ਗਜ਼ਲ - ਹਰਦੇਵ ਇੰਸਾਂ

ਘੋਰ ਕਲੂ ਦੇ ਅੰਦਰ ਦੇਖੋ,
ਬੰਦੇ ਬਣੇ ਨੇ ਡੰਗਰ ਦੇਖੋ।

ਮੁੱਲਾ, ਕਾਜੀ ਮਾਰਨ ਠੱਗੀਆਂ,
ਬੈਠੇ ਬਣਕੇ ਕਲੰਦਰ ਦੇਖੋ।

ਪੱਥਰਾਂ ਦੇ ਬੁੱਤ ਪੂਜਣ ਲੋਕੀ,
ਸ਼ਰਧਾ ਵਾਲੇ ਅਡੰਬਰ ਦੇਖੋ।

ਵਿੱਚ ਬਜ਼ਾਰਾਂ ਲੁੱਟਣ ਇੱਜ਼ਤਾਂ,
ਲੁੱਟਦੇ ਹੁਣ ਘਰ ਕੰਜਰ ਦੇਖੋ।

ਗਰੀਬ ਦੇ ਬਾਲ ਵਿਲਕਣ ਭੁੱਖੇ,
ਬੇ-ਅਰਥੇ ਲੱਗਦੇ ਲੰਗਰ ਦੇਖੋ।

ਗਰੀਬਾਂ ਦੇ ਨੇ ਚਿਉਂਦੇ ਢਾਰੇ,
ਸੋਨੇ 'ਚ ਮੜ੍ਹੇ ਮੰਦਰ ਦੇਖੋ।

ਮਾਪੇ ਰੁਲਦੇ ਬਿਰਧ ਆਸ਼ਰਮ,
ਪੁੱਤਾਂ ਦੇ ਦਿਲ ਬੰਜਰ ਦੇਖੋ।

ਇੰਸਾਂ, ਧੀਆਂ ਮਾਰਨ ਮਾਪੇ,
ਕੁੱਖ 'ਚ ਚੱਲਦੇ ਖੰਜਰ ਦੇਖੋ।

ਹਰਦੇਵ ਇੰਸਾਂ
ਰਾਮਗੜ੍ਹ ਚੂੰਘਾਂ, ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 94659-55973
29 Jan. 2018