ਕੌਮੀ ਰਣਨੀਤੀ ਦੀ ਅਣਹੋਂਦ ਤੇ ਸਾਡੀ ਸਥਿਤੀ - ਗੁਰਬਚਨ ਜਗਤ

ਅੱਜ ਜਦੋਂ ਅਸੀਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ ਤਾਂ ਸਾਨੂੰ ਪਿੱਛਲਝਾਤ ਮਾਰਦਿਆਂ ਉਸ ਤੋਂ ਪਹਿਲਾਂ ਦੇ ਹਾਲਾਤ ਅਤੇ ਇਸ ਦੇ ਕਾਰਨਾਂ ਦਾ ਚੇਤਾ ਕਰਨ ਦੀ ਲੋੜ ਹੈ। ਸੌ ਸਾਲ ਪਹਿਲਾਂ ਦੱਖਣੀ ਏਸ਼ੀਆ ਦਾ ਨਕਸ਼ਾ ਇਸ ਖਿੱਤੇ ਦੀ ਵੱਖਰੀ ਕਿਸਮ ਦੀ ਸਿਆਸੀ ਪਛਾਣ ਕਰਾਉਂਦਾ ਸੀ। ਜਿਵੇਂ ਕਿ ਅਸੀਂ ਅੱਜ ਦੇ ਭਾਰਤ ਬਾਰੇ ਜਾਣਦੇ ਹਾਂ ਉਦੋਂ ਇਹ ਹੋਂਦ ਵਿਚ ਨਹੀਂ ਸੀ। ਜਦੋਂ ਅੰਗਰੇਜ਼ ਇਸ ਬਰੇ-ਸਗੀਰ ’ਚੋਂ ਵਾਪਸ ਗਏ ਸਨ ਤਾਂ ਉਦੋਂ 565 ਦੇ ਕਰੀਬ ਸ਼ਾਹੀ ਰਿਆਸਤਾਂ ਅਤੇ ਹਜ਼ਾਰਾਂ ਅਰਧ ਖ਼ੁਦਮੁਖ਼ਤਾਰ ਰਜਵਾੜਾਸ਼ਾਹੀਆਂ ਤੇ ਜਾਗੀਰਾਂ ਮੌਜੂਦ ਸਨ। ਮਹਿਜ਼ ਇਸ ਦਾ ਪ੍ਰਸੰਗ ਸਮਝਣ ਲਈ ਮਿਆਂਮਾਰ ਜਿਸ ਨੂੰ ਉਦੋਂ ਬਰਮਾ ਆਖਿਆ ਜਾਂਦਾ ਸੀ, 1937 ਤੱਕ ਅੰਗਰੇਜ਼ਾਂ ਦੇ ਭਾਰਤੀ ਸਾਮਰਾਜ ਦਾ ਹਿੱਸਾ ਰਿਹਾ। 19ਵੀਂ ਸਦੀ ਵਿਚ ਹੋਈਆਂ ਤਿੰਨ ਐਂਗਲੋ-ਬਰਮੀ ਜੰਗਾਂ ਤੋਂ ਬਾਅਦ ਅੰਗਰੇਜ਼ਾਂ ਨੇ ਬਰਮਾ ’ਤੇ ਕਬਜ਼ਾ ਕਰ ਲਿਆ ਅਤੇ ਇਹ 1937 ਵਿਚ ਇਕ ਵੱਖਰੀ ਖ਼ੁਦਮੁਖਤਾਰ ਬਸਤੀ ਬਣ ਗਈ ਸੀ। ਇਸ ਦੇ ਕਬਜ਼ੇ ਤੋਂ ਪਹਿਲਾਂ ਦੇ ਇਤਿਹਾਸ ’ਤੇ ਸਰਸਰੀ ਝਾਤ ਮਾਰਿਆਂ ਪਤਾ ਚਲਦਾ ਹੈ ਕਿ ਬਰਮਾ ਦਾ ਅਸਾਮ, ਮਨੀਪੁਰ ਅਤੇ ਉਸ ਵੇਲੇ ਮੌਜੂਦ ਹੋਰਨਾਂ ਰਾਜਾਂ ਨਾਲ ਲਗਾਤਾਰ ਟਕਰਾਅ ਚਲਦਾ ਰਹਿੰਦਾ ਸੀ। ਬਰਮਾ ’ਤੇ ਅੰਗਰੇਜ਼ਾਂ ਦੇ ਕਬਜ਼ੇ ਦਾ ਸ਼ਾਇਦ ਮੁੱਖ ਕਾਰਨ ਇਹ ਸੀ ਕਿ ਉਹ ਆਪਣੇ ਇਸ ਸਾਮਰਾਜ ਦੀ ਰਾਖੀ ਕਰਨਾ ਚਾਹੁੰਦੇ ਸਨ। ਇਸ ਵੇਲੇ ਉੱਤਰ ਪੂਰਬ ਦੇ ਸੱਤ ਸੂਬੇ ਭਾਰਤੀ ਗਣਰਾਜ ਦਾ ਅੰਗ ਬਣੇ ਹੋਏ ਹਨ ਜਿੱਥੇ ਲੋਕਰਾਜੀ ਸਰਕਾਰਾਂ ਚਲਦੀਆਂ ਹਨ। ਭਾਰਤ ਦੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਖਿੱਤਾ ਪੱਛੜਿਆ ਹੋਇਆ ਹੈ, ਪਰ ਇਹ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ।
        ਇਸੇ ਤਰ੍ਹਾਂ ਉੱਤਰੀ ਹਿੰਦੋਸਤਾਨ ’ਤੇ ਝਾਤ ਮਾਰਿਆਂ ਤੁਹਾਨੂੰ ਰਾਜਪੂਤਾਨਾ, ਸਿੱਖ ਰਾਜ, ਡੋਗਰਾ ਤੇ ਪਹਾੜੀ ਰਾਜ, ਮੁਗ਼ਲ ਸਲਤਨਤ ਦੇ ਪਤਨ ਤੇ ਅੰਗਰੇਜ਼ਾਂ ਦੀ ਆਮਦ ਦਾ ਪਤਾ ਚਲਦਾ ਹੈ। ਪੁਰਾਣਾ ਪੰਜਾਬ ਅਤੇ ਸਮੁੱਚਾ ਉੱਤਰੀ ਖਿੱਤਾ ਇਤਿਹਾਸਕ ਤੌਰ ’ਤੇ ਖ਼ੈਬਰ ਦੱਰੇ ਅਤੇ ਹਿੰਦੂਕੁਸ਼ ਦੇ ਪਰਬਤਾਂ ਰਾਹੀਂ ਹਿੰਦੋਸਤਾਨ ’ਤੇ ਹਮਲੇ ਕਰਨ ਵਾਲੀਆਂ ਫ਼ੌਜਾਂ ਦਾ ਲਾਂਘਾ ਬਣਿਆ ਰਿਹਾ ਸੀ। ਇਹੀ ਉਹ ਖਿੱਤਾ ਸੀ ਜਿੱਥੇ ਹਮਲਾਵਰ ਫ਼ੌਜਾਂ ਨੂੰ ਹਾਰਾਂ ਦਾ ਮੂੰਹ ਦੇਖਣਾ ਪਿਆ। ਇਸ ਲੇਖ ਦਾ ਮਕਸਦ ਤੁਹਾਨੂੰ ਇਤਿਹਾਸ ਪੜ੍ਹਾਉਣਾ ਨਹੀਂ ਸਗੋਂ ਪਾਠਕ ਨੂੰ ਇਹ ਚੇਤਾ ਕਰਾਉਣਾ ਹੈ ਕਿ ਸਾਡਾ ਇਤਿਹਾਸ (ਮਾਨਵਜਾਤੀ ਦੇ ਇਤਿਹਾਸ ਵਾਂਗ) ਜੰਗਾਂ ਅਤੇ ਸਾਮਰਾਜਾਂ ਦੇ ਬਣਨ ਤੇ ਵਿਗੜਨ ਅਤੇ ਨਪੀੜੇ ਜਾਂਦੇ ਲੋਕਾਂ ਨੂੰ ਕਦੇ ਕਦਾਈਂ ਆਜ਼ਾਦੀ ਦਾ ਸਾਹ ਲੈਣ ਦਾ ਇਤਿਹਾਸ ਰਿਹਾ ਹੈ। ਪਿਛਲੇ 75 ਸਾਲਾਂ ਤੋਂ ਅਸੀਂ ਆਜ਼ਾਦੀ ਦਾ ਨਿੱਘ ਮਾਣਦੇ ਆ ਰਹੇ ਹਾਂ, ਪਰ ਇਹ ਆਜ਼ਾਦੀ ਇਕ ਨਾਜ਼ੁਕ ਜਿਹੀ ਸ਼ਾਂਤੀ ’ਤੇ ਟਿਕੀ ਹੋਈ ਹੈ। ਸ਼ਾਂਤੀ ਇਸ ਕਰਕੇ ਨਹੀਂ ਬਣੀ ਕਿ ਸਾਡੇ ਦੁਸ਼ਮਣ ਕਮਜ਼ੋਰ ਹੋ ਗਏ ਸਗੋਂ ਇਹ ਸਾਡੇ ਵੱਡ ਵਡੇਰਿਆਂ ਦੀ ਘਾਲਣਾ ਦੀ ਮਜ਼ਬੂਤੀ ਕਰਕੇ ਹੋਈ ਸੀ। ਅਮਨ-ਚੈਨ ਦੀ ਰਾਖੀ ਹਜ਼ਾਰਾਂ ਮੀਲ ਲੰਮੀਆਂ ਸਾਡੀਆਂ ਸਰਹੱਦਾਂ ’ਤੇ ਤਾਇਨਾਤ ਉਨ੍ਹਾਂ ਔਰਤਾਂ ਤੇ ਬੰਦਿਆਂ ਨੇ ਕੀਤੀ ਹੈ ਜੋ ਮੂੰਹੋਂ ਕੁਝ ਨਹੀਂ ਆਖਦੇ। ਇਹੀ ਉਹੀ ਮੁਸ਼ਤੈਦੀ ਤੇ ਮਜ਼ਬੂਤੀ ਹੈ ਜਿਸ ਦੀ ਮੈਂ ਚਰਚਾ ਕਰਨੀ ਚਾਹੁੰਦਾ ਹਾਂ। ਸ਼ਕਤੀ ਨੂੰ ਕਿਸੇ ਦੇਸ਼ ਦੀ ਫ਼ੌਜ ਦੇ ਆਕਾਰ ਨਾਲ ਗਿਣਿਆ ਮਿਣਿਆ ਨਹੀਂ ਜਾ ਸਕਦਾ। ਜੇ ਇਹੀ ਦਲੀਲ ਹੁੰਦੀ ਤਾਂ ਪਾਣੀਪਤ ਦੀ ਜੰਗ ਵਿਚ ਬਾਬਰ ਕਦੇ ਨਾ ਜਿੱਤਦਾ ਜਿਸ ਨੇ ਤਿੰਨ ਗੁਣਾ ਵੱਡੀ ਫ਼ੌਜ ਨਾਲ ਮੱਥਾ ਲਾਇਆ ਸੀ। ਇਸੇ ਤਰ੍ਹਾਂ ਇਕ ਛੋਟੇ ਜਿਹੇ ਟਾਪੂ ਤੋਂ ਉੱਠ ਕੇ ਆਏ ਅੰਗਰੇਜ਼ ਦੁਨੀਆ ਦੇ ਜ਼ਿਆਦਾਤਰ ਖਿੱਤਿਆਂ ’ਤੇ ਆਪਣਾ ਝੰਡਾ ਨਾ ਫਹਿਰਾਉਂਦੇ।
       ਖ਼ੈਰ, ਆਪਣੇ ਵਰਤਮਾਨ ਵੱਲ ਮੁੜਦੇ ਹੋਏ ਅਸੀਂ ਦੇਖਦੇ ਹਾਂ ਕਿ ਪਿਛਲੇ ਦੋ ਸਾਲਾਂ ਦੌਰਾਨ ਸਾਡੇ ’ਚੋਂ ਬਹੁਤੇ ਲੋਕ ਆਪਣੇ ਅੰਦਰੂਨੀ ਮਾਮਲਿਆਂ ਵਿਚ ਉਲਝੇ ਰਹੇ ਹਨ। ਕੋਵਿਡ ਅਤੇ ਇਸ ਦੇ ਨਾਲ ਜੁੜੀਆਂ ਸਮੱਸਿਆਵਾਂ ਨੇ ਸਾਡਾ ਧਿਆਨ ਅੰਦਰੂਨੀ ਮਾਮਲਿਆਂ ਵੱਲ ਖਿੱਚਿਆ ਹੋਇਆ ਸੀ ਕਿਉਂਕਿ ਲੱਖਾਂ ਲੋਕ ਮੌਤ ਦਾ ਖਾਜਾ ਬਣ ਗਏ; ਬਿਮਾਰੀ, ਮੌਤ, ਇਕਲਾਪੇ ਤੇ ਹਿਜਰਤ ਨੇ ਪਰਿਵਾਰਾਂ ਨੂੰ ਮਧੋਲ ਸੁੱਟਿਆ। ਇਸ ਤੋਂ ਇਲਾਵਾ ਵੱਖ ਵੱਖ ਸੂਬਿਆਂ ਅਤੇ ਕੌਮੀ ਪੱਧਰ ’ਤੇ ਹੋਣ ਵਾਲੀਆਂ ਚੋਣਾਂ ਵੱਲ ਵੀ ਸਾਡਾ ਧਿਆਨ ਕੇਂਦਰਤ ਰਿਹਾ ਹੈ। ਕੌਮੀ ਤੇ ਖੇਤਰੀ ਪਾਰਟੀਆਂ ਨੇ ਸੂਬਾਈ ਅਤੇ ਕੌਮੀ ਪੱਧਰਾਂ ’ਤੇ ਸੱਤਾ ’ਤੇ ਕਾਬਜ਼ ਹੋਣ ਲਈ ਪੂਰੀ ਵਾਹ ਲਾ ਦਿੱਤੀ। ਸਾਡੀ ਮੁੱਖ ਸਿਆਸੀ ਪਾਰਟੀ ਆਪਣੀ ਤੇਜ਼ ਤਰਾਰ ਚੋਣ ਮਸ਼ੀਨਰੀ ਦੇ ਸਹਾਰੇ ਭਾਰਤ ਨੂੰ ਫ਼ਤਹਿ ਕਰਨ ਦੇ ਮੁਹਾਜ਼ ’ਤੇ ਚੜ੍ਹੀ ਹੋਈ ਹੈ। ਸੂਬਾ-ਦਰ-ਸੂਬਾ ਚੁਣਾਵੀ ਮੰਜ਼ਰ ਬਦਲ ਜਾਂਦਾ ਹੈ ਅਤੇ ਕਦੇ ਕਦਾਈਂ ਕੋਈ ਅੜਿੱਕਾ ਆ ਜਾਣ ਕਰਕੇ ਇਹ ਸਿਲਸਿਲਾ ਰੁਕ ਜਾਂਦਾ ਹੈ। ਉਂਝ, ਇਕ ਹੱਦ ਤੱਕ ਇਹ ਠੀਕ ਹੈ ਕਿ ਚੋਣਾਂ ਜਿੱਤਣ ਲਈ ਹੀ ਲੜੀਆਂ ਜਾਂਦੀਆਂ ਹਨ ਅਤੇ ਸਮੂਹਿਕ ਹਿੱਤਾਂ ਦੀ ਪੂਰਤੀ ਲਈ ਸੱਤਾ ਹਾਸਲ ਕੀਤੀ ਜਾਂਦੀ ਹੈ।
    ਉਂਝ, ਕੋਈ ਅੰਦਰੂਨੀ ਮਾਮਲਿਆਂ ਅਤੇ ਚੋਣਾਂ ਦੀਆਂ ਇਨ੍ਹਾਂ ਉਲਝਣਾਂ ਵਿਚ ਹੀ ਨਾ ਘਿਰ ਜਾਵੇ ਤੇ ਸਾਨੂੰ ਆਪਣਾ ਧਿਆਨ ਆਪਣੇ ਆਂਢ-ਗੁਆਂਢ ਅਤੇ ਕੌਮਾਂਤਰੀ ਪਿੜ ਦੇ ਅਹਿਮ ਖਿਡਾਰੀਆਂ ’ਤੇ ਟਿਕਾ ਕੇ ਰੱਖਣ ਦੀ ਲੋੜ ਹੈ। ਹਰ ਥਾਈਂ ਬਹੁਤ ਤੇਜ਼ੀ ਨਾਲ ਘਟਨਾਵਾਂ ਵਾਪਰ ਰਹੀਆਂ ਹਨ ਤੇ ਦੁਨੀਆ ਭਾਰੀ ਉਥਲ-ਪੁਥਲ ਤੇ ਮੰਥਨ ਦੇ ਦੌਰ ’ਚੋਂ ਲੰਘ ਰਹੀ ਹੈ। ਦੁਨੀਆ ਭਰ ਵਿਚ ਸਰਕਾਰਾਂ ਉਤਲੇ ਪੱਧਰ ’ਤੇ ਕੂਟਨੀਤੀ ਜ਼ਰੀਏ ਘਟਨਾਵਾਂ ਨਾਲ ਕਦਮ ਤਾਲ ਬਿਠਾਉਣ ਦਾ ਯਤਨ ਕਰਦੀਆਂ ਰਹਿੰਦੀਆਂ ਹਨ। ਮਹਾਮਾਰੀ ਨੇ ਸਾਰੇ ਦੇਸ਼ਾਂ ਨੂੰ ਪਹਿਲਾਂ ਬਿਮਾਰੀ ਨਾਲ ਤੇ ਫਿਰ ਲੌਕਡਾਊਨ, ਇਕਲਾਪੇ ਤੇ ਇਸ ਦੇ ਫ਼ੌਰੀ ਤਬਾਹਕਾਰੀ ਅਸਰਾਂ ਨਾਲ ਨਜਿੱਠਣ ਲਈ ਮਜਬੂਰ ਕੀਤਾ ਹੈ। ਇਨ੍ਹਾਂ ਨਾਲ ਸਿੱਝਦਿਆਂ ਸਾਰੇ ਦੇਸ਼ਾਂ ਨੇ ਆਪੋ ਆਪਣੀ ਕਾਬਲੀਅਤ ਤੇ ਲੀਡਰਸ਼ਿਪ ਦੇ ਆਧਾਰ ’ਤੇ ਸਖ਼ਤ ਕਦਮ ਚੁੱਕੇ ਹਨ। ਦੁਨੀਆ ਭਰ ਦੀਆਂ ਕੇਂਦਰੀ ਬੈਂਕਾਂ ਮਿਕਦਾਰੀ ਪੇਸ਼ਬੰਦੀਆਂ (ਨਵੇਂ ਨੋਟ ਛਾਪਣ) ਜ਼ਰੀਏ ਇਨ੍ਹਾਂ ਆਰਥਿਕ ਅਸਰਾਂ ਨੂੰ ਕਾਬੂ ਕਰਨ ਦੇ ਯਤਨ ਕਰ ਰਹੀਆਂ ਹਨ। ਮਹਾਮਾਰੀ ਦੀ ਮਾਰ ਤੋਂ ਪਹਿਲਾਂ ਹੀ ਆਧੁਨਿਕ ਆਲਮੀ ਅਰਥਚਾਰੇ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ ਜੋ ਕਿ ਜਟਿਲ ਸੰਧੀਆਂ, ਸਪਲਾਈ ਮਾਰਗਾਂ ਤੇ ਵਪਾਰਕ ਸਮਝੌਤਿਆਂ ਰਾਹੀਂ ਨਿਰਦੇਸ਼ਤ ਹੁੰਦਾ ਹੈ। ਕਈ ਦੇਸ਼ ਆਪਣੇ ਵਪਾਰ ਤੇ ਅਰਥਚਾਰਿਆਂ ਦੀ ਰਾਖੀ ਲਈ ਜੰਗ ਦਾ ਰਾਹ ਚੁਣ ਲੈਂਦੇ ਹਨ। ਮਹਾਮਾਰੀ ਨੇ ਇਸ ਸਮੁੱਚੇ ਕਮਜ਼ੋਰ ਜਿਹੇ ਤਾਣੇ-ਬਾਣੇ ਨੂੰ ਵੱਡੀ ਪਰਖ ਵਿਚ ਪਾ ਦਿੱਤਾ ਹੈ। ਬਹੁਤ ਸਾਰੇ ਦੇਸ਼ ਇਸ ਅਰਸੇ ਦੌਰਾਨ ਆਪਣੇ ਬੂਹੇ ਬਾਰੀਆਂ ਬੰਦ ਕਰਨ ਲੱਗ ਪਏ ਹਨ। ਹਰੇਕ ਦੇਸ਼ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਸਰਹੱਦਾਂ ਬੰਦ ਕੀਤੀਆਂ ਜਾ ਰਹੀਆਂ ਹਨ, ਵਪਾਰ ਠੱਪ ਹੋ ਗਏ ਹਨ, ਦੀਰਘਕਾਲੀ ਸਮਝੌਤੇ ਮੁਲਤਵੀ ਕਰ ਦਿੱਤੇ ਗਏ ਹਨ। ਦੇਸ਼ਾਂ ਨੇ ਮਹਾਮਾਰੀ ਦੌਰਾਨ ਕੁੰਜੀਵਤ ਕੱਚੇ ਮਾਲ ਅਤੇ ਉਤਪਾਦਾਂ ਦੇ ਮਾਮਲੇ ਵਿਚ ਦੂਜੇ ਦੇਸ਼ਾਂ ’ਤੇ ਆਪਣੀ ਨਿਰਭਰਤਾ ਨੂੰ ਮਹਿਸੂਸ ਕੀਤਾ ਹੈ। ਆਤਮ ਨਿਰਭਰਤਾ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜਿਸ ਦਾ ਭਾਵ ਹੈ ਕਿ ਕੱਚੇ ਮਾਲ, ਵਪਾਰ ਮਾਰਗਾਂ ਤੇ ਹਰੇਕ ਦੇਸ਼ ਦੇ ਅਰਥਚਾਰੇ ਲਈ ਬਹੁਤ ਹੀ ਅਹਿਮ ਸਾਧਨਾਂ ਤੱਕ ਰਸਾਈ ਹਾਸਲ ਕਰਨਾ। ਕੀ ਯੂਕਰੇਨ ਵਿਚ ਚੱਲ ਰਹੀ ਜੰਗ ਇਸ ਦਾ ਸਿੱਧਾ ਸਿੱਟਾ ਹੈ ਜਾਂ ਵਡੇਰੀ ਖੇਡ ਦਾ ਅੰਸ਼ਕ ਸਿੱਟਾ, ਇਹ ਤਾਂ ਸਮਾਂ ਹੀ ਦੱਸੇਗਾ ਤੇ ਇਤਿਹਾਸਕਾਰ ਇਸ ਸਵਾਲ ਦਾ ਜਵਾਬ ਲੱਭਣਗੇ। ਸਵਾਲ ਇਹ ਉੱਠਦਾ ਹੈ ਕਿ ਅਫ਼ਰਾ-ਤਫ਼ਰੀ ਦੇ ਇਸ ਜ਼ਾਹਰਾ ਆਲਮ ਵਿਚ ਕੀ ਅਸੀਂ ਆਪਣੀ ਮੁਸ਼ਤੈਦੀ ਨੂੰ ਪੁਖਤਾ ਕਰ ਰਹੇ ਹਾਂ? ਇਸੇ ਦੌਰਾਨ ਜੰਗ ਦੀ ਮਾਰ ਹੇਠ ਆਏ ਯੂਕਰੇਨ ’ਚ ਹਜ਼ਾਰਾਂ ਦੀ ਤਾਦਾਦ ਵਿਚ ਫਸੇ ਸਾਡੇ ਵਿਦਿਆਰਥੀਆਂ ਨੂੰ ਵਾਪਸ ਲੈ ਕੇ ਆਉਣਾ ਵੱਡੀ ਪਹਿਲਕਦਮੀ ਮੰਨੀ ਜਾਂਦੀ ਹੈ, ਪਰ ਇਹ ਕਦਮ ਉਠਾਉਣ ਵਿਚ ਵੀ ਕਾਫ਼ੀ ਦੇਰ ਕਰ ਦਿੱਤੀ ਗਈ ਤੇ ਹਰਕਤ ਵੀ ਉਦੋਂ ਹੋਣ ਲੱਗੀ ਜਦੋਂ ਪੀੜਤ ਪਰਿਵਾਰਾਂ ਨੇ ਹਾਲ ਪਾਹਰਿਆ ਕੀਤੀ। ਇਸ ਮਾਮਲੇ ਵਿਚ ਅਸੀਂ ਸਿਰਫ਼ ਇੰਨਾ ਕੀਤਾ ਕਿ ਉਨ੍ਹਾਂ ਵਿਦਿਆਰਥੀਆਂ ਨੂੰ ਜਹਾਜ਼ਾਂ ਰਾਹੀਂ ਲੈ ਆਂਦਾ ਜੋ ਸਰਹੱਦ ਪਾਰ ਕਰ ਕੇ ਗੁਆਂਢੀ ਮੁਲ਼ਕਾਂ ਵਿਚ ਪਹੁੰਚ ਗਏ।
        ਆਓ, ਹੁਣ ਆਪਣੇ ਆਂਢ-ਗੁਆਂਢ ਅਤੇ ਇਸ ਪ੍ਰਤੀ ਸਾਡੀ ਨੀਤੀ ’ਤੇ ਝਾਤ ਮਾਰੀਏ। ਭੂਗੋਲਿਕ ਤੌਰ ’ਤੇ ਇਹ ਕਠੋਰ ਸੱਚਾਈ ਹੈ ਕਿ ਸਾਨੂੰ ਆਪਣੇ ਗੁਆਂਢੀਆਂ ਨਾਲ ਹੀ ਰਹਿਣਾ ਪਵੇਗਾ ਅਤੇ ਅਸੀਂ ਉਨ੍ਹਾਂ ਦੀ ਚੋਣ ਨਹੀਂ ਕਰ ਸਕਦੇ। ਸਭ ਤੋਂ ਵਧੀਆ ਰਾਹ ਇਹ ਹੁੰਦਾ ਹੈ ਕਿ ਅਮਨ-ਚੈਨ ਦੇ ਮਾਹੌਲ ਵਿਚ ਰਿਹਾ ਜਾਵੇ ਅਤੇ ਦੁਵੱਲੇ ਲਾਭ ਲਈ ਵਪਾਰ ਤੇ ਅਰਥਚਾਰੇ ਦੀਆਂ ਨੀਤੀਆਂ ਉਲੀਕੀਆਂ ਜਾਣ। ਸਾਡੇ ਆਸ-ਪਾਸ ਬਹੁਤੇ ਛੋਟੇ ਮੁਲਕ ਹਨ, ਪਰ ਚੀਨ ਤੇ ਪਾਕਿਸਤਾਨ ਦੋ ਵੱਡੇ ਮੁਲਕ ਵੀ ਸਾਡੇ ਗੁਆਂਢੀ ਹਨ। ਸ੍ਰੀਲੰਕਾ, ਨੇਪਾਲ, ਬੰਗਲਾਦੇਸ਼, ਮਿਆਂਮਾਰ, ਭੂਟਾਨ ਅਤੇ ਮਾਲਦੀਵ ਨਿਸਬਤਨ ਛੋਟੇ ਮੁਲਕ ਹਨ, ਪਰ ਬਰਾਬਰ ਦੇ ਭਾਈਵਾਲ ਗੁਆਂਢੀ ਹਨ। ਛੋਟੇ ਮੁਲਕਾਂ ਨਾਲ ਜਿੱਥੋਂ ਤੱਕ ਸਾਡੇ ਸੰਬੰਧਾਂ ਦਾ ਸਵਾਲ ਹੈ ਤਾਂ ਸਾਨੂੰ ਉਨ੍ਹਾਂ ਨਾਲ ਬਰਾਬਰੀ ਦਾ ਸਲੂਕ ਕਰਨਾ ਚਾਹੀਦਾ ਹੈ ਤੇ ਵੱਡੇ ਭਰਾ ਜਾਂ ਚੌਧਰੀ ਵਾਲੀ ਧੌਂਸ ਨਹੀਂ ਜਮਾਉਣੀ ਚਾਹੀਦੀ। ਜਿੰਨਾ ਕੋਈ ਮੁਲਕ ਜਾਂ ਵਿਅਕਤੀ ਛੋਟਾ ਹੁੰਦਾ ਹੈ ਉਸ ਦੇ ਮੋਢਿਆਂ ’ਤੇ ਆਪਣੇ ਆਦਰ ਮਾਣ ਦਾ ਭਾਰ ਵੀ ਓਨਾ ਹੀ ਵੱਡਾ ਹੁੰਦਾ ਹੈ ਜਿਸ ਕਰਕੇ ਉਨ੍ਹਾਂ ਨਾਲ ਬਹੁਤ ਹੀ ਸੰਭਲ ਕੇ ਪੇਸ਼ ਆਉਣਾ ਪੈਂਦਾ ਹੈ। ਪਿਛਲੇ ਲੰਮੇ ਅਰਸੇ ਤੋਂ ਅਸੀਂ ਉਨ੍ਹਾਂ ਪ੍ਰਤੀ ਬਹੁਤੇ ਸਤਿਕਾਰ ਜਾਂ ਤਵੱਜੋ ਨਾਲ ਪੇਸ਼ ਨਹੀਂ ਆਉਂਦੇ ਰਹੇ। ਬੰਗਲਾਦੇਸ਼ ਨੂੰ ਤਾਂ ਅਸੀਂ ਇੰਝ ਲੈਂਦੇ ਰਹੇ ਹਾਂ ਜਿਵੇਂ ਉਸ ਨੂੰ ਤਾਂ ਆਜ਼ਾਦੀ ਦੀ ਦਾਤ ਅਸੀਂ ਹੀ ਬਖ਼ਸ਼ੀ ਹੋਵੇ ਜਿਸ ਕਰਕੇ ਉਸ ਨੂੰ ਸਦਾ ਸਾਡਾ ਰਿਣੀ ਰਹਿਣਾ ਚਾਹੀਦਾ ਹੈ। ਅਸੀਂ ਬੰਗਲਾਦੇਸ਼ੀਆਂ ਨੂੰ ਕੋਈ ਖ਼ਾਸ ਅਹਿਮੀਅਤ ਨਹੀਂ ਦਿੱਤੀ ਜਦੋਂ ਤੱਕ ਇਹ ਸਪੱਸ਼ਟ ਨਹੀਂ ਹੋ ਗਿਆ ਕਿ ਉਨ੍ਹਾਂ ਦਾ ਅਰਥਚਾਰਾ ਸਾਡੇ ਅਰਥਚਾਰੇ ਨਾਲੋਂ ਬਿਹਤਰ ਕਾਰਗੁਜ਼ਾਰੀ ਦਿਖਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਕੱਪੜਾ ਬਰਾਮਦਾਂ ਦੁਨੀਆ ਵਿਚ ਦੂਜੇ ਮੁਕਾਮ ’ਤੇ ਅੱਪੜ ਚੁੱਕੀਆਂ ਹਨ। ਇਸ ਵੇਲੇ ਬੰਗਲਾਦੇਸ਼ ਵਿਚ ਭਾਰਤ ਨਾਲ ਦੋਸਤਾਨਾ ਸੰਬੰਧ ਰੱਖਣ ਵਾਲੀ ਸਰਕਾਰ ਚੱਲ ਰਹੀ ਹੈ, ਪਰ ਸਾਨੂੰ ਉਨ੍ਹਾਂ ਨਾਲ ਲੋਕਾਂ ਦੇ ਆਪਸੀ ਸੰਬੰਧ ਵਿਕਸਤ ਕਰਨ ’ਤੇ ਜ਼ੋਰ ਦੇਣਾ ਚਾਹੀਦਾ ਹੈ ਤੇ ਸਿਰਫ਼ ਇਕ ਹੀ ਹਸਤੀ ਜਾਂ ਪਾਰਟੀ ’ਤੇ ਟੇਕ ਰੱਖ ਕੇ ਨਹੀਂ ਚੱਲਣਾ ਚਾਹੀਦਾ।
       ਸ੍ਰੀਲੰਕਾ ਨਾਲ ਸੰਬੰਧਾਂ ਦੀ ਕਹਾਣੀ ਵੀ ਇਹੋ ਜਿਹੀ ਹੈ। ਅਸੀਂ ਉੱਥੇ ਹਥਿਆਰਬੰਦ ਦਸਤੇ ਵੀ ਭੇਜੇ ਸਨ, ਪਰ ਨਾ ਅਸੀਂ ਉੱਥੋਂ ਦੇ ਸਿੰਹਾਲੀ ਲੋਕਾਂ ਦਾ ਸਾਥ ਲੈ ਕੇ ਸਕੇ ਤੇ ਨਾ ਹੀ ਤਾਮਿਲਾਂ ਦਾ ਭਰੋਸਾ ਕਾਇਮ ਰੱਖ ਸਕੇ। ਇਸ ਵੇਲੇ ਸ੍ਰੀਲੰਕਾ ਵਿਚ ਹੀ ਨਹੀਂ ਸਗੋਂ ਨੇਪਾਲ ਅਤੇ ਮਿਆਂਮਾਰ ਵਿਚ ਵੀ ਚੀਨ ਦੀ ਭਰਵੀਂ ਮੌਜੂਦਗੀ ਬਣ ਚੁੱਕੀ ਹੈ। ਅਸੀਂ ਸੋਚਦੇ ਰਹਿ ਗਏ ਕਿ ਨੇਪਾਲ ਇਕ ਹਿੰਦੂ ਰਾਜ ਹੈ ਜਿਸ ਕਰਕੇ ਉਹ ਤਾਂ ਸਾਡੀ ਜਾਗੀਰ ਹੀ ਹੈ। ਸ਼ੁਰੂ ਸ਼ੁਰੂ ਵਿਚ ਅਸੀਂ ਉੱਥੋਂ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਪਰਵਾਹ ਕੀਤੇ ਬਗ਼ੈਰ ਸ਼ਾਹ ਦੀ ਪਿੱਠ ਪੂਰਦੇ ਰਹੇ। ਨੇਪਾਲ ਵਿਚ ਅਜੇ ਵੀ ਉਥਲ-ਪੁਥਲ ਚੱਲ ਰਹੀ ਹੈ, ਪਰ ਉੱਥੋਂ ਦੀ ਖੱਬੇਪੱਖੀ ਧਿਰ ਤਾਂ ਕੀ ਸਗੋਂ ਸੱਜੇਪੱਖੀਆਂ ਨੂੰ ਵੀ ਸਾਡਾ ਨਾਂ ਲੈਣਾ ਵੀ ਵਾਰਾ ਨਹੀਂ ਖਾਂਦਾ। ਮਿਆਂਮਾਰ ਵਿਚ ਅਸੀਂ ਲੋਕਾਂ ਤੇ ਫ਼ੌਜੀ ਤਾਨਾਸ਼ਾਹੀ ਦਰਮਿਆਨ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦੇ ਆ ਰਹੇ ਹਾਂ। ਮਿਆਂਮਾਰ ਸਦੀਆਂ ਤੋਂ ਸਾਡੇ ਉੱਤਰ ਪੂਰਬੀ ਖਿੱਤੇ ਦਾ ਰਵਾਇਤੀ ਵਪਾਰਕ ਭਿਆਲ ਰਿਹਾ ਹੈ, ਪਰ ਇਸ ਵੇਲੇ ਉੱਤਰ ਪੂਰਬ ਦੇ ਬਾਗ਼ੀਆਂ ਦੀ ਪਨਾਹਗਾਹ ਬਣਿਆ ਹੋਇਆ ਹੈ। ਜਾਪਦਾ ਹੈ ਕਿ ਅਸੀਂ ਆਪਣੇ ਆਂਢ-ਗੁਆਂਢ ਲਈ ਕੋਈ ਦੇਰਪਾ ਰਣਨੀਤੀ ਨਹੀਂ ਉਲੀਕ ਸਕੇ। ਇਹੋ ਜਿਹੀ ਨੀਤੀ ਜਿਸ ਦੇ ਕੁਝ ਸਾਂਝੇ ਸਰੋਕਾਰ ਹੋਣ ਤੇ ਨਾਲ ਹੀ ਹਰੇਕ ਦੇਸ਼ ਦੇ ਖ਼ਾਸ ਹਾਲਾਤ ਵਾਲੇ ਲੱਛਣ ਵੀ ਸ਼ਾਮਲ ਹੋਣ। ਇਸ ਤਰ੍ਹਾਂ ਦੀ ਰਣਨੀਤੀ ਵਿਚ ਰੱਖਿਆ, ਵਪਾਰ, ਵਣਜ, ਸੈਰ ਸਪਾਟਾ, ਸਭਿਆਚਾਰਕ ਆਦਾਨ ਪ੍ਰਦਾਨ ਦੇ ਉਪਰਾਲੇ ਸ਼ਾਮਲ ਹੋਣ। ਕਿਸੇ ਹੰਗਾਮੀ ਸੂਰਤ ਵਿਚ ਦੀਰਘਕਾਲੀ ਨੀਤੀਆਂ ਵਿਚ ਹੇਰ-ਫੇਰ ਦੀ ਗੁੰਜਾਇਸ਼ ਵੀ ਰਹਿੰਦੀ ਹੈ। ਇਸ ਕਿਸਮ ਦੀ ਯੋਜਨਾਬੰਦੀ ਦੀ ਘਾਟ ਤੋਂ ਹੀ ਸਾਡੇ ਖਿੱਤੇ ਦੀ ਸਭ ਤੋਂ ਵੱਡੀ ਵਪਾਰਕ ਸੰਧੀ ਖੇਤਰੀ ਵਿਆਪਕ ਆਰਥਿਕ ਸਾਂਝੇਦਾਰੀ (ਆਰਸੀਈਪੀ) ਵਿਚ ਸਾਡੀ ਗ਼ੈਰ-ਮੌਜੂਦਗੀ ਨੂੰ ਸਮਝਿਆ ਜਾ ਸਕਦਾ ਹੈ। ਇਸੇ ਤਰ੍ਹਾਂ ਅਸੀਂ ਆਪਣੇ ਆਂਢ-ਗੁਆਂਢ ਵਿਚਲੇ ਕਿਸੇ ਵੀ ਵੱਡੇ ਰੱਖਿਆ ਸਮਝੌਤੇ ਦਾ ਹਿੱਸਾ ਨਹੀਂ ਹਾਂ। ਸਵਾਲ ਪੈਦਾ ਹੁੰਦਾ ਹੈ ਕਿ ਕੀ ਅਸੀਂ ਆਪਣੇ ਗੁਆਂਢੀ ਮੁਲਕਾਂ ਤੋਂ ਟੁੱਟੇ ਹੋਏ ਹਾਂ ਤੇ ਇੱਥੋਂ ਤੱਕ ਕਿਸੇ ਵੇਲੇ ਸਾਡਾ ਸਭ ਤੋਂ ਪੱਕਾ ਭਿਆਲ ਰਿਹਾ ਭੂਟਾਨ ਵੀ ਚੀਨ ਦੇ ਪ੍ਰਭਾਵ ਹੇਠ ਜਾਂਦਾ ਜਾਪ ਰਿਹਾ ਹੈ। ਗ਼ੌਰਤਲਬ ਹੈ ਕਿ ਜਦੋਂ ਲੱਦਾਖ ਵਿਚ ਚੀਨੀ ਫ਼ੌਜ ਨੇ ਦਖ਼ਲਅੰਦਾਜ਼ੀ ਕੀਤੀ ਤਾਂ ਸਾਡੇ ਇਕ ਵੀ ਗੁਆਂਢੀ ਨੇ ਸਾਡੇ ਹੱਕ ਦੀ ਗੱਲ ਨਹੀਂ ਕੀਤੀ ਸੀ।
       ਪਾਕਿਸਤਾਨ ਨਾਲ ਸੰਬੰਧਾਂ ਦੀ ਚਰਚਾ ਕਰਦਿਆਂ ਇਹ ਸਪੱਸ਼ਟ ਹੈ ਕਿ 1947 ਤੋਂ ਲੈ ਕੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਦੋਵੇਂ ਦੇਸ਼ਾਂ ਵਿਚਾਲੇ ਸਾਂਝ ਦੇ ਪੁਲ ਉਸਾਰਨ ਲਈ ਕੋਈ ਸੰਜੀਦਾ ਕੋਸ਼ਿਸ਼ ਨਹੀਂ ਕੀਤੀ। ਆਖ਼ਰਕਾਰ ਅਸੀਂ ਸਦੀਆਂ ਤੋਂ ਇਕੱਠੇ ਰਹਿੰਦੇ ਰਹੇ ਹਾਂ ਅਤੇ ਮਿਲ ਕੇ ਵਪਾਰ, ਅਰਥਚਾਰਾ, ਸਭਿਆਚਾਰਕ ਰਿਸ਼ਤੇ ਆਦਿ ਵਿਕਸਤ ਕਰ ਸਕਦੇ ਸਾਂ। ਬਹਰਹਾਲ, ਪਾਕਿਸਤਾਨੀ ਫ਼ੌਜ ਤੇ ਉਸ ਦੇ ਜਰਨੈਲਾਂ ਨੇ ਇਸ ਕਾਰਜ ਨੂੰ ਅਸੰਭਵ ਬਣਾ ਦਿੱਤਾ ਹੈ ਅਤੇ ਦੋਵੇਂ ਦੇਸ਼ ਹਮੇਸ਼ਾ ਜੰਗ ਦੇ ਸਾਏ ਹੇਠ ਰਹਿੰਦੇ ਹਨ। ਚੀਨ ਦੇ ਆਉਣ ਨਾਲ ਹਾਲਾਤ ਹੋਰ ਜਟਿਲ ਹੋ ਗਏ ਹਨ ਅਤੇ ਚੀਨ, ਪਾਕਿਸਤਾਨ ਅਤੇ ਰੂਸ ਦੇ ਆਪਸੀ ਸੰਬੰਧ ਲਗਾਤਾਰ ਮਜ਼ਬੂਤ ਹੁੰਦੇ ਜਾ ਰਹੇ ਹਨ।
        ਨਹਿਰੂ ਦੇ ‘ਹਿੰਦੀ ਚੀਨੀ ਭਾਈ ਭਾਈ’ ਨਾਅਰੇ ਤੋਂ ਲੈ ਕੇ ਵਾਜਪਾਈ ਦੇ ਲਾਹੌਰ ਦੌਰੇ, ਮੋਦੀ ਦੀ ਅਣਐਲਾਨੀ ਲਾਹੌਰ ਫੇਰੀ ਤੋਂ ਮਨਮੋਹਨ ਸਿੰਘ ਦੀ ਪਹਿਲਕਦਮੀ ਤੱਕ ਸਭ ਯਤਨ ਨਿਹਫ਼ਲ ਸਾਬਿਤ ਹੋਏ ਹਨ। ਅਸਲ ਵਿਚ ਅਸੀਂ ਠੋਸ ਸਾਂਝ ਪੈਦਾ ਕਰਨ ਦੀ ਬਜਾਇ ਤਸਵੀਰਾਂ ਖਿਚਵਾਉਣ ਦਾ ਮੌਕਾ ਬਣਾਉਣ ਵਿਚ ਹੀ ਯਕੀਨ ਰੱਖਦੇ ਹਾਂ। ਅਸੀਂ ਪਾਕਿਸਤਾਨ ਨਾਲ ਜੰਗਾਂ ਤਾਂ ਲੜੀਆਂ, ਪਰ ਕੋਈ ਆਰਥਿਕ ਸੰਬੰਧ ਵਿਕਸਤ ਨਹੀਂ ਕੀਤੇ ਜਿਨ੍ਹਾਂ ਸਦਕਾ ਦੋਵੇਂ ਦੇਸ਼ਾਂ ਦੇ ਲੋਕ ਇਕ ਦੂਜੇ ਦੇ ਕਰੀਬ ਆ ਸਕਦੇ ਸਨ। ਅਸੀਂ ਚੀਨੀਆਂ ਨਾਲ 1962 ਦੀ ਜੰਗ ਲੜੀ ਸੀ ਜਿਸ ਤੋਂ ਬਾਅਦ ਉਨ੍ਹਾਂ ਲੱਦਾਖ ਅਤੇ ਉੱਤਰ-ਪੂਰਬ ਵਿਚ ਸਾਡੀ ਜ਼ਮੀਨ ਦੇ ਵੱਡੇ ਹਿੱਸੇ ਹੜੱਪ ਲਏ ਸਨ ਅਤੇ ਅਸੀਂ ਆਪਣੇ ਆਪ ਨੂੰ ਸਮਝਾਉਂਦੇ ਰਹੇ ਹਾਂ ਕਿ ਇਹ ਇਲਾਕੇ ਤਾਂ ਪਹਿਲਾਂ ਤੋਂ ਹੀ ਚੀਨ ਦੇ ਕਬਜ਼ੇ ਹੇਠ ਰਹੇ ਹਨ। ਜੇ ਇਹੀ ਗੱਲ ਹੈ ਤਾਂ ਤੁਸੀਂ ਇਹ ਇਲਾਕੇ ਵਾਪਸ ਲੈਣ ਲਈ ਹੁਣ ਤੱਕ ਕੀ ਕੀਤਾ ਹੈ? ਫ਼ੌਜੀ ਜਰਨੈਲਾਂ ਦਰਮਿਆਨ ਵਾਰਤਾ ਕਰ ਕੇ ਵਾਹ ਲੱਗਦੀ ਵਕਤੀ ਗੋਲੀਬੰਦੀ ਤਾਂ ਹੋ ਸਕਦੀ ਹੈ, ਪਰ ਇਹ ਵਾਰਤਾ ਕੋਈ ਠੋਸ ਸਿਆਸੀ ਹੱਲ ਨਹੀਂ ਕੱਢ ਸਕਦੀ। ਇਹੋ ਜਿਹੇ ਮਾਮਲਿਆਂ ਦਾ ਸਿੱਟਾ ਤਾਂ ਕੂਟਨੀਤੀਵਾਨਾਂ ਦੀ ਸਖ਼ਤ ਮਿਹਨਤ ਤੇ ਰਾਜਨੀਤੀਵਾਨਾਂ ਦੀਆਂ ਵਾਰਤਾਵਾਂ ਰਾਹੀਂ ਹੀ ਨਿਕਲਦਾ ਹੈ। ਚੀਨ ਦੇ ਮਾਮਲੇ ਵਿਚ ਅਸੀਂ ਇਕਤਰਫ਼ਾ ਵਪਾਰਕ ਰਿਸ਼ਤਿਆਂ ਵਿਚ ਸ਼ਾਮਲ ਹਾਂ ਜਿਨ੍ਹਾਂ ਵਿਚ ਸਾਡੀ ਤਰਫੋਂ ਘੱਟੋਘੱਟ ਤੇ ਚੀਨ ਦੀ ਤਰਫ਼ੋਂ ਵੱਧ ਤੋਂ ਵੱਧ ਵਪਾਰ ਚੱਲ ਰਿਹਾ ਹੈ। ਅਸੀਂ ਆਪਣੇ ਅਰਥਚਾਰੇ ਵੱਲ ਲੋੜੀਂਦਾ ਧਿਆਨ ਨਹੀਂ ਦੇ ਸਕੇ ਅਤੇ ਅਜੇ ਤਾਈਂ ਸਰਕਾਰੀ ਤੇ ਪ੍ਰਾਈਵੇਟ ਖੇਤਰਾਂ ਦਰਮਿਆਨ ਲੜਾਈ ਮਘੀ ਹੋਈ ਹੈ ਤੇ ਹੁਣ ‘ਜੁੰਡਲੀ ਪੂੰਜੀਵਾਦ’ ਤੀਜੇ ਖਿਡਾਰੀ ਵਜੋਂ ਸਾਹਮਣੇ ਆ ਗਿਆ ਹੈ। ਤੇ ਚੀਨ ਨੇ ਕੀ ਕੀਤਾ ਸੀ? ਕਾਫ਼ੀ ਅਰਸਾ ਪਹਿਲਾਂ ਇਕ ਬਹੁਤ ਹੀ ਸੀਨੀਅਰ ਕਮਿਊਨਿਸਟ ਆਗੂ ਨਾਲ ਕੀਤੀ ਗੱਲਬਾਤ ਮੈਨੂੰ ਯਾਦ ਹੈ ਜਦੋਂ ਉਸ ਨੇ ਚੀਨ ਵੱਲੋਂ ਪੱਛਮ ਜਾਂ ਸਾਡੇ ਖਿਲਾਫ਼ ਜੰਗ ਛੇੜਨ ਦੇ ਸਵਾਲ ਬਾਰੇ ਸਪੱਸ਼ਟ ਆਖਿਆ ਸੀ- ਤਿੰਨ ਜਾਂ ਚਾਰ ਦਹਾਕਿਆਂ ਤੱਕ ਤਾਂ ਬਿਲਕੁਲ ਵੀ ਨਹੀਂ ਜਦੋਂ ਤੱਕ ਸਾਡਾ ਅਰਥਚਾਰਾ ਤੇ ਫ਼ੌਜੀ ਤਾਕਤ ਅਮਰੀਕਾ ਦੇ ਹਾਣ ਦੇ ਨਹੀਂ ਬਣ ਜਾਂਦੇ। ਮੇਰਾ ਖਿਆਲ ਹੈ ਕਿ ਉਸ ਦਾ ਅਨੁਮਾਨ ਬਿਲਕੁਲ ਸਹੀ ਸੀ। ਇਸ ਦੀਰਘਕਾਲੀ ਰਣਨੀਤਕ ਨੀਤੀ ਦੇ ਸਿੱਟੇ ਵਜੋਂ ਅੱਜ ਚੀਨੀ ਆਰਥਿਕਤਾ ਅਤੇ ਫ਼ੌਜ ਅਮਰੀਕਨਾਂ ਨਾਲ ਲੋਹਾ ਲੈਣ ਦੇ ਸਮੱਰਥ ਬਣ ਸਕੀ ਹੈ। ਇਸ ਲਈ ਦੂਰਅੰਦੇਸ਼ੀ, ਯੋਜਨਾਬੰਦੀ ਅਤੇ ਆਰਥਿਕ ਤੇ ਫ਼ੌਜੀ ਬੁਨਿਆਦੀ ਢਾਂਚਾ ਉਸਾਰਨ ਦੀ ਲੋੜ ਪੈਂਦੀ ਹੈ ਤਾਂ ਕਿ ਦੇਸ਼ ਆਤਮ-ਨਿਰਭਰ ਹੋ ਸਕੇ।
       ਕੁਝ ਸਾਲਾਂ ਤੋਂ ਹਿੰਦ ਪ੍ਰਸ਼ਾਂਤ ਖਿੱਤੇ ਅੰਦਰ ਚੀਨ ਨੂੰ ਡੱਕਣ ਦੇ ਇਰਾਦੇ ਨਾਲ ਅਸੀਂ ਅਮਰੀਕਨਾਂ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ‘ਕੁਆਡ’ ਦੇ ਮੈਂਬਰ ਬਣ ਗਏ ਹਾਂ ਜਿਸ ਵਿਚ ਅਮਰੀਕਾ, ਆਸਟਰੇਲੀਆ ਤੇ ਜਪਾਨ ਸ਼ਾਮਲ ਹਨ। ਇਹ ਨਾ ਕੋਈ ਫ਼ੌਜੀ ਜੁੱਟ ਹੈ ਤੇ ਨਾ ਹੀ ਕੋਈ ਆਰਥਿਕ ਸਮੂਹ ਸਗੋਂ ਇਕ ਅਸਪੱਸ਼ਟ ਜਿਹਾ ਉੱਦਮ ਹੈ ਜੋ ਇਸ ਖਿੱਤੇ ਅੰਦਰ ਆਪਣੀ ਮੌਜੂਦਗੀ ਮਜ਼ਬੂਤੀ ਨਾਲ ਦਰਸਾਉਣਾ ਚਾਹੁੰਦਾ ਹੈ। ਇਹ ਬਹੁ ਪ੍ਰਚਾਰਿਤ ‘ਪੂਰਬ ਦੀ ਧੁਰੀ’ ਦੀ ਕੜੀ ਵੀ ਕਹੀ ਜਾ ਸਕਦੀ ਹੈ, ਪਰ ਇਸ ਦੀ ਮਜ਼ਬੂਤੀ ਪ੍ਰਤੀਬੱਧਤਾ ਨਹੀਂ ਹੈ। ਇਸ ਵਾਰ ਵੀ ਲੱਦਾਖ ਵਿਚ ਚੀਨ ਦੇ ਹਮਲੇ ਦੀ ਕੋਈ ਤਿੱਖੀ ਨਿੰਦਾ ਸੁਣਨ ਨੂੰ ਨਹੀਂ ਮਿਲੀ। ਇਸੇ ਦੌਰਾਨ, ਚੀਨ ਤੇ ਰੂਸ ਨੇ ਇਕ ਇਤਿਹਾਸਕ ਤੇ ਲਗਭਗ ਸਦੀਵੀ ਗੱਠਜੋੜ ਸਹੀਬੰਦ ਕਰ ਲਿਆ। ਪਾਕਿਸਤਾਨ ਪਹਿਲਾਂ ਹੀ ਚੀਨ ਦਾ ਕਰੀਬੀ ਭਿਆਲ ਹੈ ਅਤੇ ਚੀਨ ਦੇ ‘ਬੈਲਟ ਐਂਡ ਰੋਡ’ ਪ੍ਰਾਜੈਕਟ ਦਾ ਹਿੱਸਾ ਹੈ। ਇਸ ਨਾਲ ਸਾਡੀ ਸਥਿਤੀ ਕਿਹੋ ਜਿਹੀ ਰਹਿ ਗਈ ਹੈ? ਆਜ਼ਾਦੀ ਤੋਂ ਬਾਅਦ ਦੇ ਸਾਲਾਂ ਵਿਚ ਕੌਮਾਂਤਰੀ ਮੰਚਾਂ ’ਤੇ ਸਾਡੀ ਗੱਲ ਸੁਣੀ ਜਾਂਦੀ ਸੀ ਅਤੇ ਅਸੀਂ ਗੁੱਟ ਨਿਰਲੇਪ ਲਹਿਰ ਅਤੇ ਪੰਚਸ਼ੀਲ ਦੇ ਬਾਨੀਆਂ ਵਿਚ ਸ਼ੁਮਾਰ ਸਾਂ। ਫਿਰ ਸਮਾਂ ਬੀਤਣ ਨਾਲ ਅਸੀਂ ਥਿੜਕ ਗਏ। ਇਕ ਪਾਸੇ ਅਸੀਂ ਆਪਣੇ ਹਥਿਆਰਬੰਦ ਦਸਤਿਆਂ ਨੂੰ ਲਗਭਗ ਪੂਰੀ ਤਰ੍ਹਾਂ ਰੂਸ ’ਤੇ ਨਿਰਭਰ ਕਰ ਲਿਆ ਹੈ ਜਦੋਂਕਿ ਦੂਜੇ ਪਾਸੇ ਅਸੀਂ ਅਮਰੀਕੀਆਂ ਦੇ ਕਰੀਬ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਰਾਨ ਨਾਲ ਸਾਡੇ ਪੁਰਾਣੇ ਸਮਿਆਂ ਤੋਂ ਸੰਬੰਧ ਚਲੇ ਆ ਰਹੇ ਸਨ ਅਤੇ ਉੱਥੇ ਅਸੀਂ ਆਪਣੀਆਂ ਰਣਨੀਤਕ ਲੋੜਾਂ ਲਈ ਇਕ ਬੰਦਰਗਾਹ ਵੀ ਉਸਾਰ ਰਹੇ ਸਾਂ। ਇਸ ਨਾਲ ਸਾਨੂੰ ਸਭ ਤੋਂ ਸਸਤਾ ਤੇਲ ਮਿਲਣਾ ਸੀ ਅਤੇ ਮੱਧ ਏਸ਼ੀਆ ਤੱਕ ਸਾਡੀ ਰਸਾਈ ਵੀ ਹੋ ਜਾਣੀ ਸੀ, ਪਰ ਅਮਰੀਕੀਆਂ ਦੀ ਇਕ ਫੋਨ ਕਾਲ ’ਤੇ ਇਹ ਸਭ ਕੁਝ ਅਸੀਂ ਗੁਆ ਲਿਆ। ਕੀ ਇਸ ਨਾਲ ਸਾਡੇ ਕੌਮੀ ਹਿੱਤਾਂ ਨੂੰ ਕੋਈ ਲਾਭ ਹੋਇਆ, ਕੀ ਅਸੀਂ ਆਪਣੇ ਰਣਨੀਤਕ ਉਦੇਸ਼ਾਂ ਦੀ ਅਣਦੇਖੀ ਕੀਤੀ ਹੈ ਜਾਂ ਸਾਡਾ ਕੋਈ ਰਣਨੀਤਕ ਉਦੇਸ਼ ਹੈ ਵੀ ਸੀ ਜਾਂ ਨਹੀਂ? ਹੁਣ ਯੂਕਰੇਨ ਦੇ ਮਾਮਲੇ ਵਿਚ ਅਸੀਂ ਕਿੱਥੇ ਖੜ੍ਹੇ ਹਾਂ? ਅਸੀਂ ਸੰਯੁਕਤ ਰਾਸ਼ਟਰ ਦੀਆਂ ਮੀਟਿੰਗਾਂ ’ਚੋਂ ਗ਼ੈਰਹਾਜ਼ਰ ਹੋ ਗਏ ਤੇ ਅਸੀਂ ਮੂੰਹ ’ਚ ਘੁੰਗਣੀਆਂ ਪਾ ਕੇ ਬਹਿ ਗਏ। ਨਾ ਅਸੀਂ ਪੱਛਮ ਦੀ ਹਮਾਇਤ ਕਰ ਸਕੇ ਤੇ ਨਾ ਰੂਸ ਦੀ ਤਰਫ਼ਦਾਰੀ। ਫ਼ੌਜੀ ਸਾਜ਼ੋ-ਸਾਮਾਨ ਦੇ ਰੂਪ ਵਿਚ ਰੂਸੀਆਂ ਨਾਲ ਜੱਫੀ ਅਤੇ ਫ਼ੌਜੀ ਤੇ ਆਰਥਿਕ ਮਾਮਲਿਆਂ ਵਿਚ ਅਮਰੀਕੀਆਂ ਨਾਲ ਗਲਵੱਕੜੀ ਨੇ ਸਾਨੂੰ ਲਾਚਾਰ ਬਣਾ ਕੇ ਧਰ ਦਿੱਤਾ। ਜਦੋਂ ਯੂਕਰੇਨ ਦੇ ਰਾਸ਼ਟਰਪਤੀ ਨੇ ਸਾਨੂੰ ਦਖ਼ਲ ਦੇਣ ਦਾ ਵਾਸਤਾ ਪਾਇਆ ਤਾਂ ਅਸੀਂ ਚੁੱਪ ਵੱਟ ਲਈ। ਸਿੱਟੇ ਵਜੋਂ ਜਦੋਂ ਯੂਕਰੇਨ ਵਿਚ ਸਾਡੇ ਵਿਦਿਆਰਥੀ ਘਿਰ ਗਏ ਤਾਂ ਕੋਈ ਸਾਡੀ ਮਦਦ ਲਈ ਅੱਗੇ ਨਾ ਆਇਆ। ਸਾਡੀ ਵਿਦੇਸ਼ ਨੀਤੀ ਨੇ ਸਾਨੂੰ ਅੰਨ੍ਹੇ, ਬੋਲ਼ੇ ਅਤੇ ਗੂੰਗੇ ਕਿਉਂ ਬਣਾ ਦਿੱਤਾ ਹੈ? ਅਸੀਂ ਆਪਣੀਆਂ ਲੱਤਾਂ ਸਹਾਰੇ ਕਿਉਂ ਨਹੀਂ ਖੜ੍ਹ ਸਕਦੇ ਅਤੇ ਆਪਣੇ ਵਾਜਬ ਹਿੱਤਾਂ ਦੀ ਰਾਖੀ ਤੇ ਪੂਰਤੀ ਕਰਨ ਤੋਂ ਅਸਮੱਰਥ ਕਿਉਂ ਹਾਂ? ਕਿਉਂਕਿ ਅਸੀਂ ਦੋ ਕਿਸ਼ਤੀਆਂ ਵਿਚ ਸਵਾਰ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਲੰਮੇ ਸਮੇਂ ਤੋਂ ਆਪਣੇ ਹਥਿਆਰਬੰਦ ਦਸਤਿਆਂ ਅਤੇ ਅਰਥਚਾਰੇ ਲਈ ਵਿਦੇਸ਼ੀ ਇਮਦਾਦ ’ਤੇ ਨਿਰਭਰ ਚਲਦੇ ਆ ਰਹੇ ਹਾਂ। ਸਾਡੇ ਕੋਲ ਆਪਣੇ ਹਥਿਆਰਬੰਦ ਦਸਤਿਆਂ ਲਈ ਕੋਈ ਸਨਅਤੀ ਆਧਾਰ ਮੌਜੂਦ ਨਹੀਂ ਹੈ। ਦੇਸ਼ ਸੰਕਲਪ ਅਤੇ ਦੂਰਦਰਸ਼ੀ ਬੰਦਿਆਂ ਆਸਰੇ ਚਲਦੇ ਹਨ ਜੋ ਜ਼ਰੂਰੀ ਬੁਨਿਆਦੀ ਢਾਂਚੇ ਦੇ ਨਿਰਮਾਣ ਦੀਆਂ ਨੀਂਹਾਂ ਰੱਖਦੇ ਹਨ। ਮੁਲ਼ਕ ਨੂੰ ਆਤਮ-ਨਿਰਭਰ ਹੋਣ ਵਿਚ ਸਾਲਾਂ-ਦਰ-ਸਾਲ ਲੱਗ ਜਾਂਦੇ ਹਨ ਅਤੇ ਉਦੋਂ ਤੱਕ ਸਾਡੇ ਕੋਲ ਆਪਣੇ ਆਪ ਨੂੰ ਸੰਭਾਲਣ ਅਤੇ ਮਦਦਗਾਰ ਦੋਸਤਾਂ ਨਾਲ ਚੱਲਣ ਦੀ ਰਣਨੀਤੀ ਦੀ ਲੋੜ ਪੈਂਦੀ ਹੈ - ਕੀ ਇਨ੍ਹਾਂ ’ਚੋਂ ਇਕ ਵੀ ਸਾਡੇ ਕੋਲ ਹੈ?
* ਸਾਬਕਾ ਚੇਅਰਮੈਨ, ਯੂਪੀਐੱਸਸੀ ਅਤੇ ਸਾਬਕਾ ਰਾਜਪਾਲ, ਮਨੀਪੁਰ।