ਸੰਭਾਲੋ ਪੰਜਾਬੀਓ,  ਪੰਜਾਬ ਵਿਕ ਚੱਲਿਆ ! - ਬੁੱਧ  ਸਿੰਘ  ਨੀਲੋਂ

ਪੰਜਾਬੀਆਂ  ਨੇ ਬਦਲਾਅ  ਦੇ ਚੱਕਰ ਵਿੱਚ  ਆਪਣੇ  ਹੱਥੀਂ  ਆਪਣੇ ਪੈਰੀਂ  ਕੁਹਾੜਾ ਮਾਰ ਲਿਆ ।  ਬਹੁਤੀ ਬਾਰ ਸੁਣਿਆ  ਸੀ ਕਿ "ਉਹ ਫਲਾਣੇ ਬੰਦੇ ਨੇ ਅੱਡੀਆਂ ਚੁੱਕ ਕੇ ਫਾਹਾ ਲਿਆ !"  ਹੁਣ ਸਮਝ ਲੱਗੀ ਹੈ ਕਿ ਇਸਦੇ  ਅਸਲ ਅਰਥ  ਕੀ ਹੁੰਦੇ  ਹਨ।  ਸੁਰਿੰਦਰ ਛਿੰਦੇ ਤੇ ਗੁਲਸ਼ਨ ਕੋਮਲ ਦਾ ਗੀਤ ਚੇਤੇ ਵੀ ਆ ਰਿਹਾ "ਨੀ ਮੈਂ ਹਾਰ ਕੇ ਜੇਠ ਨਾਲ ਲਾਈਆਂ ਮਰਦੀ ਨੇ ਅੱਕ ਚੱਬਿਆ!"
      ਇਸ ਬੋਲੀ ਦੀ ਵਿਆਖਿਆ  ਡਾ. ਜਲੌਰ ਸਿੰਘ ਖੀਵਾ ਨੇ ਕੀਤੀ  ਹੈ ਉਹ ਲਿਖਦੇ ਹਨ " ਜਦ ਘਰ ਵਾਲਾ ਕਿਸੇ ਕੰਮ ਦਾ ਨਾ ਹੋਵੇ ਤਾਂ ਪਤਨੀ ਨੂੰ ਜੇਠ ਦਾ ਆਸਰਾ ਲੈਣਾ ਪੈਂਦਾ ਹੈ !" ਹੁਣ ਜੇ ਪੰਜਾਬ  ਦੀਆਂ  ਰਿਵਾਇਤੀ  ਸਿਆਸੀ ਪਾਰਟੀਆਂ  ਕਿਸੇ ਕੰਮ ਦੀਆਂ  ਹੁੰਦੀਆਂ ਤਾਂ ਪੰਜਾਬੀਆਂ  ਨੇ ਇਹ ਫਾਹਾ ਕਿਉਂ  ਲੈਣਾ ਸੀ ? ਬਾਦਲ ਅਕਾਲੀ  ਦਲ ਦੇ ਪਰਵਾਰ ਦਾ ਹੀ ਢਿੱਡ ਨਹੀਂ  ਭਰਿਆ  ਤੇ ਰਹਿੰਦੀ  ਕਸਰ ਕਾਂਗਰਸ ਵਾਲਿਆਂ ਕੱਢ ਦਿੱਤੀ।
    ਪੰਜਾਬ  ਦੇ ਵਿੱਚ  ਹੋਰ ਕੋਈ ਅਜਿਹੀ ਸਿਆਸੀ ਪਾਰਟੀ ਨਹੀਂ ਜਿਹੜੀ ਸਰਕਾਰ ਬਣਾਉਣ ਦੇ ਯੋਗ ਹੋਵੇ ।  ਹੁਣ ਪੰਜਾਬੀਆਂ ਨੇ ਬੰਨ੍ਹ ਕੇ ਬਸੰਤੀ ਰੰਗ ਦੀਆਂ ਪੱਗੜ੍ਹੀਆਂ ਤੇ ਬੀਬੀਆਂ ਨੇ ਲੈ ਕੇ ਚੁੰਨੀਆਂ ਰਿਵਾਇਤੀ ਪਾਰਟੀਆਂ  ਨੂੰ ਧੋਬੀ ਪੱਟੜਾ ਮਾਰਿਆ । ਹੁਣ ਬਾਦਲ ਦਲ ਤਿੰਨ ਤੱਕ ਸਿਮਟ ਗਏ ਤੇ ਕਾਂਗਰਸ ਵਾਲੇ ਅਠਾਰਾਂ ਤੱਕ ਰਹਿ ਗਏ ।
       ਹੁਣ ਲੋਕ ਸੋਚਦੇ ਹਨ ਕਿ ਆਪ ਦੀ ਏਨੀ ਹਵਾ ਤਾਂ ਹੈ ਨਹੀਂ ਸੀ ਇਹ ਵੰਨਵੇ ਤੱਕ ਕਿਵੇਂ ਪੁੱਜ ਗਏ ? ਤੁਹਾਨੂੰ  ਯਾਦ ਨਹੀਂ ਕਿ ਇਹ ਅਨੋਖੀ ਕਰਾਮਾਤ ਕਿਵੇਂ ਹੋਈ ਹੈ ? ਇਹ ਤੇ ਉਹਨਾਂ ਈਵੀ ਮਸ਼ੀਨਾਂ ਦੀ ਕਰਾਮਾਤ  ਹੈ ਜਿਹਨਾਂ  ਨੇ ਭਾਜਪਾ ਨੂੰ ਸੱਤਾ ਬਖਸ਼ੀ ਸੀ ਤੇ ਹੁਣ ਵੀ ਸਮਝੋ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਰੋਲਾ ਪਾ ਕੇ ਸੱਤਾ ਵਿੱਚ  ਪੁਜੀ ਆਪ ਵੀ ਹੁਣ ਕਰਾਮਾਤ  ਕਰੇਗੀ ।  ਰਾਜ ਸਭਾ ਦੇ ਵਿੱਚ ਉਨ੍ਹਾਂ  ਨੇ ਆਪਣੀ  ਮਰਜ਼ੀ ਦੇ ਭੇਜੇ ਹਨ । ਮੁੱਖ  ਮੰਤਰੀ ਸਾਹਿਬ  ਸਰਦਾਰ  ਭਗਵੰਤ  ਮਾਨ ਜੀ ਸਮੇਤ  ਬਾਕੀ ਦਿਆਂ ਨੂੰ  ਪੁੱਛਿਆ  ਨਹੀਂ !  ਜੇ ਪੁੱਛਿਆ  ਹੁੰਦਾ  ਤਾਂ  ਫੇਰ ਤੁਹਾਨੂੰ  ਉਹ ਦਿਨ ਵੀ ਚੇਤੇ ਆ ਜਾਣਾ  ਸੀ ਜਦ ਅਰਵਿੰਦ  ਕੇਜਰੀਵਾਲ  ਨੇ ਮੁੱਖ  ਮੰਤਰੀ  ਦੇ ਬਾਰੇ ਫੋਨ ਕਰਨ ਲਈ ਕਿਹਾ ਸੀ । ਪੰਜਾਬ  ਦੇ ਲੋਕ ਬਹੁਤੇ  ਭਾਵਨਾਵਾਂ  ਦੇ ਵਿੱਚ  ਵਹਿਣ ਵਾਲੇ ਹਨ । ਪੱਥਰ  ਚੱਟ ਕੇ ਮੱਛੀ  ਵਾਂਗੂੰ ਮੁੜਨ ਵਾਲੇ । ਹੁਣ ਪਛਤਾਅ ਰਹੇ ਹਨ ।   ਬੰਦਾ ਬਹੁਤੇ  ਲਾਲਚ  ਵਿੱਚ ਤੇ ਚੂਹਾ ਰੋਟੀ  ਦੇ ਚੱਕਰ ਪਿੰਜਰੇ ਵਿੱਚ  ਫਸਦਾ ਹੈ । ਪੰਜਾਬੀ  ਮੁਫਤ ਦੇ ਚੱਕਰਵਿਉ ਵਿੱਚ ਫਸ ਗਏ ਹਨ । ਪੰਜਾਬੀਆਂ  ਨੇ ਕਦੇ ਆਪਣੇ  ਅੰਦਰ ਝਾਤੀ ਨਹੀਂ  ਮਾਰੀ ਸਗੋਂ  ਬਾਹਰ ਹੀ ਝਾਕਦੇ ਰਹੇ । ਦੇਸ਼  ਦਾ ਢਿੱਡ  ਭਰਨ ਵਾਲੇ ਮੰਗਤੇ ਕਦੋਂ  ਬਣ ਗਏ ਉਨ੍ਹਾਂ  ਨੇ ਕਦੇ ਸੋਚਿਆ ਹੀ ਨਹੀਂ ।  ਭਲਾ ਜੇ ਸੋਚਿਆ  ਹੁੰਦਾ  ਤਾਂ  ਇਹ ਹਾਲ ਨਹੀਂ  ਸੀ ਹੋਣਾ  ਜੋ ਹੁਣ ਹੋਣਾ  ਹੈ ।  ਹੁਣ ਦੇਖੋ ਅਗਲੇ ਸਮਿਆਂ  ਦੇ ਵਿੱਚ  ਕੀ ਹੁੰਦਾ ਹੈ ?  ਹੁਣ ਕਰੋ ਪੰਜ ਸਾਲ ਮੌਜਾਂ ? ਬਾਕੀ ਅਗਲੇ ਦਿਨਾਂ  ਦੇ ਵਿੱਚ  ਪੰਜਾਬ  ਦੇ ਬੁਨਿਆਦੀ  ਹੱਕਾਂ  ਉਪਰ ਕਿਵੇਂ  ਡਾਕਾ ਪਵੇਗਾ ? ਇਹ ਤਾਂ  ਤੁਸੀਂ  ਆਪ ਹੀ ਸੋਚ ਵਿਚਾਰ ਲਵੋ ।  ਹੁਣ ਤੱਕ ਬਾਦਲ ਕੇ ਧਰਮ ਦਾ ਬਹਾਨਾ ਬਣਾ ਕੇ ਲੁੱਟਮਾਰ  ਕਰਦੇ ਰਹੇ । ਕਾਂਗਰਸ  ਵਾਲੇ ਵਿਕਾਸ ਦੇ ਨਾਮ ਉਤੇ । ਹੁਣ ਇਹ ਸ਼ਹੀਦ ਭਗਤ ਸਿੰਘ  ਦੇ ਸੁਪਨਿਆਂ  ਦੇ ਨਾਮ ਹੇਠਾਂ  ਪੰਜਾਬ ਦੇ ਪਾਣੀਆਂ, ਰਾਜਥਾਨੀ ਚੰਡੀਗੜ੍ਹ , ਪੰਜਾਬੀ  ਬੋਲਦੇ ਇਲਾਕੇ, ਸਿਹਤ, ਸਿੱਖਿਆ ਤੇ ਰੁਜ਼ਗਾਰ  ਦੇ ਨਾਮ ਉਤੇ ਕਿਵੇਂ  ਜੁਮਲੇਬਾਜ਼ੀ ਕਰਨਗੇ  ? ਉਹ ਤੁਸੀਂ  ਆਪਣੇ  ਦੇਸ਼ ਦੇ ਪ੍ਰਧਾਨ  ਮੰਤਰੀ ਸ੍ਰੀ ਨਰਿੰਦਰ  ਮੋਦੀ ਜੀ ਦੇ ਭਾਸ਼ਣ ਸੁਣ ਸਕਦੇ ਹੋ । ਬਾਕੀ ਦੇਖੋ ਅੱਗੇ ਅੱਗੇ ਹੁੰਦਾ  ਕੀ ਹੈ ?
   ਤੁਸੀਂ  ਜੋਰਦਾਰ  ਅਵਾਜ਼  ਵਿੱਚ ਨਾਹਰੇ ਮਾਰੋ ਤੇ ਸ਼ਹੀਦ ਭਗਤ ਸਿੰਘ ਨੂੰ ਯਾਦ ਕਰੋ। ਇਨਕਲਾਬ ਜ਼ਿੰਦਾਬਾਦ  ! ਇਨਕਲਾਬ  ਜ਼ਿੰਦਾਬਾਦ  ।
      ਆਪਣੇ ਨਿੱਜੀ ਮੁਫਾਦਾਂ ਦੇ ਲਈ ਧਰਮ ਦੀ ਆੜ ਦੇ ਵਿਚ  ਜਦੋਂ ਸੱਤਾਧਾਰੀ ਆਪਣਾ 'ਉਲੂ ਸਿੱਧਾ' ਕਰਨ ਲੱਗ ਪਏ ਤਾਂ ਆਮ ਲੋਕਾਂ ਦੇ ਘਰਾਂ ਵਿੱਚ 'ਉਲੂ ਬੋਲਣ' ਲੱਗ ਪੈਂਦੇ ਹਨ।
     ਜਿਹਨਾਂ ਨੇ ਜ਼ਿੰਦਗੀ ਦਾ ਫ਼ਲਸਫਾ ਦੱਸਣਾ ਹੁੰਦਾ, ਉਹ ਉਚਿਆਂ ਚੁਬਾਰਿਆਂ ਦੇ ਨਾਲ ਆੜੀ ਪਾ ਕੇ ਆਪਣਿਆਂ ਦੀ ਮੰਜੀ ਠੋਕਦੇ ਹਨ।  ਉਹਨਾਂ ਤੋਂ ਡਰਦੇ ਆਮ ਲੋਕ ਉਚਾ-ਨੀਵਾਂ ਥਾਂ ਵੇਖਦੇ ਹੋਏ ਉਚੇ ਦੁਆਰੇ ਲੱਭਣ ਦੇ ਚੱਕਰ 'ਚ ਫਸ ਜਾਂਦੇ ਹਨ।
       ਸਿਆਸੀ ਆਗੂ ਜਦੋਂ 'ਊਟ-ਪਟਾਂਗ ਗੱਲਾਂ' ਮਾਰਨ ਲੱਗ ਜਾਣ ਤਾਂ 'ਲੋਕ ਉਜਾੜ' ਮੱਲਣ ਤੁਰ ਪੈਂਦੇ ਹਨ। ਜਿਹੜੇ 'ਉਚਾ ਝਾਕਣ' ਲੱਗਦੇ ਹਨ, ਉਨਾਂ ਨੂੰ ਨੀਵਿਆਂ ਦੀਆਂ ਗੱਲਾਂ ਨਹੀਂ ਸਮਝ ਆਉਦੀਆਂ ਤੇ ਉਹਨਾਂ ਨੂੰ ਉਡਦੇ ਸੱਪ ਕੀਲਣੇ ਮੁਸ਼ਕਿਲ ਹੋ ਜਾਂਦੇ ਹਨ।
    ਜਿਹੜੇ ਹਰ ਕੰਮ ਲਈ ਉਡ ਉਡ ਪੈਣ ਉਹ ਉਤਲੇ ਮੂੰਹੋਂ ਤੇਰਾ ਤੇਰਾ ਕਹਿਣ ਦੇ ਆਦੀ ਬਣ ਜਾਂਦੇ ਹਨ। ਪਰ ਲੋਕ ਵੀ ਉਹਨਾਂ ਨੂੰ ਉਡਣ ਜੋਗਾ ਨਹੀਂ ਛੱਡਦੇ।
      ਜਿਹੜੇ ਐਂਵੇ ਹੀ ਹਰ ਕਿਸੇ ਦੇ ਉੱਤੇ ਚੜਣ ਦੀ ਹਿਮਾਕਤ  ਕਰਦੇ ਹਨ, ਉਨਾਂ ਦੀ ਕੋਈ ਉਂਗਲ ਨਹੀਂ ਫੜਦਾ। ਜਿਹੜੇ ਹਰ ਕਿਸੇ ਦੇ ਨਾਲ ਉਸਤਾਦੀ ਕਰਨ ਲੱਗ ਪੈਣ ਉਹਨਾਂ ਨੂੰ ਇੱਕ ਦਿਨ ਉਂਗਲਾਂ ਟੁੱਕਣੀਆਂ ਪੈਂਦੀਆਂ ਹਨ, ਫੇਰ ਉਹਨਾਂ ਦੀ ਕੋਈ ਉਘ ਸੁੱਘ ਨਹੀਂ ਲੱਗਦੀ।
    ਜਿਨਾਂ ਦੇ ਮਨਾਂ ਵਿੱਚ ਸੁਪਨੇ ਉਸਲਵੱਟੇ ਭੰਨਣ ਲੱਗ ਪੈਣ, ਉਨਾਂ ਨੂੰ ਹਰ ਕੰਮ ਲਈ ਫੇਰ ਉੱਖਲੀ ਵਿੱਚ ਸਿਰ ਦੇਣਾ ਪੈਂਦਾ ਹੈ।
    ਜਦੋਂ ਕਿਸੇ ਨੂੰ ਕੋਈ ਉਲਟੀ ਪੱਟੀ ਪੜਾਉਣ ਲੱਗ ਗਏ ਤਾਂ ਲੋਕ ਉਸ ਉਪਰ ਉਂਗਲਾਂ ਕਰਨ ਲੱਗ ਪੈਂਦੇ ਹਨ। ਉਹ ਸਦਾ ਉਖੜੇ-ਉੱਖੜੇ ਰਹਿਣ ਕਰਕੇ ਉਸ ਦੇ ਮੂੰਹ 'ਤੇ ਉਦਾਸੀ ਸਦਾ ਹੀ ਛਾਈ ਰਹਿੰਦੀ ਹੈ।
    ਜਿਨਾਂ ਨੂੰ ਉਧਾਰ ਖਾਣ ਦੀ ਆਦਤ ਪੈ ਜਾਵੇ, ਉਹ ਹਮੇਸ਼ਾ ਉਧੇੜ ਪੁਧੇੜ ਕਰਦੇ ਰਹਿੰਦੇ ਹਨ। ਜਿਹੜੇ ਰਸ ਚੂਸ ਕੇ ਉੱਡ ਜਾਣ ਫੇਰ ਉਨਾਂ ਦੇ ਲਈ ਕੋਈ ਉਡ ਉਡ ਨਹੀਂ ਪੈਂਦਾ। ਫਿਰ ਇਹੋ ਜਿਹਿਆਂ ਨੂੰ ਉਚਾ ਸੁਨਣ ਲੱਗਦਾ ਹੈ।
      ਜਦੋਂ ਬੰਦੇ ਦਾ ਉਮਰ ਕੱਟਣ ਦਾ ਸੁਭਾਅ ਬਣ ਜਾਂਦਾ ਹੈ ਤਾਂ ਫਿਰ ਉਸ ਲਈ ਉਲਝੀ ਤਾਣੀ ਸੁਲਝਾਉਣੀ ਔਖੀ ਹੋ ਜਾਂਦੀ ਹੈ। ਹੁਣ ਇਹੀ ਹਾਲਤ ਸਿਆਸਤਦਾਨਾਂ ਨੇ ਸਾਡੀ ਬਣਾਈ ਹੋਈ ਹੈ। ਤੇ ਸਮੇਂ ਨੇ ਸਾਨੂੰ ਉਲਟੇ ਛੁਰੇ ਨਾਲ ਮੁੰਨਣਾ ਸ਼ੁਰੂ ਕਰ ਦਿੰਦਾ ਹੈ ਤੇ ਅਸੀਂ  ਉਲਟੇ ਪੈਰੀਂ ਵਾਪਸ ਜਾ ਰਹੇ ਹਾਂ, ਪਰ ਹਰ ਵੇਲੇ ਲੋਕਾਂ ਨੂੰ ਉਲੂ ਬਣਾਇਆ ਨਹੀਂ ਜਾ ਸਕਦਾ। ਪਰ ਹੁਣ ਤਾਂ ਚੰਗੇ ਭਲੇ ਬਣ ਗਏ ਹਨ ! ਹੁਣ ਲੋਕ ਇਨਕਲਾਬ ਜ਼ਿੰਦਾਬਾਦ ਦੇ ਅਰਥ ਜਦੋਂ  ਤੱਕ ਸਮਝਣਗੇ ਉਦੋਂ ਤੱਕ ਭਾਣਾ ਬੀਤ ਜਾਣਾ ਹੈ । ਬੀਤਿਆ  ਸਮਾਂ ਤੇ ਪੁੱਲਾਂ ਹੇਠਾਂ ਦੀ ਲੰਘਿਆ ਪਾਣੀ ਕਦੇ ਪਰਤਦਾ ਨਹੀਂ  ਹੁੰਦਾ ! ਭਾਈ ਸਾਹਿਬ  ਕਹਿੰਦੇ  ਹੁੰਦੇ  ਹਨ " ਦੇਖ ਬਾਲਿਆ  ਰੰਗ ਕਰਤਾਰ  ਦੇ !"  ਹੁਣ ਲੋਕਾਂ ਨੂੰ ਪਤਾ ਲੱਗੂ ਬਸੰਤੀ  ਰੰਗ ਦੇ ਥੱਲੇ ਕੀ ਹੈ ? ਇਹ ਰੰਗ ਹੁਣ ਕਿਵੇਂ ਅੱਖਾਂ ਵਿੱਚ ਰੜਕੇਗਾ ? ਜੇ ਤੁਸੀਂ ਜਾਣਦੇ ਹੋ ਤਾਂ ਜਰੂਰ  ਦੱਸਣਾ  ?