ਰੂਸ-ਯੂਕਰੇਨ ਯੁੱਧ ਬਨਾਮ ਸਿਹਤ ਅਤੇ ਮਨੁੱਖਤਾਵਾਦੀ ਸੰਕਟ - ਡਾ. ਅਰੁਣ ਮਿੱਤਰਾ

ਕੋਵਿਡ-19 ਮਹਾਮਾਰੀ ਕਾਰਨ ਪੂਰੀ ਦੁਨੀਆ ਮਨੁੱਖਤਾਵਾਦੀ ਸੰਕਟ ਨਾਲ ਜੂਝ ਰਹੀ ਹੈ। ਖ਼ਤਰਾ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ, ਅਜੇ ਵੀ ਸਾਨੂੰ ਤੇਜ਼ੀ ਨਾਲ ਪਰਿਵਰਤਨਸ਼ੀਲ ਵਾਇਰਸ ਦੇ ਨਵੇਂ ਰੂਪਾਂ ਬਾਰੇ ਪੂਰਾ ਪਤਾ ਨਹੀਂ ਹੈ। ਟੀਕਾਕਰਨ ਨੇ ਭਾਵੇਂ ਕੁਝ ਰਾਹਤ ਦਿੱਤੀ ਹੈ ਪਰ ਵੱਖ ਵੱਖ ਮੁਲਕਾਂ ਵਿਚ ਟੀਕਾਕਰਨ ਵਿਚ ਸਪੱਸ਼ਟ ਅਸਮਾਨਤਾ ਕੋਵਿਡ-19 ਖਿ਼ਲਾਫ਼ ਲੜਾਈ ਵਿਚ ਰੁਕਾਵਟ ਪਾਉਂਦੀ ਹੈ। ਸਾਨੂੰ ਨਾ ਸਿਰਫ਼ ਮਹਾਮਾਰੀ ਲਈ ਸਗੋਂ ਹੋਰ ਸੰਚਾਰੀ ਅਤੇ ਗੈਰ-ਸੰਚਾਰੀ ਬਿਮਾਰੀਆਂ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਬੇਅੰਤ ਸਰੋਤਾਂ ਦੀ ਲੋੜ ਹੈ ਜਿਨ੍ਹਾਂ ਨੂੰ ਇਸ ਸਮੇਂ ਦੌਰਾਨ ਵੱਡੇ ਪੱਧਰ ਤੇ ਨਜ਼ਰਅੰਦਾਜ਼ ਕੀਤਾ ਗਿਆ ਹੈ। ਬਦਲੀਆਂ ਤਰਜੀਹਾਂ ਕਾਰਨ ਤਪਦਿਕ, ਡੇਂਗੂ, ਮਲੇਰੀਆ, ਦਸਤ, ਸ਼ੂਗਰ, ਕੈਂਸਰ, ਗੁਰਦੇ ਦੀਆਂ ਗੰਭੀਰ ਸਮੱਸਿਆਵਾਂ ਵਰਗੀਆਂ ਬਿਮਾਰੀਆਂ ਦੇ ਮਰੀਜ਼ ਔਖੇ ਸਮੇਂ ਦਾ ਸਾਹਮਣਾ ਕਰ ਰਹੇ ਹਨ। ਇਸ ਦਾ ਅਸਰ ਵਿਕਾਸਸ਼ੀਲ ਮੁਲਕਾਂ ਵਿਚ ਜ਼ਿਆਦਾ ਹੈ ਜਿਨ੍ਹਾਂ ਕੋਲ ਪਹਿਲਾਂ ਹੀ ਸਾਧਨਾਂ ਦੀ ਕਮੀ ਹੈ। ਇਹ ਉਹ ਸਮਾਂ ਹੈ ਜਦੋਂ ਪੂਰੀ ਦੁਨੀਆ ਨੂੰ ਇਕੱਠੇ ਹੋਣਾ ਚਾਹੀਦਾ ਹੈ ਅਤੇ ਲੋਕਾਂ ਦੀ ਸਿਹਤ ਸੰਭਾਲ ਲਈ ਸਰੋਤ ਬਚਾਉਣ ਲਈ ਸਾਰੇ ਯਤਨ ਕਰਨੇ ਚਾਹੀਦੇ ਹਨ ਪਰ ਇਹ ਸੰਕਟ ਖਤਮ ਹੋਣ ਤੋਂ ਪਹਿਲਾਂ ਹੀ ਅਸੀਂ ਇੱਕ ਹੋਰ ਮਨੁੱਖੀ ਤਬਾਹੀ ਦੇ ਕੰਢੇ ਆ ਖੜ੍ਹੇ ਹੋਏ ਹਾਂ ਜੋ ਰੂਸ ਅਤੇ ਯੂਕਰੇਨ ਵਿਚਕਾਰ ਯੁੱਧ ਕਾਰਨ ਹੋ ਸਕਦੀ ਹੈ।

        ਇਸ ਸਮੇਂ ਅਜਿਹੀ ਜੰਗ ਇਕੱਲੇ ਯੂਰੋਪ ਤੱਕ ਹੀ ਸੀਮਤ ਨਹੀਂ ਰਹੇਗੀ। ਜਿਵੇਂ ਜਾਪਦਾ ਹੈ, ਅਮਰੀਕਾ ਨਾਟੋ ਮੁਲਕਾਂ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਸੰਘਰਸ਼ ਵਿਚ ਪੈ ਜਾਵੇਗਾ ਜਿਸ ਨਾਲ ਸੰਕਟ ਹੋਰ ਵਧੇਗਾ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਮੁਲਕਾਂ ਦੀ ਸ਼ਮੂਲੀਅਤ ਹੋਣ ਦੀ ਸੰਭਾਵਨਾ ਹੋਵੇਗੀ। ਇਸ ਲਈ ਫੌਰੀ ਲੋੜ ਹੈ ਕਿ ਦੋਵੇਂ ਮੁਲਕ ਆਪਸੀ ਗੱਲਬਾਤ ਅਤੇ ਭਰੋਸੇ ਰਾਹੀਂ ਕੂਟਨੀਤਕ ਹੱਲ ਤੱਕ ਪਹੁੰਚਣ। ਰੂਸ ਅਤੇ ਯੂਕਰੇਨ ਵਿਚਕਾਰ ਜੰਗ ਦੇ ਮਾਮਲੇ ਵਿਚ ਮਨੁੱਖੀ ਨੁਕਸਾਨ ਦਾ ਮੁਲਾਂਕਣ ਕਰਨਾ ਮੁਸ਼ਕਿਲ ਹੋ ਸਕਦਾ ਹੈ ਪਰ ਕਿਸੇ ਵੀ ਯੁੱਧ ਦੇ ਮਾਮਲੇ ਵਿਚ ਪ੍ਰਭਾਵ ਇੱਕੋ ਜਿਹੇ ਹੁੰਦੇ ਹਨ। ਸਾਡੇ ਕੋਲ ਅਮਰੀਕਾ ਅਤੇ ਸਹਿਯੋਗੀਆਂ ਦੁਆਰਾ ਇਰਾਕ ਉੱਤੇ ਹਮਲੇ ਤੋਂ ਬਾਅਦ ਹੋਏ ਨੁਕਸਾਨ ਦਾ ਅਨੁਭਵ ਹੈ।

      ਅਜੋਕੇ ਸਮੇਂ ਵਿਚ ਕਿਸੇ ਵੀ ਯੁੱਧ ਵਿਚ ਨਾਗਰਿਕਾਂ ਦੀ ਮੌਤ ਸੈਨਿਕਾਂ ਦੀ ਮੌਤ ਨਾਲੋਂ ਵੱਧ ਹੁੰਦੀ ਹੈ ਕਿਉਂਕਿ ਹੁਣ ਹਥਿਆਰਾਂ ਦੇ ਸਿੱਧੇ ਪ੍ਰਭਾਵ ਨਾਲੋਂ ਜੰਗ ਦੇ ਅਸਿੱਧੇ ਪ੍ਰਭਾਵ ਕਾਰਨ ਵਧੇਰੇ ਮੌਤਾਂ ਹੁੰਦੀਆਂ ਹਨ। ਜੰਗ ਦੀ ਹਾਲਤ ਵਿਚ ਜ਼ਰੂਰੀ ਚੀਜ਼ਾਂ ਜਿਵੇਂ ਭੋਜਨ ਸਪਲਾਈ, ਪਾਣੀ ਦੀ ਸਪਲਾਈ, ਸਿਹਤ ਸੰਭਾਲ ਤੇ ਜਨਤਕ ਸਿਹਤ ਸੇਵਾਵਾਂ, ਬਿਜਲੀ ਉਤਪਾਦਨ, ਸੰਚਾਰ, ਆਵਾਜਾਈ ਅਤੇ ਹੋਰ ਬੁਨਿਆਦੀ ਢਾਂਚੇ ਉੱਤੇ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਆਬਾਦੀ ਦਾ ਉਜਾੜਾ ਹੁੰਦਾ ਹੈ ਜਿਨ੍ਹਾਂ ਨੂੰ ਰਿਫਿਊਜੀ ਕੈਂਪਾਂ ਵਿਚ ਰਹਿਣਾ ਪੈਂਦਾ ਹੈ। ਇਸ ਨਾਲ ਬਿਮਾਰੀਆਂ ਅਤੇ ਮੌਤਾਂ ਦਾ ਖਤਰਾ ਵਧ ਜਾਂਦਾ ਹੈ। ਅਧਿਐਨਾਂ ਤੋਂ ਪਤਾ ਲੱਗਾ ਹੈ ਕਿ 1990-2017 ਤੋਂ ਬਾਅਦ ਹਥਿਆਰਬੰਦ ਸੰਘਰਸ਼ਾਂ ਦੇ ਨਤੀਜੇ ਵਜੋਂ ਸਾਲਾਨਾ 50000 ਸਿੱਧੀਆਂ ਅਤੇ ਅਸਿੱਧੇ ਤੌਰ ਤੇ 10 ਲੱਖ ਤੋਂ ਵੱਧ ਸਾਲਾਨਾ ਮੌਤਾਂ ਹੋਈਆਂ ਹਨ।

     ਅਮਰੀਕੀ ਸਰਕਾਰ ਦੇ ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਇਸ ਲੜਾਈ ਵਿਚ 25000 ਤੋਂ 50000 ਨਾਗਰਿਕ, 5000 ਤੋਂ 25000 ਯੂਕਰੇਨੀ ਫੌਜੀ ਅਤੇ 3000 ਤੋਂ 10000 ਰੂਸੀ ਸੈਨਿਕ ਮਾਰੇ ਜਾ ਸਕਦੇ ਹਨ। ਇਸ ਕਾਰਨ 10 ਤੋਂ 50 ਲੱਖ ਲੋਕ ਸ਼ਰਨਾਰਥੀ ਵੀ ਬਣ ਸਕਦੇ ਹਨ। ਜੇ ਜੰਗ ਵਧ ਗਈ ਤਾਂ ਪਰਮਾਣੂ ਹਥਿਆਰਾਂ ਦੀ ਵਰਤੋਂ ਦਾ ਖ਼ਤਰਾ ਵਧ ਸਕਦਾ ਹੈ ਜੋ ਵਿਨਾਸ਼ਕਾਰੀ ਹੋਵੇਗਾ।

        19 ਫਰਵਰੀ 2022 ਨੂੰ "ਇੰਟਰਨੈਸ਼ਨਲ ਫਿਜ਼ਿਸੀਅਨਜ਼ ਫਾਰ ਦਿ ਪ੍ਰੀਵੈਨਸ਼ਨ ਆਫ ਨਿਊਕਲੀਅਰ ਵਾਰ" (IPPNW) ਦੇ ਇਕ ਪ੍ਰੋਗਰਾਮ ਵਿਚ ਟਫਟਸ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਪਬਲਿਕ ਹੈਲਥ ਦੇ ਐਡਜੰਕਟ ਪ੍ਰੋਫੈਸਰ ਬੈਰੀ ਐੱਸ ਲੇਵੀ ਨੇ ਰਵਾਇਤੀ ਯੁੱਧ ਦੇ ਗੰਭੀਰ ਨਤੀਜਿਆਂ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਅਨੁਸਾਰ ਜੰਗ ਦੌਰਾਨ ਔਰਤਾਂ ਅਤੇ ਬੱਚਿਆਂਵਿਚ ਕੁਪੋਸ਼ਣ ਵਧਦਾ ਹੈ।। ਦਸਤ, ਹੈਜ਼ਾ, ਸਾਹ ਦੀਆਂ ਬਿਮਾਰੀਆਂ, ਤਪਦਿਕ ਵਰਗੀਆਂ ਸੰਚਾਰੀ ਬਿਮਾਰੀਆਂ ਵਿਚ ਵਾਧਾ ਹੋ ਜਾਂਦਾ ਹੈ।. ਮਾਨਸਿਕ ਵਿਕਾਰ ਜਿਵੇਂ ਡਿਪਰੈਸ਼ਨ, ਪੋਸਟ ਟਰਾਮੈਟਿਕ ਤਣਾਅ ਅਤੇ ਖੁਦਕੁਸ਼ੀ ਵੀ ਵਧ ਜਾਂਦੇ ਹਨ। ਪ੍ਰਜਨਣ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਦਿਲ ਦੀਆਂ ਬੀਮਾਰੀਆਂ, ਕੈਂਸਰ, ਗੁਰਦਿਆਂ ਦੀਆਂ ਬਿਮਾਰੀਆਂ ਵਰਗੀਆਂ ਬਿਮਾਰੀਆਂ ਵਧ ਜਾਂਦੀਆਂ ਹਨ। ਯੂਕਰੇਨ ਦੀ 77% ਆਬਾਦੀ 65 ਸਾਲ ਤੋਂ ਉੱਪਰ ਹੈ, ਇਸ ਲਈ ਖਤਰਾ ਹੈ ਕਿ ਅਪ੍ਰਤੱਖ ਮੌਤ ਦਰ  ਇਰਾਕ ਦੇ ਹਮਲੇ ਦੇ ਮਾਮਲੇ ਨਾਲੋਂ ਬਹੁਤ ਜ਼ਿਆਦਾ ਹੋਵੇਗੀ ਕਿਉਂਕਿ ਆਬਾਦੀ ਦਾ ਇਹ ਸਮੂਹ ਵਧੇਰੇ ਕਮਜ਼ੋਰ ਹੁੰਦਾ ਹੈ।

      ਰੂਸ ਅਤੇ ਯੂਕਰੇਨ ਦੇ ਟਕਰਾਅ ਦੇ ਮਾਮਲੇ ਵਿਚ ਪਰਮਾਣੂ ਹਥਿਆਰਾਂ ਦੀ ਵਰਤੋਂ ਦੇ ਖ਼ਤਰੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਅਜਿਹੀ ਹਾਲਤ ਵਿਚ ਬਹੁਤ ਖ਼ਤਰਨਾਕ ਨਤੀਜੇ ਹੋਣਗੇ। ਡਾ. ਆਇਰਾ ਹੈਲਫੈਂਡ (ਸਾਬਕਾ ਸਹਿ ਪ੍ਰਧਾਨ ਆਈਪੀਪੀਐੱਨਡਬਲਿਊ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਭਰ ਦੇ ਅਰਬਾਂ ਲੋਕਾਂ ਦੇ ਜੀਵਨ ਨੂੰ ਖਤਰਾ ਹੋ ਜਾਵੇਗਾ। ਰੂਸ ਅਤੇ ਯੂਕਰੇਨ ਵਿਚਕਾਰ ਜੰਗ ਹੋਰ ਫੈਲਣ ਦਾ ਖ਼ਦਸ਼ਾ ਹੈ, ਇਸ ਹਾਲਤ ਵਿਚ ਘੱਟ ਆਮਦਨੀ ਵਾਲੇ ਮੁਲਕਾਂ ਵਿਚ ਆਬਾਦੀ ਤੇ ਮਾੜਾ ਪ੍ਰਭਾਵ ਪਵੇਗਾ ਜੋ ਉਨ੍ਹਾਂ ਦੀ ਆਰਥਿਕਤਾ ਤੇ ਲੰਮੇ ਸਮੇਂ ਤੱਕ ਮਾਰ ਕਰੇਗਾ।

      ‘ਬਿਓਂਡ ਨਿਊਕਲੀਅਰ’ ਦੀ ਸੰਸਥਾਪਕ ਲਿੰਡਾ ਪੇਂਟਜ਼ ਗੁੰਟਰ ਅਨੁਸਾਰ, ਜੇ ਯੁੱਧ ਵਿਚ ਯੂਕਰੇਨ ਵਿਚ ਪਰਮਾਣੂ ਪਾਵਰ ਪਲਾਂਟਾਂ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਬਹੁਤ ਗੰਭੀਰ ਤਬਾਹੀ ਹੋਵੇਗੀ। ਸਾਨੂੰ ਪਰਮਾਣੂ ਪਾਵਰ ਪਲਾਂਟ ਹਾਦਸਿਆਂ ਦੀਆਂ ਪਿਛਲੀਆਂ ਘਟਨਾਵਾਂ ਜਿਵੇਂ ਚਰਨੋਬਲ ਅਤੇ ਫੁਕੁਸ਼ੀਮਾ ਤੋਂ ਸਿੱਖਣਾ ਚਾਹੀਦਾ ਹੈ। ਇਨ੍ਹਾਂ ਸਾਰੇ ਖ਼ਤਰਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਹੋਏ ਵੀ ਦੁਨੀਆ ਹਥਿਆਰਾਂ ਤੇ ਖਰਚਾ ਵਧਾ ਰਹੀ ਹੈ। ਸੰਸਾਰ ਵਿਚ ਹਥਿਆਰਾਂ ਦੀ ਦੌੜ ਦਾ ਲੇਖਾ ਜੋਖਾ ਰੱਖਣ ਵਾਲੀ ਸੰਸਥਾ ‘ਸਿਪਰੀ’ ਅਨੁਸਾਰ, 2020 ਵਿਚ ਸੰਸਾਰ ਫੌਜੀ ਖਰਚੇ 1981 ਬਿਲੀਅਨ ਡਾਲਰ ਸਨ ਜੋ 2019 ਦੇ ਮੁਕਾਬਲੇ 2.6 ਫ਼ੀਸਦ ਵੱਧ ਹਨ।

      ਆਈਪੀਪੀਐੱਨਡਬਲਿਊ ਦੀ ਵਿਚਾਰ ਚਰਚਾ ਦੌਰਾਨ ਸੇਚੇਨੋਵ ਯੂਨੀਵਰਸਿਟੀ ਵਿਚ ਅੰਦਰੂਨੀ ਰੋਗਾਂ ਦੀ ਚੇਅਰ ਦੇ ਐਸੋਸੀਏਟ ਪ੍ਰੋਫੈਸਰ ਓਲਗਾ ਮਿਰੋਨੋਵਾ ਅਨੁਸਾਰ, ਦੋਵਾਂ ਮੁਲਕਾਂ ਦੇ ਲੋਕ ਗੱਲਬਾਤ ਅਤੇ ਸਥਾਈ ਸ਼ਾਂਤੀ ਰਾਹੀਂ ਹੱਲ ਲਈ ਤਰਸਦੇ ਹਨ। ਇਸ ਲਈ ਲੋੜ ਹੈ ਕਿ ਜਿੱਥੇ ਇੱਕ ਪਾਸੇ ਫੌਰੀ ਕੂਟਨੀਤਕ ਉਪਰਾਲੇ ਕੀਤੇ ਜਾਣ, ਉੱਥੇ ਸਿਵਲ ਸੁਸਾਇਟੀ ਨੂੰ ਸੰਸਾਰ ਭਰ ਵਿਚ ਆਪਣੀਆਂ ਚਿੰਤਾਵਾਂ ਉਭਾਰਨੀਆਂ ਚਾਹੀਦੀਆਂ ਹਨ।

ਸੰਪਰਕ : 94170-00360