ਪੈਂਤੀ ਕਰੋੜ ਤੇਰੇ ਜਾਂਝੀ ਨੇ ਲਾੜਿਆ - ਗੌਤਮ ਸਚਦੇਵ

ਆਪਣੀ ਅਦੁੱਤੀ ਸ਼ਹਾਦਤ ਸਦਕਾ ਭਗਤ ਸਿੰਘ ਸਾਢੇ ਤੇਈ ਸਾਲਾਂ ਦੀ ਉਮਰ ਵਿਚ ਪੂਰੇ ਦੇਸ਼ ਲਈ ਸੁਫ਼ਨਾ ਤੇ ਹਕੀਕਤ ਦੋਵੇਂ ਬਣ ਗਿਆ, ਸੁਫ਼ਨਾ ਜੀਹਨੂੰ ਹਰ ਕੋਈ ਪਾਉਣਾ ਚਾਹੁੰਦਾ ਸੀ ਤੇ ਹਕੀਕਤ ਜਿਸ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਉਹ ਦੇਸ਼ ਦੇ ਬਜ਼ੁਰਗਾਂ ਤੇ ਨੌਜਵਾਨਾਂ ਦੀਆਂ ਗਲਵੱਕੜੀਆਂ ਵਿਚ ਸਮਾ ਗਿਆ ਅਤੇ ਭੈਣਾਂ ਨੇ ਉਸ ਲਈ ਘੋੜੀਆਂ ਗਾਈਆਂ, ਇਕ ਘੋੜੀ ਸ਼ਾਇਰ ਮੇਲਾ ਰਾਮ ਤਾਇਰ ਨੇ ਲਿਖੀ ਜੋ ਬਹੁਤ ਮਕਬੂਲ ਹੋਈ। ਵੰਡ ਦੀਆਂ ਕਹਾਣੀਆਂ (ਕਹਾਣੀ ਸੰਗ੍ਰਹਿ ‘ਸਾਢੇ ਸੱਤ ਦਰਜਨ ਪਿੰਜਰੇ’) ਲਿਖਣ ਵਾਲੇ ਹਿੰਦੀ ਸਾਹਿਤਕਾਰ ਗੌਤਮ ਸਚਦੇਵ ਨੇ ਇਹ ਘੋੜੀ ਮੇਲਾ ਰਾਮ ਤਾਇਰ ਦੇ ਮੂੰਹੋਂ ਸੁਣੀ ਤੇ ਲਿੱਪੀਬੱਧ ਕੀਤੀ।
        ਗ਼ਮ ਅਤੇ ਸਦਮੇ ਵਿਚ ਅਕਸਰ ਲੋਕ ਜਾਂ ਤਾਂ ਰੋ-ਪਿੱਟ ਕੇ ਮਨ ਹੌਲ਼ਾ ਕਰ ਲੈਂਦੇ ਹਨ ਜਾਂ ਉਹਨੂੰ ਰੁਮਾਨੀ ਬਣਾ ਲੈਂਦੇ ਹਨ। ਸਰਦਾਰ ਭਗਤ ਸਿੰਘ ਦੇ ਸ਼ਹੀਦ ਹੋਣ ਤੋਂ ਪੰਜਾਬ ਵਿਚ ਸ਼ਹਾਦਤ ਦੀ ਵਡਿਆਈ ਦੀ ਲਹਿਰ ਚੱਲ ਪਈ। ਸ਼ਾਇਰਾਂ ਨੇ ਇਸ ਲਹਿਰ ਨੂੰ ਕਾਫ਼ੀ ਖ਼ੂਬਸੂਰਤ ਬਣਾਇਆ ਅਤੇ ਇਹ ਖ਼ਿਆਲ ਪੇਸ਼ ਕੀਤਾ ਕਿ ਗੱਭਰੂ ਭਗਤ ਸਿੰਘ ਨੇ ਮੌਤ ਨੂੰ ਪਰਣਾਇਆ ਹੈ। ਲੋਕ ਹੰਝੂਆਂ ਨਾਲ ਭਗਤ ਸਿੰਘ ਦੇ ਵਿਆਹ ਦੀਆਂ ਘੋੜੀਆਂ ਵੀ ਗਾਉਣ ਲੱਗ ਪਏ। ਉਸ ਸਮੇਂ ਇਕ ਘੋੜੀ ਬਹੁਤ ਮਸ਼ਹੂਰ ਹੋਈ। ਇਹ ਵਾਕਿਆ ਮੇਰੇ ਜਨਮ ਤੋਂ ਤਕਰੀਬਨ ਦਸ ਵਰ੍ਹੇ ਪਹਿਲਾਂ ਦਾ ਹੈ, ਪਰ ਆਪਣੀ ਮਾਂ ਕੋਲੋਂ ਮੈਂ ਇਹ ਘੋੜੀ ਆਪਣੇ ਬਚਪਨ ਵਿਚ ਕਈ ਵਾਰੀ ਸੁਣੀ ਹੈ। ਅੱਜ ਇਸ ਘੋੜੀ ਬਾਰੇ ਗੱਲ ਕਰਨ ਵੇਲੇ ਸੋਚਦਾ ਹਾਂ ਕਿ ਭਗਤ ਸਿੰਘ ਦੇ ਵਿਆਹ ਕਰਨ ਦੀ ਕਲਪਨਾ ਹੈ ਤਾਂ ਬੜੀ ਸੋਹਣੀ, ਪਰ ਸਵਾਲ ਇਹ ਹੈ ਕਿ ਕੀ ਮੌਤ ਨਾਲ ਵਿਆਹ ਕੀਤਾ ਜਾ ਸਕਦਾ ਹੈ ਅਤੇ ਉਹ ਖ਼ੁਸ਼ੀਆਂ ਮਾਣੀਆਂ ਜਾ ਸਕਦੀਆਂ ਹਨ ਜੋ ਵਿਆਹ ਕਰ ਕੇ ਹੁੰਦੀਆਂ ਹਨ? ਇਹ ਕੈਸਾ ਵਿਆਹ ਹੈ ਕਿ ਲਾੜੇ ਦੀ ਜਾਨ ਕੱਢ ਲਵੇ, ਜਦੋਂਕਿ ਲਾੜੀ ਹੋਰੀਂ ਵਿਧਵਾ ਹੋਣ ਲਈ ਵੀ ਵਿਆਹ ਕਰਨ? ਖ਼ੁਦ ਭਗਤ ਸਿੰਘ ਨੂੰ ਮੌਤ ਨੂੰ ਵਹੁਟੀ ਬਣਾਉਣਾ ਪੈਂਦਾ ਤਾਂ ਉਹ ਕੀ ਸੋਚਦਾ, ਇਹ ਤਾਂ ਨਹੀਂ ਕਿਹਾ ਜਾ ਸਕਦਾ, ਪਰ ਇਸ ਗੱਲ ਦਾ ਉਹਨੂੰ ਪੂਰਾ ਯਕੀਨ ਸੀ ਕਿ ਫਾਂਸੀ ਦੇ ਨਾਲ ਹੀ ਜ਼ਿੰਦਗੀ ਮੁੱਕ ਜਾਏਗੀ ਜੋ ਮੁੜ ਕੇ ਕਦੇ ਨਹੀਂ ਮਿਲਣੀ। ਮਰਨ ਵਾਲੇ ਦੇ ਮੁੜ ਕੇ ਜਨਮ ਲੈਣ ਦੀ ਗੱਲ ਬਿਲਕੁਲ ਗ਼ਲਤ ਹੈ। ਫਾਂਸੀ ਚੜ੍ਹਨ ਤੋਂ ਪਹਿਲਾਂ ਜੇਲ੍ਹ ਵਿਚ ਲਿਖੇ ਆਪਣੇ ਲੇਖ ‘ਮੈਂ ਨਾਸਤਕ ਕਿਉਂ ਹਾਂ’ ਵਿਚ ਭਗਤ ਸਿੰਘ ਨੇ ਸਾਫ਼ ਕਿਹਾ ਕਿ ਮੌਤ ਨਾਲ ਸਭ ਕੁਝ ਖ਼ਤਮ ਹੋ ਜਾਣਾ ਹੈ ਅਤੇ ਮੈਂ ਤਾਂ ਅਗਲੇ ਜਨਮ ਵਿਚ ਕੁਝ ਹੋਰ ਹੋਣ ਜਾਂ ਸ੍ਵਰਗ ਪ੍ਰਾਪਤ ਕਰਨ ਦੀ ਕਲਪਨਾ ਤਕ ਨਹੀਂ ਕਰ ਸਕਦਾ। ਖ਼ੈਰ, ਇਹ ਸਵਾਲ ਪੁੱਛਣ ਜਾਂ ਮੌਤ ਨਾਲ ਸ਼ਾਦੀ ਦੀ ਕਲਪਨਾ ਅੱਗੇ ਸਵਾਲੀਆ ਨਿਸ਼ਾਨ ਲਾਉਣ ਦੀ ਅਕਲ ਤਾਂ ਮੈਨੂੰ ਬਹੁਤ ਬਾਅਦ ਵਿਚ ਆਈ, ਪਰ ਜਦ ਮੈਂ ਨਿੱਕੇ ਹੁੰਦਿਆਂ ਭਗਤ ਸਿੰਘ ਦੀ ਮੌਤ ਵਾਲੀ ਘੋੜੀ ਸੁਣਦਾ ਸੀ ਤਾਂ ਮੈਨੂੰ ਇਹ ਬਹੁਤ ਚੰਗੀ ਲੱਗਦੀ ਸੀ। ਕਹਿ ਸਕਦਾ ਹਾਂ ਕਿ ਇਹ ਘੋੜੀ ਮੈਂ ਪੰਘੂੜੇ ਵਿਚ ਲੋਰੀ ਵਾਂਙ ਸੁਣੀ ਸੀ, ਕਿਉਂਕਿ ਮੇਰੀ ਮਾਂ ਅਤੇ ਭੂਆ ਨੂੰ ਇਹ ਬਹੁਤ ਪਸੰਦ ਸੀ। ਫਿਰ ਜਦ ਮੈਂ ਹੋਸ਼ ਸੰਭਾਲੀ ਤਾਂ ਮੇਰੇ ਦਿਲ ਵਿਚ ਇਸ ਦੇ ਸ਼ਾਇਰ ਨਾਲ ਮਿਲਣ ਦੀ ਖ਼ੁਆਹਿਸ਼ ਪੈਦਾ ਹੋਈ। ਥੋੜ੍ਹੀ-ਬਹੁਤ ਪੁੱਛ-ਗਿੱਛ ਕੀਤੀ, ਪਰ ਕੁਝ ਪਤਾ ਨਾ ਲੱਗਾ। ਵਕਤ ਲੰਘਦਾ ਗਿਆ। ਅੱਜ ਤੋਂ ਤਕਰੀਬਨ ਬਾਰਾਂ ਵਰ੍ਹੇ ਪਹਿਲਾਂ ਕੁਝ ਅਜਿਹਾ ਸਬੱਬ ਬਣਿਆ ਕਿ ਮੇਰੀ ਇਸ ਘੋੜੀ ਦੇ ਸ਼ਾਇਰ ਮੇਲਾ ਰਾਮ ਤਾਹਿਰ ਹੋਰਾਂ ਨਾਲ ਮੁਲਾਕਾਤ ਹੋਈ। ਮੈਨੂੰ ਪਤਾ ਨਹੀਂ ਸੀ ਕਿ ਉਹ ਮੇਰੇ ਸਹੁਰਾ ਸਾਹਿਬ ਦੇ ਪੁਰਾਣੇ ਸਾਥੀ ਰਹੇ ਹਨ। ਮੇਰੇ ਮਰਹੂਮ ਸਹੁਰਾ ਸਾਹਿਬ ਰਾਮ ਲਭਾਇਆ ਚਾਨਣਾ ਆਜ਼ਾਦੀ ਘੁਲਾਟੀਏ ਰਹੇ ਸਨ ਅਤੇ ਸ਼ਹੀਦ ਭਗਤ ਸਿੰਘ ਦੇ ਭਰਾ ਕੁਲਤਾਰ ਸਿੰਘ ਦੇ ਦੋਸਤ ਵੀ ਸਨ। ਦੋਵਾਂ ਨੇ ਇਕੱਠੇ ਵਪਾਰ ਵੀ ਕੀਤਾ। ਮੈਂ ਲੰਡਨੋਂ ਦਿੱਲੀ ਗਿਆ ਹੋਇਆ ਸੀ ਅਤੇ ਆਪਣੇ ਸਹੁਰਿਆਂ ਕੋਲ ਹੀ ਠਹਿਰਿਆ ਹੋਇਆ ਸੀ। ਸ਼ਾਇਰ ਮੇਲਾ ਰਾਮ ਤਾਹਿਰ ਵੀ ਦਿੱਲੀ ਆਏ ਹੋਏ ਸਨ ਅਤੇ ਚਾਨਣਾ ਸਾਹਿਬ ਨੇ ਉਨ੍ਹਾਂ ਨੂੰ ਘਰ ਖਾਣੇ ’ਤੇ ਬੁਲਾਇਆ। ਉਸ ਮੁਲਾਕਾਤ ਵਿਚ ਮੇਰੀ ਉਨ੍ਹਾਂ ਨਾਲ ਲੰਮੀ ਗੱਲਬਾਤ ਹੋਈ ਅਤੇ ਮੇਰੀ ਫ਼ਰਮਾਇਸ਼ ’ਤੇ ਉਨ੍ਹਾਂ ਨੇ ਅਪਣੀ ਘੋੜੀ ਰਿਕਾਰਡ ਕਰਵਾਈ।
        ਰਿਕਾਰਡ ਕਰਨ ਵਿਚ ਕੀ-ਕੀ ਤਕਲੀਫ਼ਾਂ ਆਈਆਂ, ਇਹ ਅਲੱਗ ਕਹਾਣੀ ਹੈ, ਪਰ ਮੁਖ਼ਤਸਰ ਗੱਲ ਇਹ ਹੈ ਕਿ ਟੇਪ ਰਿਕਾਰਡਰ ਹੀ ਨਾ ਚੱਲਿਆ ਅਤੇ ਗੁਆਂਢੀਆਂ ਕੋਲੋਂ ਟੇਪ ਰਿਕਾਰਡਰ ਮੰਗ ਕੇ ਮੈਂ ਤਾਹਿਰ ਜੀ ਦੀਆਂ ਯਾਦਾਂ ਅਤੇ ਉਨ੍ਹਾਂ ਦੇ ਸੁਰ ਵਿਚ ਘੋੜੀ ਰਿਕਾਰਡ ਕੀਤੀ। ਉਸ ਸਮੇਂ ਉਨ੍ਹਾਂ ਦੱਸਿਆ ਕਿ ਉਹ ਸੌ ਵਰ੍ਹਿਆਂ ਦੇ ਹੋ ਚੁੱਕੇ ਹਨ, ਪਰ ਉਨ੍ਹਾਂ ਨੂੰ ਘੋੜੀ ਪੂਰੀ ਯਾਦ ਸੀ ਅਤੇ ਆਵਾਜ਼ ਵਿਚ ਵੀ ਗੂੜ੍ਹੀ ਮਿਠਾਸ ਸੀ। ਸਰਗੋਧੇ ਵਾਲੇ ਪੰਜਾਬੀ ਲਹਿਜੇ ਵਿਚ ਉਨ੍ਹਾਂ ਨੇ ਘੋੜੀ ਸੁਣਾਈ।
        ਸ਼ਾਇਰ ਮੇਲਾ ਰਾਮ ਤਾਹਿਰ ਖ਼ੁਦ ਵੀ ਮੀਆਂਵਾਲ਼ੀ-ਸਰਗੋਧੇ ਵਾਲੇ ਪਾਸੇ ਦੇ ਸਨ। ਉਨ੍ਹਾਂ ਨੇ ਦੱਸਿਆ ਕਿ ਸਰਦਾਰ ਭਗਤ ਸਿੰਘ ਦੀ ਫਾਂਸੀ ਤੋਂ ਇਕ ਮਹੀਨੇ ਮਗਰੋਂ ਝੰਗ ਵਿਚ ਸ਼ਹੀਦੀ ਜਲਸਾ ਹੋਇਆ ਸੀ ਜਿੱਥੇ ਉਨ੍ਹਾਂ ਆਪਣੀ ਇਹ ਘੋੜੀ ਸੁਣਾਈ ਸੀ। ਬਕੌਲ ਤਾਹਿਰ ਘੋੜੀ ਸੁਣਾਉਣ ਦੀ ਫ਼ਰਮਾਇਸ਼ ਸਟੇਜ ’ਤੇ ਬੈਠੇ ਪੰਡਿਤ ਨਹਿਰੂ ਅਤੇ ਕਮਲਾ ਨਹਿਰੂ ਨੇ ਕੀਤੀ ਅਤੇ ਸਰਦਾਰ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਤਾਂ ਘੋੜੀ ਸੁਣ ਕੇ ਰੋਣ ਲੱਗ ਪਏ। ਉੱਥੇ ਬੈਠੀ ਦੋ ਲੱਖ ਦੀ ਖ਼ਲਕਤ ਦਾ ਵੀ ਬੁਰਾ ਹਾਲ ਸੀ।
ਇਸ ਘੋੜੀ ਵਿਚ ਤਾਹਿਰ ਸਾਹਿਬ ਨੇ ਵਿਆਹ ਦੀਆਂ ਸਾਰੀਆਂ ਰਸਮਾਂ ਨੂੰ ਸਾਂਗ ਰੂਪਕ ਅਲੰਕਾਰ ਵਿਚ ਬਿਆਨ ਕੀਤਾ ਹੈ। ਘੋੜੀ ਇੰਞ ਸ਼ੁਰੂ ਹੁੰਦੀ ਹੈ :
ਆਓ ਨੀ ਭੈਣੋ ਰਲ਼-ਮਿਲ਼ ਗਾਵੀਏ ਘੋੜੀਆਂ
ਜੰਞ ਤਾਂ ਹੋਈ ਏ ਤਈਆਰ ਵੇ ਹਾਂ
ਮੌਤ ਕੁੜੀ ਨੂੰ ਪਰਣਾਵਣ ਚੱਲਿਆ
ਭਗਤ ਸਿੰਘ ਸਰਦਾਰ ਵੇ ਹਾਂ
ਘੋੜੀ ਚੜ੍ਹਣ ਵਾਲਾ ਲਾੜਾ ਸਿਰ ’ਤੇ ਮੁਕਟ ਪਾਉਂਦਾ ਹੈ ਅਤੇ ਸਿਹਰਾ ਬੰਨ੍ਹਦਾ ਹੈ ਜਦੋਂਕਿ ਮੌਤ ਨੂੰ ਪਰਣਾਉਣ ਵਾਲੇ ਨੇ ਮੂੰਹ ਉੱਤੇ ਕਾਲ਼ੀ ਟੋਪੀ ਪਾਈ ਹੋਈ ਹੈ :
ਫਾਂਸੀ ਦੀ ਟੋਪੀ ਵਾਲ਼ਾ ਮੁਕਟ ਬਣਾ ਕੇ
ਸਿਹਰਾ ਤਾਂ ਬੱਧਾ ਝਾਲਰਦਾਰ ਵੇ ਹਾਂ
ਭਾਰਤ ਦੀ ਮਾਤਾ ਉੱਤੋਂ ਛੰਦਾ ਚਾ ਕੀਤਾ
ਪਾਣੀ ਤਾਂ ਪੀਤਾ ਉੱਤੋਂ ਵਾਰ ਵੇ ਹਾਂ
        ਸ਼ਾਇਰ ਨੇ ਲਾੜੇ ਦੀ ਮਾਂ ਲਈ ਖ਼ੁਦ ਭਾਰਤ ਮਾਤਾ ਦੀ ਕਲਪਨਾ ਕੀਤੀ ਹੈ। ਇਸ ਲਾੜੇ ਲਈ ਹੰਝੂਆਂ ਦੀ ਘੜੋਲੀ ਭਰੀ ਗਈ ਅਤੇ ਲਹੂ ਦੀ ਮੌਲ਼ੀ ਬੱਧੀ ਗਈ ਹੈ, ਲੇਕਿਨ ਮਹਿੰਦੀ ਲਾਈ ਹੈ, ਹੱਥਕੜੀਆਂ ਦਾ ਗਾਨਾ ਬੰਨ੍ਹਣ ਵਾਲੇ ਫਿਰੰਗੀਆਂ ਨੇ :
ਹੰਝੂਆਂ ਦੇ ਪਾਣੀ ਨਾਲ਼ ਭਰ ਕੇ ਘੜੋਲੀ
ਲਹੂ ਦੀ ਰਾਖੀ ਏ ਮੌਲ਼ੀ ਤਾਰ ਵੇ ਹਾਂ
ਖ਼ੂਨੀ ਮਹਿੰਦੀ ਚਾ ਤੈਨੂੰ ਲਾਈ ਫਿਰੰਗੀਆਂ,
ਹੱਥਕੜੀਆਂ ਦਾ ਗਾਨਾ ਤਈਆਰ ਵੇ ਹਾਂ
ਖਾਰੇ ਚੜ੍ਹਨ ਅਤੇ ਵਾਗ ਗੁੰਦਣ ਦੀਆਂ ਰਸਮਾਂ ਦੀ ਕਲਪਨਾ ਸ਼ਾਇਰ ਨੇ ਇੰਞ ਕੀਤੀ ਹੈ:
ਫਾਂਸੀ ਦੇ ਤਖ਼ਤ ਨੂੰ ਖਾਰਾ ਬਣਾ ਕੇ
ਬੈਠਾ ਤਾਂ ਚੌਂਕੜੀ ਮਾਰ ਵੇ ਹਾਂ
ਵਾਗ ਪਕੜਾਈ ਵੇ ਤੈਥੋਂ ਭੈਣਾਂ ਨੇ ਮੰਗਣੀ
ਭੈਣਾਂ ਦਾ ਰੱਖੀਂ ਵੀਰਾ ਭਾਰ ਵੇ ਹਾਂ
ਇਸ ਅਨੋਖੇ ਵਿਆਹ ਵਿਚ ਵਾਜੇ ਵੀ ਵੱਜੇ ਅਤੇ ਬਾਬਲ ਸੀ ਮਹਾਤਮਾ ਗਾਂਧੀ :
ਮਾਤਮੀ ਵਾਜੇ ਵੱਜਦੇ ਬੂਹੇ ਭਾਰਤ ਤੇ
ਮਾਰੂ ਦਾ ਰਾਗ ਉਚਾਰ ਵੇ ਹਾਂ
ਬਾਬਲ ਗਾਂਧੀ ਧਰਮੀ ਕਾਜ ਰਚਾਇਆ
ਲਗਨ ਮਹੂਰਤ ਵਿਚਾਰ ਵੇ ਹਾਂ
ਸਰਦਾਰ ਭਗਤ ਸਿੰਘ ਦੇ ਸਾਂਢੂ ਤੇ ਸਰਬਾਲ੍ਹੇ ਕੌਣ ਸੀ ਅਤੇ ਜਾਂਞੀ ਕੌਣ ਸਨ ?
ਹਰੀ ਕ੍ਰਿਸ਼ਨ ਵੀ ਤੇਰਾ ਬਣਿਆ ਹੈ ਸਾਂਢੂ,
ਢੁੱਕੇ ਤੁਸੀਂ ਇੱਕੇ ਵਾਰ ਵੇ ਹਾਂ
ਰਾਜਗੁਰੂ ਤੇ ਸੁਖਦੇਵ ਸਹਿਬਾਲੜੇ,
ਤੁਰਿਆ ਏ ਤੂੰ ਤਾਂ ਵਿਚਕਾਰ ਵੇ ਹਾਂ
ਪੈਂਤੀ ਕਰੋੜ ਤੇਰੇ ਜਾਂਞੀ ਵੇ ਲਾੜਿਆ
ਪੈਦਲ ਤੇ ਕਈ ਅਸਵਾਰ ਵੇ ਹਾਂ
ਕਾਲ਼ੀਆਂ ਪੁਸ਼ਾਕਾਂ ਪਾ ਕੇ ਜੰਞ ਹੈ ਤੁਰ ਪਈ
ਤਾਹਿਰ ਵੀ ਹੋਏ ਨੇ ਤਈਆਰ ਵੇ ਹਾਂ।
ਇਸ ਘੋੜੀ ਨੂੰ ਰਿਕਾਰਡ ਕਰਾਉਣ ਸਮੇਂ ਕਿਉਂਕਿ ਭਾਰਤ ਦੀ ਆਬਾਦੀ ਪੈਂਤੀ ਕਰੋੜ ਤੋਂ ਵਧ ਕੇ ਅੱਸੀ ਕਰੋੜ ਹੋ ਚੁੱਕੀ ਸੀ, ਇਸ ਲਈ ਤਾਹਿਰ ਹੋਰਾਂ ਨੇ ਪੈਂਤੀ ਕਰੋੜ ਕਹਿ ਕੇ ਫਿਰ ਇਹ ਤਰਮੀਮ ਵੀ ਕਰ ਦਿੱਤੀ - ਅੱਸੀ ਕਰੋੜ ਤੇਰੇ ਜਾਂਞੀ ਵੇ ਲਾੜਿਆ... ਅੱਜ ਆਪਣੀ ਇਸ ਰਿਕਾਰਡਿੰਗ ਨੂੰ ਸੁਣਦਿਆਂ ਮੈਂ ਸੋਚਦਾ ਹਾਂ - ਖਵਰੇ ਮੇਲਾ ਰਾਮ ਤਾਹਿਰ ਆਪਣੀ ਘੋੜੀ ਰਿਕਾਰਡ ਕਰਾਉਣ ਲਈ ਹੀ ਦਿੱਲੀ ਆਏ ਸਨ; ਕਿਉਂਕਿ ਕੁਝ ਹਫ਼ਤਿਆਂ ਪਿੱਛੋਂ ਮੈਨੂੰ ਮੇਰੇ ਸਹੁਰਾ ਸਾਹਿਬ ਨੇ ਦੱਸਿਆ ਕਿ ਤਾਹਿਰ ਜੀ ਦਾ ਦੇਹਾਂਤ ਹੋ ਗਿਆ ਹੈ।
* ਹਿੰਦੀ ਲੇਖਕ ਗੌਤਮ ਸਚਦੇਵ ਨੇ ਇਹ ਲੇਖ ਮਾਰਚ 2002 ਵਿਚ ਪੰਜਾਬੀ ਵਿਚ ਲਿਖਿਆ ਅਤੇ ਸ਼ਾਇਰ ਦੇ ਤਖੱਲਸ ਦੇ ਸ਼ਬਦ-ਜੋੜ ‘ਤਾਹਿਰ’ ਵਰਤੇ ਸਨ। ਸ਼ਾਇਰ ਦਾ ਪੂਰਾ ਨਾਂ ਮੇਲਾ ਰਾਮ ਤਾਇਰ ਹੈ।
ਧੰਨਵਾਦ : ਅਮਰਜੀਤ  ਚੰਦਨ