"ਮੁਨਾਫਕਤ" - ਰਣਜੀਤ ਕੌਰ ਤਰਨ ਤਾਰਨ

ਜਾ ਨੀ ਬੇਈਮਾਨੀਏ ਤੇਰਾ ਹੀ ਆਸਰਾ...
ਮੇਰਾ    ਪਿਆਰਾ ਦੇਸ਼ ਮਹਾਨ
ਨੱਬੇ ਦਾ ਹੈ ਦੀਨ ਈਮਾਨ
ਦੱਸ ਨੇ ਸਿਰੇ ਦੇ ਬੇਈਮਾਨ
ਸਾਹਬਜੀ ਇਉਂ ਲਗਦਾ ਹੈ ਕਾਰਖਾਨੇ ਦੇ ਸਟੋਰ ਵਿੱਚ ਗੈਸ ਲੀਕ ਹੋ ਰਹੀ ਹੈ।ਕਰਮਜੀਤ ਨੇ ਮੈਨੇਜਰ ਨੂੰ ਕਿਹਾ।
ਮੈਨੇਜਰ ਸਟੋਰ ਕੋਲ ਗਿਆ ਤੇ ਉਸਨੂੰ ਵੀ ਲਗਾ ਕਿ ਗੈਸ ਦੀ ਬਹੁਤ ਬਦਬੂ ਹੈ ਜਰੂਰ ਗੜਬੜ ਹੈ। ਉਸਨੇ ਮਾਲਕ ਨਾਲ ਗਲ ਕਰਨ ਦੀ ਕੋਸ਼ਿਸ਼ ਕੀਤੀ ਜੋ ਅਸਫਲ ਰਹੀ।ਉਸ ਤੋਂ ਬਾਦ ਜਦ ਮਾਲਕ ਦਾ ਫੋਨ ਆਇਆ ਤਦ ਵੀ ਉਸਨੇ ਕਾਹਲੀ ਕਾਹਲੀ ਮਾਲਕ ਨੂੰ ਜਾਣੂ ਕਰਾਉਣ ਦੀ ਕੋਸ਼ਿਸ ਕੀਤੀ ਪਰ ਮਾਲਕ ਨੇ ਉਸ ਤੋਂ ਦੁਗਣੀ ਕਾਹਲੀ ਵਿੱਚ ਇਹ ਕਹਿ ਕੇ ਫੋਨ ਝਟਕ ਦਿੱਤਾ ਕਿ ਜਲਦੀ ਵਿੱਚ ਹਾਂ ਫੇਰ ਗਲ ਕਰਾਂਗੇ।
ਗੈਸ ਲੀਕ ਹੁੰਦੀ ਹੁੰਦੀ ਦੂਰ ਤੱਕ ਮਾਰ ਕਰ ਰਹੀ ਸੀ।ਕਾਰਖਾਨੇ ਦੇ ਸਾਰੇ ਕਾਮੇ ਪਰੇਸ਼ਾਨ ਹੋ ਗਏ ।ਕਾਮਿਆਂ ਦਾ ਵਫ਼ਦ ਮੈਨੇਜਰ ਨੂੰ ਵੀ ਮਿਲਿਆ।ਮੈਨੇਜਰ ਦੀ ਉਹੀ ਮਜਬੂਰੀ ।ਲੱਖ ਯਤਨਾਂ ਤੋਂ ਬਾਦ ਮਾਲਕ ਦਾ ਮੈਨੇਜਰ ਨੂੰ ਜਵਾਬ ਸੀ ," ਤੇ ਤੂੰ ਮੈਨੇਜਰ ਕਾਹਦੇ ਲਈ ਇੰਨੀ ਤਨਖਾਹ ਲੈਨੇ? ਜੇ ਮੈਨੂੰ ਦੱਸਣ ਆ ਗਿਆ,ਇਹ ਤੇਰਾ ਕੰਮ ਹੈ ਤੂੰ ਹੀ ਕਰ ਜੋ ਕਰਨਾ"।
ਕਾਰਖਾਨੇ ਵਿੱਚ ਕੰਮ ਕਰਦੇ ਛੋਟੇ ਕਾਮਿਆਂ ਨੂੰ ਪਿਛਲੇ ਦੋ ਮਹੀਂਨੇ ਦੀ ਤਨਖਾਹ ਦੀ ਅਦਾਇਗੀ ਨਹੀਂ ਸੀ ਕੀਤੀ ਗਈ।ਜਦ ਵੀ ਉਹ ਮੈਨੇਜਰ ਕੋਲੋਂ ਤਨਖਾਹ ਦਾ ਮੁਤਾਲਬਾ ਕਰਦੇ ਮੈਨੇਜਰ ਮਾਲਕ ਨੂੰ ਦੱਸਦਾ ਤਾਂ ਮਾਲਕ ਇਕ ਕੰਨ ਤੋਂ ਸੁਣ ਦੂਜੇ ਤੋਂ ਬਾਹਰ ਕੱਢ ਜਾਂ ਤਾਂ ਫੋਨ ਤੇ ਹੀਹੀ ਕਰਨ ਲਗ ਪੈਂਦਾ ਜਾਂ ਫੋਨ ਚੁੱਕ ਕਮਰੇ ਤੋਂ ਬਾਹਰ ਹੋ ਜਾਂਦਾ।
ਗੈਸ ਲੀਕੇਜ ਨਾਲ ਕਰਮੀਆਂ ਨੂੰ ਸਾਹ ਲੈਣ ਵਿੱਚ ਔਕੜ ਆ ਰਹੀ ਸੀ ਫੇਰ ਵੀ ਉਹ ਇਕ ਦੂਜੇ ਨੂੰ ਦਿਲਾਸਾ ਦੇ ਖੰੰਘਦੇ ਸੁੰਘਦੇ ਕੰਮ ਕਰੀ ਜਾ ਰਹੇ ਸੀ ਕਿ ਅੱਜ ਵੀ ਤਨਖਾਹ ਮਿਲੇਗੀ ਨਹੀਂ ਤੇ ਕਲ ਜਰੂਰ ਮਿਲ ਜਾਏਗੀ।
ਡੈਡੀ ਸਕੂਲ ਦੀ ਫੀਸ ਤਿੰਨ ਮਹੀਨੇ ਤੋਂ ਨਹੀਂ ਦਿੱਤੀ ਗਈ ੰਿਪ੍ਰੰਸੀਪਲ ਨੇ ਨੋਟਿਸ ਦੇ ਦਿੱਤਾ।ਤੁਸੀਂ ਸਕੂਲ਼ ਆ ਜਾਣਾ ਜਰੂਰ ਅੱਜ।ਬੰਟੀ ਨੇ ਕਰਮਜੀਤ ਨੂੰ ਕਿਹਾ।
ਕਰਮਜੀਤ ਸਕੂਲ਼ ਜਾ ਕੇ ਪ੍ਰਿੰਸੀਪਲ ਨੂੰ ਬੇਨਤੀ ਕਰ ਕੁਝ ਦਿਨਾਂ ਦੀ ਮੋਹਲਤ ਲੈ ਆਇਆ।ਘਰ ਆਇਆ ਤੇ ਘਰਵਾਲੀ ਨੇ ਕਿਹਾ ਅੱਜ ਹੱਟੀਵਾਲੇ ਨੇ ਰਾਸ਼ਨ ਦੇਣ ਤੋਂ ਨਾਂਹ ਕਰ ਦਿੱਤੀ ,ਸੱਚਾ ਹੈ ਵਿਚਾਰਾ ਉਸ ਨੇ ਕਮਾ ਕੇ ਸੌਦਾ ਪਾਉਣਾ ਤੇ ਬਾਲ ਬੱਚਾ ਵੀ ਪਾਲਣਾ।
ਨਿੱਕੀ ਦੀ ਬੁਗਨੀ ਭੰਨੀ ਤੇ ਮਸਾਂ ਕਿਲੋ ਆਟੇ ਦੇ ਸਿੱਕੇ ਨਿਕਲੇ,ਖ਼ਵਰੇ ਕਿੰਨੀਆਂ ਰੱਖੜੀਆਂ ਲੋਹੜੀਆਂ ,ਤੀਆਂ,ਦੀਵਾਲੀਆਂ ਦੀ ਕਮਾਈ ਨਿੱਕੀ ਨੇ ਬੁਗਨੀ ਵਿੱਚ ਪਾ ਸੰਭਾਲ ਰੱਖੀ ਸੀ।ਸਕੂਲ ਦੀ ਫੀਸ ਤਾਂ ਉਹਦੀ ਵੀ ਨਹੀਂ ਸੀ ਦਿੱਤੀ ਗਈ।
ਕਰਮਜੀਤ ਨੇ ਆਪਣੇ ਸਾਥੀਆਂ ਨਾਲ ਮਸ਼ਵਰਾ ਕਰ ਮਾਲਕ ਨੂੰ ਸਿੱਧੇ ਜਾ ਕੇ ਤਨਖਾਹ ਲਈ ਬੇਨਤੀ ਕਰਨ ਦਾ ਉਦਮ ਕਰ ਲਿਆ।ਕਰਮਜੀਤ ਤੇ ਸਰਨਜੀਤ ਦੋਨੌ ਅੱਗੇ ਹੋ ਦੱਸ ਪੰਦਰਾਂ ਜਣਿਆਂ ਦਾ ਵਫ਼ਦ ਮਾਲਕ ਦੇ ਖੂਬਸੂਰਤ ਕਮਰੇ ਦੇ ਬਾਹਰ ਮਾਲਕ ਦੀ ਸੋਹਣੀ ਮੋਹਣੀ ਜਿਹੀ ਸੇਕਟਰੀ ਦੇ ਬੂਹੇ ਤੇ ਜਾ ਖੜੇ ਹੋ ਬੇਨਤੀ ਕੀਤੀ ਕਿ ਸਾਹਬ ਨਾਲ ਮਿਲਾ ਦਿਓ।ਸੇਕਟਰੀ ਨੇ ਇੰਟਰਕਾਮ ਤੇ ਸਾਹਬ ਨੂੰ ਦਸਿਆ ਤਾਂ ਅਗੋਂ ਸਾਹਬ ਨੂੰ ਖੁੜਕ ਗਈ ਕਿ ਇਹ ਤਨਖਾਹ ਹੀ ਮੰਗਣਗੇ ਹੋਰ ਇਹਨਾਂ ਨੂੰ ਮੇਰੇ ਨਾਲ ਕੀ ਕੰਮ ਹੋ ਸਕਦਾ ਹੈ।ਉਸਨੇ ਫੱਟ ਦੇਣੀ ਸੇਕਟਰੀ ਨੂੰ ਕਿਹਾ ਉਹਨਾਂ ਨੂੰ ਕਹਿ ਦੇਵੇ ਸਾਹਬ ਮੀਟਿੰਗ ਵਿੱਚ ਹੈ,ਇੰਤਜ਼ਾਰ ਕਰਨ।
ਕਾਮੇ ਜਾਣ ਚੁਕੇ ਸਨ ਕਿ ਸਾਹਬ ਅੰਦਰ ਇਕੱਲਾ ਹੀ ਹੈ।ਇਸ ਲਈ ਉਹ ਇੰਤਜ਼ਾਰ ਵਿੱਚ ਖੜੇ ਹੋ ਗਏ।ਪੂਰਾ ਇਕ ਘੰਟਾ ਗੁਜਰ ਗਿਆ।ਕਰਮਜੀਤ ਤੇ ਸਰਨਜੀਤ ਨੇ ਸੇਕਟਰੀ ਨੂੰ ਫਿਰ ਫੋਨ ਕਰਨ ਲਈ ਕਿਹਾ।
ਇਹ ਅਜੇ ਤੱਕ ਇਥੇ ਖੜੇ ਹਨ ਉਤੇ ਕੰਮ ਇਹਨਾਂ ਦਾ ਬਾਪ ਕਰੇਗਾ।ਇਹਨਾਂ ਨੂੰ ਆਖ ਜਾ ਕੇ ਕੰੰਮ ਕਰਨ ਜਦ ਮੇਰੇ ਕੋਲ ਵਕਤ ਹੋਇਆ ਮੈਂ ਆਪੇ ਬੁਲਾ ਲਵਾਂਗਾ।ਸੇਕਟਰੀ ਨੇ ਉਹਨਾਂ ਨੂੰ ਜਾਣ ਦਾ ਹੁਕਮ ਸੁਣਾ ਦਿੱਤਾ।
ਉਹ ਸਾਰੇ ਕੰਮ ਤਾਂ ਕਰਨ ਲਗ ਗਏ।ਅੰਦਰੋਂ ਡਰ ਵੱਢ ਵੱਢ ਖਾਈ ਜਾ ਰਿਹਾ ਸੀ ਕਿ ਘਰ ਅੱਜ ਫੇਰ ਖਾਲੀ ਹੱਥ ਕਿਵੇਂ ਜਾਣਗੇ?ਕਾਰਖਾਨੇ ਤੋ ਛੁਟੀ ਹੋਈ ਸਾਰੇ ਇਕ ਦੂਜੇ ਦੀਆਂ ਅੱਖਾਂ ਚ ਅੱਖਾਂ ਪਾਈ ਬਾਹਰਲੇ ਗੇਟ ਦੇ ਕੋਲ ਖੜੇ ਇਕ ਹੀ ਸਵਾਲ ਪੁਛ ਰਹੇ ਸਨ ਘਰ ਕਿਵੇਂ ਵੜਨਾ ਹੈ,ਮੈਨੇਜਰ ਦੀ ਗੱਡੀ ਆ ਰਹੀ ਸੀ ,ਸਾਰੇ ਸਲੂਟ ਇਕੱਠੇ ਉਠ ਗਏ ,ਡਰਾਈਵਰ ਜੋ ਖੁਦ ਉਹਨਾਂ ਦਾ ਹੀ ਦੁੱਖਦਰਦ ਭਾਈ ਸੀ - ਨੇ ਗੱਡੀ ਰੋਕ ਲਈ ਸੱਭ ਨੇ ਬੇਨਤੀ ਕੀਤੀ 'ਸਾਹਬ ਕਿਰਪਾ ਕਰ ਦਿਓ'।
ਮੈਨੇਜਰ -ਸਵੇਰੇ ਗਲ ਕਰਾਂਗੇ ,ਵਕਤ ਨਾਲ ਆ ਜਾਣਾ।
ਨਿੱਕੀ ਨੇ ਬੂਹਾ ਖੋਲਿਆ ਬਾਪ ਦੇ ਖਾਲੀ ਹੱਥ ਵੇਖ ਪਿੱਠ ਕਰ ਹੌਲੀ ਹੌਲੀ ਅੰਦਰ ਵਲ ਵੱਧ ਗਈ। ਨਿਆਣਿਆਂ ਲਈ ਬਾਪ ਦੀ ਉਡੀਕ ਚੀਜੀ ਤੱਕ ਦੇ ਰਿਸ਼ਤੇ ਦੀ ਹੁੰਦੀ ਹੈ-ਐਸਾ ਨਹੀਂ ਹੈ,ਨਿਆਣੇ ਬਾਪ ਨੂੰ ਬੇਬੱਸ ਵੇਖ ਨਹੀਂ ਸਕਦੇ।
ਅਗਲੇ ਦਿਨ ਬਰੇਕ ਦੀ ਘੰਟੀ ਵੱਜੀ ਤਾਂ ਫਿਰ ਸਾਰੇ ਇਕੱਠੇ ਹੋ ਸਾਹਬ ਦੇ ਦਫ਼ਤਰ ਵਲ ਨੂੰ ਤੁਰ ਪਏ ।ਸੇਕਟਰੀ ਨੇ ਸਾਹਬ ਨੂੰ ਪੁਛਿਆ ਤਾਂ ਸਾਹਬ ਨੇ ਕਿਹਾ ਮੈਨੇਜਰ ਨੂੰ ਬੁਲਾਓ ਤੇ ਇਹਨਾਂ ਨੂੰ ਕੰਮ ਤੇ ਜਾਣ ਲਈ ਕਹੋ।ਕਾਮਿਆਂ ਨੂੰ ਤਸੱਲੀ ਜਿਹੀ ਹੋਈ ਕਿ ਸਾਹਬ ਸਮਝ ਤਾਂ ਗਏ ਨੇ ਮੈਨੇਜਰ ਨੂੰ ਤਨਖਾਹ ਵੰਡਣ ਦਾ ਕਹਿ ਦੇਣਗੇ  ਤੇ ਉਹ ਆਪੋ ਆਪਣੇ ਕੰਮੀ ਲਗ ਗਏ।
ਕਰਮਜੀਤ ਤੇ ਸਰਨਜੀਤ ਨੂੰ ਪੇਟ ਦੀ ਭੁੱਖ ਦੇ ਨਾਲ ਗੈਸ ਲੀਕ ਦੀ ਅਚਵੀ ਜਿਹੀ ਲਗੀ ਹੋਈ ਸੀ ਉਹ ਮਜ਼ਦੂਰ ਏਕਤਾ ਦੇ ਪ੍ਰਧਾਨ ਨੂੰ ਦੱਸਣ ਚਲੇ ਗਏ।ਪ੍ਰਧਾਨ ਨੇ ਮੌਕਾ ਵੇਖਿਆ ਡਰ ਤਾਂ ਉਸਨੂੰ ਵੀ ਲਗਾ ਤੇ ਉਹ ਮੈਨਜਰ ਕੋਲ ਗਿਆ।ਮੈਨੇਜਰ ਨੇ ਸਾਹਬ ਨੂੰ ਫੋਨ ਤੇ ਦਸਿਆ ਸਾਹਬ ਦਾ ਉਹੀ ਜਵਾਬ ,'ਮੈਂ ਵਿਹਲਾ ਨਹੀਂ ਆਪੇ ਵੇਖ'।
ਪ੍ਰਧਾਨ ਜਾਓ ਕੰਮ ਤੇ ਕੁਝ ਨਹੀਂ ਹੁੰਦਾ ਤੁਹਾਡਾ ਵਹਿਮ ਹੈ ਮੈਨੇਜਰ ਨਿਮੋਝੂਣਾ ਜਿਹਾ ਬੋਲਿਆ
ਸਾਹਬ ਮੇਰੀ ਅੱਖ ਫੜਕਦੀ ਜਰੂਰ ਅਣਹੋਣੀ ਵਾਪਰਨ ਵਾਲੀ ਹੈ।ਇਹ ਕਾਰਖਾਨਾ ਸਾਡਾ ਸੱਭ ਦਾ ਮਾਲਕ ਹੈ ਦਾਤਾ ਹੈ।ਨਾਲੇ ਸਾਹਬ ਤਨਖਾਹਾਂ ਦੋ ਮਹੀਨੇ ਦੀਆਂ ਨਾਂ ਸਹੀ ਇਕ ਮਹੀਂਨੇ ਦੀ ਤੇ ਦੇ ਦਿਓ।ਤੁਹਾਨੂੰ ਸਾਡੇ ਕਾਰਨ ਹੀ ਤਨਖਾਹ ਮਿਲਦੀ ਹੈ।ਪ੍ਰਧਾਨ ਨੇ ਨਿਹੋਰਾ ਮਾਰਿਆ।
ਮੈਨੇਜਰ-ਜਾ ਪ੍ਰਧਾਨ ਬਹੁਤਾ ਦੁਨੀਚੰਦ ਨਾ ਬਣ।ਸੱਭ ਦਾ ਦਾਤਾ ਉਪਰ ਨੀਲੀ ਛਤਰੀ ਵਾਲਾ ਹੈ
ਸਾਹਬ ਸੰਭਲੋ ਮਜ਼ਦੂਰ ਮੂੰਹ ਨੂੰ ਆਏ ਹੋਏ ਨੇ,ਮੈਂ ਖੜਾਕ ਦਾ ਜਿੰਮੇਵਾਰ ਨਹੀਂ ਹੋਵਾਂਗਾ।
ਅਗਲੇ ਹੀ ਪਲ ਮੇਨੇਜਰ ਉਠਿਆ ਤੇ ਸਾਹਬ ਨੂੰ ਆਉਣ ਵਾਲੇ ਵਕਤ ਤੋਂ ਜਾਣੂ ਕਰਇਆ ਪਰ ਸਾਹਬ ਦੇ ਅੰਦਰਲੀ ਮੁਨਾਫਕਤ ਉਸ ਨੂੰ ਰੰਗੀਨ ਸਪਨੇ ਵਿਖਾ ਰਹੀ ਸੀ।ਗੈਸ ਅੱਗ ਪਕੜ ਲਵੇ ਤੇ ਚੋਖੀ ਬੀਮਾ ਰਕਮ ਮਿਲ ਜਾਵੇ,ਤਨਖਾਹਾਂ ਦੇਣੀਆਂ ਨਹੀਂ ਪੈਣੀਆਂ,ਪੈਸਾ ਹੀ ਪੈਸਾ,ਦੋ ਚਾਰ ਲੱਖ ਪਾਰਟੀ ਫੰਡ ਦੇ ਕੇ ਵਾਹਵਾ  ਵਾਹਵਾ ਵੱਖਰੀ ਖੱਟ ਲੈਣੀ।ਐਸੀ ਰੰਗੀਨੀ ਚ ਗੁੰਮ ਸੀ ਸਾਹਬ ਕਿ ਫੌਨ ਦੀ ਘੰਟੀ ਨੇ ਹਲੂਣਾ ਦਿੱਤਾ।
ਸਾਹਬ- ਕੁਝ ਨਹੀਂ ਕਰ ਸਕਦੇ ਇਹ ਜਿੰਨੀ ਦੇਰ ਭੁੱਖੇ ਨੇ, ਰੱਜ ਕੇ ਸ਼ੇਰ ਹੋ ਜਾਣਗੇ।ਜੇ ਹੀਲ ਹੁੱਜਤ ਕਰਨ ਤੇ ਕੱਢ ਮਾਰੀਂ ਬਥੇਰੀ ਦੁਨੀਆਂ ਵਿਹਲੀ ਫਿਰਦੀ ਹੈ ਇਕ ਗਿਆ ਤੇ ਦੱਸ ਤਿਆਰ ਨੇ ਆਉਣ ਨੂੰ।ਹਾਂ ਪ੍ਰਧਾਨ ਨੂੰ ਦੇ ਦਿਲਾ ਕੇ ਨੱਥ ਪਾਈ ਰੱਖ।
ਜਾ ਨੀ ਬੇਈਮਾਨੀਏਂ ਤੇਰਾ ਹੀ ਆਸਰਾ।ਬੰਦਾ ਮੁਨਾਫਿਕ ਹੋਵੇ ਤਦ ਵੀ ਠੀਕ ਪਰ ਸਾਹਬ ਤੇ ਕਮੀਨਗੀ ਦੀ ਹੱਦ ਵੀ ਟੱਪ ਗਿਆ।ਮੈਨੇਜਰ ਆਪਣੇ ਆਪ ਨਾਲ ਗਲਾਂ ਕਰਦਾ ਤੁਰੀ ਜਾ ਰਿਹਾ ਸੀ।ਉਸਦਾ ਪੈਰ ਪੌੜੀ ਵਿੱਚ ਅੜਿਆ ਉਹ ਡਿਗਣੋਂ ਬਚਿਆ ,ਮੱਥਾ ਠਣਕਿਆ,ਈਸ਼ਵਰ ਸੁੱਖ ਰੱਖੇ,ਹੁਣੇ ਕੀ ਦਾ ਕੀ ਹੋ ਜਾਣਾ ਸੀ।
ਰਾਤ ਹੋਣੀ ਵਾਪਰ ਗਈ ।ਰਾਤ ਦੀ ਸ਼ਿਫਟ ਵਾਲੇ ਕਾਮਿਆਂ ਨੇ ਗੈਸ ਲੀਕ ਬਾਰੇ ਕਈ ਵਾਰ ਦਸਿਆ ਸੀ ਪਰ ਉਹਨਾ ਦੀ ਵੀ ਕਿਸੇ ਨਾ ਸੁਣੀ , ਚਾਰ ਜਣੇ ਸਟੋਰ ਕੋਲੋਂ ਸਮਾਨ ਲੈ ਕੇ ਲੰਘ ਰਹੇ ਸੀ ਕਿ ਧਮਾਕਾ ਹੋਇਆ।ਤੇ ਉਹ ਉਥੇ ਹੀ ਢੇਰੀ ਹੋ ਗਏ।
ਸੌ ਗਜ਼ ਦੀ ਦੂਰੀ ਤੇ ਰਿਹਾਇਸ਼ੀ ਘਰਾਂ ਦੇ ਸ਼ੀਸ਼ੇ ਪੱਟਕ ਪਟੱਕ ਡਿਗੇ,ਕਿਰਚੀਆਂ ਚੁਣਦਿਆਂ, ਵਸਦਿਆਂ ਨੇ ਸਮਝਿਆ ਕਿ ਬੰਬ ਗਿਰਿਆ ਹੈ ,ਇਧਰ ਉਧਰ ਫੋਨ ਖੜਕਣ ਲਗੇ ਪਰ ਟਾਵਰ ਮੂਧੇ ਪੈਣ ਕਾਰਨ ਕਿਤੇ ਘੰਟੀ ਨਾ ਅਪੜ ਸਕੀ। ਬੇਬਸ ਲੋਕ ਬਾਹਰ ਨੁੰ ਦੌੜੇ ਕੋਈ ਪੀ.ਸੀ.ਓ ਵੱਲ ਭੱਜਿਆ,ਕੋਈ ਡੀ.ਸੀ. ਦਫ਼ਤਰ ਵੱਲ,ਤੇ ਕੋਈ ਥਾਣੇ।
ਫਾਇਰ ਬਰਿਗੇਡ ਧੂੜਾਂ ਪੱਟਦਾ ਕਾਰਖਾਨੇ ਜਾ ਰਿਹਾ ਸੀ,ਖਲਾਅ ਵਿੱਚ ਇੰਨਾ ਧੂੰਆਂ ਸੀ ਕਿ ਹੱਥ ਨੂੰ ਹੱਥ ਨਹੀਂ ਦਿੱਖ ਰਿਹਾ ਸੀ ਪਰ ਧੂੰਆ ਗਲੇ ਵਿੱਚ ਘਰ ਕਰੀ ਜਾ ਰਿਹਾ ਸੀ ,ਸੱਭ ਨੂੰ ਜਿਵੇਂ ਦਮੇਂ ਦਾ ਹਮਲਾ ਹੋ ਗਿਆ ਹੋਵੇ,ਆਕਸੀਜਨ ਨਾਮਾਤਰ ਰਹਿ ਗਈ ਸੀ।
ਕਾਮਿਆਂ ਵਿੱਚ ਭੱਗਦੜ ਮੱਚ ਗਈ।ਕਿੰਨੇ ਜਖ਼ਮੀ ਸਨ ਜਿਹਨਾਂ ਦਾ ਹਿਲਣਾ ਵੀ ਮੁਸਕਿਲ ਸੀ।ਕੋਈ ਮਦਦ ਨਜ਼ਰ ਨਹੀਂ ਸੀ ਆ ਰਹੀ।
ਕਰਮਜੀਤ ਸ਼ਰਨਜੀਤ ਨੇ ਵੀ ਧਮਾਕਾ ਸੁਣਿਆ ਤਾਂ ਉਹਨਾਂ ਦੀ ਅੱਖ ਫੜਕੀ ਭਾਣਾ ਵਰਤ ਗਿਆ।ਇਕ ਦੂਜੇ ਦੇ ਘਰ ਵੱਲ ਨੱਠਦੇ ਦੋਨੋ ਗਲੀ ਦੇ ਸਿਰੇ ਤੇ ਮਿਲ ਗਏ ਤੇ ਬਿਨਾਂ ਕੁਝ ਬੋਲੇ ਪ੍ਰਧਾਨ ਦੇ ਘਰ ਵਲ ਜਾ ਪੁੱਜੇ।
ਤਿੰਨੇ ਸਰਪੱਟ ਕਾਰਖਾਨੇ ਪੁੱਜੇ ਤੇ ਆਪਣੇ ਸਾਥੀਆਂ ਨੂੰ ਈ.ਐਸ ਆਈ ਹਸਪਤਾਲ ਪੁਚਾਉਣ ਲਈ ਗੱਡੀਆਂ ਲੱਭਣ ਲਗੇ।ਮਾਲਿਕ ਦੇ ਇਸ਼ਾਰੇ ਤੇ ਫਾਇਰ ਬ੍ਰੀਗੇਡ ਤਾਂ ਆ ਗਿਆ ਸੀ ਐਂਬੂਲੈਂਸ ਨੂੰ ਖ਼ਵਰੇ ਕਿਸੇ ਨੇ ਇਤਲਾਹ ਹੀ ਨਹੀਂ ਸੀ ਦਿੱਤੀ?
     
ਸਾਹਬ ਦੀ ਵਲਾਇਤ ਦੀ ਟਿਕਟ ( ਪਰਿਵਾਰ ਸਮੇਤ) ਪਹਿਲਾਂ ਹੀ ਸ਼ਾਇਦ ਬੁੱਕ ਸੀ ,ਅਗਲਾ ਪੂਰਾ ਦਿਨ ਉਹ ਬੀਮਾ ਕੰਮਪਨੀ ਦੇ ਕਾਗਜ਼ ਤੇ ਖਾਨੇ ਪੂਰੇ ਕਰਦਾ ਰਿਹਾ ਤੇ ਜਦ ਉਸਨੂੰ ਕਾਰਵਾਈ ਮੁਕੰਮਲ ਦਾ ਯਕੀਨ ਆ ਗਿਆ ਉਹ ਅਗਲੇ ਦਿਨ ਜਹਾਜ ਚੜ੍ਹ ਗਿਆ।
ਬੀਮੇ ਦੀ ਰਕਮ ਤਾਂ ਬੈਂਕ ਖਾਤੇ ਆ ਹੀ ਜਾਣੀ ਸੀ।ਬੀਮਾ ਏਜੰਟ ਨੇ 10% ਕਮਿਸ਼ਨ ਫੜਨ ਵੇਲੇ ਇਕ ਵਾਰ ਵੀ ਜਖ਼ਮੀਆਂ ਤੇ ਜਾਨ ਤੇ ਜਹਾਨ ਛੱਡ ਜਾਣ ਵਾਲਿਆਂ ਬਾਰੇ ਨਾਂ ਸੋਚਿਆ।