਗਾਨਿਸਤਾਨ ਜਾਂ ਹੁਣ ਰੂਸੀ ਸੰਘ ਦੇ ਯੂਕਰੇਨ ਵਿਚ ਦਾਖ਼ਲ ਹੋਣ ਦੀ ਕੋਈ ਤੁਕ ਨਹੀਂ ਬਣਦੀ। ਇਨ੍ਹਾਂ ਸਾਰੀਆਂ ਕਾਰਵਾਈਆਂ ਨੂੰ ਊਰਜਾ ‘ਰਾਸ਼ਟਰੀ ਸ਼੍ਰੇਸ਼ਠਤਾ’ ਦੇ ਖਿਆਲ ਤੋਂ ਮਿਲਦੀ ਹੈ ਜਿਸ ਦੀ ਬੁਨਿਆਦ ਵਿਚ ਇਹ ਵਿਸ਼ਵਾਸ ਪਿਆ ਹੈ ਕਿ ਕੋਈ ਮੁਲ਼ਕ ਜਿੱਡਾ ਵੱਡਾ, ਧਨੀ ਤੇ ਫ਼ੌਜੀ ਤੌਰ ’ਤੇ ਤਾਕਤਵਰ ਹੁੰਦਾ ਹੈ, ਉਸ ਨੂੰ ਆਪ ਤੋਂ ਛੋਟੇ ਤੇ ਕਮਜ਼ੋਰ ਕਿਸੇ ਮੁਲ਼ਕ ਦੇ ਖਿੱਤੇ ਤੇ ਲੋਕਾਂ ਨੂੰ ਮਧੋਲਣ ਦਾ ਦੈਵੀ ਅਧਿਕਾਰ ਹਾਸਲ ਹੁੰਦਾ ਹੈ।
     ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਮੌਜੂਦਾ ਟਕਰਾਅ ਕੀ ਰੁਖ਼ ਅਖ਼ਤਿਆਰ ਕਰੇਗਾ। ਸਾਰੇ ਇਨਸਾਫ਼ਪਸੰਦ ਲੋਕਾਂ ਨੂੰ ਇਹੀ ਉਮੀਦ ਕਰਨੀ ਚਾਹੀਦੀ ਹੈ ਕਿ ਰੂਸੀ ਫ਼ੌਜ ਯੂਕਰੇਨ ’ਚੋਂ ਜਲਦੀ ਵਾਪਸ ਚਲੀ ਜਾਵੇ। ਹਾਲ ਦੀ ਘੜੀ ਇਸ ਦੇ ਆਸਾਰ ਨਹੀਂ ਜਾਪਦੇ। ਚਿੰਤਾ ਦੀ ਗੱਲ ਇਹ ਹੈ ਕਿ ਰਾਸ਼ਟਰਪਤੀ ਪੂਤਿਨ ਨੇ ਇਰਾਕ ਵਿਚ ਅਮਰੀਕੀ ਹਮਲੇ ਦਾ ਵੀ ਹਵਾਲਾ ਦਿੱਤਾ ਹੈ ਅਤੇ ਠੀਕ ਉਵੇਂ ਹੀ ਹਕੂਮਤ ਬਦਲੀ ਦਾ ਸੰਕੇਤ ਦਿੱਤਾ ਜਿਵੇਂ ਜੌਰਜ ਡਬਲਯੂ ਬੁਸ਼ ਅਤੇ ਉਸ ਦੀ ਹੈਂਕੜਬਾਜ਼ ਜੁੰਡਲੀ ਨੇ ਇਰਾਕ ਵਿਚ ਅੰਜਾਮ ਦਿੱਤਾ ਸੀ।
      ਯੂਰਪੀ ਸਮੀਖਿਅਕ ਭਾਵੇਂ ਇਸ ਗੱਲ ਨੂੰ ਪ੍ਰਵਾਨ ਨਾ ਕਰਨ, ਪਰ ਦੂਜੇ ਦੇਸ਼ਾਂ ਅੰਦਰ ਅਮਰੀਕਾ ਦੀਆਂ ਦਖ਼ਲਅੰਦਾਜ਼ੀਆਂ ਨੇ ਰੂਸ ਨੂੰ ਆਪਣੇ ਆਂਢ-ਗੁਆਂਢ ਦੇ ਦੇਸ਼ਾਂ ਅੰਦਰ ਫ਼ੌਜੀ ਕਾਰਵਾਈਆਂ ਕਰਨ ਦੀ ਮਿਸਾਲ ਦਿੱਤੀ ਹੈ। ਯੂਕਰੇਨ ’ਤੇ ਹਮਲੇ ਬਾਰੇ ਹਾਲ ਹੀ ਵਿਚ ‘ਦਿ ਫਾਇਨੈਂਸ਼ੀਅਲ ਟਾਈਮਜ਼’ ਵਿਚ ਛਪੇ ਇਕ ਲੇਖ ਵਿਚ ਦਾਅਵਾ ਕੀਤਾ ਗਿਆ: ‘ਆਪਣੀ ਇਤਿਹਾਸਕ ਹੋਣੀ ਦੇ ਵਿਸ਼ਵਾਸ ਨਾਲ ਲੈਸ ਪੂਤਿਨ ਮਜ਼ਬੂਤੀ ਤੇ ਦਲੇਰੀ ਨਾਲ ਕਾਰਵਾਈ ਕਰ ਰਿਹਾ ਹੈ।’ ਸੱਚਾਈ ਇਹ ਹੈ ਕਿ 2003 ਵਿਚ ਜਦੋਂ ਅਮਰੀਕਾ ਨੇ ਇਰਾਕ ਨੂੰ ਲਤਾੜ ਸੁੱਟਿਆ ਸੀ ਤਾਂ ਇਹੀ ਗੱਲ ਜੌਰਜ ਡਬਲਯੂ ਬੁਸ਼ ਬਾਰੇ ਵੀ ਕਹੀ ਜਾ ਸਕਦੀ ਸੀ।
       ਮੈਨੂੰ ਨਹੀਂ ਪਤਾ ਕਿ ਕੀ ਵਲਾਦੀਮੀਰ ਪੂਤਿਨ ਕਦੇ ਕਿਸੇ ਰੂਸੀ ਇਤਿਹਾਸਕਾਰ ਦੀ ਗੱਲ ਸੁਣਦਾ ਹੋਵੇਗਾ। ਕੋਈ ਉਸ ਨੂੰ ਦੱਸੇ ਕਿ ਕਿਵੇਂ ਸੋਵੀਅਤ ਸੰਘ ਦੇ ਸਾਮਰਾਜ ਦੀ ਤਾਕਤ ਤੇ ਧਾਂਕ ਨੂੰ ਉਦੋਂ ਵੱਡਾ ਝਟਕਾ ਲੱਗਿਆ ਸੀ ਜਦੋਂ ਅਫ਼ਗਾਨਿਸਤਾਨ ਵਿਚ ਉਸ ਦੀ ਫ਼ੌਜ ਨੂੰ ਮੂੰਹ ਦੀ ਖਾਣ ਪਿੱਛੋਂ ਉੱਥੇ ਬਦਹਵਾਸੀ ਫੈਲ ਗਈ ਸੀ ਜਾਂ ਇਰਾਕ ’ਤੇ ਅਮਰੀਕੀ ਹਮਲੇ ਨਾਲ ਦੁਨੀਆਂ ਵਿਚ ਉਸ ਮੁਲ਼ਕ ਦੀ ਹੈਸੀਅਤ ਬਹੁਤ ਬੁਰੀ ਤਰ੍ਹਾਂ ਕਮਜ਼ੋਰ ਹੀ ਹੋਈ ਸੀ। ਉਨ੍ਹਾਂ ਕਾਰਵਾਈਆਂ ਦੀ ਤਰ੍ਹਾਂ ਹੀ ਇਹ ਹਮਲਾ ਵੀ ਨੈਤਿਕ ਤੌਰ ’ਤੇ ਓਨਾ ਹੀ ਗ਼ਲਤ ਅਤੇ ਰਣਨੀਤਕ ਤੌਰ ’ਤੇ ਨਾਸਮਝੀ ਭਰਿਆ ਹੈ। ਫ਼ੌਜੀ ਜਿੱਤ ਦੇ ਸ਼ੁਰੂਆਤੀ ਹੁਲਾਰੇ ਦੇ ਸਰੂਰ ਵਿਚ ਪੂਤਿਨ ਨੂੰ ਇਹ ਲੱਗ ਸਕਦਾ ਹੈ ਕਿ ਇਸ ਦੀ ਸਾਰੀ ਕੀਮਤ ਯੂਕਰੇਨ ਨੂੰ ਭੁਗਤਣੀ ਪੈਣੀ ਹੈ ਪਰ ਇਹ ਟਕਰਾਅ ਜਿੰਨਾ ਲੰਮਾ ਚੱਲੇਗਾ ਓਨਾ ਰੂਸ ਤੇ ਰੂਸੀਆਂ ਨੂੰ ਵੀ ਖਮਿਆਜ਼ਾ ਭੁਗਤਣਾ ਪੈਣਾ ਹੈ।
      ਵੀਅਤਨਾਮ, ਅਫ਼ਗਾਨਿਸਤਾਨ, ਇਰਾਕ ਤੇ ਹੁਣ ਯੂਕਰੇਨ। ਹਾਲਾਂਕਿ ਫ਼ੌਜੀ ਹਮਲਿਆਂ ਦੀਆਂ ਇਹ ਚਾਰੋਂ ਕਾਰਵਾਈਆਂ ਵੱਖੋ ਵੱਖਰੇ ਸਮਿਆਂ ’ਤੇ ਹੋਈਆਂ ਸਨ ਪਰ ਇਨ੍ਹਾਂ ਨੂੰ ਵੱਖੋ ਵੱਖਰੇ ਅੰਦਾਜ਼ ਨਾਲ ਦੇਖਿਆ ਜਾਂਦਾ ਹੈ। ਪਰ ਸ਼ਾਇਦ ਭਵਿੱਖ ਦੇ ਇਤਿਹਾਸਕਾਰ ਇਨ੍ਹਾਂ ਸਾਰੀਆਂ ਕਾਰਵਾਈਆਂ ਦੇ ਸਾਂਝੇ ਨਾੜੂਏ ਤਲਾਸ਼ ਸਕਣਗੇ। ਅਮਰੀਕਾ ਅਤੇ ਰੂਸ ਦੇ ‘ਮਹਾਸ਼ਕਤੀ ਵਾਲੇ ਭਰਮ ਭੁਲੇਖੇ’ ਦੀ ਸਮੁੱਚੀ ਦੁਨੀਆਂ ਤੇ ਖ਼ਾਸਕਰ ਇਨ੍ਹਾਂ ਚਾਰ ਮੁਲਕਾਂ ਨੇ ਬਹੁਤ ਹੀ ਭਿਆਨਕ ਕੀਮਤ ਚੁਕਾਈ ਹੈ।