ਪੰਜਾਬ ਦੀ ਚੋਣ ਨਤੀਜੇ ਮੌਕਾਪ੍ਰਸਤ ਸਿਆਸਤਦਾਨਾਂ ਲਈ ਸਬਕ! - ਡਾ ਗੁਰਵਿੰਦਰ ਸਿੰਘ

ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜਿਆਂ ਨੇ ਇਸ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ, ਭਾਰਤੀ ਰਾਜਨੀਤੀ ਤੋਂ ਵੱਖਰਾ ਰੁਖ ਅਖਤਿਆਰ ਕਰਦੇ ਹੋਏ, ਸਥਾਪਤੀ ਨੂੰ ਜੜ੍ਹੋਂ ਪੁੱਟਣ ਦਾ ਤਹਿਈਆ ਕਰਦੇ ਹਨ। ਮੌਜੂਦਾ ਕਾਂਗਰਸ ਸਰਕਾਰ ਅਤੇ ਬੀਤੇ ਸਮੇਂ ਦੀ ਅਕਾਲੀ- ਬੀਜੇਪੀ ਹਕੂਮਤ ਦੀਆਂ ਧੱਕੇਸ਼ਾਹੀਆਂ ਤੋਂ ਖ਼ਫ਼ਾ, ਪੰਜਾਬੀਆਂ ਨੇ ਤੀਜੇ ਬਦਲ ਲਈ ਮੌਕਾ ਦਿੱਤਾ ਹੈ।ਇਸ ਬਦਲ ਤੋਂ ਉਨ੍ਹਾਂ ਨੂੰ ਬੇਹੱਦ ਆਸਾਂ ਹਨ। ਇਹ ਵੀ ਸੱਚ ਹੈ ਕਿ ਜੇਕਰ ਉਹ ਆਸਾਂ 'ਤੇ ਜੇਤੂ ਸਿਆਸਤਦਾਨ ਖਰੇ ਨਾ ਉੱਤਰੇ, ਤਾਂ ਇਹ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬੀ ਜਿਸ ਸਨਮਾਨ ਨਾਲ ਸਿਰ 'ਤੇ ਚੁੱਕਦੇ ਹਨ, ਉਸ ਹੀ ਤਰ੍ਹਾਂ ਹੇਠਾਂ ਵੀ ਸੁੱਟਦੇ ਹਨ।
ਇਨ੍ਹਾਂ ਚੋਣਾਂ ਨੇ ਨਵਾਂ ਇਤਿਹਾਸ ਰਚਿਆ ਹੈ। ਪੰਜਾਬ 'ਤੇ ਰਜਵਾੜਾਸ਼ਾਹੀ ਰਾਹੀਂ ਸੱਤਾ ਕਾਇਮ ਕਰਨ ਵਾਲੇ ਅਮਰਿੰਦਰ ਸਿੰਘ, ਪਰਿਵਾਰਵਾਦ ਦੀ ਰਾਜਨੀਤੀ ਕਰਨ ਵਾਲੇ ਅਕਾਲੀ ਦਲ 'ਤੇ ਕਾਬਜ਼ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਕਾਂਗਰਸ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ,ਬਾਦਲ ਪਰਿਵਾਰ ਦੇ ਦਾਮਾਦ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਭਤੀਜੇ ਮਨਪ੍ਰੀਤ ਬਾਦਲ, ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਸਮੇਤ, ਸਾਰੀਆਂ ਤੋਪਾਂ ਨੂੰ ਮੂਧੇ ਮੂੰਹ ਸੁੱਟਿਆ ਹੈ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪੰਜਾਬ ਦੀ ਰਾਜਨੀਤੀ ਦੇ ਦਰਵੇਸ਼ ਸਿਆਸਤਦਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਮਰਹੂਮ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਸਪੁੱਤਰ ਅਤੇ ਆਮ ਆਦਮੀ ਪਾਰਟੀ ਦੇ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੇ, ਪੰਜ ਵਾਰੀ ਮੁੱਖ ਮੰਤਰੀ ਬਣਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ, ਆਪਣੇ ਮਹਾਨ ਪਿਤਾ ਦੀ ਵਿਰਾਸਤ 'ਤੇ ਮੋਹਰ ਲਾਈ ਹੈ। ਇਕ ਸਾਧਾਰਨ ਵਿਅਕਤੀ ਤਾਕਤਵਰ ਨੂੰ ਕਿਵੇਂ ਹਰਾ ਸਕਦਾ ਹੈ, ਇਹ ਉਸ ਦੀ ਮਿਸਾਲ ਹੈ! ਇਉਂ ਹੀ ਪਟਿਆਲੇ ਤੋਂ ਆਪ ਦੇ ਅਜੀਤਪਾਲ ਸਿੰਘ ਕੋਹਲੀ ਨੇ, ਗੁਟਕੇ ਦੀਆਂ ਝੂਠੀਆਂ ਸਹੁੰਆਂ ਖਾਣ ਵਾਲੇ ਅਮਰਿੰਦਰ ਸਿੰਘ ਨੂੰ ਮੂਧੇ ਮੂੰਹ ਸੁੱਟਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭਦੌੜ ਤੋਂ ਨਵੇਂ ਚਿਹਰੇ ਨੌਜਵਾਨ ਲਾਭ ਸਿੰਘ ਉਬੋਕੇ ਨੇ ਬੁਰੀ ਤਰ੍ਹਾਂ ਹਰਾਇਆ ਹੈ। ਜਲਾਲਾਬਾਦ ਤੋਂ ਜਗਦੀਪ ਕੰਬੋਜ ਨੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼ਿਕਸਤ ਦੇ ਕੇ ਨਵਾਂ ਇਤਿਹਾਸ ਸਿਰਜਿਆ ਹੈ। ਅੰਮ੍ਰਿਤਸਰ ਪੂਰਬੀ ਤੋਂ ਬੀਬੀ ਜੀਵਨਜੋਤ ਕੌਰ ਨੇ ਬਿਕਰਮਜੀਤ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ, ਦੋਹਾਂ ਨੂੰ ਹਾਰ ਦਾ ਰਾਹ ਵਿਖਾ ਕੇ ਨਵੀਂ ਆਸ ਦੀ ਕਿਰਨ ਖਿਲਾਰੀ ਹੈ।
ਸਾਰਿਆਂ ਤੋਂ ਅਹਿਮ ਗੱਲ ਹੈ ਕਿ ਹੋਂਦ ਚਿੱਲੜ<1984 ਦੇ ਸਿੱਖ ਦੁਖਾਂਤ ਨੂੰ ਉਜਾਗਰ ਕਰਨ ਵਾਲੇ ਮਹਾਨ ਵਿਅਕਤੀ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ, ਸ਼ਾਨਦਾਰ ਜਿੱਤ ਹਾਸਲ ਕਰਕੇ ਸਾਬਤ ਕਰ ਦਿੱਤਾ ਹੈ ਕਿ ਸਥਾਪਤੀ ਖ਼ਿਲਾਫ਼ ਡੱਟ ਕੇ ਅਤੇ ਸਿੱਖ ਨਸਲਕੁਸ਼ੀ ਖ਼ਿਲਾਫ਼ ਆਵਾਜ਼ ਉਠਾ ਕੇ, ਉਹ ਇਨਸਾਫ ਦੀ ਲੜਾਈ ਜਾਰੀ ਰੱਖਣਗੇ।
ਇਨ੍ਹਾਂ ਸਭਨਾ ਵਿੱਚ ਇਕ ਹੋਰ ਨਾਮ ਹੈ "ਕੁੰਵਰ ਵਿਜੈ ਪ੍ਰਤਾਪ ਸਿੰਘ", ਜਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਜਾਂਚ ਦੀ ਅਗਵਾਈ ਕੀਤੀ ਸੀ, ਪਹਿਲਾਂ ਅਕਾਲੀ ਦਲ ਅਤੇ ਫਿਰ ਕਾਂਗਰਸ ਨੇ, ਉਸ ਨੂੰ ਲਾਂਭੇ ਕੀਤਾ, ਪਰ ਉਹ ਅਡੋਲ ਰਿਹਾ। ਅੰਤ ਨੂੰ ਅੱਜ ਪੰਜਾਬ ਦੀ ਰਾਜਨੀਤੀ ਵਿਚ ਇਕ ਜੇਤੂ ਬਣ ਕੇ ਉੱਭਰਿਆ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਿੱਤ ਨਵੇਂ ਇਤਿਹਾਸ ਨੂੰ ਸਿਰਜਣ ਦੇ ਸਮਰੱਥ ਹੈ। ਸੁਖਪਾਲ ਸਿੰਘ ਖਹਿਰਾ ਦੇ ਅਜੇਤੂ ਹੋਣ ਨਾਲ ਆਸ ਦੀ ਬਣੀ ਹੈ ਕਿ ਵਿਰੋਧੀ ਧਿਰ ਵਿੱਚੋਂ ਵੀ ਹੱਕ ਸੱਚ ਤੇ ਇਨਸਾਫ਼ ਲਈ ਆਵਾਜ਼ ਬੁਲੰਦ ਹੋਵੇਗੀ। ਕਈ ਹੋਰ ਅਜਿਹੇ ਨਾਮ ਹਨ, ਜਿਹੜੇ ਬਿਲਕੁਲ ਸਾਧਾਰਨ ਵਿਅਕਤੀ ਹਨ, ਪਰ ਪੰਜਾਬੀਆਂ ਨੇ ਉਨ੍ਹਾਂ ਨੂੰ ਸ਼ਾਨਦਾਰ ਜਿੱਤ ਦਿਵਾਈ ਹੈ। ਸਭਨਾਂ ਨੂੰ ਸ਼ੁਭਕਾਮਨਾਵਾਂ।
ਬੇਸ਼ੱਕ ਭਾਰਤ ਦੇ ਬਾਕੀ ਸੂਬਿਆਂ ਵਿੱਚ ਭਾਜਪਾ ਦੇ ਮੁੜ ਸੱਤਾ ਵਿੱਚ ਆਉਣ ਨਾਲ ਪਾਲਾਬੰਦੀ ਦੀ ਸਿਆਸਤ ਹੋਰ ਮਜ਼ਬੂਤ ਹੋਈ ਹੈ, ਪਰ ਪੰਜਾਬ ਨੇ ਕੇਂਦਰ ਦੇ ਉਲਟ ਫਤਵਾ ਦੇ ਕੇ, ਆਪਣਾ ਰੋਹ ਪ੍ਰਗਟਾਇਆ ਹੈ। ਆਸ ਕਰਦੇ ਹਾਂ ਕਿ ਪੰਜਾਬੀਆਂ ਦੀਆਂ ਆਸਾਂ ਤੇ ਆਮ ਆਦਮੀ ਪਾਰਟੀ ਅਤੇ ਭਗਵੰਤ ਸਿੰਘ ਮਾਨ ਖਰੇ ਉਤਰਨ ਦੀ ਕੋਸ਼ਿਸ਼ ਕਰਨਗੇ।
ਉਂਜ ਇਸ ਸਮਾਂ ਦੱਸੇਗਾ ਕਿ ਪੰਜਾਬ ਦੀ ਰਾਜਨੀਤੀ ਦਾ ਊਠ ਕਿਸ ਕਰਵਟ ਬੈਠਦਾ ਹੈ, ਪਰ ਸਥਾਨਕ ਪਾਰਟੀ ਅਕਾਲੀ ਦਲ ਦੀ ਹੋਂਦ ਖ਼ਤਰੇ ਵਿੱਚ ਪੈਣਾਂ, ਪੰਜਾਬ ਲਈ ਬੜਾ ਅਸ਼ੁੱਭ ਹੈ। ਇਸ ਲਈ ਜ਼ਿੰਮੇਵਾਰ ਬਾਦਲ ਪਰਿਵਾਰ ਨੂੰ ਪਾਰਟੀ ਦੀ ਲੀਡਰਸ਼ਿਪ ਤੋਂ ਬਾਹਰ ਕਰਕੇ, ਸ਼੍ਰੋਮਣੀ ਅਕਾਲੀ ਦਲ ਦੀ ਅਸਲ ਸਪ੍ਰਿਟ ਵਾਲੇ ਲੀਡਰਾਂ ਨੂੰ ਅੱਗੇ ਆਉਣ ਦੀ ਲੋਡ਼ ਹੈ, ਤਾਂ ਕਿ "ਪੰਜਾਬ ਦੀ ਆਪਣੀ ਪੰਥਕ ਪਾਰਟੀ" ਦੀ ਹੋਂਦ ਬਚੀ ਰਹੇ ਅਤੇ ਪੰਜਾਬ ਦੀ ਹੋਣੀ ਅਤੇ ਸੰਤਾਪ ਖ਼ਿਲਾਫ਼ ਲੜਨ ਦੀ ਤਾਕਤ ਕਾਇਮ ਰਹੇ।
(ਡਾ ਗੁਰਵਿੰਦਰ ਸਿੰਘ)