ਪੰਜਾਬ ਦੇ ਪਾਣੀ, ਪਿੰਡ ਤੇ ਜਵਾਨੀ ਨੂੰ ਬਚਾਉਣ ਦੀ ਲੋੜ - ਗੁਰਚਰਨ ਸਿੰਘ ਨੂਰਪੁਰ

ਇਕ ਵਾਰ ਇਕ ਆਦਮੀ ਦੇ ਅੰਦਰ ਪੈਸੇ ਦੀ ਇੰਨੀ ਲਾਲਸਾ ਵਧ ਗਈ ਕਿ ਉਹ ਉੱਠਦਿਆਂ ਬਹਿੰਦਿਆਂ ਪੈਸੇ ਦੇ ਹੀ ਗੁਣਗਾਣ ਕਰਨ ਲੱਗ ਪਿਆ। ਲਾਲਚੀ ਮਨੋਬਿਰਤੀ ਕਾਰਨ ਉਸ ਦਾ ਕੋਈ ਰਿਸ਼ਤੇਦਾਰ ਦੋਸਤ ਨਹੀਂ ਸੀ ਰਿਹਾ, ਉਹਦੀ ਜੇਕਰ ਦੋਸਤੀ ਸੀ ਤਾਂ ਕੇਵਲ ਪੈਸੇ ਨਾਲ। ਉਹਦੀ ਅਜਿਹੀ ਹਾਲਤ ਵੇਖ ਕੇ ਇਕ ਦਿਨ ਸ਼ੈਤਾਨ ਨੇ ਉਸ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਸੋਚੀ। ਜਦੋਂ ਉਹ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ ਰਿਹਾ ਸੀ ਤਾਂ ਸ਼ੈਤਾਨ ਉਹਦੇ ਰਾਹ ਵਿਚ ਬੈਠ ਗਿਆ। ਸ਼ੈਤਾਨ ਨੇ ਉਸ ਨੂੰ ਰੋਕਿਆ ਤੇ ਕਿਹਾ, 'ਬੀਤੀ ਰਾਤ ਮੈਨੂੰ ਇਕ ਦੇਵਤੇ ਵਲੋਂ ਇਹ ਆਦੇਸ਼ ਮਿਲਿਆ ਸੀ ਕਿ ਇਸ ਜਗ੍ਹਾ 'ਤੇ ਜੋ ਸਭ ਤੋਂ ਪਹਿਲਾ ਵਿਅਕਤੀ ਮਿਲੇ ਉਸ ਨੂੰ ਇਹ ਕੀਮਤੀ ਹੀਰਾ ਦੇ ਦੇਣਾ। ਇਸ ਲਈ ਕ੍ਰਿਪਾ ਕਰੋ ਇਹ ਹੀਰਾ ਲੈ ਲਓ।' ਉਹ ਲਾਲਚੀ ਆਦਮੀ ਖ਼ੁਸ਼ੀ ਵਿਚ ਖੀਵਾ ਹੋ ਗਿਆ। ਉਸ ਨੇ ਸ਼ੈਤਾਨ ਤੋਂ ਪੁੱਛਿਆ, 'ਇਹ ਕਿੰਨਾ ਕੁ ਕੀਮਤੀ ਹੀਰਾ ਹੈ?' ਸ਼ੈਤਾਨ ਨੇ ਕਿਹਾ ਇਸ ਦੇ ਕੀਮਤੀ ਹੋਣ ਦਾ ਕੋਈ ਹਿਸਾਬ ਨਹੀਂ, ਇਸ ਨੂੰ ਵੇਚ ਕੇ ਦੌਲਤ ਦੇ ਕੋਠੇ ਭਰੇ ਜਾ ਸਕਦੇ ਹਨ। ਸੈਂਕੜੇ ਪਿੰਡਾਂ ਦੀ ਜਗੀਰ ਖ਼ਰੀਦੀ ਜਾ ਸਕਦੀ ਹੈ। ਤੁਸੀਂ ਬੜੇ ਖ਼ੁਸ਼ਕਿਸਮਤ ਹੋ ਤੁਹਾਡੇ ਹਿੱਸੇ ਇਹ ਹੀਰਾ ਆਇਆ।'
       ਲਾਲਚੀ ਆਦਮੀ ਨੂੰ ਲਾਲਚ ਵਿਚ ਆਇਆ ਵੇਖ ਕੇ ਸ਼ੈਤਾਨ ਨੇ ਕਿਹਾ 'ਹੁਣ ਤੁਸੀਂ ਥੋੜ੍ਹੀ ਜਿਹੀ ਮੇਰੀ ਵੀ ਮਦਦ ਕਰੋ।' ਲਾਲਚੀ ਮਨੁੱਖ ਨੇ ਸ਼ੈਤਾਨ 'ਤੇ ਮਿਹਰਬਾਨ ਹੁੰਦਿਆਂ ਕਿਹਾ 'ਅਜਿਹੇ ਹੀਰੇ ਲਈ ਤਾਂ ਮੈਂ ਜ਼ਿੰਦਗੀ ਭਰ ਭਟਕਦਾ ਰਿਹਾ ਹਾਂ। ਭਲੇ ਪੁਰਸ਼ ਜੋ ਮਰਜ਼ੀ ਮੰਗੋ, ਮੈਂ ਦੇਣ ਲਈ ਤਿਆਰ ਹਾਂ।'
       ਸ਼ੈਤਾਨ ਨੇ ਕਿਹਾ, 'ਮੈਨੂੰ ਤੇਰੇ ਪ੍ਰਾਣ ਚਾਹੀਦੇ ਹਨ।' ਜੋ ਹੀਰਾ ਪਹਿਲਾਂ ਬੇਸ਼ਕੀਮਤੀ ਸੀ, ਹੁਣ ਉਹ ਦੋ ਕੌਡੀ ਦਾ ਲੱਗਣ ਲੱਗ ਪਿਆ। ਸਾਡੀ ਵੀ ਹਾਲਤ ਅੱਜ ਅਜਿਹੀ ਹੀ ਹੈ। ਅਸੀਂ ਆਪਣੇ ਕੁਦਰਤੀ ਸਾਧਨਾਂ ਦਾ ਵਿਨਾਸ਼ ਕਰ ਕੇ ਅਖ਼ੌਤੀ ਵਿਕਾਸ ਹਾਸਲ ਕਰ ਲਿਆ ਹੈ ਪਰ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ। ਜਿਸ ਧਰਤੀ 'ਤੇ ਗੁਰੂ ਸਾਹਿਬ ਨੇ ਗੁਰਬਾਣੀ ਵਿਚ ਫੁਰਮਾਇਆ- ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ਉਹ ਮੋਰਾਂ ਦੇ ਪੈਲਾਂ ਪਾਉਣ ਵਾਲਾ ਪੰਜਾਬ ਹੁਣ ਕਿੱਥੇ ਆ? ਜਿਸ ਪੰਜਾਬ ਬਾਰੇ ਪੰਜਾਬੀ ਦੇ ਮਹਾਨ ਸ਼ਾਇਰ ਵਾਰਿਸ ਸ਼ਾਹ ਨੇ ਬੜੇ ਉਤਸ਼ਾਹ ਦੇਣ ਵਾਲੇ ਸ਼ਬਦਾਂ ਵਿਚ ਲਿਖਿਆ :
ਚਿੜੀ ਚੂਕਦੀ ਨਾਲ ਉੱਠ ਤੁਰੇ ਪਾਂਧੀ,
ਪਈਆਂ ਦੁੱਧ ਦੇ ਵਿਚ ਮਧਾਣੀਆਂ ਨੀ।
ਸੁਬਹ ਸਾਦਕ ਹੋਈ ਜਦੋਂ ਆਣ ਰੌਸ਼ਨ,
ਤਦੋਂ ਚਿੜੀਆਂ ਆਣ ਚਿਚਲਾਣੀਆਂ ਨੀ।
ਇਕਨਾ ਉੱਠ ਕੇ ਰਿੜਕਣਾ ਪਾ ਦਿੱਤਾ,
ਇਕ ਧੋਂਦੀਆਂ ਫਿਰਨ ਮਧਾਣੀਆਂ ਨੀ।
ਲਈਆਂ ਕੱਢ ਹਰਨਾਲੀਆਂ ਹਾਲੀਆਂ ਨੇ,
ਸੀਆਂ ਭੋਏਂ ਨੂੰ ਜਿਨ੍ਹਾਂ ਨੇ ਲਾਣੀਆਂ ਨੀ।
       ਪੰਜਾਬ ਵਿਚ ਅਜਿਹਾ ਉਤਸ਼ਾਹਜਨਕ ਦ੍ਰਿਸ਼ ਨਾ ਹੁਣ ਪੰਜਾਬ ਦੀ ਧਰਤੀ 'ਤੇ ਕਿਧਰੇ ਨਜ਼ਰੀਂ ਪੈਂਦਾ ਹੈ, ਨਾ ਹੀ ਪੰਜਾਬੀਆਂ ਦੇ ਚਿਹਨਚਿੱਤਰ ਵਿਚ ਅਜਿਹਾ ਕੋਈ ਦ੍ਰਿਸ਼ ਹੈ। ਵਿਵਸਥਾ ਨੂੰ ਚਲਾਉਣ ਵਾਲੀਆਂ ਧਿਰਾਂ ਕੋਲ ਪੰਜਾਬ ਦੇ ਭਵਿੱਖ ਲਈ ਨਾ ਕੱਲ੍ਹ ਕੋਈ ਪ੍ਰੋਗਰਾਮ ਸੀ ਨਾ ਅੱਜ ਕੋਈ ਅਜਿਹਾ ਪ੍ਰੋਗਰਾਮ ਹੈ ਜਿਸ ਨਾਲ ਇੱਥੇ ਸੁਨਿਹਰੇ ਭਵਿੱਖ ਦੀ ਆਸ ਬੱਝਦੀ ਹੋਵੇ। ਅਸੀਂ ਆਪਣੀ ਧਰਤੀ ਦੀਆਂ ਕੁਦਰਤੀ ਨਿਆਮਤਾਂ ਨੂੰ ਬਰਬਾਦ ਕਰ ਦਿੱਤਾ। ਪੰਜਾਬ ਦੀ ਹਾਲਤ ਅੱਜ ਇਹ ਹੈ ਕਿ ਭੂ-ਜਲ ਕਮੇਟੀ ਦੀ 2019 ਦੀ ਰਿਪੋਰਟ ਅਨੁਸਾਰ ਸਾਡੇ ਕੋਲ ਭਵਿੱਖ ਵਿਚ ਧਰਤੀ ਹੇਠ ਤਿੰਨ ਪੱਤਣਾਂ ਦਾ ਕੇਵਲ 17 ਸਾਲਾਂ ਦਾ ਪਾਣੀ ਬਚਿਆ ਹੈ। ਹਰ ਸਾਲ ਪਾਣੀ ਡੂੰਘੇ ਤੋਂ ਹੋਰ ਡੂੰਘਾ ਹੋ ਰਿਹਾ ਹੈ। ਬੇਸ਼ੱਕ ਸਾਨੂੰ ਪੰਜਾਬ ਵਿਚ ਹਰੀਆਂ ਫ਼ਸਲਾਂ ਲਹਿਰਾਉਂਦੀਆਂ ਨਜ਼ਰ ਆਉਦੀਆਂ ਹਨ ਪਰ ਹਕੀਕਤ ਇਹ ਹੈ ਕਿ ਪੰਜਾਬ ਦੀ ਧਰਤੀ ਮਾਰੂਥਲ ਬਣਨ ਜਾ ਰਹੀ ਹੈ। ਝੋਨੇ-ਕਣਕ ਦੇ ਫ਼ਸਲੀ ਚੱਕਰ ਅਤੇ ਸ਼ਹਿਰੀਕਰਨ ਦੀਆਂ ਹਰ ਦਿਨ ਵਧਦੀਆਂ ਪਾਣੀ ਦੀਆਂ ਲੋੜਾਂ ਨੇ ਪੰਜਾਬ ਨੂੰ ਪਾਣੀ ਦੇ ਅਕਾਲ ਦੇ ਭਿਆਨਕ ਮੋੜ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਅਸੀਂ ਆਪਣੇ ਕੁਦਰਤੀ ਸਾਧਨਾਂ ਨੂੰ ਬਰਬਾਦ ਕਰ ਕੇ ਇਨ੍ਹਾਂ ਦਾ ਕੁਝ ਮੁੱਲ ਤਾਂ ਵੱਟ ਲਿਆ ਪਰ ਕੁਦਰਤੀ ਸਾਧਨਾਂ ਤੋਂ ਵਾਂਝੇ ਹੋ ਗਏ।
       ਪੰਜਾਬ ਅੱਜ ਉਦਾਸ ਹੈ। ਇਹਦੇ ਜਵਾਨ ਪੁੱਤਰਾਂ ਧੀਆਂ ਨੇ ਹੁਣ ਹੋਰਨਾਂ ਧਰਤੀਆਂ ਦਾ ਰੁਖ਼ ਕਰ ਲਿਆ ਹੈ। ਰੁਜ਼ਗਾਰ ਲਈ ਦੂਜੀਆਂ ਧਰਤੀਆਂ 'ਤੇ ਗਏ ਬੱਚਿਆਂ ਦੇ ਮਾਪੇ ਇੱਧਰ ਕਈ ਤਰ੍ਹਾਂ ਦੇ ਸੰਕਟਾਂ ਦੇ ਸ਼ਿਕਾਰ ਹਨ। ਜੜ੍ਹਾਂ ਤੋਂ ਟੁੱਟ ਜਾਣ ਦਾ ਦਰਦ ਸੰਤਾਪ ਕਈ ਤਰ੍ਹਾਂ ਦੇ ਮਾਨਸਿਕ ਵਿਕਾਰ ਪੈਦਾ ਕਰ ਰਿਹਾ ਹੈ। ਇਕ ਬਜ਼ੁਰਗ ਨੇ ਮਨ ਅੰਦਰਲੀ ਪੀੜ ਜ਼ਾਹਰ ਕਰਦਿਆਂ ਦੱਸਿਆ, 'ਹੁਣ ਤਾਂ ਉਹ ਜੰਮਣੇ-ਮਰਨੇ 'ਤੇ ਵੀ ਜਾਣ-ਆਉਣ ਤੋਂ ਗਏ। ਜਿਹੜੇ ਰਿਸ਼ਤਿਆਂ ਸਾਕਾਂ ਨੇ ਦੁੱਖ-ਸੁੱਖ ਵੇਲੇ ਨਹੀਂ ਬਹੁੜਨਾ, ਉਨ੍ਹਾਂ ਰਿਸ਼ਤਿਆਂ ਦਾ ਕੀ ਕਰੀਏ?'
       ਪੰਜਾਬ ਦੇ ਲਗਭਗ ਹਰ ਪਿੰਡ ਵਿਚ ਇਸ ਸਮੇਂ 15-20 ਉੱਚੀਆਂ ਕੋਠੀਆਂ ਉਸਰ ਗਈਆਂ ਹਨ ਪਰ ਇਨ੍ਹਾਂ ਵਿਚ ਵਸਣ ਵਾਲੇ ਉਦਾਸ ਹਨ। ਪਿੰਡ ਡੂੰਘੀ ਨਿਰਾਸ਼ਾ, ਦਾ ਸ਼ਿਕਾਰ ਹਨ, ਪਿੰਡਾਂ ਦੀ ਕਿਸੇ ਨਾ ਕਿਸੇ ਗੁੱਠ ਤੇ ਚਿੱਟੇ ਦਾ ਕਾਲਾ ਕਾਰੋਬਾਰ ਹੋ ਰਿਹਾ। ਇਕ ਦਲਦਲ ਬਣ ਗਈ ਹੈ ਪੰਜਾਬ ਦੀ ਧਰਤੀ ਜਿਸ ਵਿਚ ਸਾਡੇ ਨੌਜਵਾਨ ਡਿੱਗ ਡਿੱਗ ਕੇ ਮਰ ਰਹੇ ਹਨ। ਬੇਸ਼ੱਕ ਪੰਜਾਬ ਦੇ ਜਾਇਆਂ ਨੇ ਧੀਰਜ ਅਤੇ ਸ਼ਾਂਤੀ ਨਾਲ ਕਿਸਾਨ ਅੰਦੋਲਨ ਵਿਚ ਜਿੱਤ ਪ੍ਰਾਪਤ ਕਰ ਕੇ ਦੁਨੀਆ ਵਿਚ ਇਕ ਮਿਸਾਲ ਪੈਦਾ ਕੀਤੀ ਅਤੇ ਇਸ ਜਿੱਤ ਵਿਚ ਵੱਡੀ ਹਿੱਸੇਦਾਰੀ ਨੌਜਵਾਨਾਂ ਦੀ ਰਹੀ। ਪਰ ਦੂਜੇ ਪਾਸੇ ਪੰਜਾਬ ਦੀ ਧਰਤੀ ਦਾ ਸੱਚ ਇਹ ਵੀ ਹੈ ਕਿ ਇੱਥੇ ਨਸ਼ਿਆਂ ਦੇ ਪ੍ਰਕੋਪ ਨਾਲ ਅਨੇਕਾਂ ਘਰ ਬਰਬਾਦ ਹੋ ਗਏ ਅਤੇ ਹੋ ਰਹੇ ਹਨ। ਹਰ ਰੋਜ਼ ਪੰਜਾਬ ਵਿਚ ਨਸ਼ਿਆਂ ਦਾ ਲੱਖਾਂ ਦਾ ਨਹੀਂ, ਕਰੋੜਾਂ ਦਾ ਕਾਰੋਬਾਰ ਹੋ ਰਿਹਾ ਹੈ। ਪੰਜਾਬ ਦੀ ਰਾਜਸੀ ਵਿਵਸਥਾ ਨੂੰ ਚਲਾਉਣ ਵਾਲੀਆਂ ਧਿਰਾਂ ਨੇ ਪੰਜਾਬ ਦੀ ਜਵਾਨੀ ਨੂੰ ਆਹਰੇ ਲਾਉਣ ਦਾ ਫਿਕਰ ਹੀ ਵਿਸਾਰ ਛੱਡਿਆ ਹੈ। ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਪਾਵਰਕਾਮ ਵਲੋਂ ਗਰਮੀ ਦੇ ਮੌਸਮ ਵਿਚ ਵੱਖ ਵੱਖ ਇਲਾਕਿਆਂ ਵਿਚ ਬਿਜਲੀ ਦੀਆਂ ਸ਼ਿਕਾਇਤਾਂ ਹੱਲ ਕਰਨ ਲਈ ਕੁਝ ਨੌਜਵਾਨਾਂ ਨੂੰ ਠੇਕੇ 'ਤੇ ਰੱਖਿਆ ਜਾਂਦਾ ਹੈ ਅਤੇ ਗਰਮੀ ਨਿਕਲਦਿਆਂ ਹੀ ਇਨ੍ਹਾਂ ਨੂੰ ਕੰਮ ਤੋਂ ਕੱਢ ਦਿੱਤਾ ਜਾਂਦਾ ਹੈ। ਉਸ ਦੱਸਿਆ ਕਿ ਸਿਆਲ ਵਿਚ ਕੰਮ ਤੋਂ ਵਿਹਲੇ ਹੋਏ ਇਨ੍ਹਾਂ ਨੌਜਵਾਨਾਂ 'ਚੋਂ ਕਈ ਬਿਜਲੀ ਦੀਆਂ ਕੇਬਲਾਂ ਚੋਰੀ ਕਰਨ ਅਤੇ ਟਰਾਂਸਫਾਰਮਾਂ 'ਚੋਂ ਤੇਲ ਚੋਰੀ ਕਰਨ ਵਰਗੇ ਜੁਰਮ ਕਰਨ ਦੇ ਰਾਹ ਪੈ ਜਾਂਦੇ ਹਨ। ਹਰ ਸਾਲ ਸਿਆਲ ਦੀ ਰੁੱਤੇ ਇਹ ਘਟਨਾਵਾਂ ਇਕਦਮ ਵਧ ਜਾਂਦੀਆਂ ਹਨ। ਇਸ ਦਾ ਭਾਵ ਇਹ ਹੈ ਕਿ ਸਾਡੀ ਨੁਕਸਦਾਰ ਅਤੇ ਭ੍ਰਿਸ਼ਟ ਵਿਵਸਥਾ ਦੀਆਂ ਚੋਰ ਮੋਰੀਆਂ ਸਮਾਜ ਲਈ ਕਈ ਤਰ੍ਹਾਂ ਦੇ ਸੰਕਟ ਪੈਦਾ ਕਰ ਰਹੀਆਂ ਹਨ। ਇਸ ਸਮੇਂ ਹਕੀਕਤ ਇਹ ਹੈ ਕਿ ਬੇਰੁਜ਼ਗਾਰੀ ਸਿਖ਼ਰਾਂ 'ਤੇ ਹੈ ਦੇਸ਼ ਦੀ ਜਵਾਨੀ ਨੂੰ ਆਹਰੇ ਲਾਉਣ ਲਈ ਜਿਹੜੀਆਂ ਤਰਜੀਹਾਂ 'ਤੇ ਕੰਮ ਹੋਣਾ ਚਾਹੀਦਾ ਸੀ, ਉਹ ਕਿਸੇ ਪਾਸੇ ਨਜ਼ਰ ਨਹੀਂ ਆ ਰਿਹਾ।
       ਸਾਡੇ ਪਾਣੀ ਦੇ ਦਰਿਆ ਇੰਨੇ ਪਲੀਤ ਹੋ ਗਏ ਹਨ ਕਿ ਇਹ ਬਿਮਾਰੀਆਂ ਦੇ ਵਾਹਕ ਬਣ ਗਏ ਹਨ। ਪੰਜਾਬ ਦੇ ਮਾਲਵੇ ਦਾ ਵੱਡਾ ਖੇਤਰ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦੀ ਗ੍ਰਿਫ਼ਤ ਵਿਚ ਹੈ। ਹਾਲਾਤ ਇਹ ਹਨ ਕਿ ਲੋਕਾਂ ਦੇ ਘਰ ਬਾਰ, ਜ਼ਮੀਨਾਂ ਬਿਮਾਰੀਆਂ ਕਰਕੇ ਵਿਕ ਰਹੀਆਂ ਹਨ। ਛੇ-ਛੇ, ਸੱਤ-ਸੱਤ ਸਾਲ ਦੇ ਬੱਚਿਆਂ ਨੂੰ ਕੈਂਸਰ ਆਪਣੀ ਲਪੇਟ ਵਿਚ ਲੈ ਰਿਹਾ ਹੈ। ਇਹਦਾ ਮੁੱਖ ਕਾਰਨ ਜ਼ਹਿਰੀਲਾ ਪਾਣੀ, ਦੂਸ਼ਿਤ ਹਵਾ ਅਤੇ ਅੰਨ੍ਹੇਵਾਹ ਕੀਟ ਨਾਸ਼ਕਾਂ ਦੀ ਵਰਤੋਂ ਨਾਲ ਪੈਦਾ ਕੀਤਾ ਅਨਾਜ ਤੇ ਸਬਜ਼ੀਆਂ ਹਨ। ਮਨੁੱਖ ਦੀ ਕੁਦਰਤ ਵਿਰੋਧੀ ਲਾਲਚੀ ਮਨੋਬਿਰਤੀ ਦਾ ਕੋਈ ਪਾਰਾਵਾਰ ਨਹੀਂ। ਅਸੀਂ ਕੁਦਰਤੀ ਸਾਧਨਾਂ ਨੂੰ ਇੰਨਾ ਪਲੀਤ ਤੇ ਜ਼ਹਿਰੀਲਾ ਕਰ ਦਿੱਤਾ ਹੈ ਸਥਿਤੀ ਇੰਨੀ ਭਿਆਨਕ ਹੈ ਕਿ ਗਾਵਾਂ, ਮੱਝਾਂ, ਕੁੱਕੜ ਕੁੱਕੜੀਆਂ, ਬੱਕਰੀਆਂ, ਭੇਡਾਂ ਅਤੇ ਕੁੱਤਿਆਂ ਨੂੰ ਵੀ ਕੈਂਸਰ ਵਰਗੀ ਭਿਆਨਕ ਬਿਮਾਰੀਆਂ ਆਪਣੀ ਲਪੇਟ ਵਿਚ ਲੈ ਰਹੀ ਹੈ। ਅੱਗੋਂ ਇਨ੍ਹਾਂ ਜਾਨਵਰਾਂ ਦਾ ਦੁੱਧ ਪੀਣ ਅਤੇ ਮਾਸ ਖਾਣ ਵਾਲਿਆਂ ਨੂੰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ।
      ਪੰਜਾਬ ਨੂੰ ਬਚਾਉਣ ਲਈ ਜਿੱਥੇ ਜਵਾਨੀ ਲਈ ਰੋਜ਼ਗਾਰ ਦੇ ਵੱਡੇ ਪ੍ਰੋਗਰਾਮ ਬਣਾਉਣ ਦੀ ਲੋੜ ਹੈ, ਉੱਥੇ ਪੰਜਾਬ ਦੇ ਪਿੰਡਾਂ ਅਤੇ ਪਾਣੀਆਂ ਨੂੰ ਬਚਾਉਣ ਲਈ ਵੱਡੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਪੰਜਾਬ ਵਿਚ ਹਿਮਾਚਲ ਵਾਂਗ ਰੁੱਖਾਂ ਦੀ ਕਟਾਈ 'ਤੇ ਰੋਕ ਲਾਈ ਜਾਵੇ। ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਦੇ ਤੀਜੇ ਹਿੱਸੇ ਵਿਚ ਜੰਗਲ ਲਾਏ ਜਾਣ। ਰੁੱਖ ਧਰਤੀ ਦੇ ਰੋਮ ਹਨ ਅਤੇ ਛੋਟੀਆਂ-ਵੱਡੀਆਂ ਨਦੀਆਂ ਇਸ ਦੀਆਂ ਨਾੜਾਂ ਹਨ। ਸਿਹਤਮੰਦ ਵਾਤਾਵਰਨ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਛੋਟੀਆਂ ਨਦੀਆਂ, ਨੈਆਂ, ਵੇਈਆਂ ਨੂੰ ਮੁੜ ਸੁਰਜੀਤ ਕੀਤਾ ਜਾਵੇ ਅਤੇ ਇਨ੍ਹਾਂ ਦੇ ਕੰਢਿਆਂ 'ਤੇ ਵੱਡੀ ਗਿਣਤੀ ਵਿਚ ਰੁੱਖ ਲਾਏ ਜਾਣ। ਦਰਿਆਵਾਂ ਵਿਚ ਪੈਂਦੇ ਗੰਦੇ ਪਾਣੀ ਨੂੰ ਸਖ਼ਤੀ ਨਾਲ ਰੋਕਿਆ ਜਾਵੇ ਅਤੇ ਇਸ ਸੰਬੰਧੀ ਬਣੇ ਕਾਨੂੰਨਾਂ ਨੂੰ ਲਾਗੂ ਕੀਤਾ ਜਾਵੇ। ਨਵੀਆਂ ਕਾਲੋਨੀਆਂ ਪਾਸ ਕਰਨ ਸਮੇਂ ਇਹ ਯਕੀਨੀ ਬਣਾਇਆ ਜਾਵੇ ਕਿ ਜਿੰਨੇ ਪਲਾਟ ਕੱਟੇ ਜਾਣ, ਪਲਾਟਾਂ ਦੀ ਗਿਣਤੀ ਤੋਂ ਪੰਜ ਗੁਣਾਂ ਰੁੱਖਾਂ ਦੀ ਗਿਣਤੀ ਨੂੰ ਯਕੀਨੀ ਬਣਾਇਆ ਜਾਵੇ। ਘਰ ਦਾ ਨਕਸ਼ਾ ਪਾਸ ਕਰਨ ਲਈ ਇਕ ਰੁੱਖ ਦੇ ਹੋਣ ਦੀ ਸ਼ਰਤ ਲਾਜ਼ਮੀ ਕੀਤੀ ਜਾਵੇ। ਜੰਗਲਾਤ ਵਿਭਾਗ ਦੇ ਕਾਰਜਾਂ ਨੂੰ ਵਿਸਥਾਰ ਦਿੱਤਾ ਜਾਵੇ, ਬਲਾਕ ਪੱਧਰ 'ਤੇ ਇਸ ਲਈ ਕਮੇਟੀਆਂ ਦਾ ਗਠਨ ਕੀਤਾ ਜਾਵੇ ਜਿਸ ਵਿਚ ਵਾਤਾਵਰਨ ਪ੍ਰਤੀ ਫ਼ਿਕਰਮੰਦ ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇ। ਹਰੀਕੇ ਹੈੱਡ ਵਰਕਸ ਤੋਂ ਰਾਜਸਥਾਨ ਨੂੰ ਨਿਕਲਣ ਵਾਲੀਆਂ ਨਹਿਰਾਂ ਦੇ ਕੰਢਿਆਂ 'ਤੇ ਰੁੱਖਾਂ ਦਾ ਵਿਸ਼ਾਲ ਜੰਗਲ ਉਸਾਰਿਆ ਜਾ ਸਕਦਾ ਹੈ। ਇਸ ਲਈ ਵਿਸ਼ੇਸ਼ ਪ੍ਰੋਗਰਾਮ ਬਣਾ ਕੇ ਇਸ ਲਈ ਤੁਰੰਤ ਕੰਮ ਕੀਤਾ ਜਾਵੇ। ਦਰਿਆਵਾਂ ਦੇ ਕੰਢਿਆਂ ਤੋਂ ਗ਼ੈਰ-ਕਾਨੂੰਨੀ ਕਬਜ਼ੇ ਵਾਲੀਆਂ ਜ਼ਮੀਨਾਂ ਨੂੰ ਛੁਡਵਾਇਆ ਜਾਵੇ ਅਤੇ ਇਨ੍ਹਾਂ 'ਤੇ ਵਿਸ਼ਾਲ ਜੰਗਲ ਉਗਾਏ ਜਾਣ। ਬਾਰਿਸ਼ਾਂ ਦੇ ਪਾਣੀਆਂ ਨੂੰ ਵੱਧ ਤੋਂ ਵੱਧ ਵਰਤੋਂ ਵਿਚ ਲਿਆਉਣ ਲਈ ਵਿਸ਼ਾਲ ਛੱਪੜ ਤਲਾਬ ਬਣਾਏ ਜਾਣ। ਇਨ੍ਹਾਂ ਦੀ ਹਰ ਸਾਲ ਖਲਾਈ ਹੋਵੇ। ਇਹਦੇ ਨਾਲ-ਨਾਲ ਵਾਟਰ ਰੀਚਾਰਜਰ ਪਲਾਂਟ ਬਣਾਏ ਜਾਣ ਤਾਂ ਕਿ ਬਾਰਿਸ਼ ਦੇ ਪਾਣੀ ਨੂੰ ਖੇਤੀਬਾੜੀ ਤੋਂ ਇਲਾਵਾ ਹੋਰ ਲੋੜਾਂ ਲਈ ਵਰਤਿਆ ਜਾ ਸਕੇ। ਪੰਜਾਬੀਆਂ ਦੀ ਸਿਹਤ, ਪਾਣੀ ਅਤੇ ਪਿੰਡਾਂ ਨੂੰ ਬਚਾਉਣ ਲਈ ਇਹ ਨਵੀਆਂ ਤਰਜੀਹਾਂ ਜਿੱਥੇ ਭਵਿੱਖ ਵਿਚ ਸਾਡੇ ਲਈ ਸਾਰਥਕ ਸਿੱਧ ਹੋਣਗੀਆਂ, ਉੱਥੇ ਇਨ੍ਹਾਂ 'ਤੇ ਕੰਮ ਕਰਨ ਨਾਲ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਵੀ ਮਿਲ ਸਕਦਾ ਹੈ। ਇਸ ਤੋਂ ਇਲਾਵਾ ਉਹ ਫੈਕਟਰੀਆਂ ਜਿਨ੍ਹਾਂ ਵਿਚ ਪਾਣੀ ਦੀ ਬੇਤਹਾਸ਼ਾ ਵਰਤੋਂ ਹੁੰਦੀ ਹੈ ਜਿਵੇਂ ਸ਼ਰਾਬ ਫੈਕਟਰੀ ਜਾਂ ਚਮੜਾ ਰੰਗਣ ਵਾਲੀਆਂ ਫੈਕਟਰੀਆਂ, ਇਨ੍ਹਾਂ ਨੂੰ ਪੰਜਾਬ ਵਿਚ ਲਾਏ ਜਾਣ ਦੀ ਮਨਜ਼ੂਰੀ ਦੇਣ 'ਤੇ ਪੂਰਨ ਪਾਬੰਦੀ ਲਾਈ ਜਾਵੇ। ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਬੀਜੇ ਜਾਣ ਨੂੰ ਉਤਸ਼ਾਹਿਤ ਕੀਤਾ ਜਾਵੇ। ਕਣਕ-ਝੋਨੇ ਤੋਂ ਇਲਾਵਾ ਹੋਰ ਫ਼ਸਲਾਂ 'ਤੇ ਐਮ ਐਸ ਪੀ ਦੀ ਗਰੰਟੀ ਦਿੱਤੀ ਜਾਵੇ ਤਾਂ ਕਿ ਪੰਜਾਬ ਕਣਕ-ਝੋਨੇ ਦੇ ਚੱਕਰ ਤੋਂ ਬਾਹਰ ਆ ਸਕੇ। ਸ਼ਹਿਰਾਂ ਵਿਚ ਹਰ ਘਰ ਵਿਚ ਪਾਣੀ ਦੀ ਸਪਲਾਈ 'ਤੇ ਮੀਟਰ ਲਗਾਏ ਜਾਣ ਤੇ ਨਿਰਧਾਰਤ ਮਾਤਰਾ ਤੋਂ ਵੱਧ ਪਾਣੀ ਦੀ ਵਰਤੋਂ ਦੇ ਪੈਸੇ ਵਸੂਲੇ ਜਾਣ ਦਾ ਨਿਯਮ ਬਣਾਇਆ ਜਾਵੇ। ਪੂਰੇ ਪੰਜਾਬ ਵਿਚ ਝੋਨੇ ਨੂੰ ਵੱਟਾਂ ਬਣਾ ਕੇ ਬਿਨਾਂ ਕੱਦੂ ਕੀਤੇ ਲਾਏ ਜਾਣ ਨੂੰ ਯਕੀਨੀ ਬਣਾਇਆ ਜਾਵੇ। ਜੇਕਰ ਅੱਜ ਪੰਜਾਬੀ ਹੱਸਦੇ ਵਸਦੇ ਪੰਜਾਬ ਦੀ ਸਿਰਜਣਾ ਲਈ ਯਤਨਸ਼ੀਲ ਨਾ ਹੋਏ ਤਾਂ ਕੱਲ੍ਹ ਨੂੰ ਬੜੀ ਦੇਰ ਹੋ ਚੁੱਕੀ ਹੋਵੇਗੀ। ਹੋ ਸਕਦਾ ਹੈ ਭਵਿੱਖ ਵਿਚ ਸਾਡੇ ਪੱਲੇ ਕੁਝ ਪੈਸੇ ਜਾਂ ਕੁਝ ਵਸਤਾਂ ਤਾਂ ਹੋਣ ਪਰ ਸਾਡੇ ਪੈਰਾਂ ਹੇਠ ਜ਼ਮੀਨ ਨਾ ਹੋਵੇ। ਫਿਰ ਹੱਥ ਮਲਣ ਤੋਂ ਸਿਵਾਏ ਕੋਈ ਚਾਰਾ ਨਹੀਂ ਬਚੇਗਾ।
- ਜ਼ੀਰਾ। ਮੋ: 98550-51099