ਚੁੰਝਾਂ-ਪ੍ਹੌਂਚੇ  - ਨਿਰਮਲ ਸਿੰਘ ਕੰਧਾਲਵੀ

29.03.2022

ਰਾਜਧਾਨੀ ਚੰਡੀਗੜ੍ਹ ਉੱਪਰ ਪੰਜਾਬ ਦਾ ਹੱਕ ਖ਼ਤਮ ਕਰਨ ਦੀ ਕੋਸ਼ਿਸ਼- ਦਲਜੀਤ ਚੀਮਾ

ਅਕਾਲੀਉ ਤੁਸੀਂ ਤਾਂ ਬਹੁਤ ਦੇਰ ਦਾ ਚੰਡੀਗੜ੍ਹ ‘ਤੇ ਹੱਕ ਛੱਡ ਦਿਤਾ ਹੋਇਆ ਹੈ।

ਅਕਾਲੀ ਦਲ ਦੇ ਰਾਜ ‘ਚ 437 ਬੇਕਸੂਰ ਲੋਕਾਂ ‘ਤੇ ਹੋਏ ਕੇਸ ਦਰਜ- ਮੁਖ ਵਿਜੀਲੈਂਸ ਕਮਿਸ਼ਨਰ

ਦੇਖ ਲਉ ਕਰਤੂਤਾਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਵਾਲਿਆਂ ਦੀਆਂ।

ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗਊ ਮਾਤਾ ਤੋਂ ਅਸ਼ੀਰਵਾਦ ਲਿਆ- ਇਕ ਖ਼ਬਰ

ਸਪੀਕਰ ਸਾਹਿਬ ਕਿਤੇ ਵਿਧਾਨ ਸਭਾ ‘ਚ ਹੀ ਗਊ ਮਾਤਾ ਨਾ ਬੰਨ੍ਹ ਲੈਣ।

ਕੇਜਰੀਵਾਲ ਤੇ ਭਗਵੰਤ ਮਾਨ ਨੇ ਕੈਪਟਨ ਵਾਂਗ ਲੋਕਾਂ ਨੂੰ ਭਰਮਾ ਕੇ ਬਣਾਈ ਸਰਕਾਰ- ਪ੍ਰਕਾਸ਼ ਸਿੰਘ ਬਾਦਲ

ਤੁਸੀਂ ਵੀ ਆਟੇ ਦਾਲ਼ ਤੇ ਪੰਥ ਨੂੰ ਖ਼ਤਰੇ ਨਾਲ਼ ਹੀ ਸਰਕਾਰਾਂ ਬਣਾਉਂਦੇ ਰਹੇ ਹੋ ਜਨਾਬ।

ਬਾਦਲਾਂ ਕਾਰਨ ਅਕਾਲੀ ਦਲ ਦਾ ਹੋਇਆ ਨਿਘਾਰ- ਢੀਂਡਸਾ

ਬਥੇਰਾ ਚਿਰ ਮੌਜਾਂ ਮਾਣੀਆਂ ਤੁਸੀਂ ਵੀ ਏਸੇ ਅਕਾਲੀ ਦਲ ‘ਚ ਢੀਂਡਸਾ ਸਾਬ।

ਸੁਪਰੀਮ ਕੋਰਟ ਦੀ ਕਮੇਟੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਵਿਰੁੱਧ ਸੀ- ਇਕ ਖ਼ਬਰ

ਕਮੇਟੀ ਦੇ ਫ਼ੈਸਲੇ ਬਾਰੇ ਤਾਂ ਇਸ ਨੂੰ ਬਣਾਉਣ ਤੋਂ ਪਹਿਲਾਂ ਹੀ ਪਤਾ ਸੀ ਸਭ ਨੂੰ ਸਾਹਿਬ।

ਪੰਜਾਬੀਆਂ ਦੀ ਅਣਖ ਤੇ ਗ਼ੈਰਤ ਨੂੰ ਭਗਵੰਤ ਮਾਨ ਨੇ ਕੇਜਰੀਵਾਲ ਕੋਲ ਗਹਿਣੇ ਰੱਖਿਆ-ਪ੍ਰਕਾਸ਼ ਚੰਦ ਗਰਗ

ਲੋਟਣ ਪੱਚੀਆਂ ਦੇ, ਚਹੁੰ ‘ਚ ਵੇਚ ਗਿਆ ਵੈਲੀ।

ਜੇਲ੍ਹ ਵਿਚ ਮਜੀਠੀਆਂ ਦੀ ਸੁਰੱਖਿਆ ਵਲ ਧਿਆਨ ਦੇਵੇ ਪੰਜਾਬ ਸਰਕਾਰ- ਰੱਖੜਾ

ਅੱਧੀ ਉਮਰ ਮੇਰੀ ਤੈਨੂੰ ਲੱਗ ਜਾਵੇ, ਅੱਧੀ ਮਿੱਤਰਾ ਬਥੇਰੀ ਮੈਨੂੰ

ਰਾਜ ਸਭਾ ਉਮੀਦਵਾਰਾਂ ਦੀ ਸੂਚੀ ਸਿਆਸੀ ਭ੍ਰਿਸ਼ਟਾਚਾਰ ਦਾ ਸੰਕੇਤ-ਬੀਰ ਦਵਿੰਦਰ ਸਿੰਘ

ਕੀ ਲਗਦੇ ਸੰਤੀਏ ਤੇਰੇ, ਜਿਹਨਾਂ ਨੂੰ ਰਾਤੀਂ ਖੰਡ ਪਾਈ ਸੀ।

ਹੁਣ ਪੰਥ ਵਿਰੋਧੀ ਤਾਕਤਾਂ ਸਾਡੇ ਗੁਰਧਾਮਾ ‘ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ- ਪ੍ਰਕਾਸ਼ ਸਿੰਘ ਬਾਦਲ

ਬਾਦਲ ਸਾਹਿਬ ਤੁਹਾਡੇ ਨਾਲੋਂ ਵੱਡਾ ਪੰਥ ਵਿਰੋਧੀ ਹੋਰ ਕਿਹੜਾ ਹੋ ਸਕਦੈ?

ਭਗਵੰਤ ਮਾਨ ਨੇ ਸੂਬੇ ਲਈ ਇਕ ਲੱਖ ਕਰੋੜ ਦਾ ਪੈਕੇਜ ਮੰਗਿਆ ਮੋਦੀ ਤੋਂ- ਇਕ ਖ਼ਬਰ

ਤੁਸੀਂ ਕਰੋ ਅਸਾਡੀ ਕਾਰੀ ਜੀ, ਗੱਪ ਅਸੀਂ ਵਡੇਰੀ ਮਾਰੀ ਜੀ।

ਚੋਣਾਂ ‘ਚ ਹਾਰ ‘ਤੇ ਘੋਖ ਕਰਨ ਲਈ ਸੁਖਬੀਰ ਬਾਦਲ ਨੇ ਬਾਰਾਂ ਮੈਂਬਰੀ ਕਮੇਟੀ ਬਣਾਈ- ਇਕ ਖਬਰ

ਛੜੇ ਬੈਠ ਕੇ ਸਲਾਹਾਂ ਕਰਦੇ, ਕੌਣ ਕੌਣ ਹੋਈਆਂ ਰੰਡੀਆਂ।

ਨਵਜੋਤ ਸਿੱਧੂ ਦੇ ਬੇਹੱਦ ਕਰੀਬੀ ਕੌਂਸਲਰ ‘ਆਪ’ ਵਿਚ ਸ਼ਾਮਲ- ਇਕ ਖ਼ਬਰ

ਟਿਕਟਾਂ ਕੱਟ ਮੁੰਡਿਆ, ਅਸੀਂ ਤਿੰਨ ਮੁਟਿਆਰਾਂ ਖੜ੍ਹੀਆਂ।

ਥਾਣਿਆਂ ‘ਚ ਆਉਣ ਵਾਲੇ ਹਰ ਵਿਅਕਤੀ ਦਾ ਮਾਣ-ਸਤਿਕਾਰ ਕਰਨ ਦੇ ਆਦੇਸ਼-ਇਕ ਖ਼ਬਰ

ਸ਼ੁਕਰ ਐ ਕਿਤੇ ‘ਸੇਵਾ’ ਕਰਨ ਦਾ ਆਦੇਸ਼ ਨਹੀਂ ਦੇ ਦਿਤਾ।

ਕਾਂਗਰਸ ਵਲੋਂ ਜੀ-23 ਦੇ ਆਗੂਆਂ ਨੂੰ ‘ਸ਼ਾਂਤ’ ਕਰਨ ਦੀ ਤਿਆਰੀ- ਇਕ ਖ਼ਬਰ

ਅੜੀ ਵੇ ਅੜੀ ਨਾ ਕਰ ਬਹੁਤੀ ਤੂੰ ਅੜੀ, ਲੱਗੀ ਸਉਣ ਦੀ ਝੜੀ।

ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਮਾਨ ਦੇ ਬਿਆਨ ਨਾਲ ਭ੍ਰਿਸ਼ਟਾਚਾਰ ਰੁਕ ਜਾਊ-ਇਕ ਖ਼ਬਰ

ਬਾਦਲ ਸਾਬ ਤੁਸੀਂ ਇਸ ਦੀਆਂ ਜੜ੍ਹਾਂ ਹੀ ਬਹੁਤ ਡੂੰਘੀਆਂ ਲਗਾਈਆਂ ਹੋਈਆਂ ਹਨ।