ਉਹ ਸ਼ਾਂਤੀ ਦੇ ਠੇਕੇਦਾਰੋ! - ਰਵਿੰਦਰ ਸਿੰਘ ਕੁੰਦਰਾ

ਉਹ ਸ਼ਾਂਤੀ ਦੇ ਠੇਕੇਦਾਰੋ, ਹੋਸ਼ ਕਰੋ ਕੁੱਝ ਸੋਚ ਦੌੜਾਵੋ!
ਕੀ ਖੱਟਿਆ ਹੈ ਤੁਸੀਂ ਅੱਜ ਤੱਕ, ਇਸ ਦਾ ਜ਼ਰਾ ਹਿਸਾਬ ਲਗਾਵੋ।

ਸ਼ਾਂਤੀ ਬੋਲੀ 'ਤੇ ਨਹੀਂ ਚੜ੍ਹਦੀ, ਸ਼ਾਂਤੀ ਆਪਣਾ ਮੁੱਲ ਨਹੀਂ ਧਰਦੀ।
ਇਸ ਦੀ ਥਾਂ ਥਾਂ ਵਿੱਕਰੀ ਕਰਕੇ, ਆਪਣੀਆਂ ਬੈਕਾਂ ਨਾ ਭਰਵਾਵੋ,
ਉਹ ਸ਼ਾਂਤੀ ਦੇ ਠੇਕੇਦਾਰੋ, ਹੋਸ਼ ਕਰੋ ਕੁੱਝ ਸੋਚ ਦੌੜਾਵੋ !

ਭੁੱਖੇ ਢਿੱਡ ਰੋਟੀ ਮੰਗਦੇ ਨੇ, ਵਿਹਲੇ ਹੱਥ ਮਿਹਨਤ ਮੰਗਦੇ ਨੇ,
ਇਨ੍ਹਾਂ ਤੋਂ ਹਥਿਆਰ ਛੁਡਾ ਕੇ, ਮਿਹਨਤ ਦੇ ਔਜ਼ਾਰ ਫੜਾਵੋ,
ਉਹ ਸ਼ਾਂਤੀ ਦੇ ਠੇਕੇਦਾਰੋ, ਹੋਸ਼ ਕਰੋ ਕੁੱਝ ਸੋਚ ਦੌੜਾਵੋ !

ਮਾਸੂਮਾਂ ਦੇ ਚਿਹਰੇ ਪੜ੍ਹ ਲਓ, ਲੋਥਾਂ ਦੀ ਹੁਣ ਗਿਣਤੀ ਕਰ ਲਓ।
ਵਹਿ ਚੁੱਕਾ ਹੈ ਬਹੁਤ ਲਹੂ ਹੁਣ, ਜ਼ਖ਼ਮਾਂ ਉੱਤੇ ਮਲ੍ਹਮ ਲਗਾਵੋ,
ਉਹ ਸ਼ਾਂਤੀ ਦੇ ਠੇਕੇਦਾਰੋ, ਹੋਸ਼ ਕਰੋ ਕੁੱਝ ਸੋਚ ਦੌੜਾਵੋ!

ਸੱਚੇ ਦਿਲਾਂ ਵਿੱਚ ਨਫ਼ਰਤ ਭਰਕੇ, ਮਾਨਵਤਾ ਦੀਆਂ ਵੰਡੀਆਂ ਕਰਕੇ।
ਨਾ ਹੱਸਦੇ ਵਸਦੇ ਘਰ ਉਜਾੜੋ, ਪਿਆਰ ਕਰੋ ਨਫ਼ਰਤ ਭਜਾਵੋ,
ਉਹ ਸ਼ਾਂਤੀ ਦੇ ਠੇਕੇਦਾਰੋ, ਹੋਸ਼ ਕਰੋ ਕੁੱਝ ਸੋਚ ਦੌੜਾਵੋ!

ਪੂਰਬ, ਪੱਛਮ, ਦੱਖਣ, ਉੱਤਰ, ਸ਼ਾਂਤ ਵਸਣ ਸਭ ਧੀਆਂ ਪੁੱਤਰ।
ਸੱਭੇ ਸਾਂਝੀਵਾਲ ਸਦਾਇਣ, ਬੇਗਾਨਾ ਨਾ ਕੋਈ ਅਖਵਾਵੋ,
ਉਹ ਸ਼ਾਂਤੀ ਦੇ ਠੇਕੇਦਾਰੋ, ਹੋਸ਼ ਕਰੋ ਕੁੱਝ ਸੋਚ ਦੌੜਾਵੋ!
ਕੀ ਖੱਟਿਆ ਹੈ ਤੁਸੀਂ ਅੱਜ ਤੱਕ, ਇਸ ਦਾ ਜ਼ਰਾ ਹਿਸਾਬ ਲਗਾਵੋ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ, ਯੂ ਕੇ