ਜਿੱਤ ਦੇ ਮਾਅਨੇ ਅਤੇ ਜ਼ਿੰਮੇਵਾਰੀਆਂ - ਸਵਰਾਜਬੀਰ

ਹਾਲੀਆ ਵਿਧਾਨ ਸਭਾ ਦੀਆਂ ਚੋਣਾਂ ਵਿਚ ਪੰਜਾਬੀਆਂ ਨੇ 1960ਵਿਆਂ ਅਤੇ 1970ਵਿਆਂ ਵਿਚ ਉੱਭਰੀ ਸਿਆਸੀ ਜਮਾਤ ਨੂੰ ਨੇਸਤੋਨਾਬੂਦ ਕਰ ਕੇ ਇਕ ਨਵੀਂ ਸਿਆਸੀ ਸਫ਼ਬੰਦੀ ਨੂੰ ਜਨਮ ਦਿੱਤਾ ਹੈ ਜਿਹੜੀ ਆਉਣ ਵਾਲੇ ਪੰਜ ਸਾਲਾਂ ਵਿਚ ਪੰਜਾਬ ਦੀ ਸਿਆਸਤ ਦੀ ਦਿਸ਼ਾ ਤੈਅ ਕਰੇਗੀ। ਆਮ ਆਦਮੀ ਪਾਰਟੀ ਦੇ ਰੂਪ ਵਿਚ ਉੱਭਰੀ ਇਹ ਸਫ਼ਬੰਦੀ ਪੰਜਾਬ ਦੇ ਅਰਥਚਾਰੇ, ਖੇਤੀ ਖੇਤਰ, ਸਿਹਤ, ਵਿੱਦਿਆ, ਬੁਨਿਆਦੀ ਢਾਂਚੇ ਅਤੇ ਹੋਰ ਖੇਤਰਾਂ ਬਾਰੇ ਮਹੱਤਵਪੂਰਨ ਫ਼ੈਸਲੇ ਕਰੇਗੀ। ਪਾਰਟੀ ਨੇ ਵੱਡੇ ਵਾਅਦੇ ਕੀਤੇ ਹਨ, ਉਸ ਸਾਹਮਣੇ ਚੁਣੌਤੀਆਂ ਵੀ ਬਹੁਤ ਵੱਡੀਆਂ ਹਨ ਅਤੇ ਉਸ ਦੁਆਰਾ ਪੰਜਾਬੀਆਂ ਦੇ ਮਨਾਂ ਵਿਚ ਪੈਦਾ ਕੀਤੇ ਗਏ ਆਸਾਂ-ਉਮੀਦਾਂ ਦੇ ਸੰਸਾਰ ਦੇ ਪਾਸਾਰ ਵੀ ਬਹੁਤ ਵਿਸ਼ਾਲ ਤੇ ਵਿਰਾਟ ਹਨ। ‘ਆਪ’ ਦੀ ਇਸ ਅਦਭੁੱਤ ਜਿੱਤ ਦੀ ਵਿਰਾਟਤਾ ਇਸ ਤੱਥ ਵੱਲ ਸੰਕੇਤ ਕਰਦੀ ਹੈ ਕਿ ਪੰਜਾਬੀ ਅਜਿਹੀ ਸਿਆਸੀ ਕਰਵਟ ਅਤੇ ਤਬਦੀਲੀ ਦੀ ਆਸ ਲਗਾਈ ਬੈਠੇ ਹਨ ਜਿਹੜੀ ਪੰਜਾਬ ਵਿਚ ਪੈਦਾ ਹੋਈ ਸਿਆਸੀ ਸੜ੍ਹਾਂਦ ਨੂੰ ਖ਼ਤਮ ਕਰ ਕੇ ਉਨ੍ਹਾਂ ਨੂੰ ਇਕ ਮਹਿਕਦੇ ਅੰਬਰ ਵੱਲ ਲੈ ਜਾਏਗੀ। ਪ੍ਰਬੰਧਕੀ ਢਾਂਚੇ ਵਿਚ ਸੁਧਾਰ ਕਰ ਕੇ ਸਭ ਸਮੱਸਿਆਵਾਂ ਹੱਲ ਕਰਨ ਦਾ ਦਾਅਵਾ ਕਰਨ ਵਾਲੀ ‘ਆਪ’ ਸਾਹਮਣੇ ਚੁਣੌਤੀਆਂ ਦਾ ਸਫ਼ਰ ਜਟਿਲ ਤੇ ਔਕੜਾਂ ਨਾਲ ਭਰਿਆ ਹੋਇਆ ਹੈ।
       ਆਮ ਆਦਮੀ ਪਾਰਟੀ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਦੀ ਰਾਜਧਾਨੀ ਵਿਚ ਹੋਈ ਵੱਡੀ ਸਿਆਸੀ ਹਲਚਲ ’ਚੋਂ ਪੈਦਾ ਹੋਈ। ਅੰਨਾ ਹਜ਼ਾਰੇ ਦੀ ਅਗਵਾਈ ਵਿਚ ਚੱਲੇ ਰਿਸ਼ਵਤਖੋਰੀ ਵਿਰੋਧੀ ਅਤੇ ਨਿਰਭਯਾ ਬਲਾਤਕਾਰ ਕੇਸ ਨੇ ਨੌਜਵਾਨਾਂ ਦੇ ਮਨਾਂ ਵਿਚ ਨਵੀਂ ਚੇਤਨਾ, ਉਭਾਰ ਤੇ ਉਤਸ਼ਾਹ ਪੈਦਾ ਕੀਤਾ। ਦਿੱਲੀ ਤੋਂ ਬਿਨਾਂ ਪੰਜਾਬ ਹੀ ਇਕ ਅਜਿਹਾ ਸੂਬਾ ਸੀ ਜਿਹੜਾ ਦਿੱਲੀ ਵਿਚ ਪੈਦਾ ਹੋ ਰਹੀ ਸਿਆਸੀ ਹਲਚਲ ਦੀ ਆਵਾਜ਼ ਨੂੰ ਸੁਣ ਕੇ ਉਸ ਵਿਚ ਨਵੀਂ ਲਰਜ਼ਸ਼ ਅਤੇ ਜੁੰਬਸ਼ ਪੈਦਾ ਕਰ ਰਿਹਾ ਸੀ, 2014 ਦੀਆਂ ਲੋਕ ਸਭਾ ਚੋਣਾਂ ਵਿਚ ‘ਆਪ’ ਨੇ ਪੰਜਾਬ ਦੇ ਚਾਰ ਹਲਕਿਆਂ ਵਿਚ ਜਿੱਤ ਪ੍ਰਾਪਤ ਕੀਤੀ ਅਤੇ ਚਾਰ ਹੋਰ ਸੀਟਾਂ ਜਿੱਤਣ ਦੇ ਕਰੀਬ ਪਹੁੰਚੀ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਪੰਜਾਬੀ ‘ਆਪ’ ਨੂੰ ਚੁਣਨ ਦੇ ਚਾਹਵਾਨ ਸਨ ਪਰ ਹਾਲਾਤ ਕੁਝ ਅਜਿਹੇ ਬਣੇ ਕਿ ਪੰਜਾਬੀਆਂ ਨੇ ਅਕਾਲੀ ਦਲ ਤੋਂ ਮੁਕਤੀ ਪਾਉਣ ਲਈ ਕਾਂਗਰਸ ਨੂੰ ਚੁਣਨਾ ਬਿਹਤਰ ਸਮਝਿਆ। ਕੈਪਟਨ ਅਮਰਿੰਦਰ ਸਿੰਘ ਦੇ ਸਾਢੇ ਚਾਰ ਸਾਲਾਂ ਦੇ ਰਾਜ ਨੇ ਪੰਜਾਬੀਆਂ ਵਿਚ ਇਹ ਸਮਝ ਪੈਦਾ ਕੀਤੀ ਕਿ ਕਾਂਗਰਸ ਤੇ ਅਕਾਲੀ ਦਲ ਇਕੋ ਸਿੱਕੇ ਦੇ ਦੋ ਪਾਸੇ ਹਨ, ਉਨ੍ਹਾਂ ਵਿਚ ਉਹ ਸਿਆਸੀ ਜਮਾਤ ਕਾਬਜ਼ ਹੈ ਜਿਸ ਦੀ ਪ੍ਰਤੀਬੱਧਤਾ ਸਿਰਫ਼ ਧਨ, ਸੱਤਾ ਅਤੇ ਪਰਿਵਾਰਵਾਦ ਨਾਲ ਹੈ, ਲੋਕਾਂ ਨਾਲ ਨਹੀਂ। ਕਈ ਦਹਾਕਿਆਂ ਤੋਂ ਪੰਜਾਬ ਵਿਚ ਰਿਸ਼ਵਤਖੋਰੀ, ਦਲਾਲਗਿਰੀ ਤੇ ਲੁੱਟ ਦਾ ਬਾਜ਼ਾਰ ਗਰਮ ਰਿਹਾ ਹੈ, ਵਿਦਿਆ ਤੇ ਸਿਹਤ ਦੇ ਖੇਤਰਾਂ ਵਿਚ ਵੱਡੀ ਗਿਰਾਵਟ ਆਈ, ਲੋਕ ਦਫ਼ਤਰਾਂ ਤੇ ਥਾਣਿਆਂ ਵਿਚ ਖ਼ੁਆਰ ਹੁੰਦੇ ਰਹੇ। ਇਨ੍ਹਾਂ ਵਰਤਾਰਿਆਂ ਨੇ ਲੋਕਾਂ ਵਿਚ ਵੱਡੀ ਪੱਧਰ ’ਤੇ ਨਿਰਾਸ਼ਾ ਪੈਦਾ ਕੀਤੀ ਹੈ।
       ਕਿਸਾਨ ਅੰਦੋਲਨ ਨੇ ਪੰਜਾਬੀਆਂ ਦੀ ਊਰਜਾ ਅਤੇ ਪ੍ਰਤੀਰੋਧ ਦੀ ਭਾਵਨਾ ਨੂੰ ਨਵੀਂ ਰੰਗਤ ਦਿੱਤੀ, ਕਿਸਾਨਾਂ ਨੇ ਤਤਕਾਲੀਨ ਸਿਆਸੀ ਜਮਾਤ, ਜਿਸ ਦੇ ਸਿਰਮੌਰ ਪ੍ਰਤੀਨਿਧ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹੋਰ ਕਾਂਗਰਸੀ ਅਤੇ ਅਕਾਲੀ ਆਗੂ ਸਨ, ਨੂੰ ਨਕਾਰਿਆ। ਕਿਸਾਨ ਅੰਦੋਲਨ ਦੇ ਆਗੂ ਸਿਆਸੀ ਸ਼ਕਤੀ ਤਾਂ ਨਾ ਬਣ ਸਕੇ ਪਰ ਅੰਦੋਲਨ ਨੇ ਉਹ ਜ਼ਮੀਨ ਪੈਦਾ ਕੀਤੀ ਜਿਸ ’ਤੇ ਇਸ ਤਬਦੀਲੀ ਦੀ ਫ਼ਸਲ ਤੇਜ਼ੀ ਨਾਲ ਪੁੰਗਰੀ, ਪਣਪੀ ਤੇ ਨਿੱਸਰੀ। ‘ਆਪ’ ਦਾ ਉਭਾਰ ਪੰਜਾਬੀਆਂ ਦੀ ਤਤਕਾਲੀਨ ਸਿਆਸੀ ਜਮਾਤ ਪ੍ਰਤੀ ਉਪਰਾਮਤਾ ਅਤੇ ਉਸ ਨੂੰ ਨਕਾਰਨ ’ਚੋਂ ਪੈਦਾ ਹੋਇਆ। ਰਣਨੀਤਕ ਪੱਖ ਤੋਂ ‘ਆਪ’ ਦੇ ਫ਼ੈਸਲੇ ਸਹੀ ਸਾਬਤ ਹੋਏ।
      ਪੰਜਾਬ ਦੀਆਂ ਇਤਿਹਾਸਕ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦਾ ਜਨਮ ਵੱਡੇ ਸੰਘਰਸ਼ਾਂ ਸਦਕਾ ਹੋਇਆ। ਵੰਡ ਤੋਂ ਪਹਿਲਾਂ ਦੀ ਪ੍ਰਮੁੱਖ ਸਿਆਸੀ ਤਾਕਤ ਯੂਨੀਅਨਇਸਟ ਪਾਰਟੀ ਵੱਡੇ ਜ਼ਿਮੀਂਦਾਰਾਂ ਦੀ ਅਗਵਾਈ ਵਿਚ ਬਣੀ ਅੰਗਰੇਜ਼-ਪੱਖੀ ਪਾਰਟੀ ਸੀ। ਉਹ ਪੰਜਾਬ ਨੂੰ ਇਕੱਠੇ ਰੱਖਣ ਅਤੇ ਫ਼ਿਰਕੂ ਲੀਹਾਂ ’ਤੇ ਵੰਡੇ ਜਾਣ ਤੋਂ ਬਚਾਉਣ ਲਈ ਪ੍ਰਤੀਬੱਧ ਸੀ। 1937 ਦੀਆਂ ਚੋਣਾਂ ਵਿਚ ਮੁਸਲਿਮ ਲੀਗ ਨੂੰ ਹਰਾ ਕੇ ਸੱਤਾ ਵਿਚ ਆਉਣ ਦੇ ਬਾਵਜੂਦ ਇਹ ਪਾਰਟੀ, ਅੰਗਰੇਜ਼-ਪੱਖੀ ਹੋਣ ਕਾਰਨ, ਪੰਜਾਬ ਦੀ ਹੋਂਦ ਨੂੰ ਨਾ ਬਚਾ ਸਕੀ ਅਤੇ ਖ਼ਤਮ ਹੋ ਗਈ। ਕਾਂਗਰਸ ਜੱਲ੍ਹਿਆਂਵਾਲੇ ਬਾਗ਼, ਸਵਦੇਸ਼ੀ, ਸਿਵਲ-ਨਾਫਰਮਾਨੀ, ਨਾਮਿਲਵਰਤਨ, ਸਾਈਮਨ ਗੋ ਬੈਕ, ਡਾਂਡੀ ਨਮਕ ਸੱਤਿਆਗ੍ਰਹਿ ਤੇ ਯਾਤਰਾ, ਅੰਗਰੇਜ਼ੋ ਭਾਰਤ ਛੱਡੋ ਆਦਿ ਨਾਲ ਸਬੰਧਿਤ ਅੰਦੋਲਨਾਂ ਵਿਚੋਂ ਪਣਪੀ ਅਤੇ ਲੱਖਾਂ ਪੰਜਾਬੀਆਂ ਨੇ ਇਸ ਦੀ ਅਗਵਾਈ ਵਿਚ ਕੁਰਬਾਨੀਆਂ ਦਿੱਤੀਆਂ। ਸ਼੍ਰੋਮਣੀ ਅਕਾਲੀ ਦਲ ਮਹਾਨ ਗੁਰਦੁਆਰਾ ਸੁਧਾਰ ਲਹਿਰ ਦੀਆਂ ਅਦੁੱਤੀ ਕੁਰਬਾਨੀਆਂ ਦੀ ਬੁਨਿਆਦ ’ਤੇ ਉਸਰਿਆ। ਆਜ਼ਾਦੀ ਤੋਂ ਬਾਅਦ ਵੀ ਇਨ੍ਹਾਂ ਪਾਰਟੀਆਂ ਨੇ ਸੂਬੇ ਦੇ ਵਿਕਾਸ ਵਿਚ ਵੱਡਾ ਹਿੱਸਾ ਪਾਇਆ ਅਤੇ ਪੰਜਾਬ ਲਈ ਕਈ ਲੜਾਈਆਂ ਲੜੀਆਂ ਪਰ ਕਾਂਗਰਸ ਵਿਚ 1970ਵਿਆਂ ਤੋਂ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ 1990ਵਿਆਂ ਤੋਂ ਅਧੋਗਤੀ ਸ਼ੁਰੂ ਹੋਈ ਜਿਸ ਨੇ ਅਜਿਹੇ ਆਗੂਆਂ ਨੂੰ ਅੱਗੇ ਲਿਆਂਦਾ ਜਿਹੜੇ ਨਾ ਤਾਂ ਪਾਰਟੀ ਦੀ ਵਿਚਾਰਧਾਰਾ ਪ੍ਰਤੀ ਵਫ਼ਾਦਾਰ ਸਨ ਅਤੇ ਨਾ ਹੀ ਲੋਕਾਂ ਪ੍ਰਤੀ। ਜਦ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਖ਼ੁਦਕਸ਼ੀ ਕਰ ਰਹੇ ਹੋਣ, ਜਦ ਹਰ ਸਾਲ ਇਕ ਲੱਖ ਤੋਂ ਜ਼ਿਆਦਾ ਵਿਦਿਆਰਥੀ ਪਰਵਾਸ ਕਰਨ ਲਈ ਮਜਬੂਰ ਹੋਣ ਤਾਂ ਸਿਆਣੇ ਸਿਆਸਤਦਾਨ ਨੂੰ ਸਮਝ ਲੈਣਾ ਚਾਹੀਦਾ ਸੀ ਕਿ ਉਸ ਦੇ ਸੂਬੇ ਜਾਂ ਇਲਾਕੇ ਦੇ ਲੋਕ ਕਿਸ ਚੱਕੀ ਵਿਚ ਪਿਸ ਰਹੇ ਹਨ। 21ਵੀਂ ਸਦੀ ਵਿਚ ਪੰਜਾਬ ਦੇ ਸਿਆਸਤਦਾਨ ਪੈਸੇ, ਸੱਤਾ ਅਤੇ ਪਰਿਵਾਰ ਦੇ ਮੋਹ-ਸੰਸਾਰ ਵਿਚ ਏਨੇ ਗ੍ਰਸੇ ਗਏ ਕਿ ਉਨ੍ਹਾਂ ਨੂੰ ਇਹ ਪਤਾ ਹੀ ਨਾ ਲੱਗਾ ਕਿ ਆਮ ਲੋਕ ਜ਼ਲੀਲ ਹੋ ਰਹੇ ਹਨ ਅਤੇ ਉਸ ਜ਼ਲਾਲਤ ਦਾ ਕਾਰਨ ਉਹ (ਸਿਆਸਤਦਾਨ) ਖ਼ੁਦ ਹਨ। ‘ਆਪ’ ਦੀ ਜਿੱਤ ਪੰਜਾਬੀਆਂ ਦੇ ਜ਼ਲਾਲਤ ਦੇ ਉਸ ਜੂਲੇ ਤੋਂ ਮੁਕਤੀ ਪ੍ਰਾਪਤ ਕਰਨ ਦੀ ਪ੍ਰਤੀਕ ਹੈ।
       ਇਹ ਜਿੱਤ ਪੰਜਾਬੀਆਂ ਦੇ ਕਿਰਦਾਰ ਦੇ ਇਕ ਅਜ਼ੀਮ ਪੱਖ, ਕਿ ਉਨ੍ਹਾਂ ਵਿਚ ਬਰਦਾਸ਼ਤ ਕਰਨ ਦਾ ਬਹੁਤ ਮਾਦਾ ਹੈ ਪਰ ਜਦ ਸ਼ਾਸਕ ਇਕ ਖ਼ਾਸ ਹੱਦ ਤੋਂ ਅਗਾਂਹ ਵਧ ਕੇ ਲੋਕ-ਵਿਰੋਧੀ ਬਣ ਜਾਣ ਤਾਂ ਉਹ (ਪੰਜਾਬੀ) ਵੱਡੇ ਤੋਂ ਵੱਡੇ ਸਿਆਸਤਦਾਨਾਂ ਨੂੰ ਵੀ ਮਿੱਟੀ ਵਿਚ ਰੋਲ ਸਕਦੇ ਹਨ, ਨੂੰ ਉਜਾਗਰ ਕਰਦੀ ਹੈ। ਪੰਜਾਬੀਆਂ ਨੇ 1960ਵਿਆਂ ਅਤੇ ਬਾਅਦ ਦੇ ਦਹਾਕਿਆਂ ਵਿਚ ਉੱਭਰੀ ਸਿਆਸੀ ਜਮਾਤ ਨੂੰ ਅਜਿਹੀ ਸਿਆਸੀ ਜ਼ਮੀਨ ਵਿਚ ਦਫ਼ਨ ਕੀਤਾ ਹੈ ਜਿਸ ’ਚੋਂ ਉੱਭਰਨ ਲਈ ਰਵਾਇਤੀ ਪਾਰਟੀਆਂ ਨੂੰ ਆਪਣੇ ਜਨਮ ਵੇਲੇ ਦੇ ਸੰਘਰਸ਼ਾਂ, ਇਮਾਨਦਾਰੀ ਅਤੇ ਦਿਆਨਤਦਾਰੀ ਵੱਲ ਮੁੜਨਾ ਪਵੇਗਾ, ਨਹੀਂ ਤਾਂ ਉਨ੍ਹਾਂ ਦੀ ਹੋਂਦ ਖ਼ਤਮ ਹੋ ਜਾਵੇਗੀ।
       ਸਭ ਤੋਂ ਪ੍ਰਮੁੱਖ ਸਵਾਲ ਇਹ ਹੈ ਕਿ ਪੰਜਾਬੀਆਂ ਦੇ ਮਨ ਵਿਚ 2014 (ਜਦੋਂ ‘ਆਪ’ ਦੀ ਪੰਜਾਬ ਵਿਚ ਨਾ ਤਾਂ ਮਜ਼ਬੂਤ ਜਥੇਬੰਦੀ ਸੀ ਅਤੇ ਨਾ ਸਿਆਸੀ ਮੌਜੂਦਗੀ) ਵਿਚ ‘ਆਪ’ ਲਈ ਉਭਾਰ ਕਿਉਂ ਪੈਦਾ ਹੋ ਗਿਆ ਸੀ। ਉਸ ਸਮੇਂ ‘ਆਪ’ ਨੇ ਉੱਤਰ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਉੜੀਸਾ ਅਤੇ ਹੋਰ ਸੂਬਿਆਂ ਵਿਚ ਲੋਕ ਸਭਾ ਦੀਆਂ ਚੋਣਾਂ ਲੜੀਆਂ ਪਰ ਹੁੰਗਾਰਾ ਸਿਰਫ਼ ਪੰਜਾਬ ਤੋਂ ਕਿਉਂ ਮਿਲਿਆ, ਉਹ ਵੀ ਕਿਸੇ ਵਿਸ਼ੇਸ਼ ਯਤਨ ਤੋਂ ਬਿਨਾਂ ? ਹਰ ਖਿੱਤੇ ਦੇ ਲੋਕਾਂ ਵਿਚ ਸੋਚਣ, ਅਮਲ ਕਰਨ ਅਤੇ ਆਪਣੀ ਜ਼ਿੰਦਗੀ ਨੂੰ ਸੇਧ ਦੇਣ ਦੇ ਵਿਸ਼ੇਸ਼ ਢੰਗ-ਤਰੀਕੇ ਅਤੇ ਰਵਾਇਤਾਂ ਹੁੰਦੀਆਂ ਹਨ। ਤਰ੍ਹਾਂ ਤਰ੍ਹਾਂ ਦੇ ਜਾਤੀ, ਜਮਾਤੀ ਤੇ ਹੋਰ ਵਖਰੇਵਿਆਂ ਦੇ ਬਾਵਜੂਦ ਪੰਜਾਬੀਆਂ ਦੀ ਜ਼ਿੰਦਗੀ ਦਾ ਸਾਂਝਾ ਧੁਰਾ ਉਨ੍ਹਾਂ ਦੇ ਮਨਾਂ ਵਿਚ ਸ੍ਵੈਮਾਣ ਨਾਲ ਜਿਊਣ ਦੀ ਖ਼ੁਆਹਿਸ਼ ਹੈ।
       1980ਵਿਆਂ ਦੀ ਸਿਆਸਤ ਨੇ ਪੰਜਾਬ ਦੇ ਸਰੀਰ ’ਤੇ ਅਜਿਹੇ ਪੱਛ ਲਾਏ ਜਿਨ੍ਹਾਂ ਦੀ ਪੀੜ ਕਦੇ ਨਹੀਂ ਜਾਣੀ, ਅਤਿਵਾਦ ਅਤੇ ਸਰਕਾਰੀ ਤਸ਼ੱਦਦ ਨੇ ਪੰਜਾਬ ਦੀ ਆਤਮਾ ਨੂੰ ਲੀਰੋ ਲੀਰ ਕਰ ਦਿੱਤਾ, 1990ਵਿਆਂ ਵਿਚ ਸਿਆਸਤਦਾਨਾਂ ਨੇ ਲੀਰੋ ਲੀਰ ਆਤਮਾ ਵਾਲੇ ਪੰਜਾਬ ਨੂੰ ਨਸ਼ਿਆਂ ਵਿਚ ਡੁਬੋ ਕੇ ਪੰਜਾਬੀਆਂ ਨੂੰ ਉਨ੍ਹਾਂ ਦੇ ਦੁੱਖ ਭੁਲਾਉਣੇ ਚਾਹੇ ਪਰ ਕਿਸ ਕੀਮਤ ’ਤੇ? ਉਨ੍ਹਾਂ ਨੂੰ ਲੁੱਟਣ ਅਤੇ ਉਨ੍ਹਾਂ ਦੇ ਧੀਆਂ-ਪੁੱਤਾਂ ਨੂੰ ਨਸ਼ਿਆਂ ਦੇ ਸਾਗਰ ਵਿਚ ਡੋਬ ਦੇਣ ਦੀ ਕੀਮਤ ’ਤੇ। ਪੰਜਾਬੀਆਂ ਨੇ ਜਦ ਆਪਣੇ ਧੀਆਂ-ਪੁੱਤਾਂ ਦੀਆਂ ਜ਼ਿੰਦਗੀਆਂ ਰੁਲ਼ਦੀਆਂ ਦੇਖੀਆਂ ਤਾਂ ਉਨ੍ਹਾਂ ਨੇ ਆਪਣੀ ਸੰਤਾਨ ਨੂੰ ਪਰਵਾਸ ਕਰਾਇਆ। ਸਾਰੇ ਪਰਵਾਸ ਨਹੀਂ ਕਰ ਸਕਦੇ, ਬਹੁਤੇ ਪੰਜਾਬੀਆਂ ਨੇ ਇੱਥੇ ਹੀ ਜਿਊਣਾ ਹੈ ਅਤੇ ਜਿਊਣਾ ਵੀ ਸ੍ਵੈਮਾਣ ਨਾਲ ਹੈ। ਪੰਜਾਬੀਆਂ ਦੀ ਸ੍ਵੈਮਾਣ ਨਾਲ ਜਿਊਣ ਦੀ ਇਹ ਚਾਹਤ ਹੀ ਪੰਜਾਬੀਆਂ ਦੇ ਸ੍ਵੈਮਾਣ ਰੋਲਣ ਵਾਲਿਆਂ ਨੂੰ ਹਰਾਉਣਾ ਚਾਹੁੰਦੀ ਸੀ, ਉਨ੍ਹਾਂ ਦੀ ਪਹਿਲੀ ਨਜ਼ਰ ਸ਼੍ਰੋਮਣੀ ਅਕਾਲੀ ਦਲ ’ਤੇ ਸੀ ਜਿਸ ਨੂੰ ਉਨ੍ਹਾਂ ਨੇ 2017 ਵਿਚ ਨੇਸਤੋਨਾਬੂਦ ਕੀਤਾ ਅਤੇ ਉਸ ਤੋਂ ਬਾਅਦ ਕਾਂਗਰਸ ’ਤੇ ਜਿਸ ਨੂੰ ਉਨ੍ਹਾਂ ਨੇ ਹਾਲੀਆ ਵਿਧਾਨ ਸਭਾ ਚੋਣਾਂ ਵਿਚ ਚਿੱਤ ਕੀਤਾ ਹੈ। ਪੰਜਾਬੀਆਂ ਦੀ ਸ੍ਵੈਮਾਣ ਨਾਲ ਜਿਊਣ ਦੀ ਇਹ ਖ਼ੁਆਹਿਸ਼ ਪੰਜਾਬ ਦੇ ਇਤਿਹਾਸ, ਸਭਿਆਚਾਰ ਅਤੇ ਵਿਰਸੇ ’ਚੋਂ ਪੈਦਾ ਹੋਈ ਹੈ। ਇਹ ਵਿਰਸਾ ਕਿਰਤ, ਸਾਂਝੀਵਾਲਤਾ ਅਤੇ ਅਨਿਆਂ ਨਾ ਸਹਿਣ ਦੀਆਂ ਪਿਰਤਾਂ ਤੇ ਰਵਾਇਤਾਂ ਨੂੰ ਜੀਵਨ ਦਾ ਆਧਾਰ ਮੰਨਦਾ ਹੈ, ਇਹ ਬਹੁਤ ਜਟਿਲ ਹੈ।
       ਪੰਜਾਬੀਆਂ ਦੇ ਸ੍ਵੈਮਾਣ ਦੀ ਤਲਾਸ਼ ਖਲਾਅ ਵਿਚ ਨਹੀਂ ਹੋ ਸਕਦੀ, ਇਹ ਮਾਣ-ਸਨਮਾਨ ਨਾਲ ਕਿਰਤ ਦਾ ਹੱਕ ਦੇਣ ਵਾਲੇ ਅਰਥਚਾਰੇ ਅਤੇ ਸ੍ਵੈਮਾਣ ਪੈਦਾ ਕਰਨ ਵਾਲੇ ਵਿਦਿਅਕ ਤੇ ਹੋਰ ਪ੍ਰਬੰਧਕੀ ਢਾਂਚਿਆਂ ’ਚੋਂ ਪੈਦਾ ਹੋਣੀ ਹੈ। ਪੰਜਾਬੀਆਂ ਨੂੰ ਲੁੱਟਣ ਅਤੇ ਉਨ੍ਹਾਂ ਦੇ ਸ੍ਵੈਮਾਣ ਰੋਲਣ ਵਾਲਿਆਂ ਨੇ ਇਨ੍ਹਾਂ ਢਾਂਚਿਆਂ ਨੂੰ ਖੇਰੂੰ ਖੇਰੂੰ ਕੀਤਾ ਹੈ, ਇਨ੍ਹਾਂ ਢਾਂਚਿਆਂ ਦੀ ਪੁਨਰ-ਉਸਾਰੀ ਸਿਆਸੀ ਦਿਆਨਤਦਾਰੀ ਅਤੇ ਇਮਾਨਦਾਰੀ ਨਾਲ ਹੀ ਹੋ ਸਕਦੀ ਹੈ। ਇਸ ਲਈ ਦ੍ਰਿੜ੍ਹ ਸਿਆਸੀ ਇੱਛਾ-ਸ਼ਕਤੀ ਦੀ ਲੋੜ ਹੈ। ਇਸ ਸਾਰੇ ਵਰਤਾਰੇ ਵਿਚ ਸਾਡਾ ਪੰਜਾਬੀਆਂ ਦਾ ਆਪਣਾ ਕਸੂਰ ਵੀ ਹੈ ਅਤੇ ਜੇ ਅਸੀਂ ਪੰਜਾਬ ਦੇ ਬੁਨਿਆਦੀ ਢਾਂਚਿਆਂ ਦੀ ਨੁਹਾਰ ਅਤੇ ਨੈਣ ਨਕਸ਼ ਬਦਲਣੇ ਹਨ ਤਾਂ ਇਸ ਗੱਲ ਨੂੰ ਸਿਰਫ਼ ਸਿਆਸੀ ਆਗੂਆਂ ਸਿਰ ਨਹੀਂ ਛੱਡਿਆ ਜਾ ਸਕਦਾ। ਤਾਕਤ ਤੇ ਸੱਤਾ ਸਿਆਸੀ ਆਗੂਆਂ ਕੋਲ ਹੈ, ਉਨ੍ਹਾਂ ਨੇ ਕੁੰਜੀਵਤ ਭੂਮਿਕਾ ਨਿਭਾਉਣੀ ਹੈ ਪਰ ਉਨ੍ਹਾਂ ਨੂੰ ਜਵਾਬਦੇਹ ਬਣਾਉਣਾ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ। ਸਮੂਹਿਕ ਉੱਦਮ ਤੋਂ ਬਿਨਾਂ ਪੰਜਾਬ ਦੇ ਸ੍ਵੈਮਾਣ ਦੀ ਪੁਨਰ-ਸਿਰਜਣਾ ਸੰਭਵ ਨਹੀਂ ਹੈ।