ਨਵਾਂ ਸਿਆਸੀ ਦੌਰ - ਸਵਰਾਜਬੀਰ

ਪੰਜਾਬ ਦੇ ਇਤਿਹਾਸ ਨੇ ਨਵੀਂ ਸਿਆਸੀ ਕਰਵਟ ਲਈ ਹੈ। ਪਿਛਲੇ 70 ਸਾਲਾਂ ਤੋਂ ਕਾਂਗਰਸ ਅਤੇ ਅਕਾਲੀ ਦਲ ਨੂੰ ਸੱਤਾਸ਼ੀਲ ਕਰਦੇ ਰਹੇ ਪੰਜਾਬੀਆਂ ਨੇ ਇਸ ਵਾਰ ਸੱਤਾ ਆਮ ਆਦਮੀ ਪਾਰਟੀ ਦੇ ਹੱਥਾਂ ਵਿਚ ਸੌਂਪੀ ਹੈ ਅਤੇ ਭਗਵੰਤ ਸਿੰਘ ਮਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਹੋਣਗੇ। ਐਗਜ਼ਿਟ ਪੋਲਾਂ ਦੁਆਰਾ ਲਾਏ ਗਏ ਅਨੁਮਾਨ ਸਹੀ ਸਾਬਤ ਹੋਏ ਹਨ ਅਤੇ ‘ਆਪ’ 92 ਸੀਟਾਂ ’ਤੇ ਜੇਤੂ ਹੋਈ ਹੈ। ਇਹ ਜਿੱਤ ਇਤਿਹਾਸਕ ਹੈ। ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਨਾਲ ਕਾਂਗਰਸ ਦੇ ਦਲਿਤ ਵੋਟਾਂ ਦੇ ਆਸਰੇ ਚੋਣਾਂ ਜਿੱਤਣ ਦੇ ਖ਼ੁਆਬ ਢਹਿ-ਢੇਰੀ ਹੋ ਗਏ ਹਨ ਅਤੇ ਕਾਂਗਰਸ 18 ਸੀਟਾਂ ਤਕ ਸੀਮਤ ਹੋ ਕੇ ਰਹਿ ਗਈ ਹੈ। ਕਾਂਗਰਸ ਦੇ ਪ੍ਰਮੁੱਖ ਆਗੂ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਓਮ ਪ੍ਰਕਾਸ਼ ਸੋਨੀ, ਰਜਿੰਦਰ ਕੌਰ ਭੱਠਲ ਆਦਿ ਚੋਣਾਂ ਹਾਰ ਗਏ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ ਚਾਰ ਸੀਟਾਂ ਮਿਲੀਆਂ ਹਨ ਅਤੇ ਇਸ ਦੇ ਸ਼ਕਤੀਸ਼ਾਲੀ ਆਗੂਆਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਆਦਿ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਜਿਹੇ ਸਿਆਸਤਦਾਨਾਂ ਦੀਆਂ ਹਾਰਾਂ ਸਿਆਸਤ ਦੇ ਨਵੇਂ ਦੌਰ ਦੀਆਂ ਪ੍ਰਤੀਕ ਹਨ। ਉਹ ਸਿਆਸੀ ਮਾਹਿਰ ਜਿਨ੍ਹਾਂ ਦੀ ਰਾਏ ਇਹ ਸੀ ਕਿ ਪੰਜਾਬੀ ਹਮੇਸ਼ਾ ਫ਼ੈਸਲਾਕੁਨ ਤਰੀਕੇ ਨਾਲ ਵੋਟਾਂ ਪਾਉਂਦੇ ਹਨ, ਸਹੀ ਸਾਬਤ ਹੋਏ ਹਨ। ਦੁਚਿੱਤੀ ਅਤੇ ਦੁਬਿਧਾ ਦਾ ਸਾਹਮਣਾ ਕਰਨ ਤੋਂ ਬਾਅਦ ਆਖ਼ਰਕਾਰ ਪੰਜਾਬੀਆਂ ਨੇ ਇਹ ਮਨ ਬਣਾ ਲਿਆ ਕਿ ਉਹ ਕਾਂਗਰਸ ਅਤੇ ਅਕਾਲੀ ਦਲ ਨੂੰ ਬਹੁਤ ਮੌਕੇ ਦੇ ਚੁੱਕੇ ਹਨ ਪਰ ਇਨ੍ਹਾਂ ਪਾਰਟੀਆਂ ਨੇ ਲੋਕਾਂ ਨਾਲ ਕੀਤੇ ਵਾਅਦੇ ਨਹੀਂ ਨਿਭਾਏ ਅਤੇ ਇਸ ਲਈ ‘ਆਪ’ ਨੂੰ ਮੌਕਾ ਦੇਣਾ ਚਾਹੀਦਾ ਹੈ।
        1997 ਵਿਚ ਪੰਜਾਬ ਦੇ ਲੋਕਾਂ ਨੇ ਹਕੂਮਤ ਦੀ ਵਾਗਡੋਰ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗੱਠਜੋੜ ਨੂੰ ਸੌਂਪੀ ਜਿਸ ਨੂੰ 93 ਸੀਟਾਂ ਮਿਲੀਆਂ; ਕਾਂਗਰਸ ਸਿਰਫ਼ 14 ਸੀਟਾਂ ’ਤੇ ਜੇਤੂ ਰਹੀ। 2002 ਵਿਚ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ 62 ਸੀਟਾਂ ਜਿੱਤੀਆਂ ਜਦੋਂਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਨੂੰ 41 ਸੀਟਾਂ ਮਿਲੀਆਂ। 2007 ਅਤੇ 2012 ਵਿਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਨੇ ਸਰਕਾਰ ਬਣਾਈ। 2017 ਵਿਚ ਕਾਂਗਰਸ ਨੇ 77 ਸੀਟਾਂ ਜਿੱਤੀਆਂ ਅਤੇ ਆਮ ਆਦਮੀ ਪਾਰਟੀ 20 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਪਾਰਟੀ ਬਣੀ। ਇਸ ਤਰ੍ਹਾਂ ਪੰਜਾਬ ਦੇ ਵੋਟਰ ਮਜ਼ਬੂਤੀ ਅਤੇ ਦ੍ਰਿੜਤਾ ਨਾਲ ਫ਼ੈਸਲਾ ਦਿੰਦੇ ਆਏ ਹਨ ਅਤੇ ਇਸ ਵਾਰ ਵੀ ਫ਼ੈਸਲਾ ਸਪੱਸ਼ਟ ਹੈ। ‘ਆਪ’ ਨੂੰ 42 ਫ਼ੀਸਦੀ ਵੋਟਾਂ ਮਿਲੀਆਂ ਹਨ।
        ‘ਆਪ’ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਪੰਜਾਬੀਆਂ ਨੂੰ ਕੀਲ ਲਿਆ ਸੀ। ਉਸ ਸਮੇਂ ਜਦ ਹਰ ਸੂਬੇ ਵਿਚ ਭਾਜਪਾ ਨੂੰ ਵੱਡੀ ਜਿੱਤ ਮਿਲੀ ਸੀ ਤਾਂ ‘ਆਪ’ ਨੇ ਪੰਜਾਬ ਵਿਚ ਲੋਕ ਸਭਾ ਦੀਆਂ 4 ਸੀਟਾਂ ਜਿੱਤੀਆਂ ਸਨ। ਉਨ੍ਹਾਂ ਨਤੀਜਿਆਂ ਦਾ ਧਿਆਨ ਨਾਲ ਵਿਸ਼ਲੇਸ਼ਣ ਕਰਨ ’ਤੇ ਸਿੱਟਾ ਨਿਕਲਦਾ ਹੈ ਕਿ ਜੇ ਉਸ ਸਮੇਂ ‘ਆਪ’ ਪੰਜਾਬ ਪ੍ਰਤੀ ਗੰਭੀਰਤਾ ਦਿਖਾਉਂਦੀ ਤਾਂ ਤਿੰਨ ਜਾਂ ਚਾਰ ਹੋਰ ਸੀਟਾਂ ਜਿੱਤ ਸਕਦੀ ਸੀ। ਇਸ ਤਰ੍ਹਾਂ ਲੋਕਾਂ ਦਾ ਵੱਡਾ ਹਿੱਸਾ ਕਾਂਗਰਸ ਅਤੇ ਅਕਾਲੀ ਦਲ ਨੂੰ ਨਕਾਰਨ ਅਤੇ ‘ਆਪ’ ਨੂੰ ਸਵੀਕਾਰ ਕਰਨ ਦਾ ਮਨ ਬਣਾ ਚੁੱਕਾ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ‘ਆਪ’ ਦਾ ਉਭਾਰ ਦਿਖਾਈ ਦਿੱਤਾ ਪਰ ਉਸ ਵੇਲੇ ਪਾਰਟੀ ਵਿਚ ਉਮੀਦਵਾਰਾਂ ਨੂੰ ਲੈ ਕੇ ਏਨੀ ਖਿੱਚ-ਧੂਹ ਹੋਈ ਕਿ ਲੋਕਾਂ ਨੇ ਮਹਿਸੂਸ ਕੀਤਾ ਕਿ ਜੇ ਉਨ੍ਹਾਂ ਨੇ ਅਕਾਲੀ ਦਲ ਤੋਂ ਛੁਟਕਾਰਾ ਪਾਉਣਾ ਹੈ ਤਾਂ ਉਨ੍ਹਾਂ ਨੂੰ ਕਾਂਗਰਸ ਨੂੰ ਵੋਟ ਪਾਉਣੀ ਪੈਣੀ ਹੈ। ‘ਆਪ’ ਮੁੱਖ ਵਿਰੋਧੀ ਪਾਰਟੀ ਬਣ ਕੇ ਉੱਭਰੀ ਪਰ ਆਗੂਆਂ ਵਿਚਲੇ ਮੱਤਭੇਦਾਂ ਤੇ ਹਉਮੈ ਕਾਰਨ ਉਸਾਰੂ ਵਿਰੋਧੀ ਧਿਰ ਦੀ ਭੂਮਿਕਾ ਨਾ ਨਿਭਾ ਸਕੀ। ਇਸ ਵਾਰ ਪੰਜਾਬੀਆਂ ਦਾ ਫ਼ੈਸਲਾਕੁਨ ਢੰਗ ਨਾਲ ‘ਆਪ’ ਦੇ ਹੱਕ ਵਿਚ ਵੋਟਾਂ ਪਾਉਣਾ ਇਹ ਸਾਬਤ ਕਰਦਾ ਹੈ ਕਿ ਪੰਜਾਬੀ ਰਵਾਇਤੀ ਸਿਆਸੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਤੋਂ ਬਿਲਕੁਲ ਨਿਰਾਸ਼ ਹੋ ਚੁੱਕੇ ਹਨ।
          ਪਿਛਲੇ ਤਿੰਨ ਦਹਾਕਿਆਂ ਦੌਰਾਨ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਪੰਜਾਬ ਅਧੋਗਤੀ ਵੱਲ ਵਧਿਆ ਹੈ; ਸਿਹਤ ਅਤੇ ਵਿੱਦਿਅਕ ਢਾਂਚਾ ਕਮਜ਼ੋਰ ਅਤੇ ਜਰਜਰਾ ਹੋ ਚੁੱਕਿਆ ਹੈ, ਲੋਕ ਦਫ਼ਤਰਾਂ ਅਤੇ ਥਾਣਿਆਂ ਵਿਚ ਖ਼ੁਆਰ ਹੋ ਰਹੇ ਹਨ, ਸਰਕਾਰੀ ਅਧਿਕਾਰੀਆਂ ਦਾ ਵਤੀਰਾ ਲੋਕਾਂ ਨੂੰ ਅਪਮਾਨਿਤ ਕਰਨ ਵਾਲਾ ਹੈ, ਰਿਸ਼ਵਤਖੋਰੀ ਸਿਖ਼ਰਾਂ ’ਤੇ ਹੈ; ਨਸ਼ਿਆਂ ਦੇ ਫੈਲਾਉ ’ਤੇ ਕੋਈ ਰੋਕ ਨਹੀਂ ਲੱਗੀ। ਇਨ੍ਹਾਂ ਕਾਰਨਾਂ ਕਰ ਕੇ ਲੋਕ ਇਹ ਸਮਝਦੇ ਹਨ ਕਿ ਉਨ੍ਹਾਂ ਨੇ ਤਾਂ ਆਪਣੀ ਜ਼ਿੰਦਗੀ ਕਿਵੇਂ ਨਾ ਕਿਵੇਂ ਇਨ੍ਹਾਂ ਹਾਲਾਤ ਵਿਚ ਗੁਜ਼ਾਰ ਲਈ ਪਰ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਅਜਿਹੇ ਹਾਲਾਤ ਤੋਂ ਬਚਾਉਣਾ ਚਾਹੀਦਾ ਹੈ, ਉਹ ਆਪਣੀ ਸੰਤਾਨ ਨੂੰ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਜਾਂ ਹੋਰ ਦੇਸ਼ਾਂ ਵਿਚ ਪਰਵਾਸ ਕਰਵਾ ਦੇਣਾ ਚਾਹੁੰਦੇ ਹਨ। ‘ਆਪ’ ਨੂੰ ਇਨ੍ਹਾਂ ਬਹੁ-ਪਰਤੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
      2020 ਵਿਚ ਪੰਜਾਬ ਵਿਚ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਕਾਰਪੋਰੇਟ ਪੱਖੀ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਸ਼ੁਰੂ ਹੋਇਆ। ਸੁਪਨੇਹੀਣ ਹੁੰਦਾ ਜਾਂਦਾ ਪੰਜਾਬ ਫਿਰ ਸੁਪਨੇ ਲੈਣ ਲੱਗਾ ਅਤੇ ਪੰਜਾਬ ਤੋਂ ਜਨਮੇ ਇਸ ਅੰਦੋਲਨ ਨੇ ਸਾਰੇ ਦੇਸ਼ ਵਿਚ ਜਾਗਰੂਕਤਾ ਪੈਦਾ ਕੀਤੀ। ਅਨੂਠੀ ਦ੍ਰਿੜਤਾ ਅਤੇ ਜੀਰਾਂਦ ਨਾਲ ਲੜੇ ਗਏ ਇਸ ਅੰਦੋਲਨ ਕਾਰਨ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣੇ ਪਏ। ਇਹ ਲੋਕ ਸ਼ਕਤੀ ਦੀ ਇਤਿਹਾਸਕ ਜਿੱਤ ਸੀ।
        ਅੰਦੋਲਨ ਸਮੇਂ ਸਾਰਾ ਪੰਜਾਬ ਕਿਸਾਨ ਅੰਦੋਲਨ ਦੀ ਪਿੱਠ ’ਤੇ ਖੜ੍ਹਾ ਸੀ, ਅੰਦੋਲਨ ਵਿਚ ਪੰਜਾਬ ਦੀ ਆਤਮਾ ਧੜਕਦੀ ਸੀ ਪਰ ਇਸ ਦੇ ਆਗੂ ਅੰਦੋਲਨ ਵਾਲੀ ਸਮੂਹਿਕ ਜਥੇਬੰਦਕ ਤਾਕਤ ਨੂੰ ਸਿਆਸੀ ਤਾਕਤ ਵਿਚ ਤਬਦੀਲ ਨਾ ਕਰ ਸਕੇ। ਬਦਲਾਉ ਦੇ ਚਾਹਵਾਨ ਪੰਜਾਬੀਆਂ ਨੇ ‘ਆਪ’ ਨੂੰ ਚੁਣਿਆ।
        ਇਹ ਚੋਣਾਂ ਇਹ ਵੀ ਸਿੱਧ ਕਰਦੀਆਂ ਹਨ ਕਿ ਪੰਜਾਬੀ ਭਾਰਤ ਦੇ ਬਾਕੀ ਸੂਬਿਆਂ ਦੇ ਲੋਕਾਂ ਤੋਂ ਵੱਖਰੀ ਤਰ੍ਹਾਂ ਸੋਚਦੇ ਹਨ। ਭਾਜਪਾ ਨੇ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿਚ ਦੁਬਾਰਾ ਜਿੱਤ ਪ੍ਰਾਪਤ ਕੀਤੀ ਹੈ। ਪੰਜਾਬ ਨੇ ਭਾਜਪਾ ਦੀਆਂ ਨੀਤੀਆਂ ਨੂੰ ਕਦੇ ਵੀ ਪਰਵਾਨ ਨਹੀਂ ਕੀਤਾ। ਭਾਜਪਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਨਾਲ ਮਿਲ ਕੇ ਚੋਣਾਂ ਲੜੀਆਂ ਪਰ ਉਨ੍ਹਾਂ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਨੇ ਇਹ ਚੋਣਾਂ ਸਿਰਫ਼ ਚਰਨਜੀਤ ਸਿੰਘ ਚੰਨੀ-ਨਵਜੋਤ ਸਿੰਘ ਸਿੱਧੂ ਟਕਰਾਉ ਕਾਰਨ ਹੀ ਨਹੀਂ ਹਾਰੀਆਂ; ਇਸ ਦਾ ਮੁੱਖ ਕਾਰਨ ਪੰਜ ਸਾਲਾਂ ਵਿਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨਾ ਵੀ ਹੈ। ਪੰਜਾਬ ਦੀ ਇਤਿਹਾਸਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਪਰਿਵਾਰਵਾਦ ਦਾ ਸ਼ਿਕਾਰ ਹੋ ਕੇ ਮਜ਼ਬੂਤ ਖੇਤਰੀ ਪਾਰਟੀ ਬਣਨ ਦੀ ਰਾਹ ਤੋਂ ਭਟਕ ਚੁੱਕੀ ਹੈ। ਉਸ ਨੇ ਆਪਣੇ ਸ਼ਾਨਦਾਰ ਇਤਿਹਾਸ ਵਿਚ ਲੋਕਾਂ ਲਈ ਲੜਨ ਦੀਆਂ ਕਾਇਮ ਕੀਤੀਆਂ ਰਵਾਇਤਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ। ਅਕਾਲੀ ਦਲ ਅਤੇ ਕਾਂਗਰਸ ਨੇ ਪੰਜਾਬ ਵਿਚ ਅਜਿਹੀ ਸਿਆਸੀ ਜਮਾਤ ਪੈਦਾ ਕੀਤੀ ਹੈ ਜਿਸ ਦਾ ਮਕਸਦ ਲੋਕ ਸੇਵਾ ਨਾ ਹੋ ਕੇ ਦੌਲਤ ਕਮਾਉਣਾ ਅਤੇ ਸੱਤਾ ਵਿਚ ਬਣੇ ਰਹਿਣਾ ਹੈ। ਪੰਜਾਬ ਦੇ ਲੋਕਾਂ ਨੇ ਉਸ ਸਿਆਸੀ ਜਮਾਤ ਨੂੰ ਹਰਾਇਆ ਹੈ। ਇਨ੍ਹਾਂ ਪਾਰਟੀਆਂ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਡੂੰਘੇ ਆਤਮ-ਮੰਥਨ ਦੀ ਜ਼ਰੂਰਤ ਹੈ। ‘ਆਪ’ ਨੂੰ ਪੰਜਾਬ ਦੀ ਖੇਤੀ, ਸਿਹਤ, ਵਿੱਦਿਅਕ ਅਤੇ ਹੋਰ ਖੇਤਰਾਂ ਵਿਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਹੈ। ਉਹ ਇਨ੍ਹਾਂ ਚੁਣੌਤੀਆਂ ਨੂੰ ਹੱਲ ਕਰਨ ਲਈ ਕਿਹੋ ਜਿਹੇ ਢੰਗ-ਤਰੀਕੇ ਅਪਣਾਉਂਦੀ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।